''ਮੈਨੂੰ ਨਹੀਂ ਜਾਪਦਾ ਮੈਂ ਕੋਈ ਚਿੱਤਰਕਾਰ ਹਾਂ। ਮੇਰੇ ਵਿੱਚ ਉਹ ਗੁਣ ਨਹੀਂ ਹਨ ਜੋ ਇੱਕ ਚਿੱਤਰਕਾਰ ਵਿੱਚ ਹੋਣੇ ਚਾਹੀਦੇ ਹਨ। ਪਰ ਮੇਰੇ ਕੋਲ਼ ਦੱਸਣ ਲਈ ਕਹਾਣੀਆਂ ਹਨ। ਮੈਂ ਉਨ੍ਹਾਂ ਕਹਾਣੀਆਂ ਨੂੰ ਬੁਰਸ਼ ਨਾਲ਼ ਕਾਗ਼ਜ਼ 'ਤੇ ਉਤਾਰ ਸਕਦੀ ਹਾਂ। ਮੈਂ ਇਹ ਤਾਂ ਨਹੀਂ ਕਹਾਂਗੀ ਕਿ ਮੇਰੇ ਚਿੱਤਰ ਸੰਪੂਰਨ ਹਨ। ਮੈਂ ਹੁਣ ਪਿਛਲੇ ਦੋ-ਤਿੰਨ ਸਾਲਾਂ ਤੋਂ ਹੋਰ ਕਲਾਕਾਰਾਂ ਦੇ ਕੰਮ ਨੂੰ ਵੇਖਣਾ ਸ਼ੁਰੂ ਕੀਤਾ ਹੈ। ਮੈਂ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ। ਇਸ ਤੋਂ ਇਲਾਵਾ ਮੈਨੂੰ ਕਲਾ ਬਾਰੇ ਬਹੁਤਾ ਨਹੀਂ ਪਤਾ। ਮੈਂ ਚਿੱਤਰਾਂ ਰਾਹੀਂ ਕਹਾਣੀ ਕਹਿਣ ਦਾ ਤਰੀਕਾ ਚੁਣਿਆ। ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਕੋਈ ਕਹਾਣੀ ਕਹਿਣ ਨੂੰ ਤਿਆਰ ਹੁੰਦੀ ਹਾਂ। ਜਦੋਂ ਮੈਂ ਪੇਂਟਿੰਗ ਕਰਦੀ ਹਾਂ, ਤਾਂ ਮੈਨੂੰ ਲੱਗਦਾ ਹੈ ਮੈਂ ਕਹਾਣੀ ਹੀ ਦੱਸ ਰਹੀ ਹਾਂ।''
ਲਾਬਾਨੀ ਇੱਕ ਕਲਾਕਾਰ ਹਨ। ਉਹ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੁਬੁਲੀਆ ਦੇ ਰਹਿਣ ਵਾਲ਼ੇ ਹਨ। ਇਹ ਸ਼ਹਿਰ ਕਦੇ ਫ਼ੌਜੀਆਂ ਦਾ ਘਰ ਸੀ। ਦੂਜੀ ਸੰਸਾਰ ਜੰਗ ਦੌਰਾਨ ਇੱਥੇ ਇੱਕ ਏਅਰਫੀਲਡ ਵੀ ਸੀ। ਜਦੋਂ ਅੰਗਰੇਜ਼ਾਂ ਨੇ ਇੱਥੇ ਇੱਕ ਕੈਂਪ ਬਣਾਇਆ ਤਾਂ ਜ਼ਿਆਦਾਤਰ ਮੁਸਲਿਮ ਲੋਕਾਂ ਦੇ ਹੱਥੋਂ ਉਨ੍ਹਾਂ ਦੇ ਖੇਤ ਤੇ ਜ਼ਮੀਨਾਂ ਖੁੱਸ ਗਈਆਂ। ਬਾਅਦ 'ਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਕੁਝ ਲੋਕ ਦੇਸ਼ ਦੀ ਦੂਜੀ ਸਰਹੱਦ 'ਤੇ ਚਲੇ ਗਏ। "ਪਰ ਅਸੀਂ ਨਹੀਂ ਗਏ," ਲਾਬਾਨੀ ਕਹਿੰਦੇ ਹਨ, "ਸਾਡੇ ਬਜ਼ੁਰਗ ਜਾਣਾ ਨਹੀਂ ਸਨ ਚਾਹੁੰਦੇ। ਉਨ੍ਹਾਂ ਨੂੰ ਇੱਥੇ ਹੀ ਦਫ਼ਨਾਇਆ ਗਿਆ ਹੈ। ਅਸੀਂ ਇੱਥੇ ਹੀ ਜਿਉਣਾ ਅਤੇ ਇੱਥੇ ਹੀ ਮਰਨਾ ਚਾਹੁੰਦੇ ਹਾਂ।" ਇਸ ਧਰਤੀ ਨਾਲ਼ ਰਿਸ਼ਤਾ ਅਤੇ ਇਹਦੀ ਹਿੱਕ 'ਤੇ ਵਾਪਰ ਰਹੀਆਂ ਇਨ੍ਹਾਂ ਸਾਰੀਆਂ ਘਟਨਾਵਾਂ ਨੇ ਹੀ ਇਸ ਕਲਾਕਾਰ ਦੇ ਬਚਪਨ ਨੂੰ ਹੋਰ-ਹੋਰ ਸੰਵੇਦਨਸ਼ੀਲ ਬਣਾਇਆ ਤੇ ਭਾਵਨਾਵਾਂ ਨੂੰ ਅਕਾਰ ਦਿੱਤਾ।
ਲਾਬਾਨੀ ਦੇ ਨਾਜ਼ੁਕ ਹੱਥਾਂ ਵਿੱਚ ਬੁਰਸ਼ ਉਨ੍ਹਾਂ ਦੇ ਪਿਤਾ ਨੇ ਹੀ ਫੜ੍ਹਾਇਆ, ਉਹ ਹੀ ਧੀ ਨੂੰ ਟਿਊਟਰ ਕੋਲ਼ ਵੀ ਲੈ ਜਾਂਦੇ। ਲਾਬਾਨੀ ਦੇ ਪਿਤਾ ਆਪਣੇ ਦਸ ਭੈਣ-ਭਰਾਵਾਂ ਨਾਲ਼ ਰਹਿੰਦਿਆਂ ਵੱਡੇ ਹੋਏ ਤੇ ਸਾਰਿਆਂ ਵਿੱਚੋਂ ਸਿਰਫ਼ ਉਨ੍ਹਾਂ ਨੇ ਹੀ ਸਕੂਲ ਦਾ ਮੂੰਹ ਦੇਖਿਆ। ਬਾਅਦ ਵਿੱਚ ਇੱਕ ਵਕੀਲ ਵਜੋਂ, ਉਨ੍ਹਾਂ ਨੇ ਹਾਸ਼ੀਏ 'ਤੇ ਪਏ ਕਿਸਾਨਾਂ ਅਤੇ ਮਜ਼ਦੂਰਾਂ ਨਾਲ਼ ਰਲ਼ ਕੇ ਕੰਮ ਕੀਤਾ ਅਤੇ ਉਨ੍ਹਾਂ ਲਈ ਸਹਿਕਾਰੀ ਸਭਾਵਾਂ ਦਾ ਗਠਨ ਕੀਤਾ। ਪਰ ਉਨ੍ਹਾਂ ਕਦੇ ਵੀ ਇਸ ਪੇਸ਼ੇ ਨੂੰ ਕਮਾਈ ਦਾ ਜ਼ਰੀਆ ਨਹੀਂ ਬਣਾਇਆ। "ਉਹ ਆਪਣੇ ਪੈਸੇ ਨਾਲ਼ ਮੇਰੇ ਲਈ ਕਿਤਾਬਾਂ ਲੈ ਆਉਂਦੇ," ਲਾਬਾਨੀ ਕਹਿੰਦੀ ਹਨ। ਮਾਸਕੋ ਪ੍ਰੈਸ ਅਤੇ ਰਾਦੁਗਾ ਪ੍ਰੈਸ ਦੁਆਰਾ ਪ੍ਰਕਾਸ਼ਤ ਬੱਚਿਆਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਸਨ ਜੋ ਬੰਗਾਲੀ ਅਨੁਵਾਦ ਰਾਹੀਂ ਸਾਡੇ ਘਰ ਆਈਆਂ, ਪੜ੍ਹਦਿਆਂ ਮੈਂ ਉਨ੍ਹਾਂ ਕਿਤਾਬਾਂ ਦੀਆਂ ਤਸਵੀਰਾਂ ਤੋਂ ਮੋਹਿਤ ਹੋ ਗਈ। ਸ਼ਾਇਦ ਇੱਥੋਂ ਹੀ ਚਿੱਤਰ ਉਲੀਕਣ ਵਿੱਚ ਮੇਰੀ ਦਿਲਚਸਪੀ ਵੀ ਸ਼ੁਰੂ ਹੋਈ।''
ਚਿੱਤਰਕਾਰੀ ਦੀ ਸ਼ੁਰੂਆਤੀ ਕਲਾਸ ਜੋ ਉਨ੍ਹਾਂ ਦੇ ਪਿਤਾ ਵੱਲੋਂ ਸੁਝਾਏ ਟਿਊਟਰ ਹੀ ਲੈਂਦੇ ਸਨ, ਬਹੁਤੀ ਦੇਰ ਨਾ ਚੱਲੀ। ਪਰ ਚਿੱਤਰਕਾਰੀ ਪ੍ਰਤੀ ਜੋ ਮੋਹ ਲਬਾਨੀ ਦੇ ਦਿਲ ਅੰਦਰ ਸੀ ਬਣਿਆ ਹੀ ਰਿਹਾ। 2016 ਵਿੱਚ, ਜਦੋਂ ਭਾਸ਼ਾ ਨੇ ਉਨ੍ਹਾਂ ਦੇ ਸ਼ਬਦ ਸੀਮਤ ਕਰਨੇ ਸ਼ੁਰੂ ਕੀਤੇ ਤਾਂ ਉਨ੍ਹਾਂ ਅੰਦਰਲਾ ਕਲਾਕਾਰ ਉੱਠ ਖੜ੍ਹਾ ਹੋਇਆ। ਉਸ ਸਮੇਂ ਦੇਸ਼ ਵੱਡੇ ਪੱਧਰ 'ਤੇ ਹਮਲੇ ਅਤੇ ਕਤਲਾਂ ਦਾ ਗਵਾਹ ਬਣ ਰਿਹਾ ਸੀ। ਅਜਿਹੀ ਹਿੰਸਾ ਪ੍ਰਤੀ ਸਰਕਾਰ ਦੀ ਉਦਾਸੀਨਤਾ ਤੇ ਬਹੁ-ਗਿਣਤੀ ਵੱਲੋਂ ਕੀਤੀ ਜਾਂਦੀ ਹਿੰਸਾ ਨੂੰ ਰੱਦ ਕਰਨਾ ਹੋਰ ਨਿੱਤਰ ਗਿਆ। ਉਸ ਸਮੇਂ ਲਾਬਾਨੀ ਨੇ ਕੋਲ਼ਕਾਤਾ ਦੀ ਜਾਦਵਪੁਰ ਯੂਨੀਵਰਸਿਟੀ ਤੋਂ ਐੱਮ.ਫਿਲ ਦੀ ਪੜ੍ਹਾਈ ਪੂਰੀ ਕੀਤੀ ਤੇ ਦੇਸ਼ ਵਿੱਚ ਜੋ ਕੁਝ ਹੋ ਰਿਹਾ ਸੀ, ਉਸ ਤੋਂ ਉਹ ਬਹੁਤ ਪਰੇਸ਼ਾਨ ਹੋ ਉੱਠੇ। ਉਨ੍ਹਾਂ ਕੁਝ ਲਿਖਣ ਲਈ ਕਲਮ ਚੁੱਕੀ ਪਰ ਲਿਖ ਨਾ ਸਕੇ।
"ਉਸ ਵੇਲ਼ੇ ਦੀਆਂ ਉਲਝਣਾਂ ਵਿੱਚ ਮੈਂ ਬੜਾ ਫਸਿਆ ਮਹਿਸੂਸ ਕੀਤਾ, ਲਿਖਣਾ ਮੇਰਾ ਮਨਪਸੰਦ ਕੰਮ ਸੀ। ਮੇਰੇ ਕਈ ਲੇਖ ਪਹਿਲਾਂ ਹੀ ਬੰਗਾਲੀ ਵਿੱਚ ਪ੍ਰਕਾਸ਼ਤ ਹੋ ਚੁੱਕੇ ਹਨ। ਪਰ ਅਚਾਨਕ ਮੇਰੀ ਭਾਸ਼ਾ ਦੇ ਸ਼ਬਦ ਨਾਕਾਫੀ ਪੈਣ ਲੱਗੇ, ਮੈਂ ਹਾਲਾਤਾਂ ਨੂੰ ਮਗਰ ਛੱਡ ਭੱਜ ਜਾਣਾ ਚਾਹਿਆ। ਇਹੀ ਉਹ ਸਮਾਂ ਸੀ ਜਦੋਂ ਮੈਂ ਰੰਗਾਂ ਵਿੱਚ ਦੁਬਾਰਾ ਦਿਲਚਸਪੀ ਲੈਣ ਲੱਗੀ। ਮੈਂ ਵਾਟਰ ਕਲਰ ਰਾਹੀਂ ਸਮੁੰਦਰ ਅਤੇ ਇਸ ਦੇ ਜਵਾਰਾਂ ਨੂੰ ਕਾਗਜ਼ ਦੇ ਹਰ ਛੋਟੇ-ਵੱਡੇ ਹੱਥ ਆਉਂਦੇ ਟੁਕੜਿਆਂ 'ਤੇ ਵਾਰ-ਵਾਰ ਉਤਾਰਿਆ। ਉਸ ਸਮੇਂ (2016-17) ਮੈਂ ਇੱਕ ਤੋਂ ਬਾਅਦ ਇੱਕ ਸਮੁੰਦਰ ਦੇ ਚਿੱਤਰ ਉਤਾਰ ਰਹੀ ਸਾਂ। ਚਿੱਤਰਕਾਰੀ ਮੈਨੂੰ ਇਸ ਤਣਾਅਪੂਰਨ ਸੰਸਾਰ ਤੋਂ ਮੁਕਤੀ ਪਾਉਣ ਦਾ ਇੱਕ ਜ਼ਰੀਆ ਜਾਪੀ।''
ਅੱਜ ਤੱਕ ਲਾਬਾਨੀ ਨੇ ਚਿੱਤਰਕਾਰੀ ਸਿੱਖਣ ਲਈ ਕਿਸੇ ਨੂੰ ਗੁਰੂ ਨਹੀਂ ਧਾਰਿਆ, ਉਹ ਸਵੈ-ਸਿੱਖਿਅਤ ਕਲਾਕਾਰ ਹਨ।




























