"ਮੋਬਾਇਲ, ਟੀ.ਵੀ., ਵੀਡੀਓ ਗੇਮਾਂ ਆ ਗਈਆਂ ਨੇ ਤੇ ਕਠਪੁਤਲੀ ਅਤੇ ਕਿੱਸਾਗੋ ਦੀ ਇਤਿਹਾਸਕ ਪਰੰਪਰਾ ਖ਼ਤਮ ਹੋ ਰਹੀ ਏ।'' ਪੂਰਨ ਭੱਟ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਦਾਂਤਾ ਰਾਮਗੜ੍ਹ ਦੇ ਕਠਪੁਤਲੀ ਕਲਾਕਾਰ ਹਨ। 30 ਸਾਲਾ ਪੂਰਨ ਉਸ ਸਮੇਂ ਨੂੰ ਯਾਦ ਕਰਦੇ ਹਨ ਜਦੋਂ ਉਹ ਆਪਣੀਆਂ ਕਠਪੁਤਲੀਆਂ ਬਣਾਉਂਦੇ ਸਨ ਅਤੇ ਬੱਚਿਆਂ ਦੀਆਂ ਪਾਰਟੀਆਂ, ਵਿਆਹ ਦੇ ਮੌਕਿਆਂ ਅਤੇ ਸਰਕਾਰੀ ਸਮਾਗਮਾਂ ਵਿੱਚ ਨਾਟਕ ਪੇਸ਼ ਕਰਿਆ ਕਰਦੇ ਸਨ।
''ਅੱਜ ਲੋਕ ਵੱਖ-ਵੱਖ ਗਤੀਵਿਧੀਆਂ ਚਾਹੁੰਦੇ ਹਨ। ਪਹਿਲਾਂ ਔਰਤਾਂ ਢੋਲਕ 'ਤੇ ਗਾਉਂਦੀਆਂ ਸਨ, ਹੁਣ ਲੋਕ ਹਾਰਮੋਨੀਅਮ 'ਤੇ ਫ਼ਿਲਮੀ ਗਾਣੇ ਚਾਹੁੰਦੇ ਹਨ। ਜੇ ਸਾਨੂੰ ਸੁਰੱਖਿਆ ਮਿਲ਼ੇ, ਤਾਂ ਅਸੀਂ ਆਪਣੇ ਪੁਰਖਿਆਂ ਦੁਆਰਾ ਸਿਖਾਏ ਗਏ ਹੁਨਰਾਂ ਨੂੰ ਅੱਗੇ ਵਧਾਉਣ ਦੇ ਯੋਗ ਹੋਵਾਂਗੇ, '' ਉਨ੍ਹਾਂ ਦਾ ਕਹਿਣਾ ਹੈ।
ਭੱਟ ਇਸ ਸਾਲ ਅਗਸਤ ਵਿੱਚ ਜੈਪੁਰ ਦੇ ਤਿੰਨ ਦਹਾਕੇ ਪੁਰਾਣੇ ਬਹੁ-ਕਲਾ ਕੇਂਦਰ ਜਵਾਹਰ ਕਲਾ ਕੇਂਦਰ ਵਿੱਚ ਮੌਜੂਦ ਸਨ। ਰਾਜਸਥਾਨ ਭਰ ਤੋਂ ਲੋਕ ਕਲਾਕਾਰਾਂ ਦੇ ਕਈ ਸਮੂਹ ਰਾਜ ਸਪਾਂਸਰ ਫੈਸਟੀਵਲ ਵਿੱਚ ਆਏ ਸਨ, ਜਿੱਥੇ ਸਰਕਾਰ ਨੇ ਕਲਾ ਅਤੇ ਰੋਜ਼ੀ-ਰੋਟੀ ਬਚਾਉਣ ਲਈ ਸੰਘਰਸ਼ ਕਰ ਰਹੇ ਕਲਾਕਾਰਾਂ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਸੀ।
ਮੁੱਖ ਮੰਤਰੀ ਲੋਕ ਕਲਾਕਾਰ ਪ੍ਰੋਤਸਾਹਨ ਯੋਜਨਾ ਦੇ ਨਾਮ ਵਾਲ਼ੀ ਇਸ ਯੋਜਨਾ ਵਿੱਚ ਹਰ ਲੋਕ ਕਲਾਕਾਰ ਪਰਿਵਾਰ ਨੂੰ ਉਨ੍ਹਾਂ ਦੇ ਘਰ 500 ਰੁਪਏ ਦਿਹਾੜੀ ਨਾਲ਼ 100 ਦਿਨਾਂ ਦੇ ਸਾਲਾਨਾ ਕੰਮ ਦੀ ਗਰੰਟੀ ਦਿੱਤੀ ਜਾਂਦੀ ਹੈ। ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ 2005 ਪੇਂਡੂ ਪਰਿਵਾਰਾਂ ਲਈ 100 ਦਿਨਾਂ ਦਾ ਰੁਜ਼ਗਾਰ ਯਕੀਨੀ ਬਣਾ ਕੇ ਇਹ ਪਹਿਲਾਂ ਹੀ ਨਿਰਧਾਰਤ ਕਰ ਚੁੱਕਾ ਹੈ।
ਕੇਂਦਰ ਸਰਕਾਰ ਦੀ ਵਿਸ਼ਵਕਰਮਾ ਯੋਜਨਾ ਦਾ ਐਲਾਨ ਸਤੰਬਰ 2023 ਵਿੱਚ ਕਾਰੀਗਰਾਂ ਅਤੇ ਸ਼ਿਲਪਕਾਰਾਂ ਲਈ ਕੀਤਾ ਗਿਆ ਸੀ, ਪਰ ਕਲਾਕਾਰ ਦੀ ਯੋਜਨਾ ਕਲਬੇਲੀਆ, ਤੇਰਾਹ ਤਾਲੀ, ਬਹਿਰੂਪੀਆ ਅਤੇ ਕਈ ਹੋਰ ਪ੍ਰਦਰਸ਼ਨਕਾਰੀ ਭਾਈਚਾਰਿਆਂ ਲਈ ਪਹਿਲੀ ਯੋਜਨਾ ਹੈ। ਕਾਰਕੁਨਾਂ ਅਨੁਸਾਰ ਰਾਜਸਥਾਨ ਵਿੱਚ ਲਗਭਗ 1-2 ਲੱਖ ਲੋਕ ਕਲਾਕਾਰ ਹਨ ਅਤੇ ਕਦੇ ਕਿਸੇ ਨੇ ਉਨ੍ਹਾਂ ਦੀ ਪੂਰੀ ਤਰ੍ਹਾਂ ਗਿਣਤੀ ਨਹੀਂ ਕਰਾਈ। ਇਹ ਯੋਜਨਾ ਭੁਗਤਾਨ ਦੇ ਅਧਾਰ 'ਤੇ ਰੱਖੇ ਗਏ ਆਰਜ਼ੀ ਕਾਮਿਆਂ (ਟਰਾਂਸਪੋਰਟ ਅਤੇ ਡਿਸਟ੍ਰੀਬਿਊਸ਼ਨ) ਅਤੇ ਸੜਕ ਵਿਕ੍ਰੇਤਾਵਾਂ ਨੂੰ ਵੀ ਸਮਾਜਿਕ ਸੁਰੱਖਿਆ ਦੇ ਦਾਇਰੇ ਵਿੱਚ ਲਿਆਉਂਦੀ ਹੈ।










