ਸ਼੍ਰੀਰੰਗਮ ਨੇੜੇ ਕੋਲੀਡਮ ਨਦੀ ਕੰਢੇ ਹਨ੍ਹੇਰਾ ਹੋਣਾ ਸ਼ੁਰੂ ਹੋ ਗਿਆ ਸੀ। ਨਦੀ ਦੇ ਰੇਤੀਲੇ ਕੰਢੇ 'ਤੇ, ਆਪਣੇ ਤਿਲ ਦੇ ਖੇਤ ਤੋਂ 10 ਮਿੰਟ ਦੀ ਪੈਦਲ ਦੂਰੀ 'ਤੇ, ਵਡੀਵੇਲਨ ਸਾਡੇ ਨਾਲ਼ ਆਪਣੀ ਜ਼ਿੰਦਗੀ ਦੀ ਕਹਾਣੀ ਸਾਂਝੀ ਕਰਦੇ ਹਨ। 1978 ਵਿੱਚ, ਉਨ੍ਹਾਂ ਦੇ ਜਨਮ ਤੋਂ 12 ਦਿਨ ਬਾਅਦ, ਨਦੀ ਵਿੱਚ ਪਾਣੀ ਭਰ ਗਿਆ। ਉਸ ਸਮੇਂ, ਉਨ੍ਹਾਂ ਦੇ ਪਿੰਡ ਵਿੱਚ ਹਰ ਕੋਈ ਤਿਲ ਉਗਾ ਰਿਹਾ ਸੀ। ਤਿਲ ਦੀ ਕਟਾਈ ਤੋਂ ਬਾਅਦ ਇਸ ਵਿੱਚੋਂ ਸ਼ਹਿਦ ਰੰਗਾ ਤੇਲ ਕੱਢਿਆ ਜਾਂਦਾ। ਕੇਲੇ (ਬੂਟੇ) ਦੇ ਤਣਿਆਂ, ਜੋ ਕਿ ਪਾਣੀ 'ਤੇ ਤੈਰਦੇ ਰਹਿੰਦੇ ਹਨ, ਨੂੰ ਫੜ੍ਹ ਕੇ ਤੈਰਨਾ ਸਿੱਖ ਰਿਹਾ ਇਹ ਨੌਜਵਾਨ ਪ੍ਰਿਆ ਦੇ ਪ੍ਰੇਮ ਵਿੱਚ ਪੈ ਗਿਆ, ਜੋ ਇੱਕ ਵੱਡੀ ਨਦੀ ਦੇ ਕੰਢੇ ਰਹਿੰਦੀ ਸੀ। ਉਨ੍ਹਾਂ ਨੇ ਆਪਣੇ ਪਿਤਾ ਦੇ ਗੁੱਸੇ ਦੇ ਬਾਵਜੂਦ ਪ੍ਰਿਆ ਨਾਲ਼ ਵਿਆਹ ਕਰਵਾ ਲਿਆ। ਅਤੇ ਹੁਣ ਉਹ ਆਪਣੀ ਡੇਢ ਏਕੜ ਜ਼ਮੀਨ 'ਤੇ ਝੋਨੇ, ਤਿਲ ਅਤੇ ਮਾਂਹ ਉਗਾ ਰਹੇ ਹਨ...
ਪਹਿਲੀਆਂ ਤਿੰਨ ਫ਼ਸਲਾਂ ਕੁਝ ਪੈਸਾ ਵਟਾ ਗਈਆਂ। "ਅਸੀਂ ਝੋਨੇ ਦਾ ਪੈਸਾ ਗੰਨੇ ਦੀ ਫ਼ਸਲ'ਤੇ ਲਗਾ ਦਿੱਤਾ। ਇੰਝ ਨਵੀਂ ਫ਼ਸਲ ਬੀਜਣੀ ਸੌਖੀ ਹੋ ਗਈ," ਵਡੀਵੇਲਨ ਦੱਸਦੇ ਹਨ। ਤਿਲ ਦੇ ਬੀਜ ਆਮ ਤੌਰ 'ਤੇ ਤੇਲ ਲਈ ਉਗਾਏ ਜਾਂਦੇ ਹਨ। ਲੱਕੜ ਦੇ ਕੋਹਲੂ ਵਿੱਚ ਨਪੀੜੇ ਅਤੇ ਨਿਚੋੜੇ ਗਏ ਤੇਲ ਨੂੰ ਤਾਮਿਲ ਵਿੱਚ ਨਲੇਨਾਈ (ਤਿਲ ਦਾ ਤੇਲ) ਕਿਹਾ ਜਾਂਦਾ ਹੈ। ਇਸ ਨੂੰ ਇੱਕ ਵੱਡੇ ਭਾਂਡੇ ਵਿੱਚ ਸਟੋਰ ਕੀਤਾ ਜਾਂਦਾ ਹੈ। "ਅਸੀਂ ਇਸ ਦੀ ਵਰਤੋਂ ਖਾਣਾ ਪਕਾਉਣ ਅਤੇ ਅਚਾਰ ਬਣਾਉਣ ਲਈ ਕਰਦੇ ਹਾਂ," ਪ੍ਰਿਆ ਕਹਿੰਦੀ ਹਨ,"ਨਾਲ਼ੇ ਅਸੀਂ ਇਹਦੇ ਨਾਲ਼ਗਰਾਰੇ ਵੀ ਕਰ ਲੈਂਦੇ ਹਾਂ।" ਅੱਗੋਂ ਵਡੀਵੇਲਨ ਮੁਸਕਰਾਉਂਦੇ ਹੋਏ ਕਹਿੰਦੇ ਹਨ, "ਤੇ ਤੇਲ ਨਾਲ਼ ਨਹਾਉਣਾ! ਮੈਨੂੰ ਬੇਹੱਦ ਪਸੰਦ ਹੈ।"
ਵਡੀਵੇਲਨ ਕੋਲ਼ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਉਨ੍ਹਾਂ ਨੂੰ ਪਿਆਰੀਆਂ ਹਨ। ਇਹ ਸਾਰੇ ਸਧਾਰਣ ਸੁੱਖ ਹਨ। ਨੌਜਵਾਨੀ ਵੇਲ਼ੇ ਦੋਸਤਾਂ ਨਾਲ਼ ਨਦੀ ਕੰਢੇ ਮੱਛੀ ਫੜ੍ਹਨਾ ਅਤੇ ਖਾਣਾ; ਪਿੰਡ ਦਾ ਇੱਕਲੌਤਾ ਟੀਵੀ ਦੇਖਣਾ, ਜੋ ਪੰਚਾਇਤ ਪ੍ਰਧਾਨ ਦੇ ਘਰ ਹੁੰਦਾ ਸੀ। "ਮੈਨੂੰ ਨਹੀਂ ਪਤਾ, ਮੈਨੂੰ ਟੀਵੀ ਦੇਖਣਾ ਕਿਉਂ ਐਨਾ ਪਸੰਦ ਸੀ। ਜਦੋਂ ਕਦੇ ਟੀਵੀ ਚੰਗੀ ਤਰ੍ਹਾਂ ਨਾਵੀ ਚੱਲਦਾ ਹੁੰਦਾ ਤਾਂ ਮੈਂ ਉਸ ਵਿੱਚੋਂ ਆਉਣ ਵਾਲ਼ੀ'ਓਨੀ' ਆਵਾਜ਼ ਹੀ ਸੁਣਦਾ ਰਹਿੰਦਾ!
ਪਰ ਢਲ਼ਦੇ ਜਾਂਦੇ ਦਿਨ ਵਾਂਗਰ ਇਹ ਸ਼ੌਕ ਵੀ ਜਾਂਦਾ ਰਿਹਾ। "ਹੁਣ ਤੁਸੀਂ ਸਿਰਫ਼ ਖੇਤੀ 'ਤੇ ਨਿਰਭਰ ਰਹਿ ਕੇ ਗੁਜ਼ਾਰਾ ਨਹੀਂ ਕਰ ਸਕਦੇ," ਵਡੀਵੇਲਨ ਕਹਿੰਦੇ ਹਨ। "ਮੇਰੇ ਕੋਲ਼ ਕਿਰਾਏ ਦੀ ਕਾਰ ਵੀ ਹੈ, ਜਿਸ ਕਾਰਨ ਮੈਂ ਜਿਵੇਂ ਕਿਵੇਂ ਡੰਗ ਟਪਾ ਹੀ ਲੈਂਦਾ ਹਾਂ। ਉਹ ਸਾਨੂੰ ਆਪਣੀ ਟੋਯੋਟਾ ਇਟੀਓਸ ਕਾਰ ਵਿੱਚ ਬਿਠਾ ਕੇ ਸ਼੍ਰੀਰੰਗਮ ਤਾਲੁਕਾ ਦੇ ਤਿਰੂਵਲਾਰਸੋਲਈ ਵਿਖੇ ਆਪਣੇ ਘਰ ਤੋਂ ਨਦੀ ਕੰਢੇ ਲੈ ਆਏ। ਉਨ੍ਹਾਂ ਨੇ ਇਹ ਕਾਰ ਇੱਕ ਨਿੱਜੀ ਵਿੱਤ (ਫਾਈਨਾਂਸ) ਕੰਪਨੀ ਤੋਂ ਅੱਠ ਪ੍ਰਤੀਸ਼ਤ ਦੀ ਵਿਆਜ ਦਰ 'ਤੇ ਕਰਜ਼ੇ ਰਾਹੀਂ ਖਰੀਦੀ ਸੀ। ਇਸ ਕਰਜ਼ੇ ਦੀ ਕਿਸ਼ਤ ਵਜੋਂ ਉਨ੍ਹਾਂ ਨੂੰ ਹਰ ਮਹੀਨੇ 25,000 ਰੁਪਏ ਦੀ ਮੋਟੀ ਰਕਮ ਦਾ ਭੁਗਤਾਨ ਕਰਨਾ ਪੈਂਦਾ ਹੈ। ਪਤੀ-ਪਤਨੀ ਦਾ ਕਹਿਣਾ ਹੈ ਕਿ ਪੈਸੇ ਨੂੰ ਲੈ ਕੇ ਖਿੱਚੋਤਾਣ ਚੱਲਦੀ ਹੀ ਰਹਿੰਦੀ ਹੈ। ਕਈ ਵਾਰ ਜਦੋਂ ਕਿਸ਼ਤਾਂ ਦਾ ਭੁਗਤਾਨ ਕਰਨ ਲਈ ਪੈਸੇ ਨਹੀਂ ਹੁੰਦੇ, ਤਾਂ ਉਹ ਸੋਨਾ ਗਿਰਵੀ ਰੱਖਦੇ ਹਨ। "ਬੈਂਕ ਤੋਂ ਕਰਜਾ ਲੈਣ ਦੀ ਗੱਲ਼ ਕਰੀਏ ਤਾਂ ਸਾਡੇ ਵਰਗੇ ਲੋਕਾਂ ਦੀਆਂ ਘੱਟੋ ਘੱਟ 10 ਚੱਪਲਾਂ ਘਸ ਜਾਣ ਕਿਉਂਕਿ ਉਹ ਸਾਨੂੰ ਇੱਧਰ-ਓਧਰ ਭਜਾਉਂਦੇ ਹੀ ਰਹਿੰਦੇ ਨੇ," ਵਡੀਵੇਲਨ ਸਾਹ ਲੈਂਦੇ ਹਨ।
ਇਸ ਸਮੇਂ ਤੱਕ ਅਕਾਸ਼ ਵਿੱਚ ਗੁਲਾਬੀ, ਨੀਲੇ ਅਤੇ ਕਾਲ਼ੇ ਰੰਗ ਦਾ ਚਿੱਤਰ ਵਗ ਚੁੱਕਾ ਸੀ। ਦੂਰੋਂ ਮੈਂ ਮੋਰਾਂ ਦੇ ਚੀਕਣ ਦੀ ਆਵਾਜ਼ ਸੁਣ ਸਕਦਾ ਸੀ। ਵਡੀਵੇਲਨ ਕਹਿੰਦੇ ਹਨ, "ਇਸ ਨਦੀ ਵਿੱਚ ਊਦਬਿਲਾਵ ਹਨ। ਸਾਡੇ ਤੋਂ ਥੋੜ੍ਹੀ ਦੂਰ, ਛੋਟੇ ਬੱਚਿਆਂ ਦਾ ਇੱਕ ਝੁੰਡ ਖੇਡ ਰਿਹਾ ਸੀ, ਊਦਬਿਲਾਵਾਂ ਵਾਂਗ ਪਾਣੀ ਵਿੱਚ ਤੈਰ-ਖੇਡ ਰਿਹਾ ਸੀ। "ਮੈਂ ਵੀ ਇਸੇ ਤਰ੍ਹਾਂ ਦੀਆਂ ਖੇਡਾਂ ਖੇਡਦਾ। ਇੱਥੇ ਬੱਚਿਆਂ ਦੀ ਖਰਮਸਤੀ ਤੇ ਮਨੋਰੰਜਨ ਵਾਸਤੇ ਬਹੁਤਾ ਕੁਝ ਨਹੀਂ ਹੈ!''
ਇਸ ਸਭ ਤੋਂ ਇਲਾਵਾ, ਵਡੀਵੇਲਨ ਸਾਲ ਵਿੱਚ ਇੱਕ ਵਾਰ ਨਦੀ ਦੀ ਪੂਜਾ ਵੀ ਕਰਦੇ ਹਨ। "ਹਰ ਸਾਲ, ਅਸੀਂ ਸਾਰੇ ਤਾਮਿਲ ਆਦੀ ਮਹੀਨੇ ਦੇ 18ਵੇਂ ਦਿਨ, ਆਦਿ ਪੇਰੂਕੂ ਵਾਲ਼ੇ ਦਿਨ ਕਾਵੇਰੀ ਦੇ ਕਿਨਾਰੇ ਜਾਂਦੇ ਹਾਂ। ਅਸੀਂ ਨਾਰੀਅਲ ਤੋੜਦੇ ਹਾਂ, ਕਪੂਰ ਜਗਾਉਂਦੇ ਹਾਂ ਅਤੇ ਨਦੀ ਨੂੰ ਫੁੱਲ ਚੜ੍ਹਾਉਂਦੇ ਅਤੇ ਪ੍ਰਾਰਥਨਾ ਕਰਦੇ ਹਾਂ। ਬਦਲੇ ਵਿੱਚ, ਲਗਭਗ 2,000 ਸਾਲਾਂ ਤੋਂ, ਕਾਵੇਰੀ ਅਤੇ ਕੋਲਿਡਮ (ਕੋਲੂਨ) ਨਦੀਆਂ ਤਾਮਿਲਨਾਡੂ ਦੇ ਤਿਰੂਚਿਰਾਪੱਲੀ (ਜਿਸ ਨੂੰ ਤ੍ਰਿਚੀ ਵੀ ਕਿਹਾ ਜਾਂਦਾ ਹੈ) ਜ਼ਿਲ੍ਹੇ ਵਿੱਚ ਇਨ੍ਹਾਂ ਲੋਕਾਂ ਦੇ ਖੇਤਾਂ ਦਾ ਪਾਲਣ ਪੋਸ਼ਣ ਕਰ ਰਹੀਆਂ ਹਨ।
*****
‘‘ਭਾਫ਼ ‘ਤੇ ਰਿੱਝੀਆਂ ਦਾਲ਼ਾਂ, ਤਿਲ ਦੇ ਲੱਡੂ ਤੇ ਮਾਸ ਰਲ਼ੇ ਚੌਲ਼
ਫੁੱਲ, ਅਗਰਬੱਤੀ ਤੇ ਤਾਜ਼ੇ ਪੱਕੇ ਚੌਲ਼ਾਂ ਦਾ ਚੜ੍ਹਾਵਾ ਲਈ
ਔਰਤਾਂ ਇੱਕ-ਦੂਜੇ ਦਾ ਹੱਥ ਫੜ੍ਹੀ ਮਸਤ ਹੋ ਨੱਚਦੀਆਂ ਹਨ
ਬਜ਼ੁਰਗ ਤੇ ਸਨਮਾਨਤ ਔਰਤਾਂ ਅਸ਼ੀਰਵਾਦ ਦਿੰਦਿਆਂ ਕਹਿੰਦੀਆਂ ਨੇ
‘‘ਸਾਡੇ ਰਾਜੇ ਦੇ ਇਸ ਮਹਾਨ ਰਾਜ ਵਿੱਚ
ਭੁੱਖ, ਰੋਗ ਤੇ ਵੈਰੀ ਦਾ ਵਿਨਾਸ਼ ਹੋਵੇ;
ਤੇ ਮੀਂਹ ਤੇ ਧੰਨ-ਸੰਪੱਤੀ ਦੀ ਵਰਖਾ ਹੋਵੇ‘‘
ਚੇਂਥਿਲ ਨਾਥਨ ਨੇ ਆਪਣੇ ਬਲਾਗ ਓਲਡ ਤਾਮਿਲ ਪੋਇਟਰੀਵਿੱਚ ਲਿਖਿਆ ਹੈ ਕਿ ਦੂਜੀ ਸਦੀ (ਕੌਮਨ ਇਰਾ)ਵਿੱਚ ਲਿਖੇ ਗਏ ਤਾਮਿਲ ਮਹਾਂਕਾਵਿ ਸਿਲਾਪਤੀਕਾਰਮ ਦੀ ਇਹ ਪ੍ਰਾਰਥਨਾ ਸਮਾਰੋਹ ਮੌਜੂਦਾ ਤਾਮਿਲਨਾਡੂ ਵਿੱਚਹੁੰਦੀ ਪ੍ਰਾਰਥਨਾ ਜਿਹਾ ਹੀ ਹੈ। [ਕਵਿਤਾ: ਇੰਦਰਾ ਵਿਲਾਵੂ, ਪੰਨਾ 68-75]
ਤਿਲ ਪ੍ਰਾਚੀਨ ਹੋਣ ਦੇ ਨਾਲ਼-ਨਾਲ਼ ਆਮ ਵੀ ਹੁੰਦੇ ਹਨ। ਇਹ ਵੱਖ-ਵੱਖ ਤਰੀਕਿਆਂ ਨਾਲ਼ਵਰਤੋਂ ਵਿੱਚ ਆਉਣ ਵਾਲ਼ੀ ਦਿਲਚਸਪ ਫ਼ਸਲ ਹੈ। ਤਿਲ ਦਾ ਤੇਲ, ਜਿਸ ਨੂੰ ਨਲੇਨਾਈ ਵੀ ਕਿਹਾ ਜਾਂਦਾ ਹੈ, ਤਾਮਿਲਨਾਡੂ ਵਿੱਚ ਖਾਣਾ ਪਕਾਉਣ ਦਾ ਇੱਕ ਪ੍ਰਸਿੱਧ ਤੇਲ ਹੈ। ਇਸ ਤੋਂ ਇਲਾਵਾ, ਇਸ ਦੇ ਬੀਜ ਦੀ ਵਰਤੋਂ ਬਹੁਤ ਸਾਰੀਆਂ ਵਿਦੇਸ਼ੀ ਅਤੇ ਸਥਾਨਕ ਮਿਠਾਈਆਂ ਵਿੱਚ ਵੀ ਕੀਤੀ ਜਾਂਦੀ ਹੈ। ਕਾਲ਼ੇ ਅਤੇ ਚਿੱਟੇ ਤਿਲ, ਪਕਵਾਨਾਂ ਵਿੱਚ ਇੱਕ ਵਿਸ਼ੇਸ਼ ਸੁਆਦ ਜੋੜਦੇ ਹਨ। ਜਦੋਂ ਇਨ੍ਹਾਂ ਨੂੰ ਚਿੱਥਿਆ ਅਤੇ ਖਾਧਾ ਜਾਂਦਾ ਹੈ, ਤਾਂ ਉਹ ਇੱਕ ਸੁਹਾਵਣਾ ਅਨੁਭਵ ਪੈਦਾ ਕਰਦੇ ਹਨ। ਤਿਲ ਰਸਮਾਂ ਵਿੱਚ ਵੀ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ ਅਤੇ ਖਾਸ ਤੌਰ 'ਤੇ ਪੁਰਖਿਆਂ ਦੀ ਪੂਜਾ ਕਰਦੇ ਸਮੇਂ।
ਤਿਲ ਦੇ ਬੀਜਾਂ ਵਿੱਚ 50 ਪ੍ਰਤੀਸ਼ਤ ਤੇਲ, 25 ਪ੍ਰਤੀਸ਼ਤ ਪ੍ਰੋਟੀਨ ਅਤੇ 15 ਪ੍ਰਤੀਸ਼ਤ ਕਾਰਬੋਹਾਈਡਰੇਟ ਹੁੰਦੇ ਹਨ। ਇੰਡੀਅਨ ਕੌਂਸਲ ਫਾਰ ਐਗਰੀਕਲਚਰਲ ਰਿਸਰਚ (ਆਈਸੀਏਆਰ) ਦੇ ਤਿਲ ਪ੍ਰੋਜੈਕਟ ਦੇ ਅਨੁਸਾਰ, ਤਿਲ ਊਰਜਾ ਦਾ ਭੰਡਾਰ ਹੈ ਅਤੇ ਵਿਟਾਮਿਨ ਈ, ਏ, ਬੀ ਕੰਪਲੈਕਸ ਅਤੇ ਕੈਲਸ਼ੀਅਮ, ਫਾਸਫੋਰਸ, ਆਇਰਨ, ਤਾਂਬਾ, ਮੈਗਨੀਸ਼ੀਅਮ, ਜ਼ਿੰਕ ਅਤੇ ਪੋਟਾਸ਼ੀਅਮ ਵਰਗੇ ਖਣਿਜਾਂ ਨਾਲ਼ ਭਰਪੂਰ ਹੈ।
'ਤਿਲ (ਸੀਸਮਮ ਇੰਡੀਕਮ ਐਲ.) ਭਾਰਤ ਵਿੱਚ ਖੇਤੀਬਾੜੀ ਦਾ ਲੰਬਾ ਇਤਿਹਾਸ ਰੱਖਣ ਵਾਲ਼ੀ ਸਭ ਤੋਂ ਪੁਰਾਣੀ ਦੇਸੀ ਤੇਲ ਬੀਜ ਫ਼ਸਲ ਹੈ।' ਆਈ.ਸੀ.ਏ.ਆਰ. ਦੁਆਰਾ ਪ੍ਰਕਾਸ਼ਤ ਹੈਂਡਬੁੱਕ ਆਫ ਐਗਰੀਕਲਚਰ ਦੇ ਅਨੁਸਾਰ, ਭਾਰਤ ਤਿਲ ਦਾ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਹੈ, ਸੰਸਾਰ ਦੀ ਜ਼ਮੀਨ ਦੇ ਹਿਸਾਬ ਨਾਲ਼ ਕੁੱਲ 24 ਪ੍ਰਤੀਸ਼ਤ ਰਕਬੇ ਵਿੱਚ ਇਹ ਫ਼ਸਲ ਉਗਾਈ ਜਾਂਦੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਸ਼ਵ ਦੇ ਤੇਲ ਬੀਜਾਂ ਦੇ ਖੇਤਰ 'ਚ ਭਾਰਤ ਦੀ ਹਿੱਸੇਦਾਰੀ 12 ਤੋਂ 15 ਫੀਸਦੀ, ਉਤਪਾਦਨ 'ਚ 7 ਤੋਂ 8 ਫੀਸਦੀ ਅਤੇ ਗਲੋਬਲ ਖਪਤ 'ਚ 9 ਤੋਂ 10 ਫੀਸਦੀ ਹੈ।
ਇਹ ਕੋਈ ਅੱਜ ਦਾ ਵਰਤਾਰਾਥੋੜ੍ਹੀ ਹੈ। ਕੇ.ਟੀ. ਅਚਈਆ ਦੁਆਰਾ ਲਿਖੀ ਗਈ ਕਿਤਾਬ 'ਇੰਡੀਅਨ ਫੂਡ: ਏ ਹਿਸਟੋਰੀਕਲ ਕੰਪੇਨੀਅਨ ਨੋਟਸ' ਕਹਿੰਦੀ ਹੈ ਕਿ ਇਸ ਦੇ ਨਿਰਯਾਤ ਦੇ ਕਾਫ਼ੀ ਸਬੂਤ ਮਿਲ਼ਦੇ ਹਨ।
ਦੱਖਣੀ ਭਾਰਤੀ ਬੰਦਰਗਾਹਾਂ ਵਿੱਚ ਤਿਲ ਦੇ ਵਪਾਰ ਦਾ ਇਤਿਹਾਸਕ ਵਰਣਨ ਘੱਟੋ ਘੱਟ ਪਹਿਲੀ ਸਦੀ ਈਸਵੀ ਦਾ ਹੈ। ਯੂਨਾਨੀ ਬੋਲਣ ਵਾਲ਼ੇ ਮਿਸਰ ਦੇ ਮਲਾਹ ਦੁਆਰਾ ਪਹਿਲੇ ਤਜ਼ਰਬੇ ਤੋਂ ਲਿਖੀ ਗਈ ਪੇਰੀਪਲੱਸ ਮੌਰਿਸ ਐਰੀਥ੍ਰੇਈ (ਐਰੀਥਰੀਅਨ ਸਾਗਰ ਦੀ ਯਾਤਰਾ) ਉਸ ਸਮੇਂ ਦੇ ਵਪਾਰ ਬਾਰੇ ਵਧੇਰੇ ਵੇਰਵੇ ਦਰਜ ਕਰਦੀ ਹਨ। ਉਹ ਦੱਸਦੇ ਹਨ ਕਿ ਹਾਥੀ ਦੰਦ ਅਤੇ ਮਸਲਿਨ ਸਮੇਤ ਵਿਦੇਸ਼ਾਂ ਵਿੱਚ ਭੇਜੀਆਂ ਗਈਆਂ ਕੀਮਤੀ ਚੀਜ਼ਾਂ ਵਿੱਚ ਤਿਲ ਦਾ ਤੇਲ ਅਤੇ ਸੋਨਾ ਸ਼ਾਮਲ ਸੀ, ਜੋ ਦੋਵੇਂ ਮੌਜੂਦਾ ਤਾਮਿਲਨਾਡੂ ਦੇ ਪੱਛਮੀ ਹਿੱਸੇ ਵਿੱਚ ਕਾਂਗੁਨਾਡੂ ਤੋਂ ਭੇਜੇ ਜਾਂਦੇ ਸਨ। ਇਹ ਉਸ ਸਮੇਂ ਤੇਲ ਦੀ ਮਹੱਤਤਾ ਨੂੰ ਦਰਸਾਉਂਦਾ ਹੈ।
ਸਥਾਨਕ ਕਾਰੋਬਾਰ ਦੇ ਵੇਰਵੇ ਵੀ ਦਿਲਚਸਪ ਹਨ, ਅਚਈਆ ਕਹਿੰਦੇ ਹਨ। ਮਦੁਰਈਕਾਂਚੀ , ਮਨਕੁਡੀ ਮਾਰੂਥਾਨਾਰ ਦੁਆਰਾ ਲਿਖੀ ਗਈ ਮਦੁਰਈ ਕਸਬੇ ਦੀ ਇੱਕ ਤਸਵੀਰ ਜੋ ਬਾਜ਼ਾਰ ਵਿੱਚ ਉਤਸ਼ਾਹ ਦੇ ਮਾਹੌਲ ਦਾ ਵਰਣਨ ਕਰਦੀ ਹਨ: 'ਅਨਾਜ ਵਪਾਰੀਆਂ ਦੀ ਸੜਕ 'ਤੇ ਮਿਰਚਾਂ ਦੀਆਂ ਬੋਰੀਆਂ ਅਤੇ ਝੋਨੇ, ਰਾਗੀ, ਛੋਲੇ, ਮਟਰ ਅਤੇ ਤਿਲ ਵਰਗੇ ਸੋਲ੍ਹਾਂ ਕਿਸਮਾਂ ਦੇ ਅਨਾਜ ਦੇ ਢੇਰ ਲੱਗੇ ਹੋਏ ਸਨ।
ਰਾਜਿਆਂ ਦੁਆਰਾ ਤਿਲ ਦੇ ਤੇਲ ਨੂੰ ਵੀ ਉਤਸ਼ਾਹਤ ਕੀਤਾ ਜਾਂਦਾ ਸੀ। ਅਚਈਆ ਦੁਆਰਾ ਲਿਖੀ ਗਈ ਕਿਤਾਬ 'ਇੰਡੀਅਨ ਫੂਡ' ਵਿੱਚ ਪੁਰਤਗਾਲੀ ਵਪਾਰੀ ਡੋਮਿੰਗੋ ਪੇਸ ਦਾ ਜ਼ਿਕਰ ਹੈ, ਜੋ 1520 ਦੇ ਆਸ ਪਾਸ ਕਈ ਸਾਲਾਂ ਤੱਕ ਵਿਜੈਨਗਰ ਵਿੱਚ ਰਿਹਾ ਸੀ। ਰਾਜਾ ਕ੍ਰਿਸ਼ਨਦੇਵਰਾਏ ਬਾਰੇ ਪੇਸ ਨੇ ਲਿਖਿਆ:
"ਸੂਰਜ ਚੜ੍ਹਨ ਤੋਂ ਪਹਿਲਾਂ, ਰਾਜਾ ਡੇੜ ਪਾਈਆ ਗਿੰਗੋਲੀ (ਤਿਲ ਦਾ ਤੇਲ) ਦਾ ਤਿੰਨ-ਚੌਥਾਈ ਤੇਲ ਪੀਣ ਦਾ ਆਦੀ ਸੀ ਅਤੇ ਉਸੇ ਤੇਲ ਨਾਲ਼ ਸਰੀਰ ਦੀ ਮਾਲਸ਼ ਵੀ ਕਰਦਾ। ਇਸ ਤੋਂ ਬਾਅਦ ਉਹ ਆਪਣੀ ਕਮਰ ਦੁਆਲੇ ਛੋਟਾ ਜਿਹਾ ਕੱਪੜਾ ਲਪੇਟ ਲੈਂਦਾ ਅਤੇ ਵੱਧ ਤੋਂ ਵੱਧ ਭਾਰ ਚੁੱਕਦਾ ਅਤੇ ਤਲਵਾਰਬਾਜ਼ੀ ਦਾ ਅਭਿਆਸ ਕਰਦਾ, ਇਹ ਸਭ ਉਦੋਂ ਤੱਕ ਜਾਰੀ ਰਹਿੰਦਾ ਜਦੋਂ ਤੱਕ ਸਾਰਾ ਤੇਲ ਪਸੀਨਾ ਬਣ ਬਾਹਰ ਨਾ ਆ ਜਾਂਦਾ।''
ਵਡੀਵੇਲਨ ਦੇ ਪਿਤਾ ਪਲਾਨੀਵੇਲ ਨੇ ਵੀ ਇਸ ਸਭ 'ਤੇ ਮੋਹਰ ਲਾਈ ਹੈ। ਉਨ੍ਹਾਂ ਦੇ ਹਰ ਵੇਰਵੇ ਤੋਂ, ਸਰੋਤਿਆਂ ਨੂੰ ਉਨ੍ਹਾਂ ਦੇ ਖੇਡ-ਪ੍ਰੇਮੀ ਹੋਣ ਦਾ ਪਤਾ ਚੱਲਦਾ ਹੈ। "ਉਨ੍ਹਾਂ ਨੇ ਧਿਆਨ ਨਾਲ਼ ਆਪਣੇ ਸਰੀਰ ਦੀ ਦੇਖਭਾਲ਼ ਕੀਤੀ ਸੀ। ਉਹ ਪੱਥਰ [ਭਾਰ] ਚੁੱਕਦੇ ਸਨ, ਨਾਰੀਅਲ ਦੇ ਬਾਗ਼ਾਂ ਵਿੱਚ ਕੁਸ਼ਤੀ ਸਿਖਾਉਂਦੇ ਸਨ। ਉਨ੍ਹਾਂ ਨੇ ਸਿਲੰਬਮ (ਸੰਗਮ ਸਾਹਿਤ ਵਿੱਚ ਜ਼ਿਕਰ ਹੇਠ ਤਾਮਿਲਨਾਡੂ ਦੀ ਇੱਕ ਪ੍ਰਾਚੀਨ ਮਾਰਸ਼ਲ ਆਰਟ) ਦੀ ਕਲਾ ਵਿੱਚ ਵੀ ਮੁਹਾਰਤ ਹਾਸਲ ਕੀਤੀ ਸੀ।''
ਪਰਿਵਾਰ ਘਰੇਲੂ ਵਰਤੋਂ ਲਈ ਸਿਰਫ਼ ਤਿਲ ਦੇ ਤੇਲ ਦੀ ਵਧੇਰੇ ਵਰਤੋਂ ਕਰਿਆ ਕਰਦਾ ਅਤੇ ਕਦੇ-ਕਦਾਈਂ ਨਾਰੀਅਲ ਤੇਲ ਦੀ ਵੀ। ਦੋਵਾਂ ਨੂੰ ਇੱਕ ਵੱਡੇ ਭਾਂਡੇ ਵਿੱਚ ਰੱਖਿਆ ਜਾਂਦਾ। "ਮੈਨੂੰ ਅਜੇ ਵੀ ਯਾਦ ਹੈ। ਮੇਰੇ ਪਿਤਾ ਜੀ ਰੈਲੇ ਸਾਈਕਲ ਚਲਾਉਂਦੇ ਸਨ। ਇਸਦੇ ਮਗਰ ਮਾਂਹ ਦੀ ਬੋਰੀ ਲੱਦੀ ਉਹ ਤ੍ਰਿਚੀ ਦੇ ਗਾਂਧੀ ਮਾਰਕੀਟ ਜਾਂਦੇ ਹੁੰਦੇ। ਜਦੋਂ ਉਹ ਆਉਂਦੇ, ਤਾਂ ਆਪਣੇ ਨਾਲ਼ ਮਿਰਚ, ਸਰ੍ਹੋਂ, ਕਾਲ਼ੀ ਮਿਰਚ ਅਤੇ ਇਮਲੀ ਲੈ ਆਉਂਦੇ। ਇਹ ਇੱਕ ਤਰ੍ਹਾਂ ਦਾ ਵਟਾਂਦਰਾ ਹੁੰਦਾ। ਇਸ ਰਾਸ਼ਨ ਨਾਲ਼ ਰਸੋਈ ਦਾ ਇੱਕ ਸਾਲ ਬੰਨੇ ਹੋ ਜਾਂਦਾ!"
*****
ਵਡੀਵੇਲਨ ਅਤੇ ਪ੍ਰਿਆ ਦਾ ਵਿਆਹ 2005 ਵਿੱਚ ਹੋਇਆ ਸੀ। ਉਨ੍ਹਾਂ ਦਾ ਵਿਆਹ ਤ੍ਰਿਚੀ ਨੇੜੇ ਵਯਾਲੂਰ ਮੁਰੂਗਨ ਮੰਦਰ ਵਿੱਚ ਹੋਇਆ। "ਮੇਰੇ ਪਿਤਾ ਵਿਆਹ ਵਿੱਚ ਨਾ ਆਏ, ਉਨ੍ਹਾਂ ਨੇ ਸਾਡੇ ਵਿਆਹ ਨੂੰ ਮਨਜ਼ੂਰੀ ਨਾ ਦਿੱਤੀ," ਵਡੀਵੇਲਨ ਕਹਿੰਦੇ ਹਨ। "ਬਲ਼ਦੀ ਵਿੱਚ ਤੇਲ ਓਦੋਂ ਪਿਆ ਜਦੋਂ ਮੇਰੇ ਦੋਸਤ ਜੋ ਮੇਰੇ ਰਿਸ਼ਤੇਦਾਰਾਂ ਨੂੰ ਲੈਣ ਪਿੰਡ ਆਏ ਸਨ, ਕਾਹਲੀ-ਕਾਹਲੀ ਮੇਰੇ ਪਿਤਾ ਕੋਲ਼ ਗਏ ਤੇ ਪੁੱਛਿਆ ਕਿ ਕੀ ਉਹ ਵਿਆਹ ਵਿੱਚ ਆਉਣਗੇ। ਪਿਤਾ ਲੋਹਾਲਾਖਾ ਹੋ ਗਏ ਤੇ ਮੇਰੇ ਦੋਸਤਾਂ 'ਤੇ ਭੜਕ ਪਏ!" ਵਡੀਵੇਲਨ ਠਹਾਕਾ ਲਾਉਂਦਿਆਂ ਕਹਿੰਦੇ ਹਨ।
ਅਸੀਂ ਇਸ ਜੋੜੇ ਦੇ ਘਰ ਬਰਾਂਡੇ ਵਿੱਚ ਬੈਠੇ ਸਾਂ। ਇਸ ਦੇ ਨਾਲ਼ ਹੀ ਇੱਕ ਸਲੈਬ ਸੀ ਜੋ ਦੇਵਤਿਆਂ ਦੀਆਂ ਮੂਰਤੀਆਂ ਨਾਲ਼ ਭਰੀ ਹੋਈ ਸੀ। ਇਸ ਦੇ ਨਾਲ਼ ਹੀ ਕੰਧ ਸੈਲਫੀਆਂ, ਯਾਤਰਾ ਦੀਆਂ ਤਸਵੀਰਾਂ ਨਾਲ਼ ਭਰੀ ਹੋਈ ਸੀ। ਇਸ ਦੇ ਅੱਗੇ ਉਹ ਟੀਵੀ ਸੀ ਜਿਸ ਨੂੰ ਪ੍ਰਿਆ ਵਿਹਲੇ ਸਮੇਂ ਦੇਖਦੀ ਸੀ। ਜਦੋਂ ਅਸੀਂ ਉਨ੍ਹਾਂ ਦੇ ਘਰ ਗਏ ਤਾਂ ਉਨ੍ਹਾਂ ਦੇ ਦੋਵੇਂ ਬੱਚੇ ਸਕੂਲ ਗਏ ਸਨ। ਉਨ੍ਹਾਂ ਦੇ ਘਰ ਦੇ ਕੁੱਤੇ ਨੇ ਸਾਨੂੰ ਵੇਖਿਆ ਅਤੇ ਹੈਲੋ ਕਿਹਾ। "ਇਹ ਜੂਲੀ ਹੈ," ਵਡੀਵੇਲਨ ਨੇ ਸਾਡੀ ਜਾਣ-ਪਛਾਣ ਕਰਾਈ। ਜਦੋਂ ਮੈਂ ਉਸ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ, "ਬੜੀ ਸੁੰਦਰ ਹੈ।" ਉਨ੍ਹਾਂ ਹੱਸਦਿਆਂ ਕਿਹਾ,"ਇਹ ਮੁੰਡਾ ਹੈ।'' ਜੂਲੀ ਅਣਮਨੇ ਮਨ ਨਾਲ਼ ਉੱਥੋਂ ਚਲੀ ਗਈ।
ਪ੍ਰਿਆ ਨੇ ਸਾਨੂੰ ਦੁਪਹਿਰ ਦੇ ਖਾਣੇ ਲਈ ਬੁਲਾਇਆ। ਉਨ੍ਹਾਂ ਨੇ ਸਾਡੇ ਲਈ ਵੜਾ ਅਤੇ ਪਯਾਸਮ ਨਾਲ਼ ਦਾਵਤ ਤਿਆਰ ਕੀਤੀ ਸੀ। ਕੇਲੇ ਦੇ ਪੱਤੇ 'ਤੇ ਪਰੋਸਿਆ ਗਿਆ ਭੋਜਨ ਬਹੁਤ ਸੁਆਦੀ ਅਤੇ ਸ਼ਾਨਦਾਰ ਸੀ।
ਜਾਗਦੇ ਰਹਿਣ ਲਈ, ਅਸੀਂ ਕਾਰੋਬਾਰ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਤਿਲ ਦੀ ਫ਼ਸਲ ਉਗਾਉਣ ਦਾ ਤਜਰਬਾ ਕੀ ਹੈ? "ਨਿਰਾਸ਼ਾਜਨਕ," ਵਡੀਵੇਲਨ ਕਹਿੰਦੇ ਹਨ। ਦਰਅਸਲ ਸਾਰੀ ਖੇਤੀ ਦਾ ਹੀ ਇਹੀ ਹਾਲ ਹੈ। "ਆਮਦਨ ਘੱਟ ਰਹੀ ਹੈ। ਇਨਪੁਟ ਲਾਗਤਾਂ ਵੱਧ ਰਹੀਆਂ ਹਨ। ਹੋਰ ਖਾਦਾਂ ਦੀ ਤਰ੍ਹਾਂ ਯੂਰੀਆ ਵੀ ਬਹੁਤ ਮਹਿੰਗੀ ਹੈ। ਬਾਕੀ ਸਾਨੂੰ ਤਿਲ ਦੀ ਖੇਤੀ ਕਰਨ ਤੋਂ ਪਹਿਲਾਂ ਵਾਹੀ ਕਰਕੇ ਖੇਤ ਤਿਆਰ ਕਰਨਾ ਪੈਂਦਾ ਹੈ। ਫਿਰ ਸਾਨੂੰ ਵੱਟਾਂ ਬਣਾਉਣੀਆਂ ਪੈਂਦੀਆਂ ਹਨ ਤਾਂ ਜੋ ਪਾਣੀ ਪੌਦਿਆਂ ਵਿਚਕਾਰ ਵਹਿੰਦਾ ਰਹਿ ਸਕੇ। ਖੇਤ ਦੀ ਸਿੰਚਾਈ ਵੀ ਅਸੀਂ ਸੂਰਜ ਡੁੱਬਣ ਤੋਂ ਬਾਅਦ ਹੀ ਕਰ ਸਕਦੇ ਹਾਂ।''
ਪ੍ਰਿਆ ਦਾ ਕਹਿਣਾ ਹੈ ਕਿ ਬਿਜਾਈ ਦੇ ਤੀਜੇ ਹਫ਼ਤੇ ਪਹਿਲੀ ਵਾਰ ਢੁੱਕਵੇਂ ਢੰਗ ਨਾਲ਼ ਪਾਣੀ ਛੱਡਿਆ ਜਾਂਦਾ ਹੈ। ਫਿਰ ਉਹ ਭੋਇੰ ਤੋਂ ਆਪਣੀ ਗਿੱਠ ਦਾ ਮਾਪ ਲੈਂਦਿਆਂ ਦੱਸਦੀ ਹਨ ਕਿ ਉਦੋਂ ਤੱਕ ਪੌਦਾ ਇੰਨਾ ਲੰਬਾ ਹੋ ਗਿਆ ਹੋਵੇਗਾ। "ਫਿਰ ਇਹਦਾ ਵਾਧਾ ਰਫ਼ਤਾਰ ਫੜ੍ਹ ਲੈਂਦਾ ਹੈ। ਪੰਜਵੇਂ ਹਫ਼ਤੇ ਨਦੀਨਾਂ ਨੂੰ ਹਟਾ ਕੇ ਯੂਰੀਆ ਦੇਣਾ ਹੁੰਦਾ ਹੈ। ਇਸ ਤੋਂ ਇਲਾਵਾ, ਪੌਦਿਆਂ ਨੂੰ ਹਰ ਦਸ ਦਿਨਾਂ ਵਿੱਚ ਪਾਣੀ ਦੇਣਾ ਜ਼ਰੂਰੀ ਹੋ ਜਾਂਦਾ ਹੈ। ਸੂਰਜ ਦੀ ਰੌਸ਼ਨੀ ਜਿੰਨੀ ਵਧੀਆ ਹੋਵੇਗੀ, ਝਾੜ ਓਨਾ ਹੀ ਵਧੀਆ ਹੋਵੇਗਾ।''
ਪ੍ਰਿਆ ਖੇਤ ਦੀ ਦੇਖਭਾਲ਼ ਕਰਦੀ ਹਨ ਜਦੋਂ ਵਡੀਵੇਲਨ ਕੰਮ ਲਈ ਬਾਹਰ ਹੁੰਦੇ ਹਨ। ਉਨ੍ਹਾਂ ਦੇ ਡੇਢ ਏਕੜ ਖੇਤ ਵਿੱਚ ਸਾਲ ਦੇ ਹਰ ਸਮੇਂ ਘੱਟੋ-ਘੱਟ ਦੋ ਫ਼ਸਲਾਂ ਲੱਗੀਆਂ ਹੀ ਹੁੰਦੀਆਂ ਹਨ। ਉਹ ਘਰ ਦਾ ਕੰਮ ਨਿਬੇੜ ਕੇ ਬੱਚਿਆਂ ਨੂੰ ਸਕੂਲ ਭੇਜ ਕੇ ਫਿਰ ਆਪਣੇ ਪੱਲੇ ਖਾਣਾ ਬੰਨ੍ਹੀ ਉਹ ਆਪਣੇ ਸਾਈਕਲ 'ਤੇ ਸਵਾਰ ਹੋ ਖੇਤ ਜਾਂਦੀ ਹਨ। ਉੱਥੇ ਉਹ ਖੇਤਾਂ ਵਿੱਚ ਆਏ ਮਜ਼ਦੂਰਾਂ ਨਾਲ਼ ਕੰਮ ਕਰਦੀ ਹਨ। "ਸਾਨੂੰ ਸਵੇਰੇ 10 ਵਜੇ ਸਾਰਿਆਂ ਲਈ ਚਾਹ ਖਰੀਦਣੀ ਪੈਂਦੀ ਹੈ ਅਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਚਾਹ ਅਤੇ ਪਾਲਾਕਰਮ ਖੁਆਉਣਾ ਹੁੰਦਾ ਹੈ। ਆਮ ਤੌਰ 'ਤੇ ਅਸੀਂ ਸੁਈਅਮ (ਮਠਿਆਈਆਂ) ਅਤੇ ਉਰੁਲਾਈ ਬੰਡਾ ਲੈਂਦੇ ਹਾਂ।'' ਉਹ ਕੰਮੇ ਲੱਗੀ ਹੋਈ ਕਦੇ ਉੱਠਦੀ, ਕਦੇ ਬਹਿੰਦੀ, ਕਦੇ ਕੁਝ ਚੁੱਕਦੀ, ਕਦੇ ਰੱਖਦੀ, ਕਦੇ ਝੁੱਕਦੀ ਹੋਈ ਭੋਜਨ ਪਕਾਉਂਦੀ ਤੇ ਸਾਫ਼-ਸਫ਼ਾਈ ਕਰਦੀ ਹਨ... "ਥੋੜ੍ਹਾ ਜਿਹਾ ਜੂਸ ਹੀ ਪੀਂਦੇ ਜਾਓ," ਉਨ੍ਹਾਂ ਨੇ ਕਿਹਾ, ਸਾਡੇ ਖੇਤ ਵਿੱਚ ਜਾਣ ਤੋਂ ਪਹਿਲਾਂ ਸਾਨੂੰ ਸੁਲ੍ਹਾ ਮਾਰੀ।
*****
ਤਿਲਾਂ, ਈਲੂ ਵਾਯਲ ਦਾ ਖੇਤ ਸੱਚੀਓ ਬਹੁਤ ਸੁੰਦਰ ਹੈ। ਇਸ ਪੌਦੇ ਦੇ ਫੁੱਲ ਨਾਜ਼ੁਕ ਅਤੇ ਸਜਾਵਟੀ ਹੁੰਦੇ ਹਨ। ਇਹ ਗੁਲਾਬੀ ਅਤੇ ਚਿੱਟੇ ਫੁੱਲ ਗਹਿਣੇ ਵਾਂਗਰ ਜਾਪਦੇ ਅਤੇ ਸ਼ਿਫੌਨ ਸਾੜੀਆਂ ਅਤੇ ਫ੍ਰੈਂਚ ਮੈਨੀਕਿਓਰ ਦੀ ਯਾਦ ਦਿਵਾਉਂਦੇ ਹਨ। ਓਦੋਂ ਦੱਖਣੀ ਭਾਰਤੀ ਰਸੋਈਆਂ ਦੇ ਰਾਜੇ, ਇਸ ਤੇਲ ਬਾਰੇ ਸ਼ਾਇਦ ਹੀ ਕੋਈ ਵਿਚਾਰ ਆਉਂਦਾ ਹੋਵੇ।
ਤਿਲ ਦਾ ਪੌਦਾ ਉੱਚਾ ਤੇ ਪਤਲਾ ਹੁੰਦਾ ਹੈ ਅਤੇ ਇਸ ਦੇ ਪੱਤੇ ਗੂੜ੍ਹੇ ਹਰੇ ਹੁੰਦੇ ਹਨ। ਤਣੇ 'ਤੇ ਬਹੁਤ ਸਾਰੀਆਂ ਫਲ਼ੀਆਂ ਲੱਗੀਆਂ ਹੁੰਦੀਆਂ ਹਨ। ਹਰ ਇੱਕ ਫਲ਼ੀ ਬਦਾਮ ਜਿੰਨੀ ਵੱਡੀ ਅਤੇ ਇਲਾਇਚੀ ਦੇ ਆਕਾਰ ਦੀ ਜਾਪਦੀ ਹੈ। ਪ੍ਰਿਆ ਨੇ ਸਾਡੇ ਲਈ ਇੱਕ ਫਲ਼ੀ ਤੋੜੀ। ਅੰਦਰ, ਕਈ ਛੋਟੇ-ਛੋਟੇ ਪੀਲ਼ੇ-ਚਿੱਟੇ ਤਿਲ ਸਨ। ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਇੱਕ ਚਮਚ ਤੇਲ ਲਈ ਇਨ੍ਹਾਂ ਵਿੱਚੋਂ ਕਿੰਨਿਆਂ ਨੂੰ ਕੁਚਲਿਆ ਜਾਣਾ ਹੈ। ਇਹ ਕਿਆਸ ਇਸ ਲਈ ਕਿਉਂਕਿ ਇੱਕ ਇਡਲੀ 'ਤੇ ਘੱਟੋ ਘੱਟ ਦੋ ਚਮਚ ਤਿਲ ਦਾ ਤੇਲ ਲਗਾਇਆ ਜਾਂਦਾ ਹੈ ਅਤੇ ਕੁਝ ਕੁ ਤੇਲ ਇਡਲੀਪੋਡੀ (ਖ਼ੁਸ਼ਕ ਚਟਲੀ) 'ਤੇ ਵੀ ਛਿੜਕਿਆ ਜਾਂਦਾ ਹੈ।
ਪਰ ਸੂਰਜ ਨੇ ਮੈਨੂੰ ਜ਼ਿਆਦਾ ਸੋਚਣ ਦੀ ਆਗਿਆ ਨਾ ਦਿੱਤੀ, ਕਿਉਂਕਿ ਸਿਰ 'ਤੇ ਅਪ੍ਰੈਲ ਦਾ ਸੂਰਜ ਤਪ ਰਿਹਾ ਸੀ। ਅਸੀਂ ਨੇੜੇ ਦੇ ਇੱਕ ਬਾਗ਼ ਦੀ ਛਾਂਵੇਂ ਬਹਿ ਗਏ। ਵਡੀਵੇਲਨ ਨੇ ਕਿਹਾ ਕਿ ਖੇਤਾਂ ਵਿੱਚ ਕੰਮ ਕਰਨ ਆਈਆਂ ਔਰਤਾਂ ਵੀ ਉੱਥੇ ਹੀ ਪਨਾਹ ਲੈਂਦੀਆਂ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਗੁਆਂਢੀ ਗੋਪਾਲ ਦੇ ਮਾਂਹ ਦੇ ਖੇਤੀਂ ਕੰਮ ਕਰਦੀਆਂ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਧੁੱਪ ਤੋਂ ਬਚਾਉਣ ਲਈ ਆਪਣੇ ਸਿਰਾਂ 'ਤੇ ਸੂਤੀ ਕੱਪੜਾ ਲਪੇਟਿਆ ਹੋਇਆ ਸੀ। ਉਹ ਚਾਹ ਅਤੇ ਦੁਪਹਿਰ ਦੇ ਖਾਣੇ ਦੀ ਛੁੱਟੀ ਨੂੰ ਛੱਡ ਕੇ ਸਾਰਾ ਦਿਨ ਬਿਨਾਂ ਰੁਕੇ ਕੰਮ ਕਰਦੀਆਂ ਰਹਿੰਦੀਆਂ ਹਨ।
ਉਨ੍ਹਾਂ ਵਿੱਚੋਂ ਸਾਰੀਆਂ ਔਰਤਾਂ ਹੀ ਬਜ਼ੁਰਗ ਹਨ। 70 ਸਾਲਾ ਵੀ. ਮਰਿਆਈ ਸਭ ਤੋਂ ਬਿਰਧ ਹਨ। ਜਦੋਂ ਖੇਤੀਂ ਬਿਜਾਈ, ਨਦੀਨ ਪੁੱਟਣ ਜਾਂ ਵਾਢੀ ਦਾ ਕੰਮ ਨਾ ਹੋਵੇ, ਉਸ ਵੇਲ਼ੇ ਉਹ ਸ਼੍ਰੀਰੰਗਮ ਮੰਦਰ ਦੇ ਨੇੜੇ ਤੁਲਸੀ ਦੀਆਂ ਮਾਲਾਵਾਂ ਵੇਚਦੀ ਹਨ। ਉਨ੍ਹਾਂ ਦੀ ਅਵਾਜ਼ ਬੜੀ ਮੁਲਾਇਮ ਹੈ। ਪਰ ਸੂਰਜ ਹੈ ਕਿ ਓਨਾ ਹੀ ਕਠੋਰ ਬਣਿਆ ਹੋਇਆ ਹੈ। ਕੜਕਦਾਰ...
ਤਿਲ ਦਾ ਪੌਦਾ ਸੂਰਜ ਦੀ ਬਹੁਤੀ ਪਰਵਾਹ ਨਹੀਂ ਕਰਦਾ। ਇਹ ਬਹੁਤ ਸਾਰੀਆਂ ਚੀਜ਼ਾਂ ਦੀ ਪਰਵਾਹ ਨਹੀਂ ਕਰਦਾ, 65 ਸਾਲਾ ਐੱਸ ਗੋਪਾਲ, ਜੋ ਵਡੀਵੇਲਨ ਦੇ ਗੁਆਂਢ ਪੈਂਦੇ ਖੇਤ ਦੇ ਮਾਲਕ ਹਨ, ਨੇ ਮੈਨੂੰ ਦੱਸਿਆ। ਉਨ੍ਹਾਂ ਦੇ ਕਥਨ ਦਾ ਵਡੀਵੇਲਨ ਅਤੇ ਪ੍ਰਿਆ ਨੇ ਵੀ ਸਮਰਥਨ ਕੀਤਾ ਹੈ। ਤਿੰਨੋਂ ਕਿਸਾਨਾਂ ਨੇ ਕੀਟਨਾਸ਼ਕਾਂ ਅਤੇ ਸਪਰੇਅ ਬਾਰੇ ਜ਼ਿਆਦਾ ਗੱਲ ਨਾ ਕੀਤੀ, ਬੱਸ ਓਪਰਾ-ਓਪਰਾ ਜ਼ਿਕਰ ਹੀ ਕੀਤਾ। ਤਿਲ ਕਿਸਾਨਾਂ ਨੂੰ ਬਹੁਤੀ ਸਿੰਚਾਈ ਕਰਨ ਦੀ ਚਿੰਤਾ ਵੀ ਨਹੀਂ ਹੁੰਦੀ। ਤਿਲ ਕੁੱਲ ਮਿਲ਼ਾ ਕੇ ਕਈ ਮਾਅਨਿਆਂ ਵਿੱਚ ਬਾਜਰੇ ਵਰਗੇ ਹੁੰਦੇ ਹਨ - ਉਗਾਉਣੇ ਵੀ ਸੌਖੇ ਤੇ ਬਹੁਤੇ ਧਿਆਨ ਦੀ ਲੋੜ ਵੀ ਨਹੀਂ। ਇਹਦਾ ਜੋ ਵੀ ਨੁਕਸਾਨ ਹੁੰਦਾ ਹੈ ਉਹ ਬੇਮੌਸਮੀ ਮੀਂਹ ਕਾਰਨ ਹੀ ਹੁੰਦਾ ਹੈ।
2022 ਵਿੱਚ ਅਜਿਹਾ ਹੀ ਕੁਝ ਹੋਇਆ ਸੀ। "ਮੀਂਹ ਉਸ ਸਮੇਂ ਪਿਆ ਜਦੋਂ ਨਹੀਂ ਪੈਣਾ ਚਾਹੀਦਾ ਸੀ- ਜਨਵਰੀ ਅਤੇ ਫਰਵਰੀ ਵਿੱਚ, ਜਦੋਂ ਪੌਦੇ ਛੋਟੇ ਹੁੰਦੇ ਹਨ, ਜਿਸ ਨਾਲ਼ ਵਿਕਾਸ ਰੁੱਕ ਜਾਂਦਾ ਹੈ," ਵਡੀਵੇਲਨ ਕਹਿੰਦੇ ਹਨ। ਵਾਢੀ ਦਾ ਸਮਾਂ ਆ ਗਿਆ ਪਰ ਉਨ੍ਹਾਂ ਨੂੰ ਬਹੁਤ ਹੀ ਥੋੜ੍ਹੀ ਪੈਦਾਵਾਰ ਦੀ ਉਮੀਦ ਸੀ। "ਪਿਛਲੇ ਸਾਲ, ਸਾਨੂੰ 30 ਸੈਂਟ (ਏਕੜ ਦਾ ਇੱਕ ਤਿਹਾਈ) ਜ਼ਮੀਨ ਤੋਂ 150 ਕਿਲੋਗ੍ਰਾਮ ਤਿਲ ਮਿਲ਼ੇ। ਇਸ ਵਾਰੀਂ ਸਿਰਫ਼ 40 ਕਿਲੋਗ੍ਰਾਮ ਹੱਥ ਲੱਗਣ ਦਾ ਖ਼ਦਸ਼ਾ ਹੈ।''
ਇਸ ਕਿਸਾਨ ਜੋੜੇ ਦਾ ਕਹਿਣਾ ਹੈ ਕਿ ਉਪਜ ਦੀ ਇੰਨੀ ਮਾਤਰਾ ਨਾਲ਼ ਉਨ੍ਹਾਂ ਦੇ ਸਾਲ ਭਰ ਦੇ ਤੇਲ ਦੀ ਲੋੜ ਨੂੰ ਪੂਰਾ ਕਰਨਾ ਵੀ ਮੁਸ਼ਕਲ ਹੈ। "ਅਸੀਂ ਇੱਕੋ ਵਾਰੀ 15-18 ਕਿਲੋ ਤਿਲ ਦਾ ਤੇਲ ਬਣਾਉਂਦੇ ਹਾਂ। ਇਹ ਲਗਭਗ ਸੱਤ ਜਾਂ ਅੱਠ ਲੀਟਰ ਤੇਲ ਪੈਦਾ ਕਰਦੇ ਹਨ। ਅਸੀਂ ਘਰੇਲੂ ਵਰਤੋਂ ਲਈ ਸਾਲ ਵਿੱਚ ਦੋ ਵਾਰ ਤੇਲ ਬਣਾਉਂਦੇ ਹਾਂ," ਪ੍ਰਿਆ ਕਹਿੰਦੀ ਹਨ। ਵਡੀਵੇਲਨ ਨੇ ਅਗਲੇ ਦਿਨ ਸਾਨੂੰ ਨੇੜਲੇ ਕੋਹਲੂ ਲਿਜਾਣ ਦਾ ਵਾਅਦਾ ਕੀਤਾ। ਪਰ ਤਿਲਾਂ ਦਾ ਕੀ? ਉਨ੍ਹਾਂ ਨੂੰ ਕਿਵੇਂ ਇਕੱਠਾ ਕੀਤਾ ਜਾਂਦਾ ਹੈ?
ਗੋਪਾਲ ਸਾਨੂੰ ਦੇਖਣ ਲਈ ਸੱਦਾ ਦਿੰਦੇ ਹਨ। ਉਨ੍ਹਾਂ ਦਾ ਤਿਲ ਦਾ ਖੇਤ ਉੱਥੋਂ ਥੋੜ੍ਹੀ ਦੂਰੀ 'ਤੇ ਸੀ, ਇੱਟਾਂ ਦੇ ਭੱਠੇ ਦੇ ਨਾਲ਼ ਕਰਕੇ ਅਤੇ ਉੱਥੇ ਕੰਮ ਕਰਨ ਵਾਲ਼ੇ ਕੁਝ ਪਰਿਵਾਰ ਵੀ ਉੱਥੇ ਹੀ ਰਹਿੰਦੇ ਹਨ। ਉਨ੍ਹਾਂ ਨੂੰ ਇੱਕ ਇੱਟ ਬਣਾਉਣ ਮਗਰ ਇੱਕ ਰੁਪਿਆ ਮਿਲ਼ਦਾ ਹੈ। ਇਸੇ ਥਾਂ ਉਹ ਆਪਣੇ ਬੱਚਿਆਂ (ਬੱਕਰੀਆਂ ਤੇ ਮੁਰਗੀਆਂ ਫ਼ਾਰਮ) ਦਾ ਪਾਲਣ-ਪੋਸ਼ਣ ਕਰਦੇ ਹਨ। ਸ਼ਾਮ ਵੇਲ਼ੇ ਇੱਟਾਂ ਦਾ ਭੱਠਾ ਸ਼ਾਂਤ ਸੀ। ਸੀਨਿਆਮਲ, ਜੋ ਇੱਟਾਂ ਦੇ ਭੱਠੇ 'ਤੇ ਸਹਾਇੱਕ ਵਜੋਂ ਕੰਮ ਕਰਦੀ ਹਨ, ਮਦਦ ਲਈ ਸਾਡੇ ਵੱਲ ਆਈ।
ਸਭ ਤੋਂ ਪਹਿਲਾਂ, ਗੋਪਾਲ ਉਸ ਤਰਪਾਲ ਨੂੰ ਹਟਾ ਦਿੰਦੇ ਹਨ ਜਿਹਦੇ ਨਾਲ਼ ਵਾਢੀ ਕੀਤੇ ਪੌਦਿਆਂ ਨੂੰ ਢੱਕਿਆ ਗਿਆ ਹੈ। ਉਨ੍ਹਾਂ ਦੀ ਕਈ-ਕਈ ਦਿਨ ਢੇਰੀ ਲਾ ਕੇ ਰੱਖੀ ਜਾਂਦੀ ਹੈ ਤਾਂ ਕਿ ਤਾਪਮਾਨ ਵਿੱਚ ਵਾਧਾ ਹੋਵੇ ਤੇ ਨਮੀ ਸੁੱਕ ਜਾਵੇ। ਇੰਝ ਬੀਜ਼ ਆਪ ਹੀ ਟੁੱਟਣ ਲੱਗਦੇ ਹਨ। ਸੀਨਿਆਮਲ ਸੁੱਕੇ ਪੌਦਿਆਂ ਨੂੰ ਕੁੱਟਣ ਵਾਸਤੇ ਆਪਣੇ ਤਜਰਬੇਕਾਰ ਹੱਥਾਂ ਨਾਲ਼ ਇੱਕ ਡੰਡਾ ਚਲਾਉਂਦੀ ਹਨ ਤੇ ਇੰਝ ਕੁਟਾਈ ਨਾਲ਼ ਪੱਕੀਆਂ ਫਲ਼ੀਆਂ ਪਾਟ ਜਾਂਦੀਆਂ ਹਨ ਤੇ ਦਾਣੇ ਹੇਠਾਂ ਕਿਰਨ ਲੱਗਦੇ ਹਨ। ਉਹ ਉਨ੍ਹਾਂ ਨੂੰ ਹੱਥ ਨਾਲ਼ ਇਕੱਠਾ ਕਰਦੀ ਹੋਈ ਨਿੱਕੀ ਜਿਹੀ ਢੇਰੀ ਲਾ ਦਿੰਦੀ ਹਨ। ਇਹ ਕਿਰਿਆ ਉਦੋਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਸਾਰੀਆਂ ਫਲ਼ੀਆਂ ਖਾਲੀ ਨਾ ਹੋ ਜਾਣ।
ਪ੍ਰਿਆ, ਗੋਪਾਲ ਅਤੇ ਉਨ੍ਹਾਂ ਦੀ ਨੂੰਹ ਨਾੜਾਂ ਇਕੱਠੀਆਂ ਕਰਦੇ ਹਨ ਅਤੇ ਭਰੀ ਬੰਨ੍ਹਦੇ ਹਨ। ਇੱਕ ਸਮਾਂ ਸੀ ਜਦੋਂ ਤਿਲ ਦੀਆਂ ਨਾੜਾਂ ਨੂੰ ਬਾਲਣ ਵਜੋਂ ਵਰਤਿਆ ਜਾਂਦਾ ਸੀ। "ਮੈਨੂੰ ਯਾਦ ਹੈ ਉਨ੍ਹਾਂ ਨੂੰ ਪਹਿਲਾਂ ਝੋਨਾ ਉਬਾਲਣ ਲਈ ਵਰਤਿਆ ਜਾਂਦਾ ਸੀ। ਹੁਣ ਤਾਂ ਸਾਨੂੰ ਮਿੱਲਾਂ ਵਿੱਚੋਂ ਹੀ ਉਬਲ਼ਿਆ ਝੋਨਾ (ਚੌਲ਼) ਮਿਲ਼ ਜਾਂਦਾ ਹੈ। ਸੋ ਅਸੀਂ ਇਨ੍ਹਾਂ ਨਾੜਾਂ ਨੂੰ ਸਾੜ ਦਿੰਦੇ ਹਾਂ," ਵਡੀਵੇਲਨ ਕਹਿੰਦੇ ਹਨ।
ਗੋਪਾਲ ਕਹਿੰਦੇ ਹਨ ਕਿ ਪੁਰਾਣੇ ਬਹੁਤ ਸਾਰੇ ਅਭਿਆਸ ਹੁਣ ਨਹੀਂ ਰਹੇ। ਉਨ੍ਹਾਂ ਨੂੰ ਇਸ ਗੱਲ ਦਾ ਖ਼ਾਸਾ ਦੁੱਖ ਹੈ ਕਿ ਹੁਣ ਉਈਰ ਵੇਲੀ (ਹਰੀ ਵਾੜ) ਗਾਇਬ ਹੋ ਗਈ ਹੈ। "ਪਹਿਲਾਂ, ਗਿੱਦੜ ਹਰੀ ਵਾੜ ਦੇ ਨਾਲ਼-ਨਾਲ਼ ਖੁੱਡਾਂ ਵਿੱਚ ਰਿਹਾ ਕਰਦੇ ਸਨ। ਉਨ੍ਹਾਂ ਦੀ ਮੌਜੂਦਗੀ ਕਾਰਨ ਸਾਡੀ ਫ਼ਸਲ 'ਤੇ ਆਉਣ ਵਾਲ਼ੇ ਪੰਛੀ ਅਤੇ ਜਾਨਵਰ ਦੂਰ ਰਹਿੰਦੇ। ਹੁਣ ਇੱਕ ਵੀ ਗਿੱਦੜ ਨਜ਼ਰ ਨਹੀਂ ਆਉਂਦਾ!" ਉਹ ਉਦਾਸ ਹੋ ਕੇ ਕਹਿੰਦੇ ਹਨ।
"ਬੇਸ਼ਕ ਹਾਂ," ਵਡੀਵੇਲਨ ਕਹਿੰਦੇ ਹਨ। "ਉਸ ਸਮੇਂ, ਹਰ ਪਾਸੇ ਗਿੱਦੜ ਸਨ। ਜਦੋਂ ਮੈਂ ਛੋਟਾ ਸੀ, ਤਾਂ ਇੱਕ ਵਾਰੀਂ ਮੈਂ ਇਹ ਸੋਚ ਕੇ ਛੋਟਾ ਬੱਚਾ (ਗਿੱਦੜ ਦਾ) ਚੁੱਕ ਲਿਆ ਕਿ ਖੌਰੇ ਇਹ ਜੱਤਲ ਕਤੂਰਾ ਹੈ। ਜਿਓਂ ਹੀ ਪਿਤਾ ਜੀ ਨੇ ਇਸ ਨੂੰ ਦੇਖਿਆ ਤੇ ਕਿਹਾ ਇਹ ਕੋਈ ਕਤੂਰਾ ਨਹੀਂ ਹੈ। ਉਸੇ ਰਾਤ ਸਾਡੇ ਘਰ ਦੇ ਪਿੱਛੇ ਵੱਡੇ-ਵੱਡੇ ਗਿੱਦੜਾਂ ਦਾ ਝੁੰਡ ਪੂਰੀ ਰਾਤ ਚੀਕਦਾ ਰਿਹਾ ਸੀ। ਅਗਲੇ ਦਿਨ ਮੈਂ ਉਸ ਬੱਚੇ ਨੂੰ ਉੱਥੇ ਹੀ ਛੱਡ ਦਿੱਤਾ ਜਿੱਥੇ ਮੈਂ ਇਸ ਨੂੰ ਦੇਖਿਆ ਸੀ!"
ਜਦੋਂ ਅਸੀਂ ਗੱਲਾਂ ਕਰ ਰਹੇ ਸੀ, ਸੀਨਿਆਮਲ ਨੇ ਛੱਜ ਵਿੱਚ ਤਿਲ ਪਾਏ ਜੋ ਕੱਖਾਂ ਤੇ ਪੱਤਿਆਂ ਨਾਲ਼ ਭਰੇ ਹੋਏ ਸਨ। ਉਨ੍ਹਾਂ ਨੇ ਛੱਜ ਨੂੰ ਸਿਰ ਤੋਂ ਉੱਚਾ ਕੀਤਾ ਤੇ ਆਪਣੇ ਹੁਨਰਮੰਦ ਹੱਥਾਂ ਨਾਲ਼ ਹਿਲਾਉਣਾ ਸ਼ੁਰੂ ਕੀਤਾ। ਇਹ ਦੇਖਣਾ ਬੜਾ ਮਜ਼ੇਦਾਰ ਤੇ ਸੁਹਾਵਣਾ ਲੱਗਿਆ। ਤਿਲ ਇੰਝ ਡਿੱਗ ਰਹੇ ਸਨ ਜਿਓਂ ਸੰਗੀਤ ਕੱਢਦੀਆਂ ਮੀਂਹ ਦੀਆਂ ਬੂੰਦਾਂ।
*****
ਸ਼੍ਰੀਰੰਗਮ ਦੇ ਸ਼੍ਰੀ ਰੰਗਾ ਮਰਾਚੇਕੂ (ਲੱਕੜ ਦਾ ਗਨਾ) ਵਿਖੇ ਰੇਡੀਓ 'ਤੇ ਇੱਕ ਪੁਰਾਣਾ ਤਾਮਿਲ ਗੀਤ ਚੱਲ ਰਿਹਾ ਸੀ। ਇਸ ਦੇ ਮਾਲਕ ਆਰ. ਰਾਜੂਏਸ਼ ਬੈਠੇ ਸਨ ਤੇ ਉਨ੍ਹਾਂ ਦੇ ਮੂਹਰੇ ਰਜਿਸਟਰ ਪਿਆ ਸੀ। ਤੇਲ ਦੇ ਬੀਜਾਂ ਨੂੰ ਨਪੀੜਨ ਦੀ ਆਵਾਜ਼ ਸੁਣੀ ਗਈ। ਸਟੀਲ ਦੇ ਵੱਡੇ ਭਾਂਡੇ ਸੁਨਹਿਰੇ ਪੀਲ਼ੇ ਰੰਗੇ ਤੇਲ ਨਾਲ਼ ਭਰੇ ਹੋਏ ਸਨ। ਮਿੱਲ ਦੇ ਪਿਛਲੇ ਵਿਹੜੇ ਵਿੱਚ ਹੋਰ ਤਿਲ ਸੁਕਾਏ ਜਾ ਰਹੇ ਸਨ।
"18 ਕਿਲੋ ਤਿਲ ਨੂੰ ਨਪੀੜਨ ਵਿੱਚ 1.5 ਘੰਟਾ ਲੱਗਦਾ ਹੈ। ਅਸੀਂ ਇਸ ਵਿੱਚ 1.5 ਕਿਲੋ ਖਜੂਰ ਦਾ ਗੁੜ ਮਿਲਾਉਂਦੇ ਹਾਂ। ਲਗਭਗ 8 ਲੀਟਰ ਤੇਲ ਨਿਕਲ਼ਦਾ ਹੈ। ਸਟੀਲ ਮਿੱਲ ਦੇ ਮੁਕਾਬਲੇ ਥੋੜ੍ਹਾ ਘੱਟ," ਰਾਜੂ ਦੱਸਦੇ ਹਨ। ਰਾਜੂ ਇੱਕ ਕਿਲੋ ਤੇਲ ਬੀਜਾਂ ਨੂੰ ਪੀਸਣ ਲਈ 30 ਰੁਪਏ ਲੈਂਦੇ ਹਨ। ਅਤੇ ਕੋਲ਼ਡ ਪ੍ਰੈਸਡ ਤਿਲ ਦਾ ਤੇਲ 420 ਰੁਪਏ ਪ੍ਰਤੀ ਲੀਟਰ ਵੇਚਿਆ ਜਾਂਦਾ ਹੈ। "ਅਸੀਂ ਸਿਰਫ਼ ਪਹਿਲੀ ਸ਼੍ਰੇਣੀ ਦੇ ਪਾਮ ਗੁੜ ਦੀ ਵਰਤੋਂ ਕਰਦੇ ਹਾਂ - ਅਸੀਂ ਇਸ ਨੂੰ ਸਿੱਧੇ ਕਿਸਾਨਾਂ ਤੋਂ ਜਾਂ ਗਾਂਧੀ ਮਾਰਕੀਟ ਤੋਂ 130 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਖਰੀਦਦੇ ਹਾਂ - ਅਤੇ ਤੇਲ ਦਾ ਸੁਆਦ ਵਧਾਉਣ ਲਈ 300 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਉੱਚ ਗੁਣਵੱਤਾ ਵਾਲ਼ਾ ਪਾਮ ਗੁੜ ਖਰੀਦਦੇ ਅਤੇ ਵਰਤਦੇ ਹਾਂ।''
ਮਸ਼ੀਨ ਸਵੇਰੇ 10 ਵਜੇ ਤੋਂ ਸ਼ਾਮੀਂ 4 ਵਜੇ ਤੱਕ ਚਾਰ ਵਾਰ ਚੱਲਦੀ ਹੈ ਅਤੇ ਤਾਜ਼ੇ ਨਿਚੋੜੇ ਹੋਏ ਤੇਲ ਨੂੰ ਸਾਫ਼ ਹੋਣ ਤੱਕ ਧੁੱਪ ਵਿੱਚ ਰੱਖਿਆ ਜਾਂਦਾ ਹੈ। ਬਚੀ ਹੋਈ ਖੱਲ [ਤਿਲ ਪੁਨਾਕੂ] ਵਿੱਚ ਕੁਝ ਤੇਲ ਦੀ ਮਾਤਰਾ ਹੁੰਦੀ ਹੈ, ਜਿਸ ਨੂੰ ਕਿਸਾਨ ਆਪਣੇ ਪਸ਼ੂਆਂ ਲਈ ਚਾਰੇ ਵਜੋਂ 35 ਰੁਪਏ ਪ੍ਰਤੀ ਕਿਲੋਗ੍ਰਾਮ ਖਰੀਦਦੇ ਹਨ।
ਰਾਜੂ ਦੱਸਦੇ ਹਨ ਕਿ ਇੱਕ ਏਕੜ ਵਿੱਚ ਤਿਲ ਉਗਾਉਣ, ਕਟਾਈ, ਸਾਫ਼ ਕਰਨ ਅਤੇ ਪੈਕ ਕਰਨ ਵਿੱਚ 20,000 ਰੁਪਏ ਤੋਂ ਥੋੜ੍ਹਾ ਜਿਹਾ ਵੱਧ ਖ਼ਰਚਾ ਆਉਂਦਾ ਹੈ। ਝਾੜ ਆਮ ਤੌਰ 'ਤੇ 300 ਕਿਲੋਗ੍ਰਾਮ ਹੁੰਦਾ ਹੈ। ਉਹ ਇਸ ਤਿੰਨ ਮਹੀਨਿਆਂ ਦੀ ਫ਼ਸਲ ਲਈ ਪ੍ਰਤੀ ਏਕੜ 15,000 ਤੋਂ 17,000 ਰੁਪਏ ਦੇ ਮੁਨਾਫੇ ਦੀ ਗਣਨਾ ਕਰਦੇ ਹਨ।
ਵਡੀਵੇਲਨ ਕਹਿੰਦੇ ਹਨ ਕਿ ਬੱਸ ਇੱਥੋਂ ਹੀ ਸਮੱਸਿਆ ਪੈਦਾ ਹੁੰਦੀ ਹੈ। "ਕੀ ਤੁਸੀਂ ਜਾਣਦੇ ਹੋ ਕਿ ਸਾਡੀ ਮਿਹਨਤ ਤੋਂ ਕਿਸ ਨੂੰ ਫਾਇਦਾ ਹੁੰਦਾ? ਵਪਾਰੀ ਨੂੰ। ਜਿਵੇਂ ਫ਼ਸਲ ਅਗਲੇ-ਅਗਲੇ ਹੱਥ ਜਾਂਦੀ ਹੈ, ਉਹ ਸਾਨੂੰ ਦਿੱਤੀ ਗਈ ਰਕਮ ਤੋਂ ਦੁੱਗਣੀ ਕਮਾਈ ਕਰਦੇ ਜਾਂਦੇ ਹਨ," ਉਹ ਦੋਸ਼ ਲਗਾਉਂਦੇ ਹਨ। "ਤਿਲਾਂ ਤੋਂ ਉਨ੍ਹਾਂ ਹੋਰ ਕੀ ਸਿਰਜਣਾ ਹੋਇਆ?" ਉਹ ਆਪਣਾ ਸਿਰ ਹਿਲਾਉਂਦੇ ਹਨ। "ਇਹੀ ਕਾਰਨ ਹੈ ਕਿ ਅਸੀਂ ਉਗਾਏ ਹੋਏ ਤਿਲ ਦੇ ਬੀਜ ਨਹੀਂ ਵੇਚਦੇ। ਅਸੀਂ ਓਨਾ ਹੀ ਉਗਾਉਂਦੇ ਹਾਂ ਜਿੰਨਾ ਸਾਨੂੰ ਘਰੇਲੂ ਜ਼ਰੂਰਤਾਂ ਲਈ ਚਾਹੀਦਾ ਹੈ। ਇਹ ਸਾਡੇ ਲਈ ਕਾਫ਼ੀ ਹੈ ..."
ਤ੍ਰਿਚੀ ਦੇ ਵਿਅਸਤ ਗਾਂਧੀ ਬਾਜ਼ਾਰ ਵਿੱਚ, ਤਿਲ ਦੀਆਂ ਦੁਕਾਨਾਂ ਵਿੱਚ ਗਤੀਵਿਧੀਆਂ ਤੇਜ਼ ਹੁੰਦੀਆਂ ਜਾਂਦੀਆਂ ਹਨ, ਜਿੱਥੇ ਕਿਸਾਨ ਮਾਂਹ, ਮੂੰਗ ਦੀ ਦਾਲ ਅਤੇ ਤਿਲ ਦੀਆਂ ਬੋਰੀਆਂ 'ਤੇ ਬਾਹਰ ਬੈਠੇ ਸਨ। ਵਪਾਰੀ ਆਪਣੇ ਦਾਦਿਆਂ ਦੀਆਂ ਦੁਕਾਨਾਂ ਦੇ ਅੰਦਰ ਬੈਠੇ ਹਨ। 45 ਸਾਲਾ ਪੀ. ਸਰਵਾਨਨ ਨੇ ਕਿਹਾ, "ਜਦੋਂ ਅਸੀਂ ਫੇਰੀ ਮਾਰੀ ਸੀ ਓਦੋਂ ਨਾਲ਼ੋਂ ਤਾਂ ਕਾਲ਼ੇ ਛੋਲਿਆਂ/ਦਾਲ ਦੀ ਉਪਜ ਵੱਧ ਗਈ ਹੈ। ਔਰਤਾਂ ਅਤੇ ਮਰਦ ਮਜ਼ਦੂਰ ਅਨਾਜ ਦੀ ਕਟਾਈ ਅਤੇ ਪੈਕਿੰਗ ਕਰ ਰਹੇ ਸਨ। "ਸਥਾਨਕ ਤਿਲ ਦੀ ਵਾਢੀ ਹੁਣੇ ਸ਼ੁਰੂ ਹੋਈ ਹੈ। ਕੁਝ ਦਿਨਾਂ ਵਿੱਚ ਬੋਰੀਆਂ ਆਉਣ ਲੱਗਣਗੀਆਂ।''
ਪਰ ਮੌਜੂਦਾ ਵਾਢੀ ਦੇ ਸਮੇਂ ਵੀ, 55 ਸਾਲਾ ਚੰਦਰਸੇਖਰਨ ਜੋ ਝਾੜ ਦੇਖ ਰਹੇ ਹਨ ਉਹ ਆਪਣੇ ਪਿਤਾ ਦੇ ਵੇਲ਼ਿਆਂ ਵਿੱਚ ਦੇਖੇ ਝਾੜ ਦਾ ਚੌਥਾ ਹਿੱਸਾ ਵੀ ਨਹੀਂ ਹੈ। ਉਨ੍ਹਾਂ ਕਿਹਾ,''ਪਹਿਲਾਂ ਜੂਨ 'ਚ ਗਾਂਧੀ ਮਾਰਕੀਟ 'ਚ ਰੋਜ਼ਾਨਾ ਤਿਲ ਦੀਆਂ 2,000 ਬੋਰੀਆਂ ਲੱਥਿਆ ਕਰਦੀਆਂ। ਪਿਛਲੇ ਕੁਝ ਸਾਲਾਂ ਵਿੱਚ ਸਿਰਫ਼ 500 ਬੋਰੀਆਂ ਹੀ ਆ ਰਹੀਆਂ ਹਨ। ਕਿਸਾਨ ਤਿਲ ਉਗਾਉਣਾ ਬੰਦ ਕਰ ਰਹੇ ਹਨ। ਇਸ (ਫ਼ਸਲ) ਦੀ ਦੇਖਰੇਖ ਬਹੁਤ ਮਿਹਨਤ ਦੀ ਮੰਗ ਕਰਦੀ ਹੈ। ਖਰਚਾ ਵੱਧ ਆਉਂਦਾ ਹੈ ਪਰ ਕੀਮਤ ਨਹੀਂ ਵਧ ਰਹੀ ਹੈ - ਇਹ 100 ਰੁਪਏ ਤੋਂ 130 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਵਿਚਕਾਰ ਝੂਲ਼ਦੀ ਹੈ। ਇਸ ਲਈ ਉਹ ਤਿਲ ਦੀ ਬਜਾਏ ਮਾਂਹ ਉਗਾ ਰਹੇ ਹਨ। ਇਸ ਨੂੰ ਮਸ਼ੀਨੀ ਢੰਗ ਨਾਲ਼ ਕੱਟਿਆ ਜਾ ਸਕਦਾ ਹੈ ਅਤੇ ਉਸੇ ਦਿਨ ਬੋਰੀ ਵਿੱਚ ਭਰਿਆ ਵੀ ਜਾ ਸਕਦਾ ਹੈ।''
ਪਰ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਹਨ, ਪਰ ਕਿਸਾਨਾਂ ਨੂੰ ਵਧੀਆ ਕੀਮਤ ਕਿਉਂ ਨਹੀਂ ਮਿਲ ਰਹੀ? ਮੈਂ ਉਨ੍ਹਾਂ ਨੂੰ ਪੁੱਛਿਆ। "ਇਹ ਬਾਜ਼ਾਰ ਦੀ ਸਪਲਾਈ ਅਤੇ ਮੰਗ 'ਤੇ ਨਿਰਭਰ ਕਰਦਾ ਹੈ, ਦੂਜੇ ਰਾਜਾਂ ਵਿੱਚ ਉਤਪਾਦਨ 'ਤੇ ਅਤੇ ਵੱਡੇ ਤੇਲ ਮਿੱਲ ਮਾਲਕਾਂ ਵੱਲੋਂ ਕੀਤੇ ਗਏ ਭੰਡਾਰਨ 'ਤੇ ਨਿਰਭਰ ਕਰਦਾ ਹੈ।''
ਇਹੀ ਕਹਾਣੀ ਹਰ ਫ਼ਸਲ ਅਤੇ ਹਰ ਜਿਣਸ ਦੀ ਕਹਾਣੀ ਹੈ। 'ਬਾਜ਼ਾਰ' ਕੁਝ ਲੋਕਾਂ ਲਈ ਦਿਆਲੂ ਹੈ ਅਤੇ ਦੂਜਿਆਂ ਲਈ ਬੇਰਹਿਮ ਹੈ। ਇਹ ਤਾਂ ਜਗਜ਼ਾਹਰ ਹੈ ਕਿ ਇਹ ਹਮੇਸ਼ਾ ਕਿਸ ਦੇ ਪੱਖ ਵਿੱਚ ਹੁੰਦਾ ਹੈ...
*****
ਖਾਣ ਵਾਲ਼ੇ ਤੇਲ ਉਦਯੋਗ ਦਾ ਫ਼ਸਲਾਂ ਅਤੇ ਸੱਭਿਆਚਾਰਕ ਅਭਿਆਸਾਂ ਦੇ ਆਯਾਤ ਅਤੇ ਵਿਸਥਾਪਨ ਦਾ ਇੱਕ ਲੰਬਾ ਅਤੇ ਗੁੰਝਲਦਾਰ ਇਤਿਹਾਸ ਹੈ। ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਦਿੱਲੀ ਵਿੱਚ ਸਮਾਜ ਸ਼ਾਸਤਰ ਅਤੇ ਨੀਤੀ ਅਧਿਐਨ ਦੀ ਸਹਾਇਕ ਪ੍ਰੋਫੈਸਰ ਡਾ. ਰਿਚਾ ਕੁਮਾਰ ਨੇ ਇੱਕ ਪੇਪਰ ਵਿੱਚ ਦੱਸਿਆ: "1976 ਤੱਕ, ਭਾਰਤ ਆਪਣੀਆਂ ਖਾਣ ਵਾਲ਼ੇ ਤੇਲ ਦੀਆਂ ਜ਼ਰੂਰਤਾਂ ਦਾ ਲਗਭਗ 30 ਪ੍ਰਤੀਸ਼ਤ ਆਯਾਤ ਕਰ ਰਿਹਾ ਸੀ। ਇਸ ਅਧਿਐਨ ਦਾ ਸਿਰਲੇਖ – ਸਵੈ-ਨਿਰਭਰਤਾ ਤੋਂ ਲੈ ਕੇ ਡੂੰਘੇ ਸੰਕਟ ਤੱਕ
https://www.jstor.org/stable/j.ctv309h1fx.20
ਸੀ ਜੋ ਦੱਸਦਾ ਹੈ ਕਿ ਸਰਕਾਰ ਦੁੱਧ ਉਤਪਾਦਨ ਵਧਾਉਣ ਵਾਲ਼ੀਆਂ ਡੇਅਰੀ ਸਹਿਕਾਰੀ ਸਭਾਵਾਂ ਦੀ ਸਫ਼ਲਤਾ ਦਾ ਫਾਰਮੂਲਾ ਹੀ ਇਸ 'ਤੇ ਵੀ ਲਾਗੂ ਕਰਨ ਜਾ ਰਹੀ ਹੈ।"
''ਪਰ, ਪੀਲੀ ਕ੍ਰਾਂਤੀ ਦੇ ਬਾਵਜੂਦ, ਭਾਰਤ ਨੂੰ 1990 ਦੇ ਦਹਾਕੇ ਦੇ ਮੱਧ ਵਿੱਚ ਖਾਣ ਵਾਲ਼ੇ ਤੇਲ ਦੀ ਘਾਟ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਤੇਲ ਬੀਜਾਂ-ਅਨਾਜ-ਦਾਲਾਂ ਦੀਆਂ ਮਿਸ਼ਰਤ ਫ਼ਸਲਾਂ ਦੀ ਕਾਸ਼ਤ ਦੀ ਬਜਾਏ ਕਿਸਾਨਾਂ ਨੇ ਸਰਕਾਰ ਵੱਲੋਂ ਵਾਧੂ ਮੁੱਲ ਦਿੱਤੇ ਜਾਣ ਤੇ ਪੱਕੇ ਤੌਰ 'ਤੇ ਖਰੀਦੀਆਂ ਜਾਣ ਵਾਲ਼ੀਆਂ ਫ਼ਸਲਾਂ-ਕਣਕ, ਚਾਵਲ ਅਤੇ ਗੰਨਾ ਉਗਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ, 1994 ਵਿਚ ਖਾਣ ਵਾਲ਼ੇ ਤੇਲ ਦੀ ਦਰਾਮਦ ਦੇ ਉਦਾਰੀਕਰਨ ਨੇ ਇੰਡੋਨੇਸ਼ੀਆ ਦੇ ਸਸਤੇ ਪਾਮ ਤੇਲ ਅਤੇ ਅਰਜਨਟੀਨਾ ਦੇ ਸੋਇਆਬੀਨ ਤੇਲ ਨੂੰ ਘਰੇਲੂ ਬਾਜ਼ਾਰ ਵਿੱਚ ਖਪਾਉਣ ਦਾ ਰਾਹ ਪੱਧਰਾ ਕਰ ਦਿੱਤਾ।''
ਪਾਮ ਤੇਲ ਅਤੇ ਸੋਇਆਬੀਨ ਤੇਲ ਹੋਰ ਖਾਣ ਵਾਲ਼ੇ ਤੇਲਾਂ, ਖਾਸ ਕਰਕੇ ਬਨਸਪਤੀ (ਪ੍ਰੋਸੈਸਡ, ਸਬਜ਼ੀਆਂ ਦੀ ਚਰਬੀ) ਦਾ ਸਸਤਾ ਬਦਲ ਬਣ ਗਏ, ਜਿਸ ਨੇ ਮਹਿੰਗੇ ਘਿਓ ਦੀ ਥਾਂ ਲੈ ਲਈ। ਉਨ੍ਹਾਂ ਸਸਤੇ ਬਦਲਾਂ ਨੇ ਇਕੱਠੇ ਮਿਲ ਕੇ ਸਰ੍ਹੋਂ, ਤਿਲ, ਅਲਸੀ, ਨਾਰੀਅਲ ਅਤੇ ਮੂੰਗਫਲੀ ਸਮੇਤ ਭਾਰਤ ਭਰ ਦੇ ਖੇਤਾਂ ਅਤੇ ਪਲੇਟਾਂ ਤੋਂ ਬਹੁਤ ਸਾਰੇ ਰਵਾਇਤੀ ਅਤੇ ਖੇਤਰੀ ਤੇਲ ਬੀਜਾਂ ਅਤੇ ਤੇਲਾਂ ਨੂੰ ਉਜਾੜ ਦਿੱਤਾ, ਕਿਉਂਕਿ ਕਿਸਾਨਾਂ ਨੂੰ ਇਹ ਫ਼ਸਲਾਂ ਉਗਾਉਣਾ ਹੁਣ ਹੋਰ ਲਾਹੇਵੰਦ ਨਾ ਲੱਗਦਾ ਰਿਹਾ।''
ਵਰਤਮਾਨ ਵਿੱਚ, ਭਾਰਤ ਵਿੱਚ ਖਾਣਾ ਪਕਾਉਣ ਦਾ ਤੇਲ ਆਯਾਤ ਵਿੱਚ ਪੈਟਰੋਲੀਅਮ ਅਤੇ ਸੋਨੇ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਜੂਨ 2023 ਵਿੱਚ ਪ੍ਰਕਾਸ਼ਿਤ ਇੱਕ ਪੇਪਰ ਵਿੱਚ ਕਿਹਾ ਗਿਆ ਹੈ ਕਿ ਇਹ ਖੇਤੀਬਾੜੀ ਆਯਾਤ ਬਿੱਲ ਦਾ 40 ਪ੍ਰਤੀਸ਼ਤ ਅਤੇ ਕੁੱਲ ਆਯਾਤ ਬਿੱਲ ਦਾ 3 ਪ੍ਰਤੀਸ਼ਤ ਹੈ, ਜਿਹਦਾ ਸਿਰਲੇਖ ਪੁਸ਼ਿੰਗ ਫਾਰ ਸੈਲਫ-ਸਫੀਸਿਐਂਸੀ ਇਨ ਐਡੀਬਲ ਆਇਲਸ ਇਨ ਇੰਡੀਆ ਹੈ। ਇਸੇ ਰਿਪੋਰਟ ਮੁਤਾਬਕ ਦੇਸ਼ ਦੀ ਕੁੱਲ ਘਰੇਲੂ ਤੇਲ ਜ਼ਰੂਰਤ ਦਾ 60 ਫੀਸਦੀ ਆਯਾਤ ਨਾਲ਼ ਪੂਰਾ ਹੁੰਦਾ ਹੈ।
*****
ਉਨ੍ਹਾਂ ਦੀ ਟੈਕਸੀ ਵਡੀਵੇਲਨ ਪਰਿਵਾਰ ਦੇ ਖਰਚਿਆਂ ਦਾ 60 ਪ੍ਰਤੀਸ਼ਤ ਸਹਿਣ ਕਰਦੀ ਹੈ। ਕਾਵੇਰੀ ਦੀ ਤਰ੍ਹਾਂ, ਜੋ ਉਨ੍ਹਾਂ ਦੇ ਪਿੰਡ ਤੋਂ ਠੀਕ ਪਹਿਲਾਂ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ, ਵਡੀਵੇਲਨ ਦਾ ਸਮਾਂ ਅਤੇ ਜ਼ਿੰਦਗੀ ਖੇਤੀ ਅਤੇ ਡਰਾਈਵਿੰਗ ਵਿੱਚ ਵੰਡੀ ਹੋਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਦੋਵਾਂ ਵਿਚਾਲੇ ਖੇਤੀ ਸਭ ਤੋਂ ਮੁਸ਼ਕਲ ਹੈ। "ਇਹ ਇੱਕ ਅਜਿਹੀ ਨੌਕਰੀ ਹੈ ਜੋ ਬਹੁਤ ਧਿਆਨ ਦੀ ਮੰਗ ਕਰਦੀ ਹੈ ਅਤੇ ਅਨਿਸ਼ਚਿਤਤਾ ਨਾਲ਼ ਭਰੀ ਹੋਈ ਹੈ।''
ਕਿਉਂਕਿ ਵਡੀਵੇਲਨ ਕੋਲ਼ ਦਿਨ ਵੇਲ਼ੇ ਕੰਮ ਹੁੰਦਾ ਹੈ (ਅਤੇ ਨਾਲ਼ ਹੀ ਲੰਬੇ ਸਮੇਂ ਤੱਕ ਗੱਡੀ ਚਲਾਉਂਦੇ ਹਨ), ਇਸ ਲਈ ਉਨ੍ਹਾਂ ਦੀ ਪਤਨੀ ਖੇਤ ਚਲੀ ਜਾਂਦੀ ਹੈ। ਪਰ ਉਨ੍ਹਾਂ ਵਾਸਤੇ ਵੀ ਘਰ ਦੇ ਕੰਮਾਂ ਨੂੰ ਤਰਜੀਹ ਦੇਣੀ ਪੈਂਦੀ ਹੈ। ਕਈ ਵਾਰ ਵਡੀਵੇਲ ਵੀ ਆਪਣੀ ਪਤਨੀ ਦੇ ਕੰਮ ਵਿੱਚ ਸ਼ਾਮਲ ਹੋ ਜਾਂਦੇ ਹਨ। ਰਾਤ ਨੂੰ ਖੇਤਾਂ ਨੂੰ ਪਾਣੀ ਦੇਣਾ, ਹਾਰਵੈਸਟਰ ਮਸ਼ੀਨ ਲਈ ਭਟਕਦੇ ਫਿਰਨਾ। ਉਸ ਸਮੇਂ ਮਸ਼ੀਨ ਸਥਾਪਤ ਕਰਨ ਲਈ ਬਹੁਤ ਯਾਤਰਾ ਕਰਨੀ ਪੈਂਦੀ ਹੈ ਕਿਉਂਕਿ ਵਾਢੀ ਦੇ ਮੌਸਮ ਦੌਰਾਨ ਹਰ ਕਿਸੇ ਨੂੰ ਇਸਦੀ ਲੋੜ ਹੁੰਦੀ ਹੈ। ਪਹਿਲਾਂ ਉਹ ਖੇਤ ਵਿੱਚ ਸਖ਼ਤ ਕੰਮ ਕਰਦੇ ਸਨ। "ਪਰ ਹੁਣ ਜੇ ਮੈਂ ਫਾਵੜਾ ਫੜ੍ਹ ਵੀ ਲਵਾਂ ਤਾਂ ਮੈਂ ਕਾਰ ਨਹੀਂ ਚਲਾ ਸਕਦਾ ਕਿਉਂਕਿ ਇਹਦੇ ਨਾਲ਼ ਮੇਰੇ ਲੱਕ 'ਤੇ ਅਸਰ ਪੈਂਦਾ ਹੈ!"
ਇਸ ਲਈ ਪਤੀ-ਪਤਨੀ ਮਜ਼ਦੂਰਾਂ ਨੂੰ ਕੰਮ 'ਤੇ ਰੱਖਦੇ ਹਨ। ਜਦੋਂ ਮਜ਼ਦੂਰ ਉਪਲਬਧ ਨਹੀਂ ਹੁੰਦੇ, ਤਾਂ ਬਜ਼ੁਰਗ ਔਰਤਾਂ ਨੂੰ ਨਦੀਨ ਕੱਟਣ, ਬੀਜਣ ਅਤੇ ਤਿਲ ਦੀ ਛਟਾਈ (ਥਰੈਸ਼ਿੰਗ) ਲਈ ਕੰਮ 'ਤੇ ਰੱਖਿਆ ਜਾਂਦਾ ਹੈ।
ਮਾਂਹ ਦੀ ਫ਼ਸਲ ਵੀ ਇੱਕ ਮੁਸ਼ਕਲ ਫ਼ਸਲ ਹੈ। "ਵਾਢੀ ਤੋਂ ਕੁਝ ਦਿਨ ਪਹਿਲਾਂ ਅਤੇ ਬਾਅਦ ਫਿਰ ਮੀਂਹ ਪਿਆ। ਮਾਂਹ ਨੂੰ ਸੁੱਕਾ ਰੱਖਣਾ ਮੇਰੇ ਲਈ ਬਹੁਤ ਮੁਸ਼ਕਲ ਸੀ।" ਜਦੋਂ ਉਨ੍ਹਾਂ ਨੇ ਆਪਣੀ ਮੁਸ਼ਕਿਲ ਬਾਰੇ ਦੱਸਿਆ, ਤਾਂ ਇੰਝ ਮਹਿਸੂਸ ਕੀਤਾ ਕਿ ਇਸ ਨਾਲ਼ ਨਜਿੱਠਣ ਲਈ ਵਿਸ਼ੇਸ਼ ਤਾਕਤ ਦੀ ਲੋੜ ਹੁੰਦੀ ਹੈ। ਇਸ ਨੇ ਮੇਰੇ ਅੰਦਰ ਇਡਲੀ ਅਤੇ ਡੋਸਾ ਵਿੱਚ ਵਰਤੀ ਜਾਣ ਵਾਲ਼ੀ ਮਾਂਹ ਦੀ ਦਾਲ ਲਈ ਹੋਰ ਸਤਿਕਾਰ ਪੈਦਾ ਕਰ ਦਿੱਤਾ ਜੋ ਮੈਂ ਖਾਂਦਾ ਹਾਂ।
"20 ਸਾਲਾਂ ਦੀ ਉਮਰੇ ਮੈਂ 14 ਪਹੀਆ ਵਾਹਨ ਚਲਾਉਂਦਾ ਸਾਂ। ਅਸੀਂ ਦੋ ਡਰਾਈਵਰ ਸੀ। ਅਸੀਂ ਉੱਤਰ ਪ੍ਰਦੇਸ਼, ਦਿੱਲੀ, ਕਸ਼ਮੀਰ, ਰਾਜਸਥਾਨ, ਗੁਜਰਾਤ ਅਤੇ ਪੂਰੇ ਭਾਰਤ ਵਿੱਚ ਵਾਰੋ-ਵਾਰੀ ਟਰੱਕ ਚਲਾਉਂਦੇ ਸੀ।'' ਉਨ੍ਹਾਂ ਨੇ ਦੱਸਿਆ ਕਿ ਰਸਤੇ ਵਿੱਚ ਉਹ ਕੀ ਖਾਂਦੇ (ਊਠ ਦੇ ਦੁੱਧ ਦੀ ਚਾਹ, ਰੋਟੀ ਅਤੇ ਦਾਲ, ਆਂਡੇ ਦੀ ਭੁਰਜੀ), ਉਹ ਨਹਾਉਂਦੇ ਕਿੱਥੇ ਸਨ (ਉਹ ਨਦੀਆਂ ਵਿੱਚ ਨਹਾਉਂਦੇ ਜਾਂ ਨਹਾਉਂਦੇ ਹੀ ਨਾ ਕਿਉਂਕਿ ਕਈ ਵਾਰ ਉਹ ਸ਼੍ਰੀਨਗਰ ਵਰਗੇ ਠੰਡੇ ਸ਼ਹਿਰ ਵਿੱਚ ਹੁੰਦੇ), ਅਤੇ ਰਸਤੇ ਵਿੱਚ ਉਹ ਕਿਹੜੇ ਗਾਣੇ ਸੁਣਦੇ ("ਇਲਿਆਰਾਜਾ ਦੁਆਰਾ ਰਚੇ ਗਏ ਗੀਤਾਂ ਦੇ ਨਾਲ਼ ਹੀ ਨੀਂਦ ਤੋਂ ਬਚਣ ਲਈ ਕੁੱਟੂ ਪੱਟੂ")। ਉਹ ਦੋਸਤੀ ਦੀਆਂ ਗੱਲਾਂ ਕਰਦੇ, ਗੱਪਾਂ ਮਾਰਦੇ ਅਤੇ ਭੂਤਾਂ ਬਾਰੇ ਗੱਲ ਕਰਦੇ ਹਨ। "ਇੱਕ ਰਾਤ, ਮੈਂ ਲਾਰੀ ਤੋਂ ਉਤਰਿਆ ਅਤੇ ਜੰਗਲ-ਪਾਣੀ ਚਲਾ ਗਿਆ। ਮੇਰਾ ਸਿਰ ਕੰਬਲ ਨਾਲ਼ ਢੱਕਿਆ ਸੀ। ਅਗਲੀ ਸਵੇਰ, ਉੱਥੇ ਦੇ ਮੁੰਡੇ ਆਪਸ ਵਿੱਚ ਗੱਲਾਂ ਕਰਨ ਕਿ ਅਸੀਂ ਰਾਤ ਨੂੰ ਇੱਕ ਨਕਾਬਪੋਸ਼ ਭੂਤ ਵੇਖਿਆ!" ਇੰਨਾ ਕਹਿ ਉਹ ਹੱਸਣ ਲੱਗੇ।
ਉਨ੍ਹਾਂ ਨੇ ਲਾਰੀ ਚਲਾਉਣੀ ਬੰਦ ਕਰ ਦਿੱਤੀ ਕਿਉਂਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਘਰੋਂ ਦੂਰ ਰਹਿਣਾ ਪੈਣਾ ਸੀ। ਉਨ੍ਹਾਂ ਨੇ ਸਥਾਨਕ ਤੌਰ 'ਤੇ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ। ਉਹ ਖੇਤੀਬਾੜੀ ਵੀ ਕਰਦੇ ਰਹੇ। ਵਡੀਵੇਲਨ ਅਤੇ ਪ੍ਰਿਆ ਦੇ ਦੋ ਬੱਚੇ ਹੋਏ - ਇੱਕ ਧੀ 10ਵੀਂ ਜਮਾਤ ਵਿੱਚ ਪੜ੍ਹਦੀ ਹੈ ਅਤੇ ਇੱਕ ਬੇਟਾ 7ਵੀਂ ਜਮਾਤ ਵਿੱਚ ਪੜ੍ਹਦਾ ਹੈ। "ਅਸੀਂ ਉਨ੍ਹਾਂ ਨੂੰ ਸਭ ਕੁਝ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਸ਼ਾਇਦ ਜਦੋਂ ਮੈਂ ਛੋਟਾ ਮੁੰਡਾ ਸੀ ਤਾਂ ਮੈਂ ਉਨ੍ਹਾਂ ਨਾਲ਼ੋਂ ਵਧੇਰੇ ਖੁਸ਼ ਰਿਹਾ ਕਰਦਾ ਸੀ," ਉਹ ਗੰਭੀਰਤਾ ਨਾਲ਼ ਕਹਿੰਦੇ ਹਨ।
ਉਨ੍ਹਾਂ ਦੇ ਬਚਪਨ ਦੀਆਂ ਕਹਾਣੀਆਂ ਵੀ ਕੋਈ ਬਹੁਤੀਆਂ ਸੁੰਦਰ ਨਹੀਂ ਹਨ। "ਅਸਲ ਵਿੱਚ, ਕਿਸੇ ਨੇ ਵੀ ਸਾਨੂੰ ਓਸ ਹਿਸਾਬ ਨਾਲ਼ ਪਾਲ਼ਿਆ ਨਹੀਂ, ਅਸੀਂ ਬੱਸ ਕਿਸੇ ਤਰ੍ਹਾਂ ਵੱਡੇ ਹੋ ਗਏ," ਮੇਰੇ ਵੱਲ ਮੁਖ਼ਾਤਬ ਹੁੰਦਿਆਂ ਉਨ੍ਹਾਂ ਮੁਸਕਰਾਉਂਦਿਆਂ ਕਿਹਾ। ਪਹਿਲੀ ਵਾਰ ਨੌਵੀਂ ਜਮਾਤ ਵਿੱਚ ਜਾ ਕੇ ਉਨ੍ਹਾਂ ਨੂੰ ਚੱਪਲਾਂ ਨਸੀਬ ਹੋਈਆਂ। ਉਦੋਂ ਤੱਕ, ਨੰਗੇ ਪੈਰੀਂ ਉਹ ਹਰੀਆਂ ਸਬਜ਼ੀਆਂ ਦੇ ਬੰਡਲ ਵੇਚਿਆ ਕਰਦੇ ਜੋ ਉਨ੍ਹਾਂ ਦੀ ਦਾਦੀ ਖ਼ੁਦ ਉਗਾਉਂਦੀ ਤੇ 50 ਪੈਸੇ ਪ੍ਰਤੀ ਬੰਡਲ ਦੇ ਹਿਸਾਬ ਵੇਚਦੀ। "ਲੋਕ ਉਸ ਸਮੇਂ ਵੀ ਇਸ ਬਦਲੇ ਸੌਦੇਬਾਜ਼ੀ ਕਰ ਰਹੇ ਹੁੰਦੇ!" ਉਹ ਹਾਉਕਾ ਲੈਂਦੇ ਹਨ। ਉਹ ਸਕੂਲ ਵੱਲੋਂ ਦਿੱਤੀ ਬੁਣੈਨ ਅਤੇ ਸ਼ਾਰਟਸ ਪਾਈ ਸਾਈਕਲ 'ਤੇ ਸਵਾਰ ਹੋ ਪੂਰਾ ਇਲਾਕਾ ਘੁੰਮਦੇ ਰਹਿੰਦੇ। "ਇਹ ਕੰਗਲੇ ਹਾਲਾਤ ਤਿੰਨ ਮਹੀਨਿਆਂ ਤੱਕ ਚੱਲਦੇ ਰਹਿੰਦੇ। ਮਾਪੇ ਸਾਨੂੰ ਸਾਲ ਵਿੱਚ ਇੱਕੋ ਵਾਰ ਨਵੇਂ ਕੱਪੜੇ ਲੈ ਕੇ ਦਿੰਦੇ ਸਨ।''
ਵਡੀਵੇਲਨ ਨੇ ਬਹਾਦਰੀ ਨਾਲ਼ ਮੁਸ਼ਕਲ ਦਿਨਾਂ ਦਾ ਸਾਹਮਣਾ ਕੀਤਾ। ਉਹ ਇੱਕ ਅਥਲੀਟ ਸਨ। ਉਨ੍ਹਾਂ ਨੇ ਕਈ ਮੁਕਾਬਲਿਆਂ ਵਿੱਚ ਤਗ਼ਮੇ ਵੀ ਜਿੱਤੇ। ਉਹ ਕਬੱਡੀ ਖੇਡਦੇ, ਤੈਰਾਕੀ ਕਰਦੇ, ਦੋਸਤਾਂ ਨਾਲ਼ ਘੁੰਮਦੇ ਫਿਰਦੇ ਰਹਿੰਦੇ ਤੇ ਜਦੋਂ ਘਰੇ ਹੁੰਦੇ ਤਾਂ ਆਪਣੀ ਅੱਪਾਈ (ਦਾਦੀ) ਕੋਲ਼ੋਂ ਹਰ ਰਾਤ ਕਹਾਣੀਆਂ ਸੁਣਦੇ। "ਜਦੋਂ ਕਹਾਣੀ ਅੱਧੀ ਖਤਮ ਹੋ ਜਾਂਦੀ ਤਾਂ ਮੈਂ ਸੌਂ ਜਾਂਦਾ। ਅਗਲੀ ਰਾਤ, ਦਾਦੀ ਉੱਥੋਂ ਹੀ ਕਹਾਣੀ ਸ਼ੁਰੂ ਕਰਦੀ। ਉਹਨੂੰ ਰਾਜੇ, ਰਾਣੀ ਅਤੇ ਦੇਵਤਿਆਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਚੇਤੇ ਸਨ..."
ਪਰ ਵਡੀਵੇਲਨ ਜ਼ਿਲ੍ਹਾ ਪੱਧਰ 'ਤੇ ਮੁਕਾਬਲਾ ਨਾ ਖੇਡ ਸਕੇ ਕਿਉਂਕਿ ਉਨ੍ਹਾਂ ਦਾ ਪਰਿਵਾਰ ਕੱਪੜੇ ਅਤੇ ਭੋਜਨ ਦਾ ਖਰਚਾ ਨਹੀਂ ਚੁੱਕ ਸਕਦਾ ਸੀ। ਘਰ ਦੇ ਭੋਜਨ ਵਿੱਚ ਦਲੀਆ, ਚਾਵਲ ਅਤੇ ਸ਼ੋਰਬਾ ਹੁੰਦਾ ਅਤੇ ਕਈ ਵਾਰ ਮੀਟ ਵੀ। ਸਕੂਲ ਵਿੱਚ, ਦੁਪਹਿਰ ਦੇ ਖਾਣੇ ਵਿੱਚ ਅਚਾਰ ਮਿਲ਼ ਜਾਂਦਾ। ਉਨ੍ਹਾਂ ਨੂੰ ਚੇਤੇ ਹੈ ਕਿ ਸ਼ਾਮ ਨੂੰ 'ਸਨੈਕਸ' ਦੇ ਨਾਮ 'ਤੇ ਉਹ ਲੂਣੀ ਪਿੱਛ (ਚੌਲਾਂ ਦਾ ਪਾਣੀ) ਪੀਂਦੇ। ਉਹ ਜਾਣਬੁੱਝ ਕੇ ਇਸ ਸ਼ਬਦ ਦੀ ਵਰਤੋਂ ਕਰਦੇ ਹਨ। ਹੁਣ ਉਹ ਆਪਣੇ ਬੱਚਿਆਂ ਨੂੰ ਦੁਕਾਨ ਤੋਂ ਸਨੈਕ ਲਿਆ ਕੇ ਦਿੰਦੇ ਹਨ।
ਉਹ ਇਹ ਵੀ ਯਕੀਨੀ ਬਣਾ ਰਹੇ ਹਨ ਕਿ ਉਨ੍ਹਾਂ ਦੇ ਬੱਚੇ ਉਹ ਮੁਸ਼ਕਲਾਂ ਨਾ ਵੇਖਣ ਜੋ ਉਨ੍ਹਾਂ ਨੇ ਵੇਖੀਆਂ ਹਨ। ਦੂਜੀ ਵਾਰ ਜਦੋਂ ਮੈਂ ਕੋਲੀਡੈਮ ਦੇ ਕੰਢੇ ਸਥਿਤ ਉਨ੍ਹਾਂ ਦੇ ਕਸਬੇ ਦਾ ਦੌਰਾ ਕੀਤਾ, ਉਦੋਂ ਉਨ੍ਹਾਂ ਦੀ ਪਤਨੀ ਅਤੇ ਧੀ ਕੰਢਿਓਂ ਰੇਤ ਪੁੱਟ ਰਹੀਆਂ ਸਨ। ਛੇ ਇੰਚ ਰੇਤ ਪੁੱਟੀ, ਤੇ ਪਾਣੀ ਉੱਪਰ ਆ ਗਿਆ। "ਇਸ ਨਦੀ ਵਿੱਚ ਤਾਜ਼ਾ ਪਾਣੀ ਹੈ," ਪ੍ਰਿਆ ਕਹਿੰਦੀ ਹਨ। ਉਨ੍ਹਾਂ ਨੇ ਇੱਕ ਟਿੱਲਾ ਬਣਾਇਆ ਤੇ ਆਪਣੇ ਵਾਲ਼ਾਂ ਵਾਲ਼ੀ ਸੂਈ ਅੰਦਰ ਟਿਕਾ ਦਿੱਤੀ ਤੇ ਉਨ੍ਹਾਂ ਦੀ ਧੀ ਇਹਨੂੰ ਲੱਭਦੀ ਹੈ। ਵਡੀਵੇਲਨ ਅਤੇ ਉਨ੍ਹਾਂ ਦਾ ਪੁੱਤਰ ਉਥਲੇ ਪਾਣੀ ਵਿੱਚ ਨਹਾਉਂਦੇ ਹਨ। ਜਿੱਥੋਂ ਤੱਕ ਮੈਂ ਦੇਖ ਸਕਦੀ ਸੀ, ਆਸ-ਪਾਸ ਸਿਰਫ਼ ਅਸੀਂ ਹੀ ਇਕੱਲੇ ਸੀ। ਰੇਤ 'ਤੇ ਘਰ ਮੁੜ ਰਹੀਆਂ ਗਾਵਾਂ ਦੀਆਂ ਪੈੜਾਂ ਸਨ। ਨਦੀ ਦਾ ਘਾਹ ਮਧੋਲਿਆ ਪਿਆ ਸੀ। ਇਹ ਖ਼ੂਬਸੂਰਤੀ ਸਿਰਫ਼ ਵਿਸ਼ਾਲ ਤੇ ਖੁੱਲ੍ਹੀਆਂ ਥਾਵਾਂ 'ਤੇ ਹੀ ਮੌਜੂਦ ਹੋ ਸਕਦੀਆਂ ਹੈ। "ਤੁਹਾਨੂੰ ਆਪਣੇ ਸ਼ਹਿਰ ਇਹ ਸਭ ਨਹੀਂ ਮਿਲ਼ਣਾ," ਵਡੀਵੇਲਨ ਘਰ ਪਰਤਦੇ ਸਮੇਂ ਪੁੱਛਦੇ ਹਨ,''ਕਿ ਮਿਲ਼ ਸਕਦਾ?''
*****
ਅਗਲੀ ਵਾਰ ਜਦੋਂ ਮੈਂ ਉਸੇ ਨਦੀ ਕੰਢੇ ਗਈ ਤਾਂ ਮੈਨੂੰ ਇਓਂ ਜਾਪਿਆਂ
ਜਿਵੇਂ ਮੈਂ ਸ਼ਹਿਰ ਵਿੱਚ ਹੋਵਾਂ। ਇਹ ਅਗਸਤ 2023 ਹੈ, ਵਡੀਵੇਲਨ ਦੇ ਸ਼ਹਿਰ ਦੀ ਮੇਰੀ ਪਹਿਲੀ ਫੇਰੀ
ਦੇ ਇੱਕ ਸਾਲ ਬਾਅਦ ਦਾ ਸਮਾਂ। ਇਸ ਵਾਰ ਮੈਂ ਇੱਥੇ
ਆਦਿ ਪੇਰੂਕੂ
ਤਿਉਹਾਰ ਦੇਖਣ ਆਈ ਹਾਂ।
ਇਹ ਇੱਕ ਅਜਿਹਾ ਤਿਉਹਾਰ ਹੈ ਜੋ ਕਾਵੇਰੀ ਦੇ ਕੰਢੇ ਮਨਾਇਆ ਜਾਂਦਾ ਹੈ, ਜਿੱਥੇ ਨਦੀ ਦੇ ਤਟ 'ਤੇ ਇਤਿਹਾਸ, ਸਭਿਆਚਾਰ ਅਤੇ ਰੀਤੀ-ਰਿਵਾਜ਼
ਇੱਕਮਿਕ ਹੁੰਦੇ ਹਨ।
ਸ਼੍ਰੀਰੰਗਮ ਦੀ ਇੱਕ ਗਲੀ ਵਿੱਚ ਕਾਰ ਖੜ੍ਹੀ ਕਰਦਿਆਂ ਵਡੀਵੇਲਨ ਨੇ ਚੇਤਾਵਨੀ ਦਿੱਤੀ, "ਅੱਜ ਬਹੁਤ ਭੀੜ ਹੋਣ ਵਾਲ਼ੀ ਹੈ।'' ਅਸੀਂ ਅੰਮਾ ਮੰਡਪਮ, ਕਾਵੇਰੀ ਨਦੀ ਦੇ ਘਾਟ ਤੱਕ ਇਕੱਠਿਆਂ ਪੈਦਲ ਮਾਰਚ ਕੀਤਾ। ਸਵੇਰ ਦੇ 8:30 ਵੱਜੇ ਸਨ। ਲੋਕ ਪਹਿਲਾਂ ਹੀ ਇਕੱਠੇ ਹੋ ਚੁੱਕੇ ਸਨ। ਪੌੜੀਆਂ 'ਤੇ ਮਾਸਾ ਜਗ੍ਹਾ ਨਹੀਂ ਸੀ, ਉਹ ਲੋਕਾਂ ਅਤੇ ਕੇਲੇ ਦੇ ਪੱਤਿਆਂ ਨਾਲ਼ ਭਰੀਆਂ ਹੋਈਆਂ ਸਨ। ਨਦੀ ਨੂੰ ਚੜ੍ਹਾਵੇ ਵਜੋਂ - ਨਾਰੀਅਲ, ਅਗਰਬੱਤੀ, ਕੇਲੇ, ਹਲਦੀ ਦੀਆਂ ਛੋਟੀਆਂ ਗਣੇਸ਼ ਮੂਰਤੀਆਂ, ਫੁੱਲ, ਫਲ ਅਤੇ ਕਪੂਰ ਚੜ੍ਹਾਏ ਜਾਣੇ ਹਨ। ਆਬੋ ਹਵਾ ਤਿਉਹਾਰ ਵਾਲ਼ੀ ਸੀ, ਜਿਵੇਂ ਕੋਈ ਵਿਆਹ ਹੋਵੇ, ਬਹੁਤ ਵੱਡਾ ਸਮਾਗਮ ਕੋਈ।
ਨਵਵਿਆਹੇ ਜੋੜੇ ਅਤੇ ਉਨ੍ਹਾਂ ਦੇ ਪਰਿਵਾਰ ਪੁਜਾਰੀਆਂ ਦੇ ਆਲ਼ੇ-ਦੁਆਲ਼ੇ ਇਕੱਠੇ ਹੁੰਦੇ ਹਨ ਜੋ ਠੇਲੀ (ਮੰਗਲਸੂਤਰ) ਦੇ ਸੋਨੇ ਦੇ ਗਹਿਣਿਆਂ ਨੂੰ ਇੱਕ ਨਵੇਂ ਧਾਗੇ ਵਿੱਚ ਬੰਨ੍ਹਣ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ। ਫਿਰ ਪਤੀ ਅਤੇ ਪਤਨੀ ਪ੍ਰਾਰਥਨਾ ਕਰਦੇ ਹਨ ਅਤੇ ਸੁਰੱਖਿਅਤ ਰੱਖੀ ਵਿਆਹ ਦੀ ਮਾਲਾ ਨੂੰ ਪਾਣੀ ਵਿੱਚ ਸੁੱਟ ਦਿੰਦੇ ਹਨ। ਔਰਤਾਂ ਇੱਕ ਦੂਜੇ ਦੇ ਗਲ਼ੇ ਵਿੱਚ ਹਲਦੀ ਦੇ ਧਾਗੇ ਬੰਨ੍ਹਦੀਆਂ ਹਨ। ਉਹ ਪਰਿਵਾਰ ਅਤੇ ਦੋਸਤਾਂ ਨੂੰ ਕੁਮਕੁਮ ਅਤੇ ਮਠਿਆਈਆਂ ਭੇਟ ਕਰਦੇ ਹਨ। ਤ੍ਰਿਚੀ ਦਾ ਪ੍ਰਸਿੱਧ ਗਣੇਸ਼ ਮੰਦਰ ਉਚੀ ਪਿਲਾਈਅਰ ਕੋਇਲ ਕਾਵੇਰੀ ਦੇ ਪਾਰ ਸਵੇਰ ਦੀ ਧੁੱਪ ਵਿੱਚ ਚਮਕ ਰਿਹਾ ਸੀ।
ਅਤੇ ਹਜ਼ਾਰਾਂ ਹੀ ਸਾਲਾਂ ਤੋਂ ਨਦੀ ਦਾ ਇਹ ਤੇਜ਼ ਵਹਿਣ ਪ੍ਰਾਰਥਨਾਵਾਂ ਤੇ ਇੱਛਾਵਾਂ ਨੂੰ ਅੰਦਰ ਸਮੇਟੀ ਵਹਿੰਦਾ ਜਾਂਦਾ ਹੈ, ਖੇਤਾਂ ਤੇ ਸੁਪਨਿਆਂ ਦੀ ਸਿੰਚਾਈ ਕਰਦਾ ਹੋਇਆ ਬੱਸ ਵਹਿੰਦਾ ਜਾਂਦਾ ਹੈ...
ਸਵੈ-ਨਿਰਭਰਤਾ ਤੋਂ ਡੂੰਘੇ ਸੰਕਟ ਸਿਰਲੇਖ ਵਾਲ਼ੇ ਲੇਖ ਨੂੰ ਸਾਂਝਾ ਕਰਨ ਲਈ, ਡਾ. ਰਿਚਾ ਕੁਮਾਰ ਦਾ ਬਹੁਤ-ਬਹੁਤ ਧੰਨਵਾਦ
ਇਸ ਖੋਜ ਅਧਿਐਨ ਨੂੰ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਨੇ ਆਪਣੇ ਰਿਸਰਚ ਫੰਡਿੰਗ ਪ੍ਰੋਗਰਾਮ 2020 ਦੇ ਹਿੱਸੇ ਵਜੋਂ ਫੰਡ ਦਿੱਤਾ ਹੈ।
ਤਰਜਮਾ: ਕਮਲਜੀਤ ਕੌਰ