“ਮੈਂ ਸੁਨਹਿਰੀ ਬਾਰਡਰ ਲਾਵਾਂਗੀ ਤੇ ਕੁਝ ਪਲੀਟਾਂ ਪਾਵਾਂਗੀ। ਬਾਹਵਾਂ ’ਤੇ ਕੁਝ ਕੱਟ ਵੀ ਪਾ ਸਕਦੇ ਹਾਂ, ਪਰ ਉਹਦੇ 30 ਰੁਪਏ ਹੋਰ ਲੱਗਣਗੇ।”
ਇਹ ਆਮ ਗੱਲਾਂ ਹਨ ਜੋ ਸ਼ਾਰਦਾ ਮਕਵਾਣਾ ਆਪਣੇ ਗਾਹਕਾਂ ਨਾਲ ਕਰਦੀ ਹੈ, ਜਿਹਨਾਂ ਵਿੱਚੋਂ ਕੁਝ ਬਾਹਵਾਂ ਦੀ ਲੰਬਾਈ, ਲੈਸ ਦੀ ਕਿਸਮ ਅਤੇ ਪਿੱਛੋਂ ਡੂੰਘੇ ਗਲੇ ਵਾਲੇ ਸਾੜ੍ਹੀ ਦੇ ਬਲਾਊਜ਼ ਨੂੰ ਬੰਨ੍ਹਣ ਵਾਲੀ ਲੜੀ ਨਾਲ ਲਾਏ ਫੁੰਮ੍ਹਣਾਂ ਦੇ ਭਾਰ ਨੂੰ ਲੈ ਕੇ ਖ਼ਾਸ ਫਰਮਾਇਸ਼ਾਂ ਕਰਦੀਆਂ ਹਨ। “ਮੈਂ ਕੱਪੜੇ ਦੇ ਫੁੱਲ ਬਣਾ ਕੇ ਵੀ ਸਜਾਵਟ ਦੇ ਤੌਰ ’ਤੇ ਲਾ ਸਕਦੀ ਹਾਂ,” ਆਪਣੀ ਕਲਾ ’ਤੇ ਮਾਣ ਕਰਦਿਆਂ ਉਹਨੇ ਕਿਹਾ, ਤੇ ਫੇਰ ਅਜਿਹਾ ਕਰਕੇ ਵੀ ਦਿਖਾਇਆ।
ਸ਼ਾਰਦਾ ਅਤੇ ਸਾੜ੍ਹੀ ਦੇ ਬਲਾਊਜ਼ ਸਿਉਣ ਵਾਲੀਆਂ ਉਹਦੇ ਵਰਗੀਆਂ ਹੋਰ ਦਰਜ਼ੀ ਕੁਸ਼ਲਗੜ੍ਹ ਦੀਆਂ ਮਹਿਲਾਵਾਂ ਦੀਆਂ ਮਨਪਸੰਦ ਫੈਸ਼ਨ ਸਲਾਹਕਾਰ ਹਨ। ਆਖਰ ਨੂੰ ਸਾੜ੍ਹੀ ਪਹਿਨਣ ਵਾਲੀਆਂ ਤਕਰੀਬਨ ਸਾਰੀਆਂ ਕੁੜੀਆਂ ਅਤੇ ਹਰ ਉਮਰ ਦੀਆਂ ਮਹਿਲਾਵਾਂ ਨੇ 80 ਸੈਂਟੀਮੀਟਰ ਦਾ ਉਹ (ਬਲਾਊਜ਼ ਦਾ) ਕੱਪੜਾ ਸਵਾਉਣਾ ਹੁੰਦਾ ਹੈ।
ਜਿਸ ਰੱਜ ਕੇ ਪਿੱਤਰਸੱਤ੍ਹਕ ਸਮਾਜ ਵਿੱਚ ਔਰਤਾਂ ਆਮ ਆਵਾਜ਼ ਨਹੀਂ ਕੱਢ ਸਕਦੀਆਂ, ਤੇ (ਨੈਸ਼ਨਲ ਪਰਿਵਾਰ ਸਿਹਤ ਸਰਵੇ, NFHS-5 ਦੇ ਮੁਤਾਬਕ) ਲਿੰਗ ਅਨੁਪਾਤ 1,000 ਮਰਦਾਂ ਪਿੱਛੇ 879 ਹੈ, ਆਪਣੇ ਕੱਪੜਿਆਂ ਨੂੰ ਲੈ ਕੇ ਔਰਤਾਂ ਦੀ ਮਰਜ਼ੀ ਚੱਲਣੀ ਕੁਝ ਕੁ ਖੁਸ਼ੀ ਦੀ ਗੱਲ ਹੈ।
ਰਾਜਸਥਾਨ ਦੇ ਬਾਂਸਵਾੜਾ ਦਾ ਇਹ ਛੋਟਾ ਜਿਹਾ ਕਸਬਾ ਦਰਜ਼ੀਆਂ ਦੀਆਂ ਦੁਕਾਨਾਂ ਨਾਲ ਭਰਿਆ ਪਿਆ ਹੈ। ਪੁਰਸ਼ਾਂ ਦੇ ਦਰਜ਼ੀ ਦੋ ਕਿਸਮਾਂ ਵਿੱਚ ਵੰਡੇ ਹੋਏ ਹਨ, ਇੱਕ ਉਹ ਜੋ ਪੈਂਟ ਤੇ ਕਮੀਜ਼ ਸਿਉਂਦੇ ਹਨ ਅਤੇ ਇੱਕ ਉਹ ਜੋ ਸਰਦੀਆਂ ਵਿੱਚ ਵਿਆਹਾਂ ਲਈ ਲਾੜਿਆਂ ਲਈ ਵਿਆਹ ਵਾਲੇ ਜੋੜੇ ਜਿਵੇਂ ਕੁੜ੍ਹਤੇ ਅਤੇ ਕੋਟ ਬਣਾਉਂਦੇ ਹਨ। ਦੋਵੇਂ ਹੀ ਫਿੱਕੇ ਜਿਹੇ ਕੰਮ ਹਨ, ਜਿਹਨਾਂ ਵਿੱਚ ਰੰਗ ਆਮ ਕਰਕੇ ਫਿੱਕੇ ਗੁਲਾਬੀ ਜਾਂ ਲਾਲ ਤੋਂ ਪਰ੍ਹੇ ਨਹੀਂ ਜਾਂਦੇ।
ਦੂਜੇ ਪਾਸੇ ਸਾੜ੍ਹੀ ਦੇ ਬਲਾਊਜ਼ ਦੇ ਦਰਜ਼ੀਆਂ ਦੀਆਂ ਦੁਕਾਨਾਂ ਵਿੱਚ ਰੰਗਾਂ, ਫੁੰਮ੍ਹਣਾਂ, (ਸੋਨੇ ਤੇ ਚਾਂਦੀ ਰੰਗੀ ਕੰਨੀ ਵਾਲੇ) ਚਮਕੀਲੇ ਗੋਟੇ, ਤੇ ਹਰ ਪਾਸੇ ਰੰਗਦਾਰ ਕੱਪੜਿਆਂ ਦੇ ਟੁਕੜਿਆਂ ਦੀ ਭਰਮਾਰ ਹੈ। “ਤੁਸੀਂ ਕੁਝ ਹਫ਼ਤਿਆਂ ਬਾਅਦ ਜਦ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣਾ ਹੈ, ਉਦੋਂ ਆਉਣਾ,” 36 ਸਾਲਾ ਸ਼ਾਰਦਾ ਨੇ ਉਤੇਜਿਤ ਹੁੰਦਿਆਂ ਕਿਹਾ। “ਉਦੋਂ ਮੇਰੇ ਕੋਲ ਬਹੁਤ ਕੰਮ ਹੋਵੇਗਾ।” ਉਹਨੂੰ ਮੀਂਹ ਦੇ ਦਿਨਾਂ ਤੋਂ ਡਰ ਲਗਦਾ ਹੈ ਕਿਉਂਕਿ ਉਦੋਂ ਲੋਕ ਘਰਾਂ ਵਿੱਚੋਂ ਬਾਹਰ ਨਹੀਂ ਆਉਂਦੇ ਤੇ ਉਹਦੇ ਧੰਦੇ ਦਾ ਨੁਕਸਾਨ ਹੁੰਦਾ ਹੈ।
ਸ਼ਾਰਦਾ ਦੇ ਅੰਦਾਜ਼ੇ ਮੁਤਾਬਕ 10,666 ਦੀ ਆਬਾਦੀ (2011 ਦੀ ਮਰਦਮਸ਼ੁਮਾਰੀ ਅਨੁਸਾਰ) ਵਾਲੇ ਛੋਟੇ ਜਿਹੇ ਕਸਬੇ ਵਿੱਚ ਸਾੜ੍ਹੀ ਦੇ ਬਲਾਊਜ਼ ਸਿਉਣ ਵਾਲੇ ਘੱਟੋ-ਘੱਟ 400 ਤੋਂ 500 ਦਰਜ਼ੀ ਹਨ। ਹਾਲਾਂਕਿ ਕੁਸ਼ਲਗੜ੍ਹ ਤਹਿਸੀਲ 3 ਲੱਖ ਲੋਕਾਂ ਨਾਲ ਬਾਂਸਵਾੜਾ ਜਿਲ੍ਹੇ ਵਿੱਚ ਸਭ ਤੋਂ ਵੱਡੀ ਹੈ, ਤੇ ਉਹਦੇ ਗਾਹਕ 25 ਕਿਲੋਮੀਟਰ ਦੂਰ ਤੋਂ ਵੀ ਆਉਂਦੇ ਹਨ। “ਮੇਰੇ ਕੋਲ ਉਕਾਲਾ, ਬਾਵਲੀਪਾੜਾ, ਸਰਵਾ, ਰਾਮਗੜ੍ਹ ਤੇ ਹੋਰ ਪਿੰਡਾਂ ਤੋਂ ਗਾਹਕ ਆਉਂਦੇ ਹਨ,” ਉਹਨੇ ਦੱਸਿਆ। “ਇੱਕ ਵਾਰ ਜਦ ਕੋਈ ਮੇਰੇ ਕੋਲ ਆ ਜਾਵੇ, ਫੇਰ ਕਿਤੇ ਹੋਰ ਨਹੀਂ ਜਾਂਦਾ,” ਉਹਨੇ ਮੁਸਕੁਰਾਉਂਦਿਆਂ ਕਿਹਾ। ਉਹਨੇ ਦੱਸਿਆ ਕਿ ਉਹਦੇ ਗਾਹਕ ਉਹਦੇ ਨਾਲ ਕੱਪੜਿਆਂ ਬਾਰੇ, ਆਮ ਜ਼ਿੰਦਗੀ ਬਾਰੇ, ਆਪਣੀ ਸਿਹਤ ਬਾਰੇ ਤੇ ਬੱਚਿਆਂ ਦੇ ਭਵਿੱਖ ਬਾਰੇ ਗੱਲਾਂ ਕਰਦੇ ਹਨ।
ਜਦ ਉਹਨੇ ਕੰਮ ਸ਼ੁਰੂ ਕੀਤਾ ਸੀ ਤਾਂ ਉਹਨੇ 7,000 ਰੁਪਏ ਦੀ ਸਿੰਗਰ ਦੀ ਮਸ਼ੀਨ ਲਈ ਸੀ, ਤੇ ਦੋ ਸਾਲ ਬਾਅਦ ਉਹਨੇ ਸਾੜ੍ਹੀ ਪੀਕੋ ਕਰਨ, ਜਿਸ ਤੋਂ ਉਸਨੂੰ ਪ੍ਰਤੀ ਸਾੜ੍ਹੀ 10 ਰੁਪਏ ਬਣਦੇ ਹਨ, ਵਰਗੇ ਛੋਟੇ ਕੰਮਾਂ ਲਈ ਪਹਿਲੋਂ ਵਰਤੀ ਊਸ਼ਾ ਦੀ ਮਸ਼ੀਨ ਲੈ ਲਈ। ਉਹ ਪੇਟੀਕੋਟ ਤੇ ਪਟਿਆਲਾ (ਸਲਵਾਰ ਕਮੀਜ਼) ਸੂਟ ਵੀ ਸਿਉਂਦੀ ਹੈ ਅਤੇ ਇਸਦੇ ਕ੍ਰਮਵਾਰ 60 ਤੇ 250 ਰੁਪਏ ਲੈਂਦੀ ਹੈ।
ਸ਼ਾਰਦਾ ਨਾਲੋ-ਨਾਲ ਬਿਊਟੀ ਪਾਰਲਰ ਦਾ ਕੰਮ ਵੀ ਕਰਦੀ ਹੈ। ਉਹਦੀ ਦੁਕਾਨ ਦੇ ਪਿਛਲੇ ਪਾਸੇ ਨਾਈ ਦੀ ਕੁਰਸੀ, ਵੱਡਾ ਸਾਰਾ ਸ਼ੀਸ਼ਾ ਤੇ ਕਈ ਤਰ੍ਹਾਂ ਦਾ ਮੇਕਅਪ ਦਾ ਸਮਾਨ ਪਿਆ ਹੈ। ਉਹ ਥਰੈਡਿੰਗ, ਵੈਕਸਿੰਗ, ਬਲੀਚ ਅਤੇ ਛੋਟੇ ਬੱਚਿਆਂ, ਖਾਸ ਕਰਕੇ ਸ਼ਰਾਰਤੀ ਬੱਚਿਆਂ ਦੇ ਵਾਲ ਕੱਟਣ ਦਾ ਕੰਮ ਕਰਦੀ ਹੈ, ਤੇ ਇਸ ਸਭ ਦੇ 30 ਤੋਂ 90 ਰੁਪਏ ਲੈਂਦੀ ਹੈ। “ਫੇਸ਼ੀਅਲ ਲਈ ਮਹਿਲਾਵਾਂ ਵੱਡੇ ਪਾਰਲਰਾਂ ਵਿੱਚ ਜਾਂਦੀਆਂ ਹਨ,” ਉਹਨੇ ਦੱਸਿਆ।
ਉਹਨੂੰ ਲੱਭਣ ਲਈ ਤੁਹਾਨੂੰ ਕੁਸ਼ਲਗੜ੍ਹ ਦੇ ਮੁੱਖ ਬਜ਼ਾਰ ਵਿੱਚ ਜਾਣਾ ਪਵੇਗਾ। ਉੱਥੇ ਕਈ ਬੱਸ ਅੱਡੇ ਹਨ ਜਿਹਨਾਂ ਤੋਂ ਹਰ ਰੋਜ਼ 40 ਦੇ ਕਰੀਬ ਬੱਸਾਂ ਚਲਦੀਆਂ ਹਨ, ਜਿਹਨਾਂ ਵਿੱਚ ਬੈਠ ਕੇ ਹਰ ਰੋਜ਼ ਪਰਵਾਸੀ ਗੁਜਰਾਤ ਤੇ ਮੱਧ ਪ੍ਰਦੇਸ਼ ਜਾਂਦੇ ਹਨ। ਬਾਂਸਵਾੜਾ ਜ਼ਿਲ੍ਹੇ ਵਿੱਚੋਂ ਕਾਫੀ ਜ਼ਿਆਦਾ ਮਜਬੂਰੀ-ਵੱਸ ਪਰਵਾਸ ਹੁੰਦਾ ਹੈ ਕਿਉਂਕਿ ਇੱਥੇ ਖੇਤੀ ਮੀਂਹ ’ਤੇ ਨਿਰਭਰ ਹੈ ਤੇ ਹੋਰ ਕੋਈ ਰੁਜ਼ਗਾਰ ਨਹੀਂ।
ਕਸਬੇ ਦੇ ਪੰਚਾਲ ਮੁਹੱਲੇ ਦੀ ਇੱਕ ਭੀੜੀ ਜਿਹੀ ਗਲੀ ਵਿੱਚੋਂ ਲੰਘ, ਪੋਹਾ ਤੇ ਜਲੇਬੀ ਵੇਚਣ ਵਾਲੀਆਂ ਛੋਟੀਆਂ ਮਠਿਆਈ ਦੀਆਂ ਦੁਕਾਨਾਂ ਦੇ ਭੀੜ-ਭੜੱਕੇ ਵਾਲੇ ਬਜ਼ਾਰ ਵਿੱਚੋਂ ਅੱਗੇ ਜਾ ਕੇ, ਸ਼ਾਰਦਾ ਦੀ ਦਰਜ਼ੀ ਤੇ ਬਿਊਟੀ ਪਾਰਲਰ ਦੀ ਦੁਕਾਨ ਆਉਂਦੀ ਹੈ।
36 ਸਾਲਾ ਸ਼ਾਰਦਾ ਦੇ ਪਤੀ ਦੀ ਅੱਠ ਸਾਲ ਪਹਿਲਾਂ ਮੌਤ ਹੋ ਗਈ; ਉਹ ਟੈਕਸੀ ਚਲਾਉਂਦਾ ਸੀ ਤੇ ਜਿਗਰ ਦੀ ਬਿਮਾਰੀ ਨਾਲ ਪੀੜਤ ਸੀ ਜਿਸਨੇ ਅਖੀਰ ਨੂੰ ਉਹਦੀ ਜਾਨ ਲੈ ਲਈ। ਸ਼ਾਰਦਾ ਤੇ ਉਹਦੇ ਬੱਚੇ ਉਹਦੇ ਸਹੁਰਿਆਂ ਤੇ ਮਰਹੂਮ ਪਤੀ ਦੇ ਭਰਾ ਦੇ ਪਰਿਵਾਰ ਨਾਲ ਰਹਿੰਦੇ ਹਨ।
ਸ਼ਾਰਦਾ ਦਾ ਕਹਿਣਾ ਹੈ ਕਿ ਇੱਕ ਮੁਲਾਕਾਤ ਨੇ ਉਹਦੀ ਜ਼ਿੰਦਗੀ ਬਦਲ ਦਿੱਤੀ। “ਆਂਗਨਵਾੜੀ ’ਚ ਮੈਨੂੰ ਇੱਕ ਮੈਡਮ ਮਿਲੀ ਜਿਸਨੇ ਮੈਨੂੰ ਸਖੀ ਸੈਂਟਰ ਜਾ ਕੇ ਕੁਝ ਵੀ ਸਿੱਖਣ ਲਈ ਕਿਹਾ।” ਉਹ ਸੈਂਟਰ – ਗ਼ੈਰ-ਮੁਨਾਫ਼ਾ ਉੱਦਮ – ਅਜਿਹੀ ਜਗ੍ਹਾ ਸੀ ਜਿੱਥੇ ਨੌਜਵਾਨ ਔਰਤਾਂ ਮੰਡੀਕਰਨ ਜੋਗੇ ਹੁਨਰ ਸਿੱਖ ਸਕਦੀਆਂ ਸਨ। ਸਮੇਂ ਦੀ ਕੋਈ ਪਾਬੰਦੀ ਨਹੀਂ ਸੀ ਤੇ ਉਹ ਆਪਣੇ ਘਰ ਦੇ ਕੰਮ ਖ਼ਤਮ ਕਰਕੇ ਸੈਂਟਰ ਚਲੀ ਜਾਂਦੀ ਸੀ; ਕਈ ਵਾਰ ਉਹ ਘੰਟਾ ਲਾਉਂਦੀ ਤੇ ਕਈ ਵਾਰ ਅੱਧਾ ਦਿਨ। ਸੈਂਟਰ ਵਿੱਚ ਹਰ ਵਿਦਿਆਰਥੀ ਤੋਂ ਮਹੀਨੇ ਦੀ 250 ਰੁਪਏ ਫੀਸ ਲਈ ਜਾਂਦੀ ਸੀ।
“ਮੈਨੂੰ ਸਿਲਾਈ ਪਸੰਦ ਹੈ, ਤੇ ਸਾਨੂੰ ਬੜੇ ਚੰਗੇ ਤਰੀਕੇ ਨਾਲ ਸਿਖਾਇਆ ਗਿਆ,” ਭਾਵਪੂਰਨ ਸ਼ਾਰਦਾ ਨੇ ਕਿਹਾ, ਜਿਸਨੇ ਬਲਾਊਜ਼ ਤੋਂ ਇਲਾਵਾ ਵੀ ਹੋਰ ਕੁਝ ਸਿੱਖਣ ਦੀ ਗੁਜ਼ਾਰਿਸ਼ ਕੀਤੀ ਸੀ। “ਮੈਂ ਉਹਨਾਂ ਨੂੰ ਕਿਹਾ ਕਿ ਜਿੰਨਾ ਕੁਝ ਵੀ ਸਿਖਾ ਸਕਦੇ ਹੋ, ਸਿਖਾ ਦਿਉ, ਅਤੇ 15 ਦਿਨਾਂ ਵਿੱਚ ਮੈਂ ਸਭ ਸਿੱਖ ਲਿਆ!” ਨਵੇਂ ਹੁਨਰ ਸਿੱਖ ਕੇ ਉਹਨੇ ਚਾਰ ਸਾਲ ਪਹਿਲਾਂ ਆਪਣਾ ਧੰਦਾ ਸ਼ੁਰੂ ਕਰਨ ਦਾ ਫੈਸਲਾ ਲੈ ਲਿਆ।
“ਕੁਛ ਔਰ ਹੀ ਮਜ਼ਾ ਹੈ, ਖ਼ੁਦ ਕੀ ਕਮਾਈ (ਆਪਣੀ ਕਮਾਈ ਦਾ ਵੱਖਰਾ ਹੀ ਮਜ਼ਾ ਹੈ),” ਤਿੰਨ ਬੱਚਿਆਂ ਦੀ ਮਾਂ ਨੇ ਕਿਹਾ ਜੋ ਰੋਜ਼ ਦੇ ਖਰਚੇ ਲਈ ਆਪਣੇ ਸਹੁਰਿਆਂ ’ਤੇ ਨਿਰਭਰ ਨਹੀਂ ਸੀ ਹੋਣਾ ਚਾਹੁੰਦੀ। “ਮੈਂ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਚਾਹੁੰਦੀ ਹਾਂ।”
ਉਹਦੀ ਵੱਡੀ ਬੇਟੀ, 20 ਸਾਲਾ ਸ਼ਿਵਾਨੀ ਬਾਂਸਵਾੜਾ ਦੇ ਕਾਲਜ ਵਿੱਚ ਨਰਸਿੰਗ ਦੀ ਪੜ੍ਹਾਈ ਕਰ ਰਹੀ ਹੈ; 17 ਸਾਲਾ ਹਰਸ਼ਿਤਾ ਤੇ 12 ਸਾਲਾ ਯੁਵਰਾਜ ਦੋਵੇਂ ਕੁਸ਼ਲਗੜ੍ਹ ਵਿੱਚ ਹੀ ਸਕੂਲ ਵਿੱਚ ਪੜ੍ਹ ਰਹੇ ਹਨ। ਉਹਨੇ ਦੱਸਿਆ ਕਿ ਦਸਵੀਂ ਤੋਂ ਬਾਅਦ ਦੀ ਸਿੱਖਿਆ ਲਈ ਉਹਦੇ ਬੱਚਿਆਂ ਨੇ ਸਰਕਾਰੀ ਸਕੂਲ ਨੂੰ ਤਰਜੀਹ ਦਿੱਤੀ ਤੇ ਪ੍ਰਾਈਵੇਟ ਸਕੂਲ ਛੱਡ 11ਵੀਂ ਵਿੱਚ ਸਰਕਾਰੀ ਸਕੂਲ ਵਿੱਚ ਦਾਖਲਾ ਲਿਆ। “ਪ੍ਰਾਈਵੇਟ ਸਕੂਲਾਂ ਵਿੱਚ ਥੋੜ੍ਹੀ-ਥੋੜ੍ਹੀ ਦੇਰ ਬਾਅਦ ਅਧਿਆਪਕ ਬਦਲ ਦਿੰਦੇ ਹਨ।”
16 ਸਾਲ ਦੀ ਉਮਰ ਵਿੱਚ ਸ਼ਾਰਦਾ ਦਾ ਵਿਆਹ ਹੋ ਗਿਆ ਸੀ, ਤੇ ਜਦ ਉਹਦੀ ਵੱਡੀ ਬੇਟੀ 16 ਸਾਲਾਂ ਦੀ ਹੋਈ ਤਾਂ ਸ਼ਾਰਦਾ ਇੰਤਜ਼ਾਰ ਕਰਨਾ ਚਾਹੁੰਦੀ ਸੀ ਪਰ ਉਹਦੀ ਕਿਸੇ ਨਾ ਸੁਣੀ। ਅੱਜ ਉਹ ਤੇ ਉਹਦੀ ਬੇਟੀ ਕਿਸੇ ਵੀ ਤਰ੍ਹਾਂ ਇਸ, ਕਾਗਜ਼ੀ, ਵਿਆਹ ਨੂੰ ਰੱਦ ਕਰਾਉਣ ਵਿੱਚ ਲੱਗੀਆਂ ਹੋਈਆਂ ਹਨ ਤਾਂ ਕਿ ਨੌਜਵਾਨ ਲੜਕੀ ਆਜ਼ਾਦ ਹੋ ਜਾਵੇ।
ਜਦ ਸ਼ਾਰਦਾ ਦੇ ਨਾਲ ਵਾਲੀ ਦੁਕਾਨ ਖਾਲੀ ਹੋਈ ਤਾਂ ਉਹਨੇ ਆਪਣੀ ਦੋਸਤ, ਜੋ ਉਹਦੇ ਵਾਂਗ ਇਕਲੌਤੀ ਮਾਂ ਹੈ, ਨੂੰ ਆਪਣੀ ਦਰਜ਼ੀ ਦੀ ਦੁਕਾਨ ਖੋਲ੍ਹਣ ਲਈ ਕਿਹਾ। “ਭਾਵੇਂ ਹਰ ਮਹੀਨੇ ਕਮਾਈ ਨਿਯਮਿਤ ਨਹੀਂ ਹੁੰਦੀ, ਪਰ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਪੈਰਾਂ ’ਤੇ ਖੜ੍ਹੀ ਹਾਂ।”
ਪੰਜਾਬੀ ਤਰਜਮਾ: ਅਰਸ਼ਦੀਪ ਅਰਸ਼ੀ