"ਯੇ ਬਾਰਾਂ ਲਾਖ ਵਾਲਾ ਨਾ? ਇਸੀ ਕੀ ਬਾਤ ਕਰ ਰਹੇ ਹੈ ਨਾ?" ਸ਼ਾਹਿਦ ਹੁਸੈਨ (30) ਆਪਣੇ ਫ਼ੌਨ 'ਤੇ ਵਟਸਐੱਪ ਮੈਸੇਜ ਦਿਖਾਉਂਦੇ ਹੋਏ ਮੈਨੂੰ ਪੁੱਛਦੇ ਹਨ। ਇਹ ਸੰਦੇਸ਼ ਇਨਕਮ ਟੈਕਸ ਛੋਟ ਦੀ ਸੀਮਾ ਵਧਾ ਕੇ 12 ਲੱਖ ਰੁਪਏ ਸਲਾਨਾ ਕਰਨ ਦੇ ਐਲਾਨ ਨੂੰ ਲੈ ਕੇ ਹੈ। ਸ਼ਾਹਿਦ ਨਾਗਾਰਜੁਨ ਕੰਸਟ੍ਰਕਸ਼ਨ ਵਿੱਚ ਕਰੇਨ ਆਪਰੇਟਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੀ ਕੰਪਨੀ ਬੈਂਗਲੁਰੂ ਵਿਖੇ ਮੈਟਰੋ ਲਾਈਨ ਬਣਾਉਣ ਦਾ ਕੰਮ ਕਰ ਰਹੀ ਹੈ।
"ਅਸੀਂ ਇਸ 12 ਲੱਖ ਟੈਕਸ ਫ੍ਰੀ ਬਜਟ ਬਾਰੇ ਬਹੁਤ ਕੁਝ ਸੁਣ ਰਹੇ ਹਾਂ," ਬ੍ਰਿਜੇਸ਼ ਯਾਦਵ, ਜੋ ਉਸੇ ਜਗ੍ਹਾ 'ਤੇ ਕੰਮ ਕਰਦੇ ਹਨ, ਮਜ਼ਾਕ ਭਰੇ ਲਹਿਜ਼ੇ ਵਿੱਚ ਕਹਿੰਦੇ ਹਨ। "ਇੱਥੇ ਕੋਈ ਵੀ ਅਜਿਹਾ ਆਦਮੀ ਨਹੀਂ ਹੈ ਜਿਸਦੀ ਸਲਾਨਾ ਆਮਦਨ 3.5 ਲੱਖ ਰੁਪਏ ਤੋਂ ਵੱਧ ਹੋਵੇ। 30 ਸਾਲਾ ਬ੍ਰਿਜੇਸ਼, ਗ਼ੈਰ-ਹੁਨਰਮੰਦ ਪ੍ਰਵਾਸੀ ਮਜ਼ਦੂਰ ਹਨ ਜੋ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੇ ਡੁਮਰੀਆ ਪਿੰਡ ਤੋਂ ਇੱਥੇ ਆਏ ਹਨ।
"ਜਦੋਂ ਤੱਕ ਇਹ ਕੰਮ ਪੂਰਾ ਹੋਵੇਗਾ, ਸਾਨੂੰ ਬਾਮੁਸ਼ਕਲ 30,000 ਰੁਪਏ ਹਰ ਮਹੀਨਾ ਮਿਲ਼ਣਗੇ," ਬਿਹਾਰ ਦੇ ਕੈਮੂਰ (ਭਭੂਆ) ਜ਼ਿਲ੍ਹੇ ਦੇ ਬਿਉਆਰ ਤੋਂ ਆਏ ਸ਼ਾਹਿਦ ਕਹਿੰਦੇ ਹਨ। "ਇਸ ਕੰਮ ਦੇ ਪੂਰਾ ਹੁੰਦਿਆਂ ਹੀਜਾਂ ਤਾਂ ਕੰਪਨੀ ਸਾਨੂੰ ਕਿਸੇ ਦੂਸਰੀ ਥਾਵੇਂ ਭੇਜ ਦੇਵੇਗੀ ਜਾਂ ਅਸੀਂ ਅਜਿਹਾ ਕੰਮ ਤਲਾਸ਼ਾਂਗੇ ਜਿਸ ਵਿੱਚ 10-15 ਰੁਪਏ ਵਧੇਰੇ ਕਮਾਉਣ ਦੀ ਗੁੰਜਾਇਸ਼ ਹੋਵੇ।''






