ਖੇਲਾ ਹੋਬੇ ਅਤੇ ਅਬਕੀ ਬਾਰ 400 ਪਾਰ ਦੇ ਦਾਅਵਿਆਂ ਦੇ ਵਿਚਕਾਰ ਉਲਝਿਆ ਸਾਡਾ ਗ੍ਰਹਿ ਰਾਜ ਆਪਣੇ ਛੋਟੇ ਰੂਪ ਵਿੱਚ ਭਾਰਤ ਦਾ ਪ੍ਰਤੀਬਿੰਬ ਜਾਪਦਾ ਹੈ, ਜਿੱਥੇ ਸਰਕਾਰੀ ਯੋਜਨਾਵਾਂ, ਸਿੰਡੀਕੇਟ ਮਾਫੀਆ, ਸਰਕਾਰੀ ਗ੍ਰਾਂਟਾਂ ਅਤੇ ਅਧਿਕਾਰ ਅੰਦੋਲਨਾਂ ਦਾ ਮਿਲ਼ਗੋਭਾ ਬਣਿਆ ਰਹਿੰਦਾ ਹੈ।
ਸਾਡੀ ਨਾਉਮੀਦ ਧਰਤੀ ਬੇਘਰੇ ਪ੍ਰਵਾਸੀਆਂ ਅਤੇ ਨੌਕਰੀਆਂ ਵਿੱਚ ਫਸੇ ਬੇਰੁਜ਼ਗਾਰ ਨੌਜਵਾਨਾਂ ਨਾਲ਼ ਭਰੀ ਪਈ ਹੈ, ਕੇਂਦਰ ਬਨਾਮ ਰਾਜ ਦੀ ਲੜਾਈ ਵਿੱਚ ਪਿਸਦੇ ਆਮ ਲੋਕ ਹਨ, ਜਲਵਾਯੂ ਤਬਦੀਲੀ ਦੀ ਮਾਰ ਝੱਲਦੇ ਕਿਸਾਨ ਹਨ ਅਤੇ ਕੱਟੜਪੰਥੀ ਬਿਆਨਬਾਜ਼ੀ ਦਾ ਸਾਹਮਣਾ ਕਰਦੇ ਘੱਟ ਗਿਣਤੀ ਭਾਈਚਾਰੇ ਹਨ। ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ, ਸਰੀਰ ਬੇਜਾਨ ਹੋ ਰਿਹਾ ਹੈ। ਜਾਤ, ਵਰਗ, ਲਿੰਗ, ਭਾਸ਼ਾ, ਨਸਲ, ਧਰਮ ਜਿਨ੍ਹਾਂ ਚੌਰਾਹਿਆਂ 'ਤੇ ਟਕਰਾਉਂਦੇ ਹਨ, ਉੱਥੇ ਹੀ ਹੜਕੰਪ ਮੱਚ ਜਾਂਦਾ ਹੈ।
ਇਸ ਹੰਗਾਮੇ ਦੇ ਵਿਚਕਾਰ ਡੁੱਬਦੇ-ਤਰਦੇ, ਅਸੀਂ ਉਨ੍ਹਾਂ ਲੋਕਾਂ ਦੀਆਂ ਆਵਾਜ਼ਾਂ ਸੁਣਦੇ ਹਾਂ ਜੋ ਦੁਚਿੱਤੀ ਵਿੱਚ ਹਨ, ਬੇਸਹਾਰਾ, ਉਦਾਸੀਨ ਹਨ ਅਤੇ ਜਿਨ੍ਹਾਂ ਨੇ ਸੱਤਾ ਦੇ ਝੂਠ ਨੂੰ ਫੜ੍ਹਨਾ ਸਿੱਖ ਲਿਆ ਹੈ। ਸੰਦੇਸ਼ਖਾਲੀ ਤੋਂ ਲੈ ਕੇ ਹਿਮਾਲਿਆ ਦੀਆਂ ਪਹਾੜੀਆਂ ਦੇ ਚਾਹ-ਬਗ਼ਾਨਾਂ ਤੱਕ, ਕੋਲਕਾਤਾ ਤੋਂ ਲੈ ਕੇ ਰਾਰ ਦੇ ਭੁੱਲੇ-ਵਿਸਰੇ ਖੇਤਰਾਂ ਤੱਕ, ਅਸੀਂ- ਇੱਕ ਰਿਪੋਰਟਰ ਅਤੇ ਇੱਕ ਕਵੀ-ਘੁੰਮੇ ਫਿਰੇ। ਹਰ ਕਿਸੇ ਦੀ ਗੱਲ ਸੁਣੀ, ਜੋ ਕੁਝ ਦੇਖਿਆ, ਉਸ ਨੂੰ ਰਿਕਾਰਡ ਕੀਤਾ, ਤਸਵੀਰਾਂ ਖਿੱਚੀਆਂ ਅਤੇ ਗੱਲਾਂ ਕੀਤੀਆਂ।

















