ਝਾਰਖੰਡ ਦੇ ਬੋਰੋਤਿਕਾ ਵਿਖੇ, ਗਰਭ ਅਵਸਥਾ ਦੌਰਾਨ ਦਿੱਕਤਾਂ ਦਾ ਸਾਹਮਣਾ ਕਰ ਰਹੀ ਕਿਸੇ ਵੀ ਔਰਤ ਨੂੰ ਡਾਕਟਰ ਨੂੰ ਦਿਖਾਉਣ ਵਾਸਤੇ ਸਰਹੱਦ ਪਾਰ ਕਰਕੇ ਓੜੀਸਾ ਜਾਣਾ ਪੈਂਦਾ ਹੈ।
ਇਹ ਸਿਰਫ਼ ਇਕੱਲੀ ਉਸਦੀ ਕਹਾਣੀ ਨਹੀਂ ਹੈ – ਜੇ ਤੁਸੀਂ ਇੱਕ ਪੇਂਡੂ ਖੇਤਰ ਵਿੱਚ ਰਹਿਣ ਵਾਲ਼ੀ ਔਰਤ ਹੋ, ਤਾਂ ਨੇੜੇ-ਤੇੜੇ ਕਿਸੇ ਗਾਇਨੀਕੋਲੋਜਿਸਟ ਜਾਂ ਸਰਜਨ ਨੂੰ ਲੱਭਣਾ ਕੋਈ ਆਸਾਨ ਕੰਮ ਨਹੀਂ ਹੈ। ਇਨ੍ਹਾਂ ਖੇਤਰਾਂ ਵਿੱਚ ਕਮਿਊਨਿਟੀ ਹੈਲਥ ਸੈਂਟਰਾਂ (ਸੀਐਚਸੀ) ਵਿੱਚ ਉਪਲਬਧ ਬੁਨਿਆਦੀ ਢਾਂਚੇ ਵਿੱਚ ਲੋੜੀਂਦੇ ਜਣੇਪਾ ਮਾਹਰਾਂ ਦੀ ਗਿਣਤੀ ਵਿੱਚ 74.2 ਪ੍ਰਤੀਸ਼ਤ ਦੀ ਕਮੀ ਹੈ।
ਜੇ ਤੁਸੀਂ ਇੱਕ ਜਵਾਨ ਮਾਂ ਹੋ ਅਤੇ ਤੁਹਾਡਾ ਬੱਚਾ ਬਿਮਾਰ ਹੈ ਤਾਂ ਸੀਐੱਚਸੀ ਵਿਖੇ ਕਿਸੇ ਬੱਚਿਆਂ ਦੇ ਮਾਹਰ ਡਾਕਟਰ ਨੂੰ ਮਿਲਣਾ ਵੀ ਆਸਾਨ ਨਹੀਂ ਹੈ। ਇਹ ਇਸ ਲਈ ਹੈ ਕਿਉਂਕਿ ਡਾਕਟਰਾਂ ਅਤੇ ਬੱਚਿਆਂ ਦੇ ਮਾਹਰਾਂ ਦੀਆਂ 80 ਪ੍ਰਤੀਸ਼ਤ ਅਸਾਮੀਆਂ ਭਰੀਆਂ ਨਹੀਂ ਗਈਆਂ।
ਸਾਨੂੰ ਇਹ ਜਾਣਕਾਰੀ 2021-22 ਦੀ ਪੇਂਡੂ ਸਿਹਤ ਸੰਖਿਆਕੀ ਰਿਪੋਰਟ ਤੋਂ ਮਿਲੀ ਹੈ। ਇਹ ਅਤੇ ਹੋਰ ਮਹੱਤਵਪੂਰਨ ਰਿਪੋਰਟਾਂ, ਖੋਜ ਪੱਤਰ ਅਤੇ ਅੰਕੜੇ, ਕਾਨੂੰਨ ਅਤੇ ਨਿਯਮਵਲੀਆਂ PARI ਹੈਲਥ ਆਰਕਾਈਵਜ਼ ਸੈਕਸ਼ਨ ਵਿੱਚ ਉਪਲਬਧ ਹਨ ਅਤੇ ਭਾਰਤ ਵਿੱਚ ਔਰਤਾਂ ਦੀ ਸਿਹਤ ਸਥਿਤੀ ਦਾ ਵਰਣਨ ਕਰਨ ਅਤੇ ਬਿਹਤਰ ਤਰੀਕੇ ਨਾਲ਼ ਸਮਝਣ ਲਈ ਅਹਿਮ ਸਰੋਤਾਂ ਵਜੋਂ ਕੰਮ ਕਰਦੀਆਂ ਹਨ।
ਲਾਈਬ੍ਰੇਰੀ ਦਾ ਇਹ ਕੋਨਾ ਪੇਂਡੂ ਭਾਰਤ ਦੀਆਂ ਔਰਤਾਂ ਦੀ ਸਿਹਤ ਤੇ ਉਨ੍ਹਾਂ ਦੇ ਸੁਭਾਅ ਦੀਆਂ ਅਨਿਸ਼ਚਤਤਾਵਾਂ 'ਤੇ ਚਾਨਣਾ ਪਾਉਂਦਾ ਹੈ। ਪ੍ਰਜਨਨ ਸਿਹਤ ਤੋਂ ਲੈ ਕੇ ਜਿਨਸੀ ਹਿੰਸਾ ਤੱਕ, ਮਾਨਸਿਕ ਸਿਹਤ ਤੋਂ ਲੈ ਕੇ ਕੋਵਿਡ -19 ਮਹਾਂਮਾਰੀ ਦੇ ਪ੍ਰਭਾਵ ਤੱਕ, ਪਾਰੀ ਹੈਲਥ ਆਰਕਾਈਵ ਨੇ ਔਰਤਾਂ ਦੀ ਸਿਹਤ ਦੇ ਕਈ ਪਹਿਲੂਆਂ ਨੂੰ ਕਵਰ ਕੀਤਾ ਹੈ ਤਾਂ ਜੋ 'ਆਮ ਲੋਕਾਂ ਦੇ ਰੋਜ਼ਮੱਰਾ ਦੇ ਜੀਵਨ' ਨੂੰ ਕਵਰ ਕਰਨ ਦੀ ਪਾਰੀ ਦੀ ਕੋਸ਼ਿਸ਼ ਨੂੰ ਅਰਥਪੂਰਨ ਬਣਾਇਆ ਜਾ ਸਕੇ।









