"ਦੇਖੋ "ਗੋਰਾਲ!" ਡਾ ਉਮੇਸ਼ ਸ਼੍ਰੀਨਿਵਾਸਨ, ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਦੇ ਸਿੰਗਚੁੰਗ ਕਸਬੇ ਵਿੱਚ ਵਲ਼ੇਵੇਂ ਖਾਂਦੀ ਸੜਕ 'ਤੇ ਗੱਡੀ ਚਲਾਉਂਦਿਆਂ ਯਕਦਮ ਚੀਕ ਉੱਠੇ।
ਦੂਰ, ਪੂਰਬੀ ਹਿਮਾਲਿਆ ਦੇ ਜੰਗਲ ਨੇੜੇ ਇੱਕ ਛੋਟਾ ਅਤੇ ਸਲੇਟੀ ਰੰਗਾ ਬੱਕਰੀ ਵਰਗਾ ਜਾਨਵਰ ਭੱਜ ਕੇ ਸੜਕ ਪਾਰ ਕਰ ਗਿਆ।
"ਤੁਸੀਂ ਪਹਿਲਾਂ ਕਦੇ ਇਹ ਨਹੀਂ ਦੇਖਿਆ ਹੋਣਾ," ਹੈਰਾਨ ਹੋਏ ਜੰਗਲੀ ਜੀਵ ਵਿਗਿਆਨੀ ਕਹਿੰਦੇ ਹਨ, ਜੋ 13 ਸਾਲਾਂ ਤੋਂ ਪੱਛਮੀ ਕਾਮੇਂਗ ਖੇਤਰ ਦੇ ਜੰਗਲਾਂ ਵਿੱਚ ਕੰਮ ਕਰ ਰਹੇ ਹਨ।
ਸਲੇਟੀ ਰੰਗੀ ਗੋਰਾਲ (ਨੇਮੋਰਹੇਡਸ ਗੋਰਾਲ) ਬੋਵਿਡ ਪ੍ਰਜਾਤੀ ਦਾ ਇੱਕ ਜਾਨਵਰ ਹੈ ਜੋ ਹਿਮਾਲਿਆ ਪਾਰ ਭੂਟਾਨ, ਚੀਨ, ਉੱਤਰੀ ਭਾਰਤ, ਨੇਪਾਲ ਅਤੇ ਪਾਕਿਸਤਾਨ ਵਿੱਚ ਪਾਇਆ ਜਾਂਦਾ ਹੈ। ਪਰ ਸਾਲ 2008 ਤੱਕ , ਇੰਟਰਨੈਸ਼ਨਲ ਯੂਨੀਅਨ ਫਾਰ ਦਿ ਕੰਜ਼ਰਵੇਸ਼ਨ ਆਫ ਨੇਚਰ (ਆਈ.ਯੂ.ਸੀ.ਐਨ.) ਨੇ ਇਸ ਨੂੰ ਟਿਕਾਣੇ ਦੀ ਘਾਟ ਅਤੇ ਸ਼ਿਕਾਰ ਦੇ ਚੱਲਦਿਆਂ " ਸੰਕਟਗ੍ਰਸਤ " ਵਜੋਂ ਸੂਚੀਬੱਧ ਕੀਤਾ।
"ਇਹ ਜਾਨਵਰ ਹਮੇਸ਼ਾ ਜੰਗਲ ਵਿੱਚ ਬਹੁਤ ਅੰਦਰ ਕਰਕੇ ਰਹਿੰਦੇ ਹਨ, ਉਹ ਬਾਹਰ ਆਉਣ ਤੋਂ ਡਰਦੇ ਹਨ," ਉਮੇਸ਼ ਗੋਰਾਲ ਬਾਰੇ ਗੱਲ ਕਰਦੇ ਹਨ, ਜੋ ਖ਼ਤਰੇ ਹੇਠ ਇੱਕ ਜੰਗਲੀ ਜੀਵ ਹੈ, ਜਿਸ ਨੂੰ ਖਾਸ ਤੌਰ 'ਤੇ ਹੇਠਲੇ ਹਿਮਾਲਿਆ ਅਤੇ ਉੱਤਰ-ਪੂਰਬੀ ਭਾਰਤ ਵਰਗੇ ਮਨੁੱਖੀ ਬਹੁਗਿਣਤੀ ਵਾਲ਼ੇ ਖੇਤਰਾਂ ਵਿੱਚ ਅਸੁਰੱਖਿਅਤ ਮੰਨਿਆ ਜਾਂਦਾ ਹੈ।
ਗੋਰਲ ਦੇ ਨਜ਼ਰੀਂ ਪੈਣ ਤੋਂ ਥੋੜ੍ਹੀ ਦੇਰ ਬਾਅਦ, ਸਿੰਚੁੰਗ ਦਾ ਇੱਕ ਕਿਸਾਨ, ਨੀਮਾ ਸੇਰਿੰਗ ਮੋਨਪਾ ਸਾਨੂੰ ਪੀਣ ਲਈ ਚਾਹ ਦਿੰਦੀ ਹਨ ਅਤੇ ਸਾਨੂੰ ਇੱਕ ਹੋਰ ਜਾਨਵਰ ਦੇ ਦਿਖਾਈ ਦੇਣ ਬਾਰੇ ਕੁਝ ਜਾਣਕਾਰੀ ਦਿੰਦੀ ਹਨ, "ਕੁਝ ਹਫਤੇ ਪਹਿਲਾਂ, ਮੈਂ ਇੱਥੋਂ ਥੋੜ੍ਹੀ ਦੂਰੀ 'ਤੇ ਇੱਕ ਖੇਤ ਵਿੱਚ ਰੈੱਡ ਪਾਂਡਾ (ਆਈਲੂਰਸ ਫੁਲਗੇਨ) ਦੇਖਿਆ। ਰੈੱਡ ਪਾਂਡਾ ਚੀਨ, ਮਿਆਂਮਾਰ, ਭੂਟਾਨ, ਨੇਪਾਲ ਅਤੇ ਭਾਰਤ ਵਿੱਚ ਪਾਈ ਜਾਣ ਵਾਲ਼ੀ ਖ਼ਤਰੇ ਹੇਠ ਪ੍ਰਜਾਤੀ ਹੈ। ਪਿਛਲੀਆਂ ਤਿੰਨ ਪੀੜ੍ਹੀਆਂ ਵਿੱਚ ਇਸਦੀ ਗਿਣਤੀ ਵਿੱਚ 50 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ ਅਤੇ ਆਈਯੂਸੀਐੱਨ ਨੇ ਅਗਲੇ ਦੋ ਦਹਾਕਿਆਂ ਵਿੱਚ ਇਸ ਦੇ ਹੋਰ ਵਿਗੜਨ ਦੀ ਸੰਭਾਵਨਾ ਦੀ ਚੇਤਾਵਨੀ ਦਿੱਤੀ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਿੰਗਚੁੰਗ ਨੇੜੇ ਜੰਗਲੀ ਜਾਨਵਰਾਂ ਨੂੰ ਦੇਖਿਆ ਜਾਣਾ ਕੋਈ ਇਤਫਾਕ ਨਹੀਂ। ਉਨ੍ਹਾਂ ਦੇ ਅਨੁਸਾਰ, ਇਹ ਸਭ ਸਾਲ 2017 ਵਿੱਚ ਸ਼ੁਰੂ ਹੋਈ ਸੰਰਖਣ ਗਤੀਵਿਧੀ ਦਾ ਨਤੀਜਾ ਹੈ, ਜਦੋਂ ਅਰੁਣਾਚਲ ਜੰਗਲਾਤ ਵਿਭਾਗ ਨੇ ਬੁਗੁਨ ਆਦਿਵਾਸੀ ਨਾਲ਼ ਹੱਥ ਮਿਲਾਇਆ ਤੇ ਅਤੇ ਰਸਮੀ ਤੌਰ 'ਤੇ ਸਿੰਘਚੁੰਗ ਬੁਗੁਨ ਪਿੰਡ ਵਿੱਚ ਇੱਕ ਕਮਿਊਨਿਟੀ ਰਿਜ਼ਰਵ (ਐਸਬੀਵੀਸੀਆਰ) ਘੋਸ਼ਿਤ ਕੀਤਾ।
ਇਸ ਭਾਈਚਾਰਕ ਜੰਗਲੀ ਜੀਵ ਰਿਜ਼ਰਵ ਦੀ ਕਹਾਣੀ ਦੁਨੀਆ ਦੇ ਸਭ ਤੋਂ ਗੰਭੀਰ ਤੌਰ 'ਤੇ ਖ਼ਤਰੇ ਵਿੱਚ ਪਏ ਪੰਛੀਆਂ ਵਿੱਚੋਂ ਇੱਕ, ਬੁਗੁਨ ਲਿਓਸਿਚਲਾ (ਲਿਓਸਿਚਲਾ ਬੁਗੁਨੋਰਮ) ਦੀ ਖੋਜ ਨਾਲ਼ ਸ਼ੁਰੂ ਹੁੰਦੀ ਹੈ। ਇਹ ਪੰਛੀ ਸਿੰਘਚੁੰਗ ਦੇ ਨਾਲ਼ ਲੱਗਦੇ ਜੰਗਲ ਦੇ ਇੱਕ ਛੋਟੇ ਜਿਹੇ ਖੇਤਰ ਵਿੱਚ ਪਾਇਆ ਗਿਆ ਸੀ।
ਬੜੀ ਮੁਸ਼ਕਿਲ ਨਾਲ਼ ਦਿਸਣ ਵਾਲ਼ੇ ਓਲਿਵ ਗ੍ਰੀਨ (ਜੈਤੂਨ ਰੰਗਾ) ਇਸ ਪੰਛੀ ਦੇ ਸਿਰ 'ਤੇ ਇੱਕ ਸਾਫ਼ ਜਿਹੀ ਕਾਲ਼ੀ ਟੋਪੀ, ਗੂੜ੍ਹੇ ਪੀਲ਼ੇ ਰੰਗੇ ਭਰਵੱਟੇ ਤੇ ਲਾਲ ਖੰਭ ਲਾਲ ਹਨ। ਇਸ ਪੰਛੀ ਨੂੰ ਰਸਮੀ ਤੌਰ 'ਤੇ ਸਾਲ 2006 ਵਿੱਚ ਇੱਕ ਨਵੀਂ ਪ੍ਰਜਾਤੀ ਵਜੋਂ ਪਛਾਣਿਆ ਗਿਆ ਸੀ। ਇਸ ਖੇਤਰ ਵਿੱਚ ਬੁਗੁਨ ਕਬੀਲੇ ਦਾ ਨਾਮ ਇਸੇ ਪੰਛੀ ਦੇ ਨਾਮ 'ਤੇ ਰੱਖਿਆ ਗਿਆ ਸੀ।
ਸਿੰਗਚੁੰਗ ਦੀ ਵਸਨੀਕ ਸਲੀਨਾ ਪਿਨਿਆ ਨੇ ਕਿਹਾ, "ਇਸ ਪੰਛੀ ਦਾ ਨਾਮ ਹੁਣ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ ਹੈ।'' ਉਨ੍ਹਾਂ ਨੇ ਆਪਣੇ ਲਿਵਿੰਗ ਰੂਮ ਦੀਆਂ ਚਾਰੇ ਕੰਧਾਂ 'ਤੇ ਇਸ ਖੇਤਰ ਦੇ ਪਹਾੜੀ ਜੰਗਲ ਦੀਆਂ ਫ਼ਰੇਮ ਕੀਤੀਆਂ ਫ਼ੋਟੋਆਂ ਲਾਈਆਂ ਹੋਈਆਂ ਹਨ।
ਲਗਭਗ ਪੰਜ ਸਾਲ ਪਹਿਲਾਂ ਤੱਕ ਪਿਨਿਆ ਨੂੰ ਬੁਗੁਨ ਲਿਓਸਿਚਾਲਾ ਪੰਛੀ ਦੇ ਵਜੂਦ ਬਾਰੇ ਕੋਈ ਅੰਦਾਜਾ ਨਹੀਂ ਸੀ। ਪਰ ਅੱਜ ਇਹ 24 ਸਾਲਾ ਮੁਟਿਆਰ ਸਿੰਘਚੁੰਗ ਬੁਗੁਨ ਵਿਲੇਜ ਕਮਿਊਨਿਟੀ ਰਿਜ਼ਰਵ (ਐਸਬੀਵੀਸੀਆਰ) ਦੀ ਪਹਿਲੀ ਮਹਿਲਾ-ਗਸ਼ਤ ਅਧਿਕਾਰੀ ਹਨ। ਉਹ ਇੱਕ ਫ਼ਿਲਮ ਨਿਰਮਾਤਾ ਵੀ ਹਨ ਜੋ ਪੂਰਬੀ ਹਿਮਾਲਿਆ ਦੇ ਇਸ ਜੰਗਲ ਨਾਲ਼ ਜੁੜੀ ਜਾਣਕਾਰੀ ਇਕੱਠੀ ਕਰਨ ਵਿੱਚ ਲੱਗੀ ਹੋਈ ਹਨ।
ਪੰਛੀ ਦੀ ਇਹ ਦੁਰਲੱਭ ਪ੍ਰਜਾਤੀ ਹੁਣ ਪਹਿਲਾਂ ਨਾਲੋਂ ਵਧੇਰੇ ਵੇਖੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਚਿਰਾਈ ਨੂੰ ਬਚਾਉਣ ਲਈ ਨਿਰੰਤਰ ਕੋਸ਼ਿਸ਼ਾਂ ਕਾਰਨ ਸੰਭਵ ਹੋਇਆ ਹੈ, ਜੋ ਸਾਲ 2017 ਵਿੱਚ ਬਨਾਲ਼ ਸਿੰਘਚੁੰਗ ਬੁਗੁਨ ਵਿਲੇਜ ਕਮਿਊਨਿਟੀ ਰਿਜ਼ਰਵ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਸ਼ੁਰੂ ਹੋਇਆ ਸੀ
1996 ਵਿੱਚ, ਇੱਕ ਪ੍ਰਸਿੱਧ ਪੰਛੀ ਵਿਗਿਆਨੀ, ਰਮਨਾ ਅਥ੍ਰੇਯਾ, ਜਿਨ੍ਹਾਂ ਨੇ ਪਹਿਲੀ ਵਾਰ ਇਸ ਪੰਛੀ ਦੀ ਖੋਜ ਕੀਤੀ ਸੀ, ਨੇ ਕਿਹਾ, "ਐੱਸਬੀਵੀਸੀਆਰ (ਸਿੰਗਚੁੰਗ ਬੁਗੁਨ ਵਿਲੇਜ ਕਮਿਊਨਿਟੀ ਰਿਜ਼ਰਵ) ਭਾਈਚਾਰੇ ਨੂੰ ਭਰੋਸਾ ਦਿਵਾਉਣ ਲਈ ਕੰਮ ਕਰ ਰਿਹਾ ਹੈ ਕਿ ਇਸ ਜੰਗਲ 'ਤੇ ਉਨ੍ਹਾਂ ਹੀ ਲੋਕਾਂ ਦਾ ਅਧਿਕਾਰ ਹੈ। ਉਹ ਜੈਵ ਵਿਭਿੰਨਤਾ ਦੀ ਰੱਖਿਆ ਕਰਨ ਲਈ ਇਸ ਖੇਤਰ ਨੂੰ ਆਪਣੇ ਹਿਸਾਬ ਨਾਲ਼ ਵਰਤ ਸਕਦੇ ਹਨ।''
ਰਮਨਾ ਨੇ ਰਿਜ਼ਰਵ ਦਾ ਨਾਮ ਬੁਗੁਨ ਕਬੀਲੇ ਦੇ ਨਾਮ 'ਤੇ ਰੱਖਣ 'ਤੇ ਜ਼ੋਰ ਦਿੱਤਾ। ਉਨ੍ਹਾਂ ਅਨੁਸਾਰ, ਇੰਝ ਕਰਨ ਨਾਲ਼ ਹਰ ਕੋਈ ਇਸ ਪੰਛੀ ਦੇ ਟਿਕਾਣੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨਾਲ਼ ਜੁੜਿਆ ਹੋਇਆ ਮਹਿਸੂਸ ਕਰੇਗਾ ਅਤੇ ਇਸ ਤਰ੍ਹਾਂ ਪੰਛੀ ਦੇ ਘਰ, ਜੋ ਹੁਣ ਸੁਰੱਖਿਅਤ ਹੈ, ਦੀ ਸੰਭਾਲ਼ ਸਹੀ ਤਰੀਕੇ ਨਾਲ਼ ਕੀਤੀ ਜਾ ਸਕਦੀ ਹੈ।
ਐੱਸਬੀਵੀਸੀਆਰ, ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਵਿੱਚ ਈਗਲਨੇਸਟ ਜੰਗਲੀ ਜੀਵ ਸੈਂਚੁਰੀ ਦੇ ਹੇਠਾਂ ਸਥਿਤ ਹੈ। ਇਹ ਭਾਰਤ ਦੇ ਜੰਗਲੀ ਜੀਵ ਸੁਰੱਖਿਆ ਐਕਟ, 1972 ਦੇ ਤਹਿਤ ਬਣਾਇਆ ਗਿਆ ਸੀ। ਆਪਣੀ ਸਥਾਪਤੀ ਦੇ ਪੰਜ ਸਾਲਾਂ ਵਿੱਚ ਇਹ 17 ਵਰਗ ਕਿਲੋਮੀਟਰ ਦੇ ਦਾਇਰੇ ਵਿੱਚ ਫੈਲਿਆ ਇਹ ਭਾਈਚਾਰਕ ਜੰਗਲ ਰਿਜ਼ਰਵ ਸਮੂਹਕ ਸੰਭਾਲ਼ ਦੀ ਇੱਕ ਉਦਾਹਰਣ ਬਣ ਗਿਆ ਹੈ।
ਬੁਗੁਨ ਕਬੀਲੇ ਦੇ ਪਿਨਿਆ ਵਰਗੇ ਸਥਾਨਕ ਲੋਕਾਂ ਨੇ ਜੰਗਲ ਅਤੇ ਜੰਗਲੀ ਜੀਵਾਂ ਦੀ ਰੱਖਿਆ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਹ 10 ਹੋਰ ਜੰਗਲਾਤ ਅਧਿਕਾਰੀਆਂ ਦੇ ਨਾਲ਼ ਮਿਲ਼ ਕੇ ਇਲਾਕੇ ਵਿੱਚ ਗਸ਼ਤ ਕਰਨ ਅਤੇ ਸ਼ਿਕਾਰੀਆਂ ਨੂੰ ਦੂਰ ਰੱਖਣ ਵਿੱਚ ਲੱਗੀ ਹੋਈ ਹਨ।
ਬਾਰਨ ਵਿੱਚ ਲੇਕੀ ਨੋਰਬੂ ਵੀ ਐੱਸਬੀਵੀਸੀਆਰ ਦੇ ਗਸ਼ਤ ਅਧਿਕਾਰੀ ਹਨ ਜੋ ਗੈਰ-ਕਾਨੂੰਨੀ ਗਤੀਵਿਧੀਆਂ ਜਿਵੇਂ ਕਿ ਸ਼ਿਕਾਰ ਕਰਨਾ, ਜਾਲ਼ ਵਿਛਾਉਣਾ, ਰੁੱਖਾਂ ਨੂੰ ਕੱਟਣਾ ਆਦਿ 'ਤੇ ਨਜ਼ਰ ਰੱਖਦੇ ਹਨ। ਬੁਗੁਨ ਕਬੀਲੇ ਦੇ 33 ਸਾਲਾ ਇਕ ਅਧਿਕਾਰੀ ਨੇ ਕਿਹਾ, "ਰੁੱਖਾਂ ਨੂੰ ਕੱਟਣ ਲਈ ਇੱਕ ਲੱਖ ਰੁਪਏ ਅਤੇ ਸ਼ਿਕਾਰ ਲਈ ਇੱਕ ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।''
ਮਨੁੱਖੀ ਗਤੀਵਿਧੀਆਂ ਦੇ ਖਤਮ ਹੋਣ ਨਾਲ਼, ਜੰਗਲ ਵਿੱਚ ਲੁਕੇ ਰਹਿਣ ਵਾਲ਼ੇ ਜਾਨਵਰ ਹੌਲ਼ੀ-ਹੌਲ਼ੀ ਬਾਹਰ ਆਉਣ ਲੱਗੇ ਹਨ। ਉਹ ਚਾਰੇ ਦੀ ਭਾਲ ਵਿੱਚ ਐੱਸਬੀਵੀਸੀਆਰ ਵੱਲ ਆ ਰਹੇ ਹਨ। ਗੌਰ ਬਾਈਸਨ, ਘਾਹ ਖਾਣ ਵਾਲ਼ੇ ਜਾਨਵਰਾਂ ਦੀ ਸਭ ਤੋਂ ਵੱਡੀ ਪ੍ਰਜਾਤੀ, ਕਮਜ਼ੋਰ ਜਾਨਵਰਾਂ ਦੀ ਸੂਚੀ ਵਿੱਚ ਦਰਜ ਹੈ। ਪਰ ਐੱਸਬੀਵੀਸੀਆਰ ਵਿੱਚ, " ਨੰਬਰ ਤੋ ਜਿਆਦਾ ਹੁਵਾ ਜੁਵਾ ਜੈਸਾ ਹੈ। ਪਹਿਲੇ ਸੇ ਆਤਾ ਥਾ, ਪਰ ਜਿਆਦਾ ਨੰਬਰ ਮੇਂ ਨਹੀਂ ਆਤਾ ਹੈ, ਸਿੰਗਲ ਹੀ ਆਤਾ ਥਾ (ਇਹ ਗਿਣਤੀ ਹੁਣ ਵੱਧ ਗਈ ਹੈ। ਪਹਿਲਾਂ ਇੱਕ-ਦੋ ਹੀ ਨਜ਼ਰੀਂ ਪੈਂਦੇ ਸਨ, ਪਰ ਹੁਣ ਸਮੂਹ ਵਿੱਚ ਆਉਣ ਲੱਗਾ ਹੈ),'' ਲੇਕੀ ਕਹਿੰਦੇ ਹਨ।
ਹੋਰ ਸਾਰੀਆਂ ਕਿਸਮਾਂ ਦੇ ਜਾਨਵਰ ਹੁਣ ਝੁੰਡ ਵਿੱਚ ਵੇਖੇ ਜਾਂਦੇ ਹਨ। ਸਿੰਘਚੁੰਗ ਅਤੇ ਬੁਗੁਨ ਕਬੀਲੇ ਦੇ ਵਸਨੀਕ ਤੇ ਪ੍ਰਧਾਨ ਖੰਡੂ ਗਲੋ ਨੇ ਕਿਹਾ, "ਐੱਸਬੀਵੀਸੀਆਰ ਵਿੱਚ ਪਿਛਲੇ 3-4 ਸਾਲਾਂ ਵਿੱਚ ਢੋਲੇ-ਜੰਗਲੀ ਕੁੱਤਿਆਂ (ਕੁਓਨ ਐਲਪੀਨਸ) ਦੀ ਗਤੀਵਿਧੀ ਵੀ ਵਧੀ ਹੈ।''
ਬਫਰ ਜ਼ੋਨ ਦੀ ਸੇਵਾ ਕਮਿਊਨਿਟੀ ਰਿਜ਼ਰਵ ਸਿੰਘਚੁੰਗ ਸਿਟੀ ਅਤੇ ਈਗਲਨੇਸਟ ਵਾਈਲਡਲਾਈਫ ਸੈਂਚੂਰੀ ਦੇ ਵਿਚਕਾਰ ਕੀਤੀ ਜਾਵੇਗੀ। ਇਹ ਅਸਥਾਨ ਕਈ ਜੰਗਲੀ ਜਾਨਵਰਾਂ ਨਾਲ਼ ਭਰਿਆ ਹੋਇਆ ਹੈ ਜਿਵੇਂ ਕਿ ਮਾਰਬਲਡ ਕੈਟ (ਬਿੱਲੀ), ਏਸ਼ੀਆ ਦੀ ਸੁਨਹਿਰੀ ਬਿੱਲੀ ਅਤੇ ਚੀਤਾ ਬਿੱਲੀ। ਅਲੋਪ ਹੋ ਰਹੇ ਲੰਗੂਰ, ਗੋਰਾਲ, ਰੈੱਡ ਪਾਂਡਾ, ਏਸ਼ੀਆਈ ਕਾਲ਼ਾ ਰਿੱਛ ਅਤੇ ਨਾਜ਼ੁਕ ਅਰੁਣਾਚਲੀ ਮਕਾਕ ਅਤੇ ਗੌਰ ਦਾ ਘਰ ਵੀ ਇਹੀ ਜੰਗਲ ਹੀ ਹੈ। ਈਗਲਨੇਸਟ 3,250 ਮੀਟਰ ਦੀ ਉਚਾਈ 'ਤੇ ਵਸੇ ਹਾਥੀ ਦੀ ਇਕਲੌਤੀ ਥਾਂ ਹੈ।
ਬੁਗੁਨ ਲਿਓਸਿਚਲਾ ਪੰਛੀ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦਾ ਹੈ। ਈਗਲਨੇਸਟ ਪੰਛੀਆਂ ਦੀਆਂ 600 ਤੋਂ ਵੱਧ ਪ੍ਰਜਾਤੀਆਂ ਦਾ ਘਰ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਪ੍ਰਜਾਤੀਆਂ ਦੁਰਲੱਭ ( ਖਤਰੇ ਹੇਠ) ਹਨ। ਜਿਵੇਂ ਕਿ ਲਾਲ-ਹਿੱਕ ਵਾਲ਼ਾ ਵਾਰਡ ਟ੍ਰੋਗਨ, ਖ਼ਤਰੇ ਹੇਠ ਵੱਡੇ ਤਿੱਤਰ ਵਰਗਾ ਬਲੀਥ ਟ੍ਰੈਗੋਪਨ ਅਤੇ ਚਮਕਦਾਰ ਨੀਲੀ-ਸਲੇਟੀ ਸੁੰਦਰ ਨਟਹੈਚ, ਵੀ ਕਮਜੋਰ ਪ੍ਰਜਾਤੀਆਂ ਹਨ।
ਹੁਣ ਈਗਲਨੈਸਟ ਦੇ ਨਾਲ਼-ਨਾਲ਼, ਸਿੰਗਚੁੰਗ ਵੀ ਉਨ੍ਹਾਂ ਲੋਕਾਂ ਲਈ ਪਸੰਦੀਦਾ ਜਗ੍ਹਾ ਬਣ ਗਈ ਹੈ ਜੋ ਪੰਛੀਆਂ ਨੂੰ ਦੇਖਣ ਦੇ ਸ਼ੌਕੀਨ ਹਨ। ਸੈਲਾਨੀ ਲੁਪਤ ਹੋਣ ਦੀ ਗੰਭੀਰ ਹਾਲਤ ਨੂੰ ਅਪੜਨ ਵਾਲ਼ੇ ਬੁਗੁਨ ਲਿਓਸਿਚਲਾ ਦੀ ਮਨਮੋਹਕ ਆਵਾਜ਼ ਸੁਣਨ ਲਈ ਖਿੱਚੇ ਜਾਂਦੇ ਹਨ। ਦੁਨੀਆ ਭਰ ਵਿੱਚ ਇਸ ਨਸਲ ਦੀਆਂ ਸਿਰਫ਼ 14-20 ਚਿੜੀਆਂ ਹੀ ਪੈਦਾ ਹੁੰਦੀਆਂ ਹਨ। ਪੰਛੀ ਪ੍ਰੇਮੀ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇਸ ਦੁਰਲੱਭ ਤੇ ਅਜੀਬ ਚਿੜੀ ਦੀ ਝਲਕ ਮਿਲ਼ਦੀ ਹੈ।
ਬੁਗੁਨ ਲਿਓਸਿਚਲਾ ਜਿਆਦਾ ਕਰਕੇ ਝੁੰਡ ਵਿੱਚ ਰਹਿੰਦੇ ਹਨ, ਭਾਵੇਂ ਝੁੰਡ ਕਿੰਨਾ ਛੋਟਾ ਹੀ ਕਿਉਂ ਨਾ ਹੋਵੇ। ਪੂਰਬੀ ਹਿਮਾਲਿਆ ਦਾ ਸੰਘਣਾ ਜੰਗਲ (ਸਮੁੰਦਰ ਤਲ ਤੋਂ 2,060-2,340 ਮੀਟਰ ਦੀ ਉਚਾਈ 'ਤੇ ਸਥਿਤ) ਇਨ੍ਹਾਂ ਪੰਛੀਆਂ ਦਾ ਇਕਲੌਤਾ ਘਰ ਹੈ।
"ਈਗਲਨੇਸਟ, ਨਾਮਦਾਫਾ ਨੈਸ਼ਨਲ ਪਾਰਕ (ਅਰੁਣਾਚਲ ਪ੍ਰਦੇਸ਼ ਵਿੱਚ) ਅਤੇ ਅਸਾਮ ਵਿੱਚ ਕਈ ਕਿਸਮਾਂ ਦੇ ਪੰਛੀ ਪਾਏ ਜਾਂਦੇ ਹਨ ਪਰ ਲਿਓਸਿਚਾਲਾ ਸਿਰਫ਼ ਸਿੰਗਚੁੰਗ ਵਿੱਚ ਹੀ ਪਾਇਆ ਜਾਂਦਾ ਹੈ। ਜੇ ਇਹ ਪੰਛੀ ਇੱਥੇ ਨਾ ਹੁੰਦਾ ਤਾਂ ਸੈਲਾਨੀ ਵੀ ਇਸ ਵੱਲ ਨਾ ਖਿੱਚੇ ਜਾਂਦੇ," ਇੰਡੀ ਗਲੋ ਦਾ ਕਹਿਣਾ ਹੈ। ਉਹ ਵਾਤਾਵਰਣ ਪੱਖੀ ਈਕੋ ਕੈਂਪ ਚਲਾਉਂਦੇ ਹਨ। ਉਨ੍ਹਾਂ ਨੇ ਕਿਹਾ, "ਜੇ ਲੋਕਾਂ ਨੂੰ ਪੰਛੀ ਨਾ ਦਿੱਸੇ ਤਾਂ ਉਹ ਕੁਝ ਹੋਰ ਦਿਨ ਇੱਥੇ ਹੀ ਰੁਕਦੇ ਹਨ।''
ਸੈਂਕੜੇ ਦੀ ਗਿਣਤੀ ਵਿੱਚ, ਸਥਾਨਕ ਲੋਕਾਂ ਨੇ ਇੱਥੇ ਆਉਣ ਵਾਲ਼ੇ ਸੈਲਾਨੀਆਂ ਤੋਂ ਕਮਾਈ ਕੀਤੀ ਹੈ। ਗਲੋ ਦਾ ਕਹਿਣਾ ਹੈ,''ਅੱਜ, ਹਰ ਸਾਲ 300-400 ਸੈਲਾਨੀ ਸਿੰਗਚੁੰਗ ਦਾ ਦੌਰਾ ਕਰਨ ਆਉਂਦੇ ਹਨ ਤੇ ਇਹ ਗਿਣਤੀ ਵੱਧ ਹੀ ਰਹੀ ਹੈ।'' ਬਰਸਾਤ ਦੇ ਮੌਸਮ ਤੋਂ ਠੀਕ ਪਹਿਲਾਂ ਅਪ੍ਰੈਲ ਅਤੇ ਜੂਨ ਦੇ ਵਿਚਕਾਰ ਸੈਲਾਨੀਆਂ ਦੀ ਗਿਣਤੀ ਸਿਖਰ 'ਤੇ ਸੀ।
ਇੱਥੇ ਬਾਹਰੋਂ ਆਏ ਸੈਲਾਨੀਆਂ ਨੇ ਅਤ੍ਰੇਯਾ ਨੂੰ ਰਾਹਤ ਦਿੱਤੀ ਅਤੇ ਸਾਰੀਆਂ ਆਲੋਚਨਾਵਾਂ ਨੂੰ ਖਾਰਜ ਕਰਦਿਆਂ ਕਿਹਾ, "ਸਾਨੂੰ ਪੈਸੇ ਦੀ ਜ਼ਰੂਰਤ ਹੈ। ਪੇਸ਼ੇ ਤੋਂ ਰੇਡੀਓ ਖਗੋਲ ਵਿਗਿਆਨੀ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਸਾਲ 15 ਲੱਖ ਰੁਪਏ ਦੀ ਜ਼ਰੂਰਤ ਹੈ। ਅਤ੍ਰੇਯਾ ਅਰੁਣਾਚਲ ਪ੍ਰਦੇਸ਼ ਵਿੱਚ ਚੱਲ ਰਹੇ ਸੰਭਾਲ਼ ਯਤਨਾਂ ਵਿੱਚ ਕੰਮ ਕਰਨਾ ਜਾਰੀ ਰੱਖਦੇ ਹਨ। ਉਨ੍ਹਾਂ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ, "ਬੁਗੁਨ ਦੇ ਲੋਕਾਂ ਨੇ ਇਸ ਦੀ ਜ਼ਿੰਮੇਵਾਰੀ ਸੰਭਾਲ਼ ਲਈ ਹੈ। ਉਹ ਉਮੀਦਾਂ ਤੋਂ ਕਿਤੇ ਵੱਧ ਗਏ ਹਨ।''
ਅੱਜ-ਕੱਲ੍ਹ ਲੋਕ ਵਾਤਾਵਰਣ ਕੈਂਪ ਚਲਾਉਂਦੇ ਹਨ, ਰੋਜ਼ਾਨਾ ਨਿਯਮ ਨਾਲ਼ ਗਸ਼ਤ ਕਰਦੇ ਹਨ, ਖੇਤਰ ਦੇ ਸਕੂਲਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਉਂਦੇ ਹਨ। ਉਹ ਅਨੁਸੂਚਿਤ ਕਬੀਲਿਆਂ ਨਾਲ਼ ਸਬੰਧਤ ਹਨ। 2013 ਦੀ ਰਿਪੋਰਟ ਦੇ ਅਨੁਸਾਰ, ਉਨ੍ਹਾਂ ਲੋਕਾਂ ਦੀ ਆਬਾਦੀ 1,432 ਹੈ। ਬਾਕਿਰ ਨੇ ਇਸ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਓਹ ਲੋਕ ਇਸ ਨਾਲ਼ੋਂ ਦੁੱਗਣੇ ਗਿਣਦੇ ਹਨ।
ਪਿਨਿਆ ਵਰਗੇ ਸਥਾਨਕ ਲੋਕਾਂ ਨੇ 'ਜੰਗਲੀ ਜੀਵ ਹਫ਼ਤੇ' ਵਿੱਚ ਹਿੱਸਾ ਲਿਆ। ਜੰਗਲ ਤੇ ਉਨ੍ਹਾਂ ਦੇ ਜੈਵ-ਵਿਭਿੰਨਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੱਛਮੀ ਕਾਮੇਂਗ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਅਯੋਜਨ ਕੀਤਾ ਗਿਆ। ਉਨ੍ਹਾਂ ਨੇ ਬਚਪਨ ਵਿਚ ਜੋ ਕੁਝ ਵੀ ਦੇਖਿਆ ਅਤੇ ਸੁਣਿਆ, ਇਹ ਇਨ੍ਹਾਂ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ, "ਅਸੀਂ ਆਪਣੇ ਦੋਸਤ ਨੂੰ ਜੰਗਲ ਦੇ ਅੰਦਰ ਜਾਂਦੇ ਵੇਖਦੇ। ਉਹ ਉਨ੍ਹਾਂ (ਪੰਛੀਆਂ) ਨੂੰ ਮਾਰਦੇ ਤੇ ਖਾਂਦੇ। ਇਹ ਗੱਲ ਮੈਨੂੰ ਬੇਚੈਨ ਕਰਦੀ ਤੇ ਮੈਂ ਉਨ੍ਹਾਂ ਨੂੰ ਪੁੱਛਿਆ ਕਰਦੀ,''ਜਦੋਂ ਤੁਸੀਂ ਮੁਰਗੀਆਂ ਪਕਾ ਕੇ ਖਾ ਸਕਦੇ ਹੋ, ਤਾਂ ਤੁਹਾਨੂੰ ਜੰਗਲ ਦੇ ਹੋਰਨਾ ਪੰਛੀਆਂ ਨੂੰ ਮਾਰਨ ਦੀ ਕੀ ਲੋੜ ਹੈ?''
ਕਾਲਜ ਵਿਚ ਉਨ੍ਹਾਂ ਦੇ ਨਾਲ਼ ਪੜ੍ਹਨ ਵਾਲ਼ੇ ਨੋਰਬੂ ਨੇ ਕਿਹਾ, "ਸਾਡਾ ਪੜ੍ਹਾਈ ਕਰਨ ਦਾ ਮਨ ਨਾ ਕਰਦਾ। ਅਸੀਂ ਟੋਲੀਆਂ ਬਣਾ ਜੰਗਲ ਵਿੱਚ ਜਾਂਦੇ ਅਤੇ ਉਹ ਕੁਝ ਵੀ ਮਾਰ ਦਿਆ ਕਰਦੇ – ਹਿਰਨ, ਤਿੱਤਰ, ਜੰਗਲੀ ਸੂਰ ਆਦਿ। ਇਹ ਉਦੋਂ ਦੀ ਗੱਲ ਹੈ ਜਦੋਂ ਸ਼ਿਕਾਰ ਕਰਨ ਆਦਤ ਹੁੰਦੀ ਤੇ ਪੜ੍ਹਾਈ ਨੂੰ ਬਹੁਤੀ ਤਰਜੀਹ ਨਹੀਂ ਸੀ ਦਿੱਤੀ ਜਾਂਦੀ।
"ਕਈ ਵਾਰ ਉਨ੍ਹਾਂ ਨੂੰ ਖਾਣ ਲਈ ਸ਼ਿਕਾਰ ਕੀਤਾ ਜਾਂਦਾ, ਅਤੇ ਕਈ ਵਾਰ ਐਵੇਂ ਹੀ ...ਬਿਨਾ ਮਤਲਬ ਦੇ ਵੀ," ਨੋਰਬੂ ਨੇ ਕਿਹਾ। ਹੁਣ ਉਹ ਅਲੋਪ ਹੋ ਰਹੇ ਜੰਗਲੀ ਜੀਵਾਂ ਨੂੰ ਨੁਕਸਾਨ ਪਹੁੰਚਾਉਣ ਵਾਲ਼ੀਆਂ ਸਾਰੀਆਂ ਗੈਰ-ਕਾਨੂੰਨੀ ਗਤੀਵਿਧੀਆਂ 'ਤੇ ਨੇੜਿਓਂ ਨਜ਼ਰ ਰੱਖਦੇ ਹਨ।
ਕਮਿਊਨਿਟੀ ਰਿਜ਼ਰਵ ਦੇ ਵਿਚਾਰ ਨੂੰ ਸਮਝਣ ਵਾਲ਼ੇ ਲੋਕਾਂ ਵਿੱਚੋਂ ਇੱਕ ਹਨ ਮਿਲੋ ਤੱਸਰ ਹੈ, ਜੋ ਸਾਬਕਾ ਜ਼ਿਲ੍ਹਾ ਜੰਗਲਾਤ ਅਧਿਕਾਰੀ ਵੀ ਹਨ। ਉਹ ਅੱਠ ਸਾਲਾਂ ਤੋਂ ਪੱਛਮੀ ਕਾਮੇਂਗ ਜ਼ਿਲ੍ਹੇ ਵਿੱਚ ਸਰਗਰਮ ਰਹੇ ਹਨ। ਤੱਸਰ ਦਾ ਕਹਿਣਾ ਹੈ, "ਐੱਸਬੀਵੀਸੀਆਰ ਸੰਭਵ ਨਾ ਹੁੰਦਾ ਜੇ ਅਸੀਂ ਭਾਈਚਾਰੇ ਨੂੰ ਇਸ ਲਈ ਜਾਗਰੂਕ ਅਤੇ ਸਰਗਰਮ ਨਾ ਕੀਤਾ ਹੁੰਦਾ। ਉਹ ਹੁਣ ਜ਼ੀਰੋ ਵੈਲੀ ਦੇ ਡੀਐੱਫਓ ਵੀ ਹਨ। ਜਨਤਕ ਭਾਗੀਦਾਰੀ ਦੇ ਮੁੱਦੇ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ, "ਇਹ ਕਮਾਈ ਦੇ ਸਾਧਨ ਪ੍ਰਦਾਨ ਕਰਦਾ ਹੈ। ਲੋਕਾਂ ਦੀ ਖ਼ਾਤਰ ਸਿੱਧੇ ਅਤੇ ਅਸਿੱਧੇ ਤੌਰ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ। ਹਾਲਾਂਕਿ, ਜੇ ਐੱਸਬੀਵੀਸੀਆਰ ਵਿੱਚ ਇਸ ਭਾਈਚਾਰੇ ਨੂੰ ਸ਼ਾਮਲ ਨਾ ਕੀਤਾ ਹੁੰਦਾ ਤਾਂ ਇਹ ਸੰਭਵ ਨਹੀਂ ਸੀ ਹੋਣਾ।''
ਕਿੰਨੇ ਪਰਿਵਾਰ ਅਜਿਹੇ ਹਨ ਜਿਨ੍ਹਾਂ ਦਾ ਘੱਟੋ ਘੱਟ ਇੱਕ ਮੈਂਬਰ ਰਸੋਈਆ, ਜੰਗਲਾਤ ਕਰਮਚਾਰੀ, ਜਾਂ ਕਿਸੇ ਹੋਰ ਕਿਸਮ ਦੀ ਸੇਵਾ ਵਿੱਚ ਲੱਗਿਆ ਹੈ। ਕਿਉਂਕਿ ਮੋਹਰੀ ਕਤਾਰਾਂ ਦੇ ਕਰਮਚਾਰੀ ਲੋਕਾਂ ਨੂੰ ਸਰਕਾਰੀ ਗ੍ਰਾਂਟ ਤੋਂ ਮਿਲ਼ਣ ਵਾਲ਼ੀਆਂ ਤਨਖਾਹਾਂ ਦੇਰੀ ਨਾਲ਼ ਮਿਲ਼ਦੀਆਂ ਹਨ। ਇਸ ਤਰ੍ਹਾਂ, ਸੈਰ-ਸਪਾਟਾ ਤੋਂ ਦੂਜੀ ਕਿਸਮ ਦੀ ਆਮਦਨ ਜ਼ਰੂਰੀ ਹੋ ਜਾਂਦੀ ਹੈ।
ਬੁਗੁਨਾਂ ਨੇ ਸ਼ਹਿਰ ਦੀ ਪੁਨਰ-ਸੁਰਜੀਤੀ ਮਗਰ ਛੋਟੇ ਪੰਛੀ ਨੂੰ ਸਹਾਈ ਮੰਨਿਆ ਹੈ। ਗਲੋ ਨੇ ਕਿਹਾ, "ਜੇ ਲਿਓਸਿਚਾਲਾ ਨਾ ਹੁੰਦਾ, ਤਾਂ ਸਿੰਗਚੁੰਗ ਨੇ ਇੰਨੀ ਤਰੱਕੀ ਨਾ ਕੀਤੀ ਹੁੰਦੀ।''
*****
ਪੰਛੀ ਦੇ ਨਾਮ ਦਾ ਪਹਿਲਾ ਹਿੱਸਾ ਬੁਗੁਨ ਭਾਈਚਾਰੇ ਦੇ ਨਾਮ 'ਤੇ ਹੈ, "ਤੇ ਦੂਜਾ ਹਿੱਸਾ, ਲਿਓਸਿਚਲਾ, ਰੋਮਨ ਭਾਸ਼ਾ ਦਾ ਸ਼ਬਦ ਹੈ।" ਉਮੇਸ਼ ਨੇ ਐੱਸਬੀਵੀਸੀਆਰ ਵਿਖੇ ਗੱਲਬਾਤ ਦੌਰਾਨ ਸਪੱਸ਼ਟ ਕੀਤਾ। ਪਹਾੜਾਂ ਅਤੇ ਘਾਟੀਆਂ ਦੇ ਹਰੇ-ਭਰੇ ਜੰਗਲ ਵਿੱਚ ਬਹੁਤ ਸਾਰੇ ਪੰਛੀਆਂ ਦੀ ਆਵਾਜ਼ ਗੂੰਜ ਰਹੀ ਹੈ।
ਅਸੀਂ ਦੇਖਿਆ ਕਿ ਇਸ ਸਵਰਗ-ਰੂਪੀ ਹਰੇ-ਭਰੇ ਜੰਗਲ ਵਿੱਚ ਵੀ ਇੱਕ ਸਮੱਸਿਆ ਹੈ।
ਜਦੋਂ ਪੰਛੀ ਵਿਗਿਆਨੀ ਸ਼੍ਰੀਨਿਵਾਸਨ ਨੇ ਈਗਲਨੇਸਟ ਵਾਈਲਡਲਾਈਫ ਸੈਂਚੁਰੀ ਦਾ ਨਿਰੀਖਣ ਕੀਤਾ ਤਾਂ ਪਤਾ ਲੱਗਾ ਕਿ ਇਲਾਕੇ ਦਾ ਤਾਪਮਾਨ ਵੀ ਵੱਧ ਰਿਹਾ ਹੈ। ਇਸ ਨਾਲ਼ ਚਿੱਟੀ ਪੂਛ ਵਾਲ਼ੇ ਰੋਬਿਨ ਅਤੇ ਆਮ ਹਰੇ ਮੈਗਪੀਜ਼ ਵਰਗੇ ਛੋਟੇ ਪੰਛੀਆਂ 'ਤੇ ਮਾੜਾ ਅਸਰ ਪੈ ਰਿਹਾ ਹੈ। ਉਹ ਗਰਮੀ ਤੋਂ ਬਚਣ ਲਈ ਉਚਾਈਆਂ 'ਤੇ ਜਾ ਰਹੇ ਹਨ।
ਅੱਗੇ ਉਹ ਕਹਿੰਦੇ ਹਨ,''ਵਿਸ਼ਵ ਪ੍ਰਸਿੱਧ ਇਹ ਪੰਛੀ ਸਮੁੰਦਰ ਤਲ ਤੋਂ 2,000 ਤੋਂ 2,300 ਮੀਟਰ ਦੇ ਵਿਚਕਾਰ ਹੁਣ 2 ਵਰਗ ਕਿਲੋਮੀਟਰ ਦੇ ਘੇਰੇ ਵਿੱਚ ਪਾਇਆ ਜਾਂਦਾ ਹੈ। ਪਰ ਤਾਪਮਾਨ ਵਿੱਚ ਵਾਧੇ ਕਾਰਨ ਲਿਓਸਿਚਾਲਾ ਨੂੰ ਵੀ ਅੱਗੇ ਵੱਲ ਵੱਧਣਾ ਪਿਆ। ਅਤੇ ਜੇ ਇੰਝ ਹੁੰਦਾ ਹੈ, ਤਾਂ ਲੋਕ ਵੀ ਉੱਪਰ ਵੱਲ ਨੂੰ ਚਲੇ ਜਾਂਦੇ ਹਨ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਕਮਿਊਨਿਟੀ ਰਿਜ਼ਰਵ ਦੇ ਉੱਚੇ ਪਹਾੜ ਬਣਾਏ ਗਏ ਹਨ। ਸ੍ਰੀਨਿਵਾਸਨ ਨੇ ਕਿਹਾ,''ਐੱਸਬੀਵੀਸੀਆਰ ਨੂੰ 1300 ਤੋਂ 3300 ਮੀਟਰ ਦੀ ਉਚਾਈ ਤੱਕ ਕਵਰ ਕਰਨ ਲਈ ਤਿਆਰ ਕੀਤਾ ਗਿਆ ਹੈ।'' ਤਪਸ਼ ਤੋਂ ਬਚਾਅ ਲਈ ਪੰਛੀਆਂ ਦੇ ਉਚਾਈਆਂ ਵੱਲ ਪ੍ਰਵਾਸ ਕਰਨ ਬਾਰੇ ਜਾਣਨ ਲਈ ਸੰਕਟ ਦੀ ਘੜੀ ਮਨੁੱਖ ਦੀ ਰਹਿਨੁਮਾਈ ਕਰਦੇ ਪੰਛੀ ਪੜ੍ਹੋ।
ਪਰ ਸੀੱਐਫਆਰ ਦੀ ਸਥਾਪਨਾ ਵਿੱਚ ਵੀ ਕੁਝ ਇਤਰਾਜ਼ ਹਨ।
"ਸਾਡਾ ਆਪਣੇ ਜੰਗਲਾਂ ਨਾਲ਼ ਸੰਪਰਕ ਟੁੱਟ ਗਿਆ ਹੈ। ਇਸ ਤੋਂ ਪਹਿਲਾਂ, ਅਸੀਂ ਇਸੇ ਕਾਰਨ ਇੱਕ ਕਮਿਊਨਿਟੀ ਰਿਜ਼ਰਵ ਜੰਗਲ ਬਣਾਉਣ 'ਤੇ ਇਤਰਾਜ਼ ਕੀਤਾ ਸੀ," ਇੱਕ ਸਥਾਨਕ ਠੇਕੇਦਾਰ, ਸਾਂਗ ਨੋਰਬੂ ਸਰਾਏ ਕਹਿੰਦੇ ਹਨ। "ਜੰਗਲਾਤ ਵਿਭਾਗ ਜ਼ਮੀਨ ਖੋਹ ਲੈਂਦਾ ਹੈ ਪਰ ਲੋਕਾਂ ਨੂੰ ਬਦਲੇ ਵਿੱਚ ਕੁਝ ਨਹੀਂ ਮਿਲਦਾ," ਸਿੰਘਚੁੰਗ ਦੇ ਵਸਨੀਕ, ਬੁਗੁਨ ਭਾਈਚਾਰੇ ਦੀ ਨਰਬੂ ਸਰਾਏ ਕਹਿੰਦੇ ਹਨ।
ਪਰ ਰਿਜ਼ਰਵ ਜੰਗਲ ਵਿੱਚ ਪਾਣੀ ਦੇ ਸਰੋਤ ਨੇ ਉਨ੍ਹਾਂ ਨੂੰ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। "ਸਿੰਗਚੁੰਗ ਦਾ ਨਾਮ ਜਲ ਸਰੋਤ ਦੇ ਨਾਮ 'ਤੇ ਰੱਖਿਆ ਗਿਆ ਹੈ ਅਤੇ ਉੱਥੋਂ ਸ਼ਹਿਰ ਨੂੰ ਪਾਣੀ ਮਿਲ਼ਦਾ ਹੈ। ਜਲ ਸਰੋਤ ਦੀ ਰੱਖਿਆ ਲਈ, ਸਾਨੂੰ ਜੰਗਲ ਦੀ ਸੰਭਾਲ਼ ਕਰਨੀ ਪਈ, ਖਾਸ ਕਰਕੇ ਜੰਗਲਾਂ ਦੀ ਕਟਾਈ ਦੀ," ਇੱਕ ਸਾਬਕਾ ਸਥਾਨਕ ਠੇਕੇਦਾਰ, ਸਰਾਏ ਕਹਿੰਦੇ ਹਨ। ''ਅਸੀਂ ਆਪਣੀ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਪਾਣੀ ਬਚਾਉਣਾ ਚਾਹੁੰਦੇ ਹਾਂ।'' ਐੱਸਬੀਵੀਸੀਆਰ ਵੀ ਉਸੇ ਦਿਸ਼ਾ ਵੱਲ ਵੱਧ ਰਿਹਾ ਹੈ।
ਅਸਾਮ ਦੇ ਤੇਜਪੁਰ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਦੇ ਈਗਲਨੈਸਟ ਤੱਕ, ਤੁਸੀਂ ਪੂਰੇ ਖੇਤਰ ਵਿੱਚ ਬੁਗੁਨ ਲਿਓਸਿਚਲਾ ਪੰਛੀ ਦੇਖ ਸਕਦੇ ਹੋ। ਬੁਗੁਨ ਭਾਈਚਾਰੇ ਦੇ ਬਚਾਅ ਦੇ ਯਤਨਾਂ ਕਾਰਨ ਇਹ ਪੰਛੀ ਮਸ਼ਹੂਰ ਹੋ ਗਿਆ। ਸਰਾਏ ਕਹਿੰਦੇ ਹਨ, "ਅੱਜ ਦੁਨੀਆ ਵਿੱਚ ਸਾਡਾ ਨਾਮ ਹੈ, ਸਾਨੂੰ ਲੋਕ ਜਾਣਦੇ ਹਨ। ਸਾਨੂੰ ਹੋਰ ਕੀ ਚਾਹੀਦੈ?"
ਤਰਜਮਾ: ਕਮਲਜੀਤ ਕੌਰ