“ਅਸੀਂ ਚੋਰੀ ਛਿਪੇ ਖੁਫ਼ੀਆ ਰਸਤੇ ਤੋਂ ਹੁੰਦੇ ਆਏ ਹਾਂ। ਪਰ ਅਸੀਂ ਕਰ ਵੀ ਕੀ ਸਕਦੇ ਹਾਂ? ਜੇ ਸਾਡੇ ਕੋਲ ਸਮਾਨ ਹੋਵੇਗਾ ਤਾਂ ਅਸੀਂ ਘੱਟੋ ਘੱਟ ਟੋਕਰੀਆਂ ਤਿਆਰ ਕਰ ਕੇ ਘਰੇ ਰੱਖ ਤਾਂ ਲਵਾਂਗੇ,” ਤੇਲੰਗਾਨਾ ਦੇ ਪਿੰਡ ਕਨਗਲ ਦੇ ਟੋਕਰੀਆਂ ਬਣਾਉਣ ਵਾਲੇ ਇੱਕ ਟੋਲੇ ਦਾ ਕਹਿਣਾ ਹੈ। ਉਹਨਾਂ ਦਾ ਖੁਫ਼ੀਆ ਰਸਤਾ? ਉਹ ਜਿੱਥੇ ਨਾ ਤਾਂ ਪੁਲਿਸ ਵਾਲਿਆਂ ਦਾ ਨਾਕਾ ਹੈ ਤੇ ਨਾ ਹੀ ਪਿੰਡ ਵਾਲਿਆਂ ਵੱਲੋਂ ਕੀਤੀ ਹੋਈ ਕੰਡਿਆਲੀ ਵਾੜ।
4 ਅਪ੍ਰੈਲ ਨੂੰ ਨੇਲੀਗੁੰਡਾਰਸ਼ੀ ਰਾਮੁਲੰਮਾ ਦੇ ਨਾਲ ਚਾਰ ਔਰਤਾਂ ਤੇ ਇੱਕ ਆਦਮੀ 9 ਵਜੇ ਦੇ ਕਰੀਬ ਆਟੋਰਿਕਸ਼ੇ ਵਿੱਚ ਇਕੱਠੇ ਵੇਲੀਡੰਡੁਪਾੜੂ ਵੱਲ ਖਜੂਰ ਦੇ ਪੱਤੇ ਲੈਣ ਜਾਂਦੇ ਹਨ ਜੋ ਕਨਗਲ ਤੋਂ 7 ਕਿਲੋਮੀਟਰ ਦੀ ਦੂਰੀ ‘ਤੇ ਹੈ। ਖਜੂਰ ਦੇ ਪੱਤਿਆਂ ਨਾਲ ਹੀ ਇਹ ਲੋਕ ਟੋਕਰੀਆਂ ਬਣਾਉਂਦੇ ਹਨ। ਇਹ ਲੋਕ ਆਮ ਤੌਰ ‘ਤੇ ਕਿਸੇ ਸਾਂਝੀ ਥਾਂ ਤੋਂ ਪੱਤੇ ਇਕੱਠੇ ਕਰਦੇ ਹਨ ਜਾਂ ਕਿਸੇ ਦੇ ਖੇਤ ਵਿੱਚੋਂ ਟੋਕਰੀਆਂ ਦੇ ਕੇ ਪੱਤੇ ਲੈ ਲੈਂਦੇ ਹਨ।
ਕਨਗਲ ਦੇ ਟੋਕਰੀ ਬਣਾਉਣ ਵਾਲੇ ਯੇਰੂਕੁਲਾ ਭਾਈਚਾਰੇ ਨਾਲ ਸਬੰਧ ਰੱਖਦੇ ਹਨ ਜੋ ਕਿ ਤੇਲੰਗਾਨਾ ਵਿੱਚ ਅਦਿਵਾਸੀਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਮਾਰਚ ਤੋਂ ਮਈ ਦਾ ਸਮਾਂ ਇਹਨਾਂ ਲਈ ਬਹੁਤ ਮਹੱਤਵਪੂਰਨ ਹੈ। ਇਹਨਾਂ ਮਹੀਨਿਆਂ ਵਿੱਚ ਵੱਧ ਤਾਪਮਾਨ ਪੱਤੇ ਸੁਕਾਉਣ ਲਈ ਬਹੁਤ ਅਨੁਕੂਲ ਹੈ।
ਬਾਕੀ ਦਾ ਸਾਰਾ ਸਾਲ ਉਹ ਖੇਤੀਬਾੜੀ ਮਜਦੂਰ ਵਜੋਂ ਕੰਮ ਕਰਦੇ ਹਨ ਜਿੱਥੇ ਇਹਨਾਂ ਨੂੰ 200 ਰੁਪਏ ਦਿਹਾੜੀ ਮਿਲ ਜਾਂਦੀ ਹੈ। ਦਸੰਬਰ ਤੋਂ ਫ਼ਰਵਰੀ ਦੌਰਾਨ ਜਦ ਨਰਮੇ ਦੀ ਚੁਗਾਈ ਦਾ ਸਮਾਂ ਹੁੰਦਾ ਹੈ ਤਾਂ ਕੰਮ ਦੇ ਹਿਸਾਬ ਨਾਲ ਇੱਕ ਮਹੀਨਾ ਕਦੇ ਕਦਾਈਂ 700-800 ਰੁਪਏ ਦਿਹਾੜੀ ਵੀ ਬਣ ਜਾਂਦੀ ਹੈ।
ਇਸ ਸਾਲ ਕੋਵਿਡ-19 ਦੀ ਤਾਲਾਬੰਦੀ ਕਾਰਨ ਟੋਕਰੀਆਂ ਤੋਂ ਹੁੰਦੀ ਆਮਦਨ ‘ਤੇ ਵਿਰਾਮ ਲੱਗ ਗਿਆ ਹੈ। “ਜਿਨ੍ਹਾਂ ਕੋਲ ਪੈਸਾ ਹੈ ਉਹਨਾਂ ਦੇ ਢਿੱਡ ਭਰੇ ਹਨ। ਪਰ ਸਾਡੇ ਕੋਲ ਤਾਂ ਕੋਈ ਪੈਸਾ ਨਹੀਂ ਇਸ ਕਰਕੇ ਸਾਨੂੰ ਘਰੋਂ ਬਾਹਰ ਨਿਕਲਣਾ ਪੈਂਦਾ ਹੈ (ਪੱਤੇ ਇਕੱਠੇ ਕਰਨ ਲਈ)। ਨਹੀਂ ਤਾਂ ਸਾਨੂੰ ਜੋਖਿਮ ਲੈਣ ਦੀ ਕੀ ਲੋੜ ਸੀ?” 70 ਸਾਲਾ ਰਾਮੁਲੰਮਾ ਪੁੱਛਦੇ ਹਨ।
ਰਾਮੁਲੰਮਾ ਦਾ ਛੇ ਜਣਿਆਂ ਦਾ ਟੋਲਾ 2-3 ਦਿਨਾਂ ਵਿੱਚ 5-6 ਘੰਟੇ ਕੰਮ ਕਰ ਕੇ 30-35 ਟੋਕਰੀਆਂ ਬਣਾ ਲੈਂਦੇ ਹਨ। ਜਿਆਦਾਤਰ ਇੱਕ ਪਰਿਵਾਰ ਦੇ ਲੋਕ ਇਕੱਠੇ ਕੰਮ ਕਰਦੇ ਹਨ- ਅਤੇ ਰਾਮੁਲੰਮਾ ਅਨੁਸਾਰ ਕਨਗਲ ਵਿੱਚ ਅਜਿਹੇ 10 ਟੋਲੇ ਹਨ। ਨਾਲਗੋਂਡਾ ਜ਼ਿਲ੍ਹੇ ਕਨਗਲ ਮੰਡਲ ਦਾ ਪਿੰਡ ਤਕਰੀਬਨ 7000 ਲੋਕਾਂ ਦਾ ਘਰ ਹੈ ਜਿਨ੍ਹਾਂ ਵਿੱਚੋਂ 200 ਆਦਿਵਾਸੀ ਭਾਈਚਾਰੇ ਨਾਲ ਸਬੰਧ ਰੱਖਦੇ ਹਨ।
“ਪਹਿਲਾਂ ਅਸੀਂ ਪੱਤਿਆਂ ਤੋਂ ਕੰਡੇ ਸਾਫ਼ ਕਰਦੇ ਹਾਂ। ਫਿਰ ਪੱਤਿਆਂ ਨੂੰ ਪਾਣੀ ਵਿੱਚ ਡੁਬਾ ਕੇ, ਸੁੱਕਾ ਕੇ ਪਤਲੀ ਲਚਕਦਾਰ ਪੱਟੀਆਂ ਵਿੱਚ ਕੱਟ ਲਿਆ ਜਾਂਦਾ ਹੈ। ਇਸ ਤੋਂ ਬਾਦ ਇਸ ਨਾਲ ਟੋਕਰੀਆਂ ਬੁਣੀਆਂ ਜਾਂਦੀਆਂ ਹਨ (ਹੋਰ ਵੀ ਸਮਾਨ ਬਣਾਇਆ ਜਾਂਦਾ ਹੈ),” ਰਾਮੁਲੰਮਾ ਦੱਸਦੇ ਹਨ। “ਇਹ ਸਭ ਕਰਨ ਤੋਂ ਬਾਦ ਹੁਣ ਅਸੀਂ ਸਮਾਨ ਵੇਚ ਵੀ ਨਹੀਂ ਸਕਦੇ (ਤਾਲਾਬੰਦੀ ਕਾਰਨ)।”
ਹੈਦਰਾਬਾਦ ਤੋਂ ਇੱਕ ਵਪਾਰੀ ਹਰ 7-10 ਦਿਨ ਬਾਦ ਟੋਕਰੀਆਂ ਲੈਣ ਆਉਂਦਾ ਸੀ। ਮਾਰਚ ਤੋਂ ਮਈ ਦੌਰਾਨ ਬੁਣਕਰ 50 ਰੁਪਏ ਦੇ ਹਿਸਾਬ ਨਾਲ ਟੋਕਰੀ ਵੇਚ ਕੇ ਦਿਹਾੜੀ ਦੇ 100-150 ਰੁਪਏ ਕਮਾਈ ਕਰ ਲੈਂਦੇ ਸਨ। 28 ਸਾਲਾ ਨੇਲੀਗੁੰਡਾਰਸ਼ੀ ਸੁਮਤੀ ਦਾ ਕਹਿਣਾ ਹੈ, “ਪਰ ਇਹ ਪੈਸਾ ਸਾਨੂੰ ਸਿਰਫ਼ ਟੋਕਰੀ ਵੇਚਣ ‘ਤੇ ਹੀ ਨਸੀਬ ਹੁੰਦਾ ਹੈ।”
23 ਮਾਰਚ ਨੂੰ ਤੇਲੰਗਾਨਾ ਵਿੱਚ ਤਾਲਾਬੰਦੀ ਪਿੱਛੋਂ ਵਪਾਰੀ ਦਾ ਕਨਗਲ ਆਉਣਾ ਬੰਦ ਹੋ ਗਿਆ। “ਇੱਕ ਦੋ ਹਫਤਿਆਂ ਵਿੱਚ ਵਪਾਰੀ ਸਾਡੇ ਤੋਂ ਅਤੇ ਹੋਰਾਂ ਤੋਂ (ਨਾਲ ਦੇ ਪਿੰਡਾਂ ਤੋਂ) ਟਰੱਕ ਭਰ ਕੇ ਟੋਕਰੀਆਂ ਲੈ ਜਾਂਦਾ ਸੀ,” 40 ਸਾਲਾ ਨੇਲੀਗੁੰਡਾਰਸ਼ੀ ਰਾਮੁਲੂ ਤਾਲਾਬੰਦੀ ਤੋਂ ਪਹਿਲਾਂ ਦੀ ਸਥਿਤੀ ਬਿਆਨ ਕਰਦੇ ਹਨ।
ਰਾਮੁਲੂ ਤੇ ਹੋਰ ਜੋ ਟੋਕਰੀਆਂ ਬਣਾਉਂਦੇ ਹਨ, ਉਨ੍ਹਾਂ ਵਿੱਚ ਵੱਡੇ ਜਲਸਿਆਂ ਤੇ ਵਿਆਹਾਂ ਮੌਕੇ ਉਬਲੇ ਚਾਵਲ ਜਾਂ ਤਲੀਆਂ ਹੋਈਆਂ ਚੀਜਾਂ ਰੱਖੀਆਂ ਜਾਂਦੀਆਂ ਹਨ। 15 ਮਾਰਚ ਤੋਂ ਤੇਲੰਗਾਨਾ ਸਰਕਾਰ ਨੇ ਅਜਿਹੇ ਜਲਸਿਆਂ ‘ਤੇ ਪਾਬੰਦੀ ਲਾ ਦਿੱਤੀ ਸੀ।
ਸਥਾਨਕ ਵਪਾਰੀਆਂ ਕੋਲ ਸਿਰਫ਼ ਓਹੀ ਟੋਕਰੀਆਂ ਬਚੀਆਂ ਹਨ ਜੋ ਉਹਨਾਂ ਨੇ 25 ਮਾਰਚ ਨੂੰ ਤੇਲਗੂ ਨਵੇਂ ਸਾਲ, ਉਗਾੜੀ ਤੋਂ ਇੱਕ ਹਫ਼ਤਾ ਪਹਿਲਾਂ ਚੁੱਕੀਆਂ ਸਨ। ਚਾਹੇ ਤਾਲਾਬੰਦੀ ਖਤਮ ਵੀ ਹੋ ਜਾਂਦੀ ਹੈ ਜਾਂ ਇਸ ਵਿੱਚ ਢਿੱਲ ਦੇ ਦਿੱਤੀ ਜਾਂਦੀ ਹੈ ਤਾਂ ਵੀ ਵਪਾਰੀ ਕਨਗਲ ਵਿੱਚ ਅਗਲੀ ਫੇਰੀ ਤਦ ਹੀ ਪਾਉਣਗੇ ਜਦ ਜਲਸਿਆਂ ਜਾਂ ਇਕੱਠ ਦੀ ਇਜਾਜ਼ਤ ਦਿੱਤੀ ਜਾਵੇਗੀ।
“ਸਾਨੂੰ ਉਹਨਾਂ ਨੇ (ਫ਼ੋਨ ‘ਤੇ) ਭਰੋਸਾ ਦਵਾਇਆ ਕਿ ਉਹ ਸਾਡੇ ਤੋਂ ਸਾਰੀਆਂ ਟੋਕਰੀਆਂ ਖਰੀਦ ਲੈਣਗੇ (ਤਾਲਾਬੰਦੀ ਖਤਮ ਹੋਣ ‘ਤੇ),” ਸੁਮਤੀ ਦਾ ਕਹਿਣਾ ਹੈ। ਸਾਰੇ ਟੋਕਰੀ-ਬੁਣਕਰਾਂ ਨੂੰ ਆਸ ਹੈ ਕਿ ਕਿਉਂਕਿ ਉਹਨਾਂ ਦਾ ਸਮਾਨ ਪਿਆ ਖਰਾਬ ਨਹੀਂ ਹੁੰਦਾ ਇਸ ਲਈ ਇਹ ਬੇਕਾਰ ਨਹੀਂ ਜਾਵੇਗਾ। ਪਰ ਜਿਵੇਂ ਜਿਵੇਂ ਕਨਗਲ ਦੇ ਹਰ ਟੋਕਰੀ ਬੁਣਕਰ ਦੇ ਘਰ ਵਿੱਚ ਟੋਕਰੀਆਂ ਦਾ ਢੇਰ ਵਧਦਾ ਜਾਂ ਰਿਹਾ ਹੈ, ਉਵੇਂ ਇਹ ਅਸਪਸ਼ਟ ਹੁੰਦਾ ਜਾਂ ਰਿਹਾ ਹੈ ਕਿ ਤਾਲਾਬੰਦੀ ਖਤਮ ਹੋਣ ‘ਤੇ ਮੁੱਲ ਕਿੰਨਾ ਡਿੱਗ ਜਾਵੇਗਾ।
ਤਾਲਾਬੰਦੀ ਸ਼ੁਰੂ ਹੋਣ ਤੋਂ ਪਹਿਲਾਂ, ਉਗਾੜੀ ਤੋਂ ਇੱਕ ਹਫ਼ਤਾ ਪਹਿਲਾਂ ਵਪਾਰੀ ਤੋਂ ਜੋ ਪੈਸੇ ਮਿਲੇ ਸਨ ਉਸ ਨਾਲ ਰਾਮੁਲੂ ਦੀ ਪਤਨੀ ਨੇਲੀਗੁੰਡਾਰਸ਼ੀ ਯਾਦੰਮਾ ਨੇ ਬਜ਼ਾਰ ਤੋਂ 10 ਦਿਨਾਂ ਦਾ ਰਾਸ਼ਨ ਖਰੀਦ ਲਿਆ ਸੀ। ਟੋਕਰੀ ਬੁਣਕਰ ਆਮ ਤੌਰ ‘ਤੇ ਜ਼ਰੂਰੀ ਸਮਾਨ ਜਿਵੇਂ ਕਿ ਚੌਲ, ਦਾਲ, ਚੀਨੀ, ਮਿਰਚਾਂ ਤੇ ਤੇਲ ਸੀਮਿਤ ਮਾਤਰਾ ਵਿੱਚ ਸਥਾਨਕ ਬਜ਼ਾਰ ਤੋਂ ਜਾਂ ਕਨਗਲ ਦੇ ਪੀ.ਡੀ.ਐੱਸ. (ਜਨਤਕ ਵੰਡ ਪ੍ਰਣਾਲੀ) ਦੇ ਡਿਪੂ ਤੋਂ ਖਰੀਦਦੇ ਹਨ। ਜਦ ਮੈਂ 4 ਅਪ੍ਰੈਲ ਨੂੰ ਯਾਦੰਮਾ ਨੂੰ ਮਿਲਿਆ ਤਾਂ ਉਸ ਕੋਲ ਬਜ਼ਾਰ ਤੋਂ ਲਿਆਂਦੇ ਚੌਲ ਖਤਮ ਹੋ ਚੁੱਕੇ ਸਨ ਅਤੇ ਉਹ ਪਿਛਲੇ ਮਹੀਨੇ ਪੀ.ਡੀ.ਐੱਸ. ਰਾਸ਼ਨ ਦੇ ਬਚੇ ਹੋਏ ਚੌਲ ‘ਬੀਯਮ’ ਪਕਾ ਰਹੇ ਸਨ। ਤੇਲੰਗਾਨਾ ਵਿੱਚ ਪਰਿਵਾਰ ਦੇ ਹਰ ਮੈਂਬਰ ਨੂੰ 1 ਰੁਪਏ ਪ੍ਰਤੀ ਕਿਲੋ ਦੇ ਰੇਟ ‘ਤੇ 6 ਕਿਲੋ ਪੀ.ਡੀ.ਐੱਸ. ਚੌਲ ਮਿਲਦੇ ਹਨ। ਬਜ਼ਾਰ ਤੋਂ ਲਿਆਂਦੇ ਹੋਏ ਚੌਲਾਂ ਦੀ ਕੀਮਤ 40 ਰੁਪਏ ਪ੍ਰਤੀ ਕਿਲੋ ਪੈਂਦੀ ਹੈ।
ਪਰ ਤਾਲਾਬੰਦੀ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਯਾਦੰਮਾ ਤੇ ਹੋਰਾਂ ਨੇ ਮਹਿਸੂਸ ਕੀਤਾ ਕਿ ਕਨਗਲ ਦੇ ਪੀ.ਡੀ.ਐੱਸ. ਡਿਪੂ ਤੋਂ ਲਿਆਂਦੇ ਚੌਲ ਖਾਣ ਲਾਇਕ ਨਹੀਂ ਸਨ- ਪਕਾਉਣ ‘ਤੇ ਜਾਂ ਤਾਂ ਇਹ ਆਪਸ ਵਿੱਚ ਜੁੜ ਜਾਂਦੇ ਸਨ ਜਾਂ ਇਹਨਾਂ ਵਿੱਚੋਂ ਬਦਬੋ ਆਉਂਦੀ ਸੀ। “ਇਹ ਕੱਮਾਤੀ ਬੀਯਮ (ਸਵਾਦੀ ਚੌਲ) ਸਨ,” ਯਾਦੰਮਾ ਵਿਅੰਗ ਭਰੇ ਲਹਿਜੇ ਵਿੱਚ ਕਹਿੰਦੀ ਹੈ। “ਖਾਣਾ, ਖਾਣਾ ਤੇ ਫਿਰ ਮਰ ਜਾਣਾ,” ਉਹ ਕਹਿੰਦੀ ਹੈ।
ਪਰ ਫਿਰ ਵੀ ਉਹ ਨਿਯਮਿਤ ਤੌਰ ‘ਤੇ ਪੀ.ਡੀ.ਐਸ. ਤੋਂ ਚੌਲ ਇਸ ਡਰ ਕਾਰਨ ਲੈ ਕੇ ਆਉਂਦੇ ਹਨ ਕਿ ਕਿਧਰੇ ਉਹਨਾਂ ਦਾ ਰਾਸ਼ਨ ਕਾਰਡ ਹੀ ਬੰਦ ਨਾ ਹੋ ਜਾਵੇ। ਯਾਦੰਮਾ ਇਹਨਾਂ ਚੌਲਾਂ ਨੂੰ ਪੀਸ ਕੇ ਆਪਣੇ, ਆਪਣੇ ਘਰਵਾਲੇ ਅਤੇ ਦੋ ਬੱਚਿਆਂ ਲਈ ਸ਼ਾਮ ਦੀ ਰੋਟੀ ਦਾ ਪ੍ਰਬੰਧ ਕਰਦੇ ਹਨ। ਤਾਲਾਬੰਦੀ ਤੋਂ ਪਹਿਲਾਂ ਉਹਨਾਂ ਦੇ ਸਵੇਰ ਤੇ ਦੁਪਹਿਰ ਦਾ ਖਾਣਾ ਬਜ਼ਾਰੋਂ ਲਿਆਂਦੇ ਮਹਿੰਗੇ ਸੰਨਾ ਬੀਯਮ (ਕਣੀਆਂ) ਤੋਂ ਬਣਦੇ ਸਨ ਅਤੇ ਨਾਲ ਸਬਜ਼ੀ ਪੱਕਦੀ ਸੀ। ਇਹ ਚੌਲ, ਸਬਜ਼ੀਆਂ ਤੇ ਹੋਰ ਜ਼ਰੂਰੀ ਵਸਤਾਂ ਲਈ ਟੋਕਰੀ ਬੁਣਕਰਾਂ ਨੂੰ ਨਿਯਮਿਤ ਆਮਦਨੀ ਦੀ ਲੋੜ ਹੈ। “ ਈ ਚਿੰਨਾ ਜਾਠਿਕੀ (ਇਸ ਕਮਜ਼ੋਰ ਜਾਤ ਲਈ) ਇਹ ਹੀ ਸਮੱਸਿਆਵਾਂ ਹਨ,” ਰਾਮੁਲੰਮਾ ਦਾ ਕਹਿਣਾ ਹੈ।
ਰਾਜ ਸਰਕਾਰ ਭਾਰਤੀ ਖਾਧ ਨਿਗਮ (ਐਫ. ਸੀ. ਆਈ.) ਵੱਲੋਂ ਗੁਦਾਮਾਂ ਵਿੱਚ ਸਪਲਾਈ ਕੀਤੇ ਅਨਾਜ ਦਾ ਵਿਤਰਣ ਕਰਦੀ ਹੈ। ਐਫ. ਸੀ. ਆਈ. ਦੇ ਗੁਣਵੱਤਾ ਕੰਟਰੋਲ ਮੈਨੁਅਲ ਅਨੁਸਾਰ ਅਨਾਜ ਵਿੱਚ ਕਬੂਤਰਾਂ ਦੀਆਂ ਬਿੱਠਾਂ, ਚਿੜੀਆਂ ਦੇ ਖੰਭ, ਚੂਹਿਆਂ ਦਾ ਮੂਤਰ ਅਤੇ ਕੀੜੇ ਮਕੌੜੇ ਇਸ ਨੂੰ ਖਰਾਬ ਕਰ ਦਿੰਦੇ ਹਨ। ਇਸ ਲਈ ਅਨਾਜ ਵਿੱਚ ਮਿਥਾਇਲ ਬਰੋਮਾਈਡ ਅਤੇ ਫੌਸਫੀਨ ਦਾ ਧੂੰਆਂ ਕੀਤਾ ਜਾਂਦਾ ਹੈ ਜਿਸ ਦੀ ਗੰਧ ਖਰਾਬ ਲਸਣ ਵਰਗੀ ਹੁੰਦੀ ਹੈ। ਕਨਗਲ ਵਾਸੀਆਂ ਨੂੰ ਪੀ.ਡੀ.ਐੱਸ. ਤੋਂ ਖਰਾਬ ਚੌਲ ਮਿਲਣ ਮਗਰਲੇ ਕਾਰਨਾਂ ਵਿੱਚੋਂ ਇੱਕ ਕਾਰਨ ਇਹ ਵੀ ਹੋ ਸਕਦਾ ਹੈ। “ਸਾਡੇ ਬੱਚੇ ਇਹ ਚੌਲ ਖਾਣਾ ਪਸੰਦ ਨਹੀਂ ਕਰਦੇ,” ਇੱਕ ਹੋਰ ਟੋਕਰੀ ਬੁਣਕਰ ਨੇਲੀਗੁੰਡਾਰਸ਼ੀ ਵੇਂਕਟੰਮਾ ਦਾ ਕਹਿਣਾ ਹੈ।
ਫਿਲਹਾਲ ਇੰਜ ਲੱਗਦਾ ਹੈ ਕਿ ਗੁਣਵੱਤਾ ਦਾ ਮਸਲਾ ਕੁਝ ਹੱਦ ਤੱਕ ਹੱਲ ਹੋ ਗਿਆ ਹੈ। ਰਾਮੁਲੂ ‘ਤੇ ਉਸ ਦਾ ਪਰਿਵਾਰ, ਅਤੇ ਕਨਗਲ ਦੇ ਹੋਰ ਵਾਸੀਆਂ ਨੂੰ ਰਾਜ ਸਰਕਾਰ ਨੇ ਕੋਵਿਡ-19 ਦੇ ਰਾਹਤ ਪੈਕੇਜ ਵਜੋਂ 12 ਕਿਲੋ ਚੌਲ ਪ੍ਰਤੀ ਮੈਂਬਰ ਅਤੇ 1500 ਰੁਪੀਏ ਪ੍ਰਤੀ ਪਰਿਵਾਰ ਦਿੱਤੇ ਹਨ। ਹੁਣ ਤੱਕ ਉਹਨਾਂ ਨੂੰ ਅਪ੍ਰੈਲ ਅਤੇ ਮਈ ਮਹੀਨੇ ਲਈ ਚੌਲ ਅਤੇ ਪੈਸੇ ਮਿਲ ਚੁੱਕੇ ਹਨ। ਰਾਮੁਲੂ ਦਾ ਕਹਿਣਾ ਹੈ ਕਿ ਇਹ ਚੌਲ ਪੀ.ਡੀ.ਐੱਸ. ਨਾਲੋਂ ਚੰਗੇ ਹਨ। ਪਰ ਫਿਰ 6 ਮਈ ਨੂੰ ਉਹਨਾਂ ਨੇ ਫ਼ੋਨ ‘ਤੇ ਦੱਸਿਆ ਕਿ, “ਸਾਰੇ ਦਾ ਸਾਰਾ ਚਾਵਲ ਚੰਗਾ ਨਹੀਂ ਹੈ। ਕਿਸੇ ਦੇ ਹਿੱਸੇ ਤਾਂ ਵਧੀਆ ਚੌਲ ਆਏ ਹਨ ਪਰ ਕਿਸੇ ਦੇ ਹਿੱਸੇ ਨਹੀਂ। ਫਿਲਹਾਲ ਤਾਂ ਅਸੀਂ ਇਹ ਖਾ ਰਹੇ ਹਾਂ। ਕੁਝ ਕੁ ਲੋਕ ਰਾਹਤ ਪੈਕੇਜ ਵਿੱਚ ਮਿਲੇ ਚੌਲਾਂ ਨੂੰ ਬਜ਼ਾਰ ਤੋਂ ਲਿਆਂਦੇ ਚੌਲਾਂ ਵਿੱਚ ਮਿਲਾ ਕੇ ਖਾ ਰਹੇ ਹਨ।"
ਜਦ ਮੈਂ ਰਾਮੁਲੂ ਨੂੰ 15 ਅਪ੍ਰੈਲ ਨੂੰ ਮਿਲਿਆ ਸੀ ਤਾਂ ਉਹਨਾਂ ਨੂੰ ਕਨਗਲ ਵਿੱਚ ਸਰਕਾਰੀ ਝੋਨੇ ਦੇ ਖਰੀਦ ਕੇਂਦਰ ਵਿੱਚ ਦਿਹਾੜੀ ‘ਤੇ ਕੰਮ ਮਿਲ ਗਿਆ ਸੀ ਜੋ ਕਿ ਆਮ ਤੌਰ ‘ਤੇ ਅਪ੍ਰੈਲ ਤੇ ਮਈ ਵਿੱਚ ਹੀ ਮਿਲਦਾ ਹੈ। ਇਸ ਕੰਮ ਦੀ ਮੰਗ ਜਿਆਦਾ ਹੋਣ ਕਾਰਨ ਉਹ ਇੱਕ ਦਿਨ ਛੱਡ ਕੇ 500 ਰੁਪਏ ਦਿਹਾੜੀ ‘ਤੇ ਕੰਮ ਕਰਦੇ ਹਨ। ਇਹ ਕਦੇ ਕਦਾਈਂ ਮਿਲਣ ਵਾਲਾਂ ਕੰਮ ਮਈ ਦੇ ਤੀਜੇ ਹਫ਼ਤੇ ਤੱਕ ਚੱਲੇਗਾ ਜਦ ਤੱਕ ਝੋਨੇ ਦੀ ਖਰੀਦ ਪੂਰੀ ਨਹੀਂ ਹੋ ਜਾਂਦੀ।
ਰਾਮੁਲੰਮਾ, ਯਾਦਮਾ ਅਤੇ ਹੋਰ ਔਰਤਾਂ ਵੀ ਕਦੇ ਕਦਾਈਂ 200-300 ਰੁਪਏ ਦਿਹਾੜੀ ‘ਤੇ ਕੰਮ ਕਰਦੀਆਂ ਹਨ। “ਅਸੀਂ ਕੰਮ ਕਰਨ ਲਈ ਨਰਮੇ ਦੇ ਖੇਤਾਂ ‘ਚ ਜਾਂ ਰਹੇ ਹਾਂ। ਚੁਗਾਈ ਤੋਂ ਬਾਦ ਛਟੀਆਂ ਅਤੇ ਹੋਰ ਰਹਿੰਦ ਖੂਹੰਦ ਖੇਤ ਵਿੱਚ ਇਕੱਠਾ ਕਰਦੇ ਹਾਂ,” ਯਾਦੰਮਾ ਫ਼ੋਨ ‘ਤੇ 12 ਮਈ ਦੀ ਸਵੇਰ ਨੂੰ ਦੱਸਦੀ ਹੈ।
ਆਉਣ ਵਾਲੇ ਮਹੀਨਿਆਂ ਵਿੱਚ ਕਨਗਲ ਦੇ ਪਰਿਵਾਰ ਕੀ ਖਾਣਗੇ ਇਹ ਪੀ.ਡੀ.ਐੱਸ. ਜਾਂ ਰਾਹਤ ਪੈਕੇਜ ਵਿੱਚ ਮਿਲਣ ਵਾਲੇ ਚੌਲਾਂ ‘ਤੇ ਅਤੇ ਉਹਨਾਂ ਦੀਆਂ ਟੋਕਰੀਆਂ ਦੀ ਵਿਕਰੀ ਜਾਂ ਖੇਤੀ ਦਾ ਕੰਮ ਮਿਲਣ ‘ਤੇ ਨਿਰਭਰ ਕਰਦਾ ਹੈ।
ਗ੍ਰਹਿ ਮੰਤਰਾਲੇ ਵੱਲੋਂ 1 ਮਈ ਨੂੰ ਜਾਰੀ ਹੋਏ ਤਾਲਾਬੰਦੀ ਦੇ ਨਵੇਂ ਨਿਯਮਾਂ ਅਨੁਸਾਰ ਵੱਧ ਤੋਂ ਵੱਧ 50 ਜਣੇ ਵਿਆਹ ਸਬੰਧੀ ਜਲਸਿਆਂ ਵਿੱਚ ਸ਼ਾਮਿਲ ਹੋ ਸਕਦੇ ਹਨ। ਜੇ ਇੰਜ ਹੁੰਦਾ ਹੈ ਤਾਂ ਤੇਲੰਗਾਨਾ ਵਿੱਚ ਟੋਕਰੀਆਂ ਦੀ ਸਪਲਾਈ ਮੁੜ ਚਾਲੂ ਹੋ ਜਾਵੇਗੀ। ਰਾਮੁਲੂ ਦਾ ਕਹਿਣਾ ਹੈ ਕਿ, “ਹਾਲੇ ਤੱਕ ਸਾਨੂੰ ਟੋਕਰੀਆਂ ਦੇ ਵਪਾਰੀ ਦਾ ਕੋਈ ਫ਼ੋਨ ਨਹੀਂ ਆਇਆ। ਅਸੀਂ ਇੰਤਜ਼ਾਰ ਕਰ ਰਹੇ ਹਾਂ”।
“ਘੱਟੋ ਘੱਟ 5-6 ਮਹੀਨਿਆਂ ਤੱਕ ਟੋਕਰੀਆਂ ਖਰਾਬ ਨਹੀਂ ਹੁੰਦੀਆਂ,” ਰਾਮੁਲੰਮਾ ਦਾ ਕਹਿਣਾ ਹੈ। “ਪਰ ਹਾਲੇ ਤੱਕ ਖਰੀਦਦਾਰ ਦਾ ਕੋਈ ਫ਼ੋਨ ਨਹੀਂ ਆਇਆ ਤੇ ਕਰੋਨਾ ਹਾਲੇ ਖਤਮ ਨਹੀਂ ਹੋਇਆ।”
ਪੰਜਾਬੀ ਤਰਜਮਾ: ਨਵਨੀਤ ਕੌਰ ਧਾਲੀਵਾਲ