ਪੀ. ਪੂਕੋੜੀ
ਮਛਵਾਰਨ
ਸੇਰੁਤੂਰ, ਨਾਗਾਪੱਟੀਣਮ, ਤਮਿਲਨਾਡੂ
ਮੇਰੇ ਵਿਆਹ ਨੂੰ 14 ਸਾਲ ਹੋ ਚੁੱਕੇ ਹਨ। ਉਦੋਂ ਤੋਂ ਹੀ ਮੈਂ ਆਪਣੇ ਜੱਦੀ ਪਿੰਡ ਦੇ ਸਮੁੰਦਰੀ ਕਿਨਾਰੇ ’ਤੇ ਨਹੀਂ ਗਈ। ਪਰ ਕੈਮਰੇ ਜ਼ਰੀਏ ਮੈਂ ਸਮੁੰਦਰ ਤੱਕ ਚਲੀ ਗਈ। ਕਿਵੇਂ ਕਿਸ਼ਤੀਆਂ ਸਮੁੰਦਰ ’ਚ ਧੱਕੀਆਂ ਜਾਂਦੀਆਂ ਹਨ, ਮੱਛੀਆਂ ਫੜਨ ਦੀ ਤਕਨੀਕ, ਅਤੇ ਔਰਤਾਂ ਦਾ ਇਸ ਭਾਈਚਾਰੇ ’ਚ ਯੋਗਦਾਨ – ਮੈਂ ਇਸ ਸਭ ਦਾ ਦਸਤਾਵੇਜੀਕਰਨ ਕੀਤਾ।
ਕਿਸੇ ਨੂੰ ਸਿਰਫ਼ ਤਸਵੀਰਾਂ ਲੈਣੀਆਂ ਸਿਖਾਉਣਾ ਸੌਖਾ ਕੰਮ ਹੈ ਪਰ ਇੱਕ ਫ਼ੋਟੋਗ੍ਰਾਫ਼ਰ ਨੂੰ ਤਸਵੀਰਾਂ ਜ਼ਰੀਏ ਕਹਾਣੀਆਂ ਕਹਿਣ ਦੀ ਸਿਖਲਾਈ ਦੇਣਾ ਕੋਈ ਛੋਟੀ ਗੱਲ ਨਹੀਂ – ਪਲਾਨੀ ਸਾਡੇ ਲਈ ਇਹੀ ਕਰ ਰਹੇ ਹਨ। ਸਾਡੀ ਟ੍ਰੇਨਿੰਗ ’ਚ ਉਹਨਾਂ ਨੇ ਸਾਨੂੰ ਸਮਝਾਇਆ ਕਿ ਤਸਵੀਰ ਲੈਣ ਤੋਂ ਪਹਿਲਾਂ ਲੋਕਾਂ ਨਾਲ ਤਾਲਮੇਲ ਕਿਵੇਂ ਬਿਠਾਉਣਾ ਹੈ। ਮੇਰੇ ’ਚ ਲੋਕਾਂ ਦੀ ਤਸਵੀਰ ਲੈਣ ਦਾ ਵਿਸ਼ਵਾਸ ਜਾਗਿਆ।
ਮੈਂ ਮਛਵਾਰਾ ਭਾਈਚਾਰੇ ਦੇ ਵੱਖੋ-ਵੱਖਰੇ ਰੁਜ਼ਗਾਰਾਂ ਦੀਆਂ ਤਸਵੀਰਾਂ ਲਈਆਂ ਜਿਹਨਾਂ ਵਿੱਚ ਵੇਚਣਾ, ਸਾਫ਼ ਕਰਨਾ ਅਤੇ ਮੱਛੀਆਂ ਦੀ ਬੋਲੀ ਲਾਉਣਾ ਸ਼ਾਮਲ ਹਨ। ਇਸ ਮੌਕੇ ਨਾਲ ਮੈਨੂੰ ਇਸ ਭਾਈਚਾਰੇ ਦੀਆਂ ਮਹਿਲਾਵਾਂ ਜੋ ਵਿਕਰੇਤਾਵਾਂ ਦਾ ਕੰਮ ਕਰਦੀਆਂ ਹਨ, ਉਹਨਾਂ ਦਾ ਜੀਵਨ ਦੇਖਣ-ਸਮਝਣ ਵਿੱਚ ਵੀ ਮਦਦ ਮਿਲੀ। ਇਸ ਕੰਮ ਵਿੱਚ ਉਹਨਾਂ ਨੂੰ ਆਪਣੇ ਸਿਰ ’ਤੇ ਮੱਛੀਆਂ ਨਾਲ ਭਰੀਆਂ ਭਾਰੀ ਟੋਕਰੀਆਂ ਰੱਖਣੀਆਂ ਪੈਂਦੀਆਂ ਹਨ।
ਕੁੱਪੂਸਵਾਮੀ ’ਤੇ ਕੀਤੀ ਫੋਟੋ ਕਹਾਣੀ ਨਾਲ ਮੈਨੂੰ ਉਹਨਾਂ ਦੀ ਜ਼ਿੰਦਗੀ ਬਾਰੇ ਪਤਾ ਲੱਗਿਆ – ਕਿਵੇਂ ਉਹਨਾਂ ਨੂੰ ਸਰਹੱਦ ਨੇੜੇ ਮੱਛੀ ਫੜਦਿਆਂ ਸ੍ਰੀ ਲੰਕਾ ਦੀ ਸਮੁੰਦਰੀ ਫੌਜ ਨੇ ਗੋਲੀ ਮਾਰ ਦਿੱਤੀ। ਉਹਨਾਂ ਦੇ ਹੱਥ-ਲੱਤਾਂ ਨਕਾਰਾ ਹੋ ਗਏ ਅਤੇ ਉਹਨਾਂ ਦੇ ਬੋਲਣ ’ਤੇ ਵੀ ਇਸਦਾ ਅਸਰ ਪਿਆ।
ਮੈਂ ਉਹਨਾਂ ਨੂੰ ਮਿਲਣ ਗਈ ਅਤੇ ਉਹਨਾਂ ਦੇ ਨਿੱਤ ਦਿਨ ਦੇ ਕੰਮ ਜਿਵੇਂ ਕੱਪੜੇ ਧੋਣਾ, ਬਾਗਵਾਨੀ ਕਰਨਾ ਅਤੇ ਸਫਾਈ ਕਰਨਾ ਨੂੰ ਦੇਖਦੀ ਰਹੀ। ਮੈਂ ਦੇਖਿਆ ਕਿ ਉਹਨਾਂ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹਨਾਂ ਦੇ ਹੱਥ ਅਤੇ ਲੱਤਾਂ ਕੰਮ ਨਹੀਂ ਕਰਦੀਆਂ। ਉਹਨਾਂ ਮੈਨੂੰ ਵਿਖਾਇਆ ਕਿ ਉਹ ਦੁਨਿਆਵੀ ਕੰਮ ਕਰਦੇ ਸਭ ਤੋਂ ਜ਼ਿਆਦਾ ਖੁਸ਼ ਸਨ। ਉਹਨਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਉਹਨਾਂ ਦੇ ਅਪਾਹਜ ਹੋਣ ਨੇ ਬਾਹਰੀ ਦੁਨੀਆ ਦਾ ਰਾਹ ਬੰਦ ਕਰ ਦਿੱਤਾ ਹੈ, ਅਤੇ ਕਈ ਵਾਰ ਉਹ ਕਹਿੰਦੇ ਹਨ ਕਿ ਉਹਨਾਂ ਅੰਦਰ ਇੱਕ ਖਾਲੀਪਣ ਹੈ ਜੋ ਉਹਨਾਂ ਨੂੰ ਮਰਨ ਲਈ ਉਕਸਾਉਂਦਾ ਹੈ।
ਮੈਂ ਛੋਟੀਆਂ ਮੱਛੀਆਂ ਫੜਦੇ ਮਛਵਾਰਿਆਂ ’ਤੇ ਇੱਕ ਫੋਟੋ ਲੜੀ ਬਣਾਈ। ਛੋਟੀਆਂ ਮੱਛੀਆਂ ਇੱਕੋ ਸਮੇਂ ਸੈਂਕੜਿਆਂ ਦੀ ਤਾਦਾਦ ’ਚ ਫੜੀਆਂ ਜਾਂਦੀਆਂ ਹਨ ਅਤੇ ਇਸੇ ਲਈ ਉਹਨਾਂ ਨੂੰ ਸਾਂਭਣਾ ਹੀ ਆਪਣੇ ਆਪ ਵਿੱਚ ਵੱਡੀ ਚੁਣੌਤੀ ਬਣ ਜਾਂਦਾ ਹੈ। ਕਿਵੇਂ ਪੁਰਸ਼ ਤੇ ਮਹਿਲਾਵਾਂ ਇਕੱਠੇ ਜਾਲਾਂ ਤੋਂ ਇਹਨਾਂ ਮੱਛੀਆਂ ਨੂੰ ਵੱਖ ਕਰਦੇ ਹਨ ਅਤੇ ਬਰਫ ਦੇ ਡੱਬੇ ’ਚ ਰੱਖਦੇ ਹਨ, ਮੈਂ ਇਸ ਸਭ ਦੀਆਂ ਤਸਵੀਰਾਂ ਲਈਆਂ।
ਇਸੇ ਸਮਾਜ ’ਚੋਂ ਹੋਣ ਦੇ ਬਾਵਜੂਦ ਇੱਕ ਮਹਿਲਾ ਫ਼ੋਟੋਗ੍ਰਾਫ਼ਰ ਹੋਣਾ ਇੱਕ ਚੁਣੌਤੀ ਹੈ, ਸਾਨੂੰ ਸਵਾਲ ਕੀਤੇ ਜਾਂਦੇ ਹਨ, “ਤੁਸੀਂ ਇਹਨਾਂ ਦੀਆਂ ਤਸਵੀਰਾਂ ਕਿਉਂ ਲੈ ਰਹੇ ਹੋ? ਔਰਤਾਂ ਤਸਵੀਰਾਂ ਕਿਉਂ ਲੈਣ?”
ਇਹ ਮਛਵਾਰਨ ਜੋ ਆਪਣੀ ਪਛਾਣ ਹੁਣ ਇੱਕ ਫ਼ੋਟੋਗ੍ਰਾਫ਼ਰ ਦੇ ਤੌਰ ’ਤੇ ਦੇਖਦੀ ਹੈ, ਪਲਾਨੀ ਅੰਨਾ ਉਸ ਪਿੱਛੇ ਇੱਕ ਵੱਡੀ ਤਾਕਤ ਹਨ।