ਤੂਫ਼ਾਨੀ ਅਤੇ ਉਹਨਾਂ ਦੀ ਹੋਰ ਜੁਲਾਹਿਆਂ ਦੀ ਟੀਮ ਸਵੇਰੇ 6:30 ਵਜੇ ਤੋਂ ਕੰਮ ਵਿੱਚ ਰੁੱਝੀ ਹੋਈ ਹੈ। 12 ਇੰਚ ਪ੍ਰਤੀ ਦਿਨ ਦੀ ਰਫ਼ਤਾਰ ਨਾਲ਼ ਇਹ ਚਾਰੇ ਜਣੇ 23 x 6 ਫੁੱਟ ਦਾ ਗਲੀਚਾ 40 ਦਿਨਾਂ ਵਿੱਚ ਪੂਰਾ ਕਰ ਲੈਣਗੇ।
ਦੁਪਿਹਰ ਦੇ 12:30 ਕੁ ਵਜੇ ਤੂਫ਼ਾਨੀ ਬਿੰਦ ਲੱਕੜ ਦੇ ਬੈਂਚ ' ਤੇ ਆਰਮ ਕਰਨ ਲਈ ਬੈਠਦੇ ਹਨ। ਉੱਤਰ ਪ੍ਰਦੇਸ਼ ਦੇ ਪਿੰਡ ਪੁਰਜਾਗੀਰ ਮੁਜੇਹਾਰਾ ਵਿਖੇ ਆਪਣੀ ਵਰਕਸ਼ਾਪ ਦੇ ਟੀਨ ਦੇ ਸ਼ੈਡ ਵਿੱਚ ਬੈਠੇ ਹਨ ਜਿੱਥੇ ਉਹਨਾਂ ਦੇ ਪਿੱਛੇ ਲੱਕੜ ਦੇ ਫਰੇਮ ਉੱਪਰ ਚਿੱਟੇ ਰੰਗ ਦੇ ਸੂਤੀ ਧਾਗੇ ਟੰਗੇ ਹੋਏ ਹਨ। ਇਹ ਸੂਬੇ ਦੀ ਕਾਲੀਨ ਬੁਣਾਈ ਉਦਯੋਗ ਦਾ ਦਿਲ ਹੈ ਜਿਸ ਕਲਾ ਨੂੰ ਮਿਰਜ਼ਾਪੁਰ ਵਿੱਚ ਮੁਗ਼ਲ ਲੈ ਕੇ ਆਏ ਅਤੇ ਅੰਗਰੇਜਾਂ ਨੇ ਇਸ ਦਾ ਉਦਯੋਗੀਕਰਨ ਕੀਤਾ ਸੀ। ਸਾਲ 2020 ਦੀ ਭਾਰਤੀ ਹੈਂਡਲੂਮ ਜਨਗਣਨਾ ਅਨੁਸਾਰ ਕਾਲੀਨ, ਗਲੀਚੇ ਆਦਿ ਬਣਾਉਣ ਵਿੱਚ ਯੂ. ਪੀ. ਮੋਹਰੀ ਹੈ ਜਿਸ ਦਾ ਰਾਸ਼ਟਰੀ ਉਤਪਾਦਨ ਵਿੱਚ 47 ਪ੍ਰਤੀਸ਼ਤ ਹਿੱਸਾ ਹੈ।
ਮਿਰਜ਼ਾਪੁਰ ਸ਼ਹਿਰ ਵੱਲੋਂ ਹਾਈਵੇ ਤੋਂ ਉੱਤਰ ਕੇ ਪੁਰਜਾਗੀਰ ਮੁਜੇਹਾਰਾ ਪਿੰਡ ਦੀ ਸੜਕ ' ਤੇ ਚੱਲਦਿਆਂ ਰਾਹ ਹੋਰ ਸੰਕਰਾ ਹੁੰਦਾ ਜਾਂਦਾ ਹੈ। ਸੜਕ ਦੇ ਦੋਵੇਂ ਪਾਸੇ ਇੱਕ ਮੰਜ਼ਿਲ੍ਹੇ ਪੱਕੇ ਘਰ ਅਤੇ ਕਾਨਿਆਂ ਦੀ ਛੱਤ ਵਾਲ਼ੇ ਕੱਚੇ ਘਰ ਹਨ। ਹਵਾ ਵਿੱਚ ਪਾਥੀਆਂ ਦਾ ਧੂੰਆਂ ਉੱਪਰ ਵੱਲ ਨੂੰ ਉੱਠ ਰਿਹਾ ਹੈ। ਦਿਨ ਵੇਲੇ ਆਦਮੀ ਘਰ ਤੋਂ ਬਾਹਰ ਘੱਟ ਹੀ ਦਿਖਾਈ ਦਿੰਦੇ ਹਨ। ਪਰ ਔਰਤਾਂ ਘਰ ਦੇ ਕੰਮ ਕਾਰ ਕਰਦੀਆਂ, ਨਲਕੇ ਹੇਠਾਂ ਕੱਪੜੇ ਧੋਂਦੀਆਂ ਜਾਂ ਫੇਰ ਸਬਜ਼ੀ ਜਾਂ ਚੂੜੀਆਂ ਵਾਲ਼ੇ ਫੇਰੀ ਵਾਲ਼ੇ ਨਾਲ਼ ਗੱਲਬਾਤ ਕਰਦੀਆਂ ਦਿਖਾਈ ਦੇ ਜਾਂਦੀਆਂ ਹਨ।
ਬਾਹਰੋਂ ਤਾਂ ਪਤਾ ਹੀ ਨਹੀਂ ਚੱਲਦਾ ਕਿ ਇਹ ਜੁਲਾਹਿਆਂ ਦਾ ਮੁਹੱਲਾ ਹੈ- ਕੋਈ ਗਲੀਚਾ ਬਾਹਰ ਟੰਗਿਆ ਦਿਖਾਈ ਨਹੀਂ ਦਿੰਦਾ। ਭਾਵੇਂ ਕਿ ਗਲੀਚਿਆਂ ਦੀ ਬੁਣਾਈ ਲਈ ਘਰ ਵਿੱਚ ਵੱਖਰੀ ਥਾਂ ਜਾਂ ਕਮਰਾ ਰੱਖਿਆ ਹੁੰਦਾ ਹੈ ਪਰ ਤਿਆਰ ਹੁੰਦਿਆਂ ਹੀ ਗਲੀਚੇ ਨੂੰ ਧੁਆਈ ਤੇ ਸਫਾਈ ਲਈ ਵਿਚੋਲੀਏ ਲੈ ਜਾਂਦੇ ਹਨ।
ਆਰਾਮ ਫ਼ਰਮਾਉਂਦੇ ਹੋਏ ਤੂਫ਼ਾਨੀ ਪਾਰੀ ਨੂੰ ਦੱਸਦੇ ਹਨ,”ਮੈਂ ਇਹ ਬੁਣਾਈ ਆਪਣੇ ਪਿਤਾ ਤੋਂ ਸਿੱਖੀ ਸੀ ਅਤੇ 12-13 ਸਾਲ ਦੀ ਉਮਰ ਤੋਂ ਇਹ ਕੰਮ ਕਰ ਰਿਹਾ ਹਾਂ”। ਉਹਨਾਂ ਦਾ ਪਰਿਵਾਰ ਬਿੰਦ ਭਾਈਚਾਰੇ (ਸੂਬੇ ਵਿੱਚ ਹੋਰ ਪਿਛੜੇ ਵਰਗ ਵਜੋਂ ਦਰਜ) ਨਾਲ਼ ਸਬੰਧ ਰੱਖਦੇ ਹਨ। ਜਨਗਣਨਾ ਅਨੁਸਾਰ ਯੂ. ਪੀ. ਵਿੱਚ ਜਿਆਦਾਤਰ ਜੁਲਾਹੇ ਹੋਰ ਪਿਛੜੇ ਵਰਗ (ਓ . ਬੀ. ਸੀ.) ਨਾਲ਼ ਸਬੰਧ ਰੱਖਦੇ ਹਨ।
ਘਰਾਂ ਵਿੱਚ ਬਣੀ ਹੋਈ ਵਰਕਸ਼ਾਪ ਬਹੁਤ ਥੋੜੀ ਥਾਂ ਵਿੱਚ ਬਣੀ ਹੋਈ ਕੱਚੀ ਫ਼ਰਸ਼ ਵਾਲ਼ੀ ਥਾਂ ਹੁੰਦੀ ਹੈ। ਇੱਥੇ ਇੱਕ ਦਰਵਾਜ਼ਾ ਤੇ ਇੱਕ ਖਿੜਕੀ ਖੁੱਲੀ ਹੁੰਦੀ ਹੈ ਤਾਂ ਕਿ ਹਵਾ ਦਾ ਵਹਾਅ ਬਣਿਆ ਰਹੇ ਅਤੇ ਕਮਰੇ ਵਿੱਚ ਜਿਆਦਾ ਥਾਂ ਤਾਂ ਖੱਡੀ ਨੇ ਘੇਰੀ ਹੁੰਦੀ ਹੈ। ਤੂਫ਼ਾਨੀ ਦੀ ਵਰਕਸ਼ਾਪ ਵਰਗੇ ਕਮਰੇ ਲੰਬੇ ਅਤੇ ਭੀੜੇ ਹੁੰਦੇ ਹਨ ਜਿੱਥੇ ਲੋਹੇ ਦੀ ਖੱਡੀ ਹੁੰਦੀ ਹੈ ਜਿਸ ' ਤੇ ਕਈ ਜੁਲਾਹੇ ਇਕੱਠੇ ਕੰਮ ਕਰਦੇ ਹਨ। ਬਾਕੀ ਵਰਕਸ਼ਾਪ ਘਰ ਦੇ ਵਿੱਚ ਹੀ ਹੁੰਦੀਆਂ ਹਨ ਜਿੱਥੇ ਲੋਹੇ ਜਾਂ ਲੱਕੜ ਦੀ ਰਾਡ ' ਤੇ ਛੋਟੀਆਂ ਖੱਡੀਆਂ ਟੰਗੀਆਂ ਹੁੰਦੀਆਂ ਹਨ ਜਿਸ ' ਤੇ ਸਾਰਾ ਪਰਿਵਾਰ ਮਿਲ ਕੇ ਕੰਮ ਕਰਦਾ ਹੈ।
ਤੂਫ਼ਾਨੀ ਜੀ ਸੂਤੀ ਧਾਗਿਆਂ ਤੇ ਉੱਨੀ ਧਾਗਿਆਂ ਨਾਲ਼ ਟਾਂਕੇ ਲਾ ਰਹੇ ਹਨ- ਤੇ ਇਸ ਕਲਾ ਨੂੰ ਗੱਠਾਂ (ਜਾਂ ਟਪਕਾ) ਦੀ ਬੁਣਾਈ ਕਿਹਾ ਜਾਂਦਾ ਹੈ। ਟਪਕਾ ਗਲੀਚੇ ਦੇ ਪ੍ਰਤੀ ਵਰਗ ਇੰਚ ਵਿੱਚ ਲੱਗੇ ਟਾਂਕਿਆਂ ਦੀ ਗਿਣਤੀ ਨੂੰ ਕਹਿੰਦੇ ਹਨ। ਇਹ ਕੰਮ ਬਾਕੀ ਕਿਸਮ ਦੀ ਬੁਣਤੀਆਂ ਨਾਲ਼ੋਂ ਜਿਆਦਾ ਮਿਹਨਤ ਵਾਲ਼ਾ ਹੈ ਕਿਉਂਕਿ ਜੁਲਾਹੇ ਨੇ ਇਹ ਟਾਂਕੇ ਹੱਥ ਨਾਲ਼ ਹੀ ਲਾਉਣੇ ਹੁੰਦੇ ਹਨ। ਇਸ ਲਈ ਤੂਫ਼ਾਨੀ ਜੀ ਨੂੰ ਹਰ ਥੋੜੇ ਸਮੇਂ ਬਾਅਦ ਖੜੇ ਹੋ ਕੇ ਸੂਤ ਦੇ ਖਾਕੇ ਨੂੰ ਡਾਂਬ (ਬਾਂਸ ਦਾ ਲੀਵਰ) ਨਾਲ਼ ਸਹੀ ਕਰਦੇ ਹਨ। ਵਾਰ ਵਾਰ ਉੱਠਣਾ ਬੈਠਣਾ ਕਾਫ਼ੀ ਥਕਾ ਦੇਣ ਵਾਲ਼ਾ ਕੰਮ ਹੈ।
ਗੱਠਾਂ ਵਾਲ਼ੀ ਬੁਣਾਈ ਦੇ ਉਲਟ ਗੁੱਛਿਆਂ ਵਾਲ਼ੀ ਬੁਣਾਈ ਨਵੀਂ ਤਕਨੀਕ ਹੈ ਜਿਸ ਵਿੱਚ ਕਢਾਈ ਲਈ ਛੋਟੀ ਹੱਥ ਵਾਲ਼ੀ ਮਸ਼ੀਨ ਵਰਤੀ ਜਾਂਦੀ ਹੈ। ਗੱਠਾਂ ਵਾਲ਼ੀ ਬੁਣਾਈ ਮੁਸ਼ਕਿਲ ਹੈ ਅਤੇ ਮਿਹਨਤਾਨਾ ਘੱਟ ਇਸ ਲਈ ਪਿਛਲੇ ਦੋ ਦਹਾਕਿਆਂ ਵਿੱਚ ਕਈ ਜੁਲਾਹੇ ਇਸ ਨੂੰ ਛੱਡ ਕੇ ਗੁੱਛਿਆਂ ਵਾਲ਼ੀ ਬੁਣਾਈ ਵਾਲ਼ੇ ਪਾਸੇ ਲੱਗ ਗਏ ਹਨ। ਕਈਆਂ ਨੇ ਤਾਂ ਕੰਮ ਬਿਲਕੁਲ ਹੀ ਛੜ ਦਿੱਤਾ ਕਿਉਂਕਿ 250-300 ਰੁਪਏ ਦਿਹਾੜੀ ' ਤੇ ਕੰਮ ਕਰਨਾ ਬਹੁਤ ਮੁਸ਼ਕਿਲ ਹੈ। ਮਈ 2024 ਵਿੱਚ ਸੂਬੇ ਦੇ ਕਿਰਤੀ ਵਿਭਾਗ ਨੇ ਅਰਧ ਕੁਸ਼ਲ ਕਾਮਿਆਂ ਲਈ 450 ਰੁਪਏ ਦਿਹਾੜੀ ਦਾ ਐਲਾਨ ਕੀਤਾ ਸੀ ਪਰ ਇੱਥੋਂ ਦੇ ਜੁਲਾਹਿਆਂ ਅਨੁਸਾਰ ਉਹਨਾਂ ਨੂੰ ਇਹ ਰਕਮ ਨਹੀਂ ਮਿਲ ਰਹੀ।
ਮਿਰਜ਼ਾਪੁਰ ਦੇ ਉਦਯੋਗ ਵਿਭਾਗ ਦੇ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਪੁਰਜਾਗੀਰ ਦੇ ਜੁਲਾਹਿਆਂ ਨੂੰ ਬਾਹਰੋਂ ਵੀ ਮੁਕਾਬਲੇ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਤਰ ਪ੍ਰਦੇਸ਼ ਵਿੱਚ ਸੀਤਾਪੁਰ, ਭਦੋਹੀ ਅਤੇ ਪਾਨੀਪਤ ਜ਼ਿਲ੍ਹਿਆਂ ਵਿੱਚ ਵੀ ਗਲੀਚਿਆਂ ਦੀ ਬੁਣਾਈ ਦਾ ਕੰਮ ਕੀਤਾ ਜਾਂਦਾ ਹੈ। ਉਹ ਨਾਲ਼ ਹੀ ਦੱਸਦੇ ਹਨ, “ਮੰਗ ਵਿੱਚ ਮੰਦੀ ਆਉਣ ਕਾਰਨ ਸਪਲਾਈ ' ਤੇ ਅਸਰ ਪਿਆ ਹੈ”।
ਇਸ ਦੇ ਨਾਲ਼ ਹੋਰ ਸਮੱਸਿਆਵਾਂ ਵੀ ਹਨ। 2000ਵਿਆਂ ਦੀ ਸ਼ੁਰੂਆਤ ਵਿੱਚ ਬਾਲ਼ ਮਜਦੂਰੀ ਦੇ ਇਲਜਾਮਾਂ ਨੇ ਗਲੀਚਾ ਉਦਯੋਗ ਦੇ ਅਕਸ ਨੂੰ ਢਾਹ ਲਈ ਹੈ। ਮਿਰਜ਼ਾਪੁਰ ਦੇ ਨਿਰਯਾਤਕ ਸਿੱਧ ਨਾਥ ਸਿੰਘ ਦਾ ਕਹਿਣਾ ਹੈ ਕਿ ਯੂਰੋ ਦੀ ਆਮਦ ਨਾਲ਼ ਤੁਰਕੀ ਦੇ ਮਸ਼ੀਨੀ ਗਲੀਚਿਆਂ ਨੂੰ ਚੰਗਾ ਮੁੱਲ ਮਿਲਣ ਲੱਗਾ ਤੇ ਹੌਲੀ ਹੌਲੀ ਯੂਰਪ ਦੀ ਮੰਡੀ ਸਾਡੇ ਹੱਥੋਂ ਨਿਕਲ ਗਈ। ਇਸ ਦੇ ਨਾਲ਼ ਹੀ ਉਹਨਾਂ ਨੇ ਦੱਸਿਆ ਕਿ ਸੂਬੇ ਵਿੱਚ ਪਹਿਲਾਂ 10-20 ਪ੍ਰਤੀਸ਼ਤ ਡਰ ' ਤੇ ਮਿਲਣ ਵਾਲ਼ੀ ਸਬਸਿਡੀ ਘੱਟ ਕੇ 3-5 ਪ੍ਰਤੀਸ਼ਤ ਹੀ ਰਹਿ ਗਈ।
ਸਿੰਘ, ਜੋ ਕਿ ਗਲੀਚਾ ਨਿਰਯਾਤ ਕੌਂਸਲ (ਸੀ. ਈ. ਪੀ. ਸੀ.) ਦੇ ਚੇਅਰਮੈਨ ਰਹਿ ਚੁੱਕੇ ਹਨ, ਕਹਿੰਦੇ ਹਨ, “ਦਿਹਾੜੀ ਵਿੱਚ 10-12 ਘੰਟੇ ਕੰਮ ਕਰ ਕੇ 350 ਰੁਪਏ ਕਮਾਉਣ ਨਾਲ਼ੋਂ ਬੰਦਾ ਸ਼ਹਿਰ ਜਾ ਕੇ 550 ਰੁਪਏ ਦਿਹਾੜੀ ' ਤੇ ਕੰਮ ਨਾ ਕਰ ਲਵੇ। ''
ਤੂਫ਼ਾਨੀ ਜੀ ਦੀ ਕਿਸੇ ਸਮੇਂ ਬੁਣਾਈ ਵਿੱਚ ਪੂਰੀ ਮਹਾਰਤ ਸੀ ਤੇ ਉਹ ਇੱਕੋ ਸਮੇਂ 5-10 ਅਲੱਗ ਅਲੱਗ ਰੰਗਾਂ ਦੇ ਧਾਗਿਆਂ ਨਾਲ਼ ਕੰਮ ਕਰ ਲੈਂਦੇ ਸਨ। ਪਰ ਘੱਟ ਮਿਹਨਤਾਨੇ ਨੇ ਉਹਨਾਂ ਦਾ ਜੋਸ਼ ਮੱਠਾ ਪਾ ਦਿੱਤਾ। “ਵਿਚੋਲੀਏ ਸਾਨੂੰ ਕੰਮ ਦਿਵਾਉਂਦੇ ਹਨ ਤੇ ਅਸੀਂ ਦਿਨ ਰਾਤ ਮਿਹਨਤ ਕਰਦੇ ਹਾਂ। ਪਰ ਫਿਰ ਵੀ ਸਾਡੀ ਕਮਾਈ ਕਦੇ ਉਹਨਾਂ ਦੇ ਨਾਲ਼ ਰਲ਼ ਨਹੀਂ ਸਕਦੀ,” ਉਹ ਦੁਖੀ ਹੁੰਦਿਆਂ ਕਹਿੰਦੇ ਹਨ।
ਉਹਨਾਂ ਨੂੰ ਬੁਣਾਈ ਦੇ ਹਿਸਾਬ ਨਾਲ਼ 10-12 ਘੰਟੇ ਦੀ ਸ਼ਿਫਟ ਲਈ 350 ਰੁਪਏ ਮਿਲਦੇ ਹਨ ਜੋ ਕਿ ਮਹੀਨਾ ਖਤਮ ਹੋਣ ' ਤੇ ਅਦਾ ਕੀਤੇ ਜਾਂਦੇ ਹਨ। ਉਹਨਾਂ ਅਨੁਸਾਰ ਇਹ ਸਿਸਟਮ ਖਤਮ ਹੋਣਾ ਚਾਹੀਦਾ ਹੈ ਕਿਉਂਕਿ ਇੱਥੇ ਉਹਨਾਂ ਦੀ ਮਿਹਨਤ ਕਿਸੇ ਗਿਣਤੀ ਵਿੱਚ ਨਹੀਂ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਆਪਣੀ ਕਲਾ ਅਤੇ ਮਿਹਨਤ ਲਈ ਦਿਹਾੜੀ ਦੇ ਉੱਕਾ ਪੁੱਕਾ 700 ਰੁਪਏ ਮਿਲਣੇ ਚਾਹੀਦੇ ਹਨ।
ਜੋ ਵਿਚੋਲੀਏ ਇਹਨਾਂ ਲਈ ਕੰਮ ਲੈ ਕੇ ਆਉਂਦੇ ਹਨ ਉਹਨਾਂ ਨੂੰ ਗਜ (1 ਗਜ ਲਗਭਗ 36 ਇੰਚ ਦੇ ਬਰਾਬਰ ਹੁੰਦਾ ਹੈ) ਦੇ ਹਿਸਾਬ ਨਾਲ਼ ਪੈਸੇ ਮਿਲਦੇ ਹਨ। 4-5 ਗਜ, ਜੋ ਕਿ ਆਮ ਗਲੀਚੇ ਦੀ ਲੰਬਾਈ ਹੈ, ਲਈ ਕੰਟਰੈਕਟਰ 2200 ਰੁਪਏ ਕਮਾਉਂਦਾ ਹੈ ਜਦਕਿ ਜੁਲਾਹੇ ਨੂੰ ਸਿਰਫ਼ 1200 ਰੁਪਏ ਦੀ ਹੀ ਕਮਾਈ ਹੁੰਦੀ ਹੈ। ਕੰਟਰੈਕਟਰ ਕੱਚੇ ਮਾਲ- ਕਾਤੀ (ਉੱਨੀ ਧਾਗਾ) ਅਤੇ ਸੂਤ (ਸੂਤੀ ਧਾਗਾ) ਦੀ ਖਰੀਦ ਦਾ ਖਰਚਾ ਵੀ ਚੁੱਕਦਾ ਹੈ।
ਤੂਫ਼ਾਨੀ ਜੀ ਨਹੀਂ ਚਾਹੁੰਦੇ ਕਿ ਉਹਨਾਂ ਦੇ ਚਾਰ ਪੁੱਤਰ ਅਤੇ ਇੱਕ ਧੀ ਜੋ ਸਕੂਲ ਵਿੱਚ ਪੜਦੇ ਹਨ, ਉਹਨਾਂ ਦੇ ਨਕਸ਼ੇ ਕਦਮਾਂ ' ਤੇ ਚੱਲਣ। “ਉਹ ਕਿਉਂ ਉਹੀ ਕੰਮ ਕਰਨ ਜੋ ਉਹਨਾਂ ਦੇ ਪਿਉ ਦਾਦੇ ਨੇ ਕੀਤਾ? ਕੀ ਉਹ ਪੜ ਲਿਖ ਕੇ ਕੁਝ ਵਧੀਆ ਕੰਮ ਨਹੀਂ ਕਰ ਸਕਦੇ?”
*****
ਤੂਫ਼ਾਨੀ ਅਤੇ ਉਹਨਾਂ ਦੀ ਟੀਮ ਦਿਨ ਵਿੱਚ 12 ਘੰਟੇ ਕੰਮ ਕਰ ਕੇ ਸਾਲ ਵਿੱਚ 1012 ਗਲੀਚੇ ਬਣਾ ਦਿੰਦੀ ਹੈ। 50 ਦੀ ਉਮਰ ਨੂੰ ਢੁਕ ਚੁੱਕੇ ਰਾਜਿੰਦਰ ਮੌਰਿਆ ਤੇ ਲਾਲਜੀ ਬਿੰਦ ਉਹਨਾਂ ਨਾਲ਼ ਕੰਮ ਕਰਦੇ ਹਨ। ਉਹ ਇਕੱਠੇ ਇੱਕ ਛੋਟੇ ਜਿਹੇ ਕਮਰੇ ਵਿੱਚ ਕੰਮ ਕਰਦੇ ਹਨ ਜਿੱਥੇ ਇੱਕ ਖਿੜਕੀ ਤੇ ਦਰਵਾਜ਼ਾ ਹੀ ਹਵਾ ਦਾ ਜ਼ਰੀਆ ਹਨ। ਗਰਮੀਆਂ ਵਿੱਚ ਜਿਆਦਾ ਪਰੇਸ਼ਾਨੀ ਹੁੰਦੀ ਹੈ। ਜਦ ਪਾਰਾ ਚੜ੍ਹਦਾ ਹੈ ਤਾਂ ਇਸ ਅੱਧੇ ਪੱਕੇ ਕਮਰੇ ਦੀ ਟੀਨ ਦੀ ਛੱਤ ਗਰਮੀ ਰੋਕਣ ਵਿੱਚ ਕੋਈ ਸਹਾਇਤਾ ਨਹੀਂ ਕਰਦੀ।
“ਗਲੀਚਾ ਬਣਾਉਣ ਵਿੱਚ ਸਭ ਤੋਂ ਪਹਿਲਾ ਕੰਮ ਤਾਣਾ ਜਾਂ ਤਾਣਨਾ ਹੁੰਦਾ ਹੈ,” ਤੂਫ਼ਾਨੀ ਦੱਸਦੇ ਹਨ। ਇਸ ਕੰਮ ਵਿੱਚ ਖੱਡੀ ਉੱਪਰ ਸੂਤੀ ਧਾਗੇ ਨੂੰ ਚੜ੍ਹਾਉਣ ਤੋਂ ਸ਼ੁਰੂਆਤ ਹੁੰਦੀ ਹੈ।
25x11 ਫੁੱਟ ਦੇ ਆਇਤਾਕਾਰ ਕਮਰੇ ਵਿੱਚ ਦੋ ਪਾਸੇ ਖਾਲ਼ੀਆਂ ਬਣਾਈਆਂ ਹਨ ਜਿੱਥੇ ਖੱਡੀਆਂ ਗੱਡੀਆਂ ਗਈਆਂ ਹਨ। ਖੱਡੀ ਲੋਹੇ ਦੀ ਬਣੀ ਹੈ ਜਿਸ ਦੇ ਇੱਕ ਪਾਸੇ ਗਲੀਚੇ ਦਾ ਢਾਂਚਾ ਖੜਾ ਰੱਖਣ ਲਈ ਰੱਸੀਆਂ ਲੱਗੀਆਂ ਹਨ। ਤੂਫ਼ਾਨੀ ਨੇ 5 ਜਾਂ 6 ਸਾਲ ਪਹਿਲਾਂ ਇਹ ਲੋਨ ਲੈ ਕੇ ਖਰੀਦੀ ਸੀ ਅਤੇ ਫਿਰ ਮਹੀਨਾਵਾਰ ਕਿਸ਼ਤਾਂ ਵਿੱਚ 70,000 ਰੁਪਏ ਅਦਾ ਕੀਤੇ ਸਨ। ਉਹ ਦੱਸਦੇ ਹਨ, “ਮੇਰੇ ਪਿਤਾ ਜੀ ਦੇ ਸਮਿਆਂ ਵਿੱਚ ਲੱਕੜ ਦਿਆਂ ਖੱਡੀਆਂ ਵਰਤੀਆਂ ਜਾਂਦੀਆਂ ਸਨ ਜੋ ਪੱਥਰਾਂ ਦੇ ਪਿੱਲਰਾਂ 'ਤੇ ਰੱਖੀਆਂ ਜਾਂਦੀਆਂ ਸਨ।''
ਗਲੀਚੇ ਦੀ ਹਰ ਗੱਠ ਵਿੱਚ ਛੱਰੀ (ਸਿੱਧਾ ਟਾਂਕਾ) ਹੁੰਦੀ ਹੈ ਜਿਸ ਲਈ ਉੱਨੀ ਧਾਗਾ ਲੱਗਦਾ ਹੈ। ਇਸ ਨੂੰ ਸਹੀ ਰੱਖਣ ਲਈ, ਤੂਫ਼ਾਨੀ ਸੂਤੀ ਧਾਗੇ ਨਾਲ਼ ਲੱਛੀ (ਸੂਤੀ ਧਾਗੇ ਦੁਆਲੇ ਅੰਗਰੇਜੀ ਦੇ U ਅੱਖਰ ਵਰਗੀ ਬੁਣਤੀ ਕਰਨੀ) ਬਣਾਉਂਦੇ ਹਨ। ਉਹ ਇਸ ਨੂੰ ਉੱਨੀ ਧਾਗੇ ਦੇ ਖੁੱਲੇ ਸਿਰੇ ਵਾਲ਼ੇ ਪਾਸੇ ਲਿਆ ਕੇ ਛੁਰੇ (ਛੋਟਾ ਚਾਕੂ) ਨਾਲ਼ ਕੱਟ ਦਿੰਦੇ ਹਨ। ਫਿਰ ਉਹ ਪੰਜੇ (ਲੋਹੇ ਦਾ ਕੰਘਾ) ਨਾਲ਼ ਟਾਂਕਿਆਂ ਦੀ ਪੂਰੀ ਲਾਈਨ ਨੂੰ ਠੋਕ ਦਿੰਦੇ ਹਨ। ਉਹ ਕਹਿੰਦੇ ਹਨ, “ ਕਾਟਨਾ ਔਰ ਠੋਕਨਾ (ਕੱਟਣਾ ਤੇ ਠੋਕਣਾ) ਹੀ ਗੱਠਾਂ ਦੀ ਬੁਣਾਈ ਦਾ ਸਾਰ ਹੈ।''
ਬੁਣਾਈ ਦਾ ਕੰਮ ਕਾਰੀਗਰ ਦੀ ਸਿਹਤ ' ਤੇ ਕਾਫ਼ੀ ਅਸਰ ਪਾਉਂਦਾ ਹੈ। “ਇਸ ਕੰਮ ਨਾਲ਼ ਮੇਰੀ ਨਿਗਾਹ ' ਤੇ ਬਹੁਤ ਮਾੜਾ ਅਸਰ ਪਿਆ ਹੈ,” ਲਾਲਜੀ ਬਿੰਦ ਦਾ ਕਹਿਣਾ ਹੈ ਜੋ 35 ਸਾਲਾਂ ਤੋਂ ਇਹ ਕੰਮ ਕਰ ਰਹੇ ਹਨ। ਕੰਮ ਕਰਨ ਵੇਲੇ ਉਹਨਾਂ ਨੂੰ ਹੁਣ ਐਨਕਾਂ ਲਾਉਣੀਆਂ ਪੈਂਦੀਆਂ ਹਨ। ਹੋਰ ਵੀ ਜੁਲਾਹੇ ਪਿੱਠ ਦਰਦ ਅਤੇ ਕਈ ਵਾਰ ਸ਼ਿਆਟਿਕਾ ਦੀ ਸ਼ਿਕਾਇਤ ਕਰਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਇਹ ਕੰਮ ਕਰਨ ਤੋਂ ਬਿਨਾਂ ਉਹਨਾਂ ਕੋਲ਼ ਹੋਰ ਕੋਈ ਰਾਹ ਨਹੀਂ। “ਸਾਡੇ ਕੋਲ਼ ਵਿਕਲਪ ਬਹੁਤ ਘੱਟ ਹਨ,” ਤੂਫ਼ਾਨੀ ਕਹਿੰਦੇ ਹਨ। ਜਨਗਣਨਾ ਅਨੁਸਾਰ ਯੂ. ਪੀ. ਦਿਹਾਤ ਵਿੱਚ ਲਗਭਗ 75 ਪ੍ਰਤੀਸ਼ਤ ਜੁਲਾਹੇ ਮੁਸਲਿਮ ਹਨ।
“15 ਸਾਲ ਪਹਿਲਾਂ ਤੱਕ ਲਗਭਗ 800 ਪਰਿਵਾਰ ਗੱਠਾਂ ਵਾਲ਼ੀ ਬੁਣਾਈ ਦਾ ਕੰਮ ਕਰਦੇ ਸਨ,” ਪੁਰਜਾਗੀਰ ਦੇ ਜੁਲਾਹੇ ਅਰਵਿੰਦ ਕੁਮਾਰ ਬਿੰਦ ਚੇਤੇ ਕਰਦਿਆਂ ਕਹਿੰਦੇ ਹਨ। “ਅੱਜ ਇਹ ਗਿਣਤੀ ਘੱਟ ਕੇ 100 ਹੀ ਰਹੀ ਗਈ ਹੈ। '' ਇਹ ਪੁਰਜਾਗੀਰ ਮੁਜੇਹਾਰਾ ਦੀ 1107 ਲੋਕਾਂ ਦੀ ਆਬਾਦੀ ਦੇ ਤੀਜੇ ਹਿੱਸੇ ਤੋਂ ਜਿਆਦਾ ਹੈ (ਜਨਗਣਨਾ 2011)।
ਨੇੜੇ ਹੀ ਇੱਕ ਹੋਰ ਵਰਕਸ਼ਾਪ ਵਿੱਚ ਬਾਲਜੀ ਬਿੰਦ ਅਤੇ ਉਹਨਾਂ ਦੀ ਪਤਨੀ ਤਾਰਾ ਦੇਵੀ ਸ਼ਾਂਤੀ ਵਿੱਚ ਧਿਆਨਪੂਰਵਕ ਸੁਮੈਕ- ਗੱਠਾਂ ਵਾਲ਼ੇ ਗਲੀਚੇ ' ਤੇ ਕੰਮ ਕਰ ਰਹੇ ਹਨ। ਥੋੜੇ ਥੋੜੇ ਚਿਰ ਤੋਂ ਸਿਰਫ਼ ਚਾਕੂ ਨਾਲ਼ ਧਾਗੇ ਕੱਟਣ ਦੀ ਆਵਾਜ਼ ਹੀ ਆਉਂਦੀ ਹੈ। ਸੁਮੈਕ ਇੱਕ ਰੰਗ ਦਾ ਸਰਲ ਜਿਹੇ ਨਮੂਨੇ ਦਾ ਗਲੀਚਾ ਹੈ ਜਿਸ ਨੂੰ ਛੋਟੀ ਖੱਡੀ ਵਾਲ਼ੇ ਜੁਲਾਹੇ ਬੁਣਨਾ ਪਸੰਦ ਕਰਦੇ ਹਨ। ਬਾਲਜੀ ਦੱਸਦੇ ਹਨ, “ਜੇ ਇਹ ਮਹੀਨੇ ਵਿੱਚ ਬਣ ਗਿਆ ਤਾਂ ਮੈਨੂੰ 8000 ਰੁਪਏ ਮਿਲ ਜਾਣਗੇ। ''
ਪੁਰਜਾਗੀਰ ਤੇ ਬਾਗ ਕੁੰਜਲਗੀਰ ਪਿੰਡਾਂ ਵਿੱਚ ਜਿਆਦਾਤਰ ਜੁਲਾਹੇ ਹੀ ਹਨ। ਭਾਵੇਂ ਕਿ ਜੁਲਾਹਿਆਂ ਦੀ ਗਿਣਤੀ ਦਾ ਤੀਜਾ ਹਿੱਸਾ ਔਰਤਾਂ ਦਾ ਹੈ ਅਤੇ ਬਾਲਜੀ ਦੀ ਪਤਨੀ ਤਾਰਾ ਵਾਂਗ ਕੰਮ ਵਿੱਚ ਹੱਥ ਵੀ ਵਟਾਉਂਦੀਆਂ ਹਨ ਪਰ ਉਹਨਾਂ ਦੀ ਮਿਹਨਤ ਕਿਸੇ ਗਿਣਤੀ ਵਿੱਚ ਨਹੀਂ ਆਉਂਦੀ। ਇੱਥੋਂ ਤੱਕ ਕਿ ਬੱਚੇ ਵੀ ਛੁੱਟੀਆਂ ਦੌਰਾਨ ਮਦਦ ਕਰਦੇ ਹਨ ਜਿਸ ਨਾਲ਼ ਕੰਮ ਕਾਫ਼ੀ ਤੇਜੀ ਨਾਲ਼ ਹੋ ਜਾਂਦਾ ਹੈ।
ਹਜ਼ਾਰੀ ਬਿੰਦ ਅਤੇ ਉਹਨਾਂ ਦੀ ਪਤਨੀ ਸ਼ਿਆਮ ਦੁਲਾਰੀ ਗਲੀਚਾ ਸਮੇਂ ਸਿਰ ਖਤਮ ਕਰਨ ਲਈ ਮਿਹਨਤ ਕਰ ਰਹੇ ਹਨ। ਉਹਨਾਂ ਨੂੰ ਆਪਣੇ ਦੋ ਪੁੱਤਰਾਂ ਦੀ ਕਮੀ ਮਹਿਸੂਸ ਹੁੰਦੀ ਹੈ ਜੋ ਕੰਮ ਲਈ ਸੂਰਤ ਚਲੇ ਗਏ ਹਨ। “ਬੱਚੋਂ ਨੇ ਹਮਸੇ ਬੋਲ ਕਿ ਹਮ ਲੋਗ ਇਸ ਕਾਮ ਮੈਂ ਨਹੀਂ ਫਸੇਂਗੇ ਪਾਪਾ [ਬੱਚਿਆਂ ਨੇ ਕਿਹਾ ਕਿ ਅਸੀਂ ਇਸ ਕੰਮ ਵਿੱਚ ਨਹੀਂ ਫਸਣਾ ਪਾਪਾ]। ''
ਘਟਦੀ ਹੋਈ ਆਮਦਨੀ ਅਤੇ ਸਖਤ ਮਿਹਨਤ ਦੇ ਚੱਲਦਿਆਂ ਨਾ ਸਿਰਫ਼ ਨਵੀਂ ਪੀੜ੍ਹੀ ਇਸ ਕਿੱਤੇ ਤੋਂ ਦੂਰ ਹੋ ਰਹੀ ਹੈ, ਸਗੋਂ 30 ਸਾਲਾ ਸ਼ਾਹ-ਏ-ਆਲਮ ਵੀ ਤਿੰਨ ਸਾਲ ਪਹਿਲਾਂ ਬੁਣਾਈ ਦਾ ਕੰਮ ਛੱਡ ਕੇ ਹੁਣ ਈ-ਰਿਕਸ਼ਾ ਚਲਾਉਣ ਲੱਗੇ। ਉਹ ਪੁਰਜਾਗੀਰ ਤੋਂ ਅੱਠ ਕਿਲੋਮੀਟਰ ਦੂਰ ਨਟਵਾ ਪਿੰਡ ਦੇ ਵਸਨੀਕ ਹਨ। ਉਹਨਾਂ ਨੇ 15 ਸਾਲ ਦੀ ਉਮਰ ਵਿੱਚ ਬੁਣਾਈ ਦਾ ਕੰਮ ਸ਼ੁਰੂ ਕੀਤਾ ਸੀ ਤੇ ਅਗਲੇ 12 ਸਾਲਾਂ ਵਿੱਚ ਉਹ ਗੱਠਾਂ ਵਾਲ਼ੀ ਬੁਣਾਈ ਤੋਂ ਗੁੱਛਿਆਂ ਵਾਲ਼ੀ ਬੁਣਾਈ ਦੇ ਵਿਚੋਲੀਏ ਬਣ ਗਏ ਸਨ। ਤਿੰਨ ਸਾਲ ਪਹਿਲਾਂ ਉਹਨਾਂ ਨੇ ਆਪਣੀ ਖੱਡੀ ਵੇਚ ਦਿੱਤੀ ਸੀ।
“ ਪੋਸਾ ਨਹੀਂ ਰਹਾ ਥਾ ,” ਉਹ ਆਪਣੇ ਨਵ-ਨਿਰਮਿਤ ਦੋ ਕਮਰਿਆਂ ਵਾਲ਼ੇ ਘਰ ਵਿੱਚ ਬੈਠੇ ਦੱਸਦੇ ਹਨ। 2014 ਤੋਂ 2022 ਦੌਰਾਨ ਉਹਨਾਂ ਨੇ ਦੁਬਈ ਵਿੱਚ ਮਹੀਨੇ ਦੀ 22,000 ਰੁਪਏ ਤਨਖਾਹ ' ਤੇ ਟਾਈਲ ਬਣਾਉਣ ਵਾਲ਼ੀ ਕੰਪਨੀ ਵਿੱਚ ਮਜਦੂਰੀ ਕੀਤੀ। “ਇਸ ਨਾਲ਼ ਘੱਟੋ ਘੱਟ ਮੈਂ ਆਪਣਾ ਛੋਟਾ ਜਿਹਾ ਘਰ ਬਣਾ ਪਾਇਆ ਹਾਂ,” ਉਹ ਟਾਈਲਾਂ ਵਾਲ਼ੇ ਫ਼ਰਸ਼ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ। “ਬੁਣਾਈ ਦੇ ਕੰਮ ਵਿੱਚ ਮੈਨੂੰ ਦਿਹਾੜੀ ਦੇ ਸਿਰਫ਼ 150 ਰੁਪਏ ਬਣਦੇ ਸਨ, ਜਦਕਿ ਡਰਾਈਵਰੀ ਦੇ ਕੰਮ ਵਿੱਚ ਮੈਂ 250-300 ਰੁਪਏ ਦਿਹਾੜੀ ਦੇ ਕਮਾ ਲੈਂਦਾ ਹਾਂ। ''
ਰਾਜ ਸਰਕਾਰ ਦੀ ਇੱਕ ਜ਼ਿਲ੍ਹਾ ਇੱਕ ਉਤਪਾਦ ਸਕੀਮ ਗਲੀਚਾ ਬੁਣਨ ਵਾਲਿਆਂ ਨੂੰ ਵਿੱਤੀ ਸਹਾਇਤਾ ਦਿੰਦੀ ਹੈ ਜਦਕਿ ਕੇਂਦਰ ਸਰਕਾਰ ਦੀ ਮੁਦਰਾ ਯੋਜਨਾ ਘੱਟ ਵਿਆਜ ' ਤੇ ਕਰਜਾ ਲੈਣ ਵਿੱਚ ਮਦਦ ਕਰਦੀ ਹੈ। ਪਰ ਇਹਨਾਂ ਸਕੀਮਾਂ ਬਾਰੇ ਬਲਾਕ ਪੱਧਰ ' ਤੇ ਜਾਗਰੂਕਤਾ ਮੁਹਿੰਮਾਂ ਚੱਲਣ ਦੇ ਬਾਵਜੂਦ ਸ਼ਾਹ-ਏ-ਆਲਮ ਵਰਗੇ ਜੁਲਾਹਿਆਂ ਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਨਹੀਂ।
ਪੁਰਜਾਗੀਰ ਮੁਜੇਹਾਰਾ ਤੋਂ ਥੋੜੀ ਦੂਰੀ ਤੇ ਬਾਗ ਕੁੰਜਲਗੀਰ ਨੇੜੇ, ਜ਼ਹੀਰਉੱਦੀਨ ਗੁੱਛੇ ਵਾਲ਼ੀ ਬੁਣਾਈ ਵਾਲ਼ੇ ਗਲੀਚਿਆਂ ਨੂੰ ਆਖਰੀ ਛੋਹ ਦੇਣ ਦਾ ਕੰਮ ਕਰਦੇ ਹਨ ਜਿਸ ਨੂੰ ਗੁਲਤਰਾਸ਼ ਕਹਿੰਦੇ ਹਨ। ਇਸ 80 ਸਾਲਾ ਬਜ਼ੁਰਗ ਨੇ ਮੁੱਖ ਮੰਤਰੀ ਹਸਤਸ਼ਿਲਪ ਪੈਨਸ਼ਨ ਯੋਜਨਾ ਲਈ ਵੀ ਅਰਜੀ ਦਿੱਤੀ ਸੀ। ਇਹ ਸੂਬਾ ਸਰਕਾਰ ਦੀ ਸਕੀਮ 2018 ਵਿੱਚ 60 ਸਾਲ ਤੋਂ ਉੱਪਰ ਦੇ ਕਾਰੀਗਰਾਂ ਨੂੰ 500 ਰੁਪਏ ਦੀ ਪੈਨਸ਼ਨ ਦੇਣ ਲਈ ਸ਼ੁਰੂ ਕੀਤੀ ਗਈ ਸੀ। ਪਰ ਜ਼ਹੀਰਉੱਦੀਨ ਦਾ ਕਹਿਣਾ ਹੈ ਕਿ ਸਿਰਫ਼ ਤਿੰਨ ਮਹੀਨੇ ਬਾਅਦ ਹੀ ਅਚਾਨਕ ਪੈਨਸ਼ਨ ਬੰਦ ਹੋ ਗਈ।
ਪਰ ਉਹ ਖੁਸ਼ ਹਨ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀ. ਐਮ. ਜੀ. ਕੇ. ਏ. ਵਾਈ.) ਤਹਿਤ ਉਹਨਾਂ ਨੂੰ ਹੁਣ ਰਾਸ਼ਨ ਮਿਲ ਰਿਹਾ ਹੈ। ਪੁਰਜਾਗੀਰ ਦੇ ਜੁਲਾਹਿਆਂ ਨੇ ਵੀ ਪਾਰੀ ਨੂੰ ‘ ਮੋਦੀ ਕਾ ਗੱਲਾ ’ (ਪ੍ਰਧਾਨ ਮੰਤਰੀ ਮੋਦੀ ਦੀ ਸਕੀਮ ਤਹਿਤ ਮਿਲਦੇ ਅਨਾਜ) ਬਾਰੇ ਦੱਸਿਆ।
ਆਪਣੇ ਲੋਹੇ ਦੇ ਚਰਖੇ ਤੇ ਸੂਤੀ ਧਾਗਾ ਸਿੱਧਾ ਕਰਨ ਦੇ 65 ਸਾਲਾ ਸ਼ਮਸ਼ੂ-ਨਿੱਸਾ 7 ਰੁਪਏ ਕਿਲੋ ਦੇ ਹਿਸਾਬ ਨਾਲ਼ ਪੈਸੇ ਲੈਂਦੇ ਹਨ। ਇਸ ਨਾਲ਼ ਲਗਭਗ 200 ਰੁਪਏ ਪ੍ਰਤੀ ਦਿਨ ਦੀ ਕਮਾਈ ਹੋ ਜਾਂਦੀ ਹੈ। ਉਹਨਾਂ ਦੇ ਮਰਹੂਮ ਪਤੀ ਹਸਰਉੱਦੀਨ ਅੰਸਾਰੀ ਗੱਠਾਂ ਵਾਲ਼ਾ ਗਲੀਚਾ ਬੁਣਦੇ ਸਨ, 2000ਵਿਆਂ ਦੀ ਸ਼ੁਰੂਆਤ ਵਿੱਚ ਗੁੱਛਿਆਂ ਵਾਲ਼ੀ ਬੁਣਾਈ ਕਰਨ ਲੱਗੇ। ਅੱਜ ਉਨ੍ਹਾਂ ਦੇ ਬੇਟੇ, ਸਿਰਾਜ ਅੰਸਾਰੀ ਨੂੰ ਬੁਣਾਈ ਦੇ ਕੰਮ ਵਿੱਚ ਕੋਈ ਭਵਿੱਖ ਦਿਖਾਈ ਨਹੀਂ ਦਿੰਦਾ ਕਿਉਂਕਿ ਉਹ ਦੱਸਦੇ ਹਨ ਕਿ ਗੁੱਛੇ ਵਾਲ਼ੀ ਬੁਣਾਈ ਵਿੱਚ ਵੀ ਹੁਣ ਮੰਦੀ ਹੀ ਹੈ।
ਜ਼ਹੀਰਉੱਦੀਨ ਦੇ ਹੀ ਗੁਆਂਢ ਵਿੱਚ ਖ਼ਲੀਲ ਅਹਿਮਦ ਆਪਣੇ ਪਰਿਵਾਰ ਨਾਲ਼ ਰਹਿੰਦੇ ਹਨ। 2024 ਵਿੱਚ 73 ਸਾਲਾ ਖ਼ਲੀਲ ਨੂੰ ਦਰੀਆਂ ਦੇ ਕੰਮ ਵਿੱਚ ਯੋਗਦਾਨ ਲਈ ਪਦਮ ਸ਼੍ਰੀ ਨਾਲ਼ ਨਿਵਾਜਿਆ ਗਿਆ। ਆਪਣੇ ਡਿਜ਼ਾਇਨ ਦਿਖਾਉਂਦੇ ਹੋਏ ਉਹ ਉਰਦੂ ਦੇ ਇੱਕ ਸ਼ਿਲਾਲੇਖ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ ,“ ਇਸ ਪਰ ਜੋ ਬੈਠੇਗਾ , ਵੋਹ ਕਿਸਮਤ ਵਾਲ਼ਾ ਹੋਗਾ ,” ਉਹ ਪੜ੍ਹ ਕੇ ਸੁਣਾਉਂਦੇ ਹਨ।
ਪਰ ਗਲੀਚੇ ਬੁਣਨ ਵਾਲਿਆਂ ' ਤੇ ਕਿਸਮਤ ਪਤਾ ਨਹੀਂ ਕਦੋਂ ਮਿਹਰਬਾਨ ਹੋਵੇਗੀ।
ਤਰਜਮਾ: ਨਵਨੀਤ ਕੌਰ ਧਾਲੀਵਾਲ