ਇਹ ਜਾਦੂ ਦੀ ਇੱਕ ਵਿਲੱਖਣ ਖੇਡ ਦੀ ਤਰ੍ਹਾਂ ਹੈ। ਡੀ. ਫ਼ਾਤਿਮਾ ਆਪਣੀ ਦੁਕਾਨ ਦੇ ਪਿਛਲੇ ਪਾਸੇ ਇੱਕ ਨੀਲਾ ਡੱਬਾ ਖੋਲ੍ਹ ਕੇ ਉਸ ਵਿੱਚੋਂ ਇੱਕ-ਇੱਕ ਕਰਕੇ ਆਪਣਾ ਖਜ਼ਾਨਾ ਬਾਹਰ ਕੱਢਦੀ ਹਨ। ਇਸ ਵਿੱਚ ਰੱਖੀਆਂ ਸਾਰੀਆਂ ਮੱਛੀਆਂ ਕਿਸੇ ਕਲਾਕ੍ਰਿਤੀ ਵਾਂਗ ਦਿਖਾਈ ਦਿੰਦੀਆਂ ਹਨ- ਵੱਡੀਆਂ ਅਤੇ ਭਾਰੀਆਂ ਮੱਛੀਆਂ ਜੋ ਕਦੇ ਥੁਥੁਕੁੜੀ ਦੇ ਨੇੜਲੇ ਡੂੰਘੇ ਸਮੁੰਦਰ ਵਿੱਚ ਤੈਰਦੀਆਂ ਸਨ, ਪਰ ਹੁਣ ਉਨ੍ਹਾਂ ਨੂੰ ਹੁਨਰਮੰਦ ਹੱਥਾਂ, ਲੂਣ ਅਤੇ ਤੇਜ਼ ਧੁੱਪ ਦੀ ਮਦਦ ਨਾਲ਼ ਸੁਕਾਇਆ ਅਤੇ ਸੁਰੱਖਿਅਤ ਕੀਤਾ ਗਿਆ ਹੈ।
ਫ਼ਾਤਿਮਾ ਇੱਕ ਕੱਟ ਪਾਰਈ ਮੀਨ (ਰਾਣੀ ਮੱਛੀ) ਚੁੱਕਦੀ ਹਨ ਅਤੇ ਉਹਨੂੰ ਆਪਣੇ ਚਿਹਰੇ ਦੇ ਨੇੜੇ ਲਿਆਉਂਦੀ ਹਨ। ਮੱਛੀ ਦੀ ਲੰਬਾਈ ਉਨ੍ਹਾਂ ਦੇ ਆਪਣੇ ਕੱਦ ਤੋਂ ਅੱਧੀ ਹੈ ਅਤੇ ਉਸਦਾ ਗਲ਼ਾ ਉਨ੍ਹਾਂ ਦੇ ਹੱਥਾਂ ਜਿੰਨਾ ਚੌੜਾ ਹੈ। ਮੱਛੀ ਦੇ ਮੂੰਹ ਤੋਂ ਲੈ ਕੇ ਪੂਛ ਤੱਕ ਕੱਟੇ ਹੋਏ ਦਾ ਇੱਕ ਡੂੰਘਾ ਨਿਸ਼ਾਨ ਹੈ, ਜਿੱਥੋਂ ਉਨ੍ਹਾਂ ਨੇ ਲੂਣ ਭਰਨ ਤੋਂ ਪਹਿਲਾਂ ਇੱਕ ਤਿੱਖੇ ਚਾਕੂ ਦੀ ਮਦਦ ਨਾਲ਼ ਪੂਰੇ ਮਾਸ ਨੂੰ ਚੀਰ ਕੇ ਅੰਦਰਲੀਆਂ ਸਾਰੀਆਂ ਆਂਦਰਾਂ ਅਤੇ ਹੋਰ ਅੰਦਰੂਨੀ ਅੰਗਾਂ ਨੂੰ ਬਾਹਰ ਕੱਢ ਦਿੱਤਾ ਹੈ। ਲੂਣ ਨਾਲ਼ ਭਰੇ ਕੱਟ ਪਾਰਈ ਨੂੰ ਇੰਨੀ ਤੇਜ਼ ਧੁੱਪ ਵਿੱਚ ਸੁਕਾਉਣ ਲਈ ਪਾ ਦਿੱਤਾ ਗਿਆ ਹੈ, ਜਿਸ ਵਿੱਚ ਕਿਸੇ ਵੀ ਚੀਜ਼ ਨੂੰ ਸੁਕਾਉਣ ਦੀ ਸ਼ਕਤੀ ਹੈ - ਚਾਹੇ ਉਹ ਮੱਛੀ ਹੋਵੇ, ਜ਼ਮੀਨ ਹੋਵੇ ਜਾਂ ਜਿਊਂਦਾ ਬੰਦਾ ਹੋਵੇ...
ਉਨ੍ਹਾਂ ਦੇ ਚਿਹਰੇ ਅਤੇ ਹੱਥਾਂ ਦੀਆਂ ਲਕੀਰਾਂ ਇਸ ਮੁਸ਼ਕਲ ਕਹਾਣੀ ਨੂੰ ਬਿਆਨ ਕਰਦੀਆਂ ਹਨ। ਪਰ ਅਚਾਨਕ ਉਹ ਇੱਕ ਵੱਖਰੀ ਕਹਾਣੀ ਸ਼ੁਰੂ ਕਰ ਦਿੰਦੀ ਹਨ। ਇਹ ਕਿਸੇ ਹੋਰ ਯੁੱਗ ਦੀ ਕਹਾਣੀ ਹੈ - ਉਸ ਯੁੱਗ ਦੀ ਜਦੋਂ ਉਨ੍ਹਾਂ ਦੀ ਆਚੀ (ਦਾਦੀ) ਮੱਛੀਆਂ ਨੂੰ ਲੂਣ ਲਾ ਕੇ ਵੇਚਦੀ ਹੁੰਦੀ ਸੀ। ਉਹ ਸ਼ਹਿਰ ਵੀ ਕੋਈ ਹੋਰ ਸੀ ਅਤੇ ਉਹ ਸੜਕਾਂ ਵੀ ਹੋਰ ਹੀ ਸਨ। ਉਸ ਸਮੇਂ ਸੜਕ ਦੇ ਨਾਲ਼ ਵਗਦੀ ਨਹਿਰ ਕੁਝ ਫੁੱਟ ਚੌੜੀ ਹੁੰਦੀ ਸੀ। ਉਸ ਨਹਿਰ ਦੇ ਬਿਲਕੁਲ ਨੇੜੇ ਉਨ੍ਹਾਂ ਦਾ ਪੁਰਾਣਾ ਘਰ ਸੀ। ਪਰ 2004 ਦੀ ਸੁਨਾਮੀ ਨੇ ਉਨ੍ਹਾਂ ਦੇ ਅਤੇ ਆਸ ਪਾਸ ਦੇ ਹੋਰ ਸਾਰੇ ਘਰਾਂ ਨੂੰ ਤਬਾਹ ਕਰ ਦਿੱਤਾ। ਹਾਲਾਂਕਿ, ਉਨ੍ਹਾਂ ਨੂੰ ਇੱਕ ਨਵਾਂ ਘਰ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਇੱਕ ਸਮੱਸਿਆ ਸੀ। ਨਵਾਂ ਘਰ "ਰੋਮਭ ਦੁਰਮ [ਬਹੁਤ ਦੂਰ]" ਸੀ। ਦੂਰੀ ਨੂੰ ਦੱਸਣ ਲਈ ਉਹ ਆਪਣੇ ਮੱਥੇ ਨੂੰ ਇੱਕ ਪਾਸੇ ਝੁਕਾਉਂਦੇ ਹੋਏ ਆਪਣੀ ਬਾਂਹ ਫੈਲਾ ਲੈਂਦੀ ਹਨ। ਉਨ੍ਹਾਂ ਨੂੰ ਬੱਸ ਰਾਹੀਂ ਲਗਭਗ ਅੱਧਾ ਘੰਟਾ ਲੱਗਦਾ ਅਤੇ ਉਨ੍ਹਾਂ ਨੂੰ ਮੱਛੀ ਖ਼ਰੀਦਣ ਲਈ ਕਿਸੇ ਵੀ ਤਰ੍ਹਾਂ ਸਮੁੰਦਰੀ ਕੰਢੇ 'ਤੇ ਆਉਣਾ ਹੀ ਪੈਂਦਾ ਸੀ।
ਨੌਂ ਸਾਲ ਬਾਅਦ, ਫ਼ਾਤਿਮਾ ਅਤੇ ਉਨ੍ਹਾਂ ਦੀਆਂ ਭੈਣਾਂ ਥੁਥੁਕੁੜੀ ਕਸਬੇ ਦੇ ਬਾਹਰੀ ਇਲਾਕੇ ਤੇਰੇਸਪੁਰਮ ਵਾਪਸ ਆ ਗਈਆਂ। ਉਨ੍ਹਾਂ ਦਾ ਘਰ ਅਤੇ ਦੁਕਾਨ - ਦੋਵੇਂ ਉਸ ਨਹਿਰ ਦੇ ਨਾਲ਼ ਹਨ ਜਿਸ ਨੂੰ ਹੁਣ ਚੌੜਾ ਕੀਤਾ ਗਿਆ ਹੈ, ਜਿਸ ਦਾ ਪਾਣੀ ਹੁਣ ਬਹੁਤ ਮੱਠੀ ਤੋਰੇ ਵਗਦਾ ਹੈ। ਦੁਪਹਿਰ ਕਾਫ਼ੀ ਸਥਿਰ ਅਤੇ ਸ਼ਾਂਤ ਹੁੰਦੀ ਹਨ- ਬਿਲਕੁਲ ਇਨ੍ਹਾਂ ਸਥਿਰ ਤੇ ਸ਼ਾਂਤ ਸੁੱਕੀਆਂ ਮੱਛੀਆਂ ਵਾਂਗਰ। ਲੂਣ ਅਤੇ ਧੁੱਪ ਨਾਲ਼ ਭਿੱਜੀ ਇਨ੍ਹਾਂ ਔਰਤਾਂ ਦੀ ਜ਼ਿੰਦਗੀ ਇਨ੍ਹਾਂ ਮੱਛੀਆਂ 'ਤੇ ਹੀ ਨਿਰਭਰ ਹੁੰਦੀ ਹਨ।
ਵਿਆਹ ਤੋਂ ਪਹਿਲਾਂ 64 ਸਾਲਾ ਫ਼ਾਤਿਮਾ ਮੱਛੀ ਦੇ ਕਾਰੋਬਾਰ 'ਚ ਆਪਣੀ ਦਾਦੀ ਦੀ ਮਦਦ ਕਰਦੀ ਸੀ। ਲਗਭਗ 20 ਸਾਲ ਪਹਿਲਾਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਕਾਰੋਬਾਰ ਵਿੱਚ ਦੋਬਾਰਾ ਵਾਪਸ ਆ ਗਈ। ਫ਼ਾਤਿਮਾ ਨੂੰ ਉਹ ਦ੍ਰਿਸ਼ ਯਾਦ ਹੈ ਜਦੋਂ ਉਹ ਸਿਰਫ਼ ਅੱਠ ਸਾਲ ਦੀ ਸੀ ਅਤੇ ਜਾਲ਼ ਤੋਂ ਕਿਨਾਰੇ ਤੱਕ ਲਿਜਾਏ ਜਾਂਦੇ ਮੱਛੀਆਂ ਦੇ ਢੇਰਾਂ ਨੂੰ ਵੇਖਦੀ ਸੀ। ਉਹ ਮੱਛੀਆਂ ਇੰਨੀਆਂ ਤਾਜ਼ੀਆਂ ਹੁੰਦੀਆਂ ਕਿ ਪਾਣੀ ਤੋਂ ਕੱਢੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਅੰਦਰ ਲੰਬੇ ਸਮੇਂ ਤੱਕ ਜੀਵਨ ਦਾ ਕੰਪਨ ਮੌਜੂਦ ਰਹਿੰਦਾ, ਜਿਸ ਕਾਰਨ ਉਹ ਲੰਬੇ ਸਮੇਂ ਤੱਕ ਤੜਫ਼ਦੀਆਂ ਰਹਿੰਦੀਆਂ। ਲਗਭਗ 56 ਸਾਲ ਬਾਅਦ, ਹੁਣ ਉਨ੍ਹਾਂ ਦੀ ਥਾਂ ' ਆਈਸ ਮੀਨ ' ਨੇ ਲੈ ਲਈ ਹੈ, ਉਹ ਕਹਿੰਦੀ ਹਨ। ਹੁਣ ਕਿਸ਼ਤੀਆਂ ਬਰਫ਼ ਲੋਡ ਕਰਕੇ ਸਮੁੰਦਰ ਵਿੱਚ ਜਾਂਦੀਆਂ ਹਨ ਅਤੇ ਉਸੇ ਬਰਫ਼ ਵਿੱਚ ਪੈਕ ਕੀਤੀਆਂ ਮੱਛੀਆਂ ਨਾਲ਼ ਤੱਟ 'ਤੇ ਵਾਪਸ ਆਉਂਦੀਆਂ ਹਨ। ਵੱਡੀਆਂ ਮੱਛੀਆਂ ਲੱਖਾਂ ਰੁਪਏ ਵਿੱਚ ਵੇਚੀਆਂ ਜਾਂਦੀਆਂ ਹਨ। "ਉਸ ਸਮੇਂ, ਅਸੀਂ ਆਉਂਦੇ ਸੀ ਅਤੇ ਪੈਸੇ ਦਾ ਵਪਾਰ ਕਰਦੇ ਸੀ। ਸੌ ਰੁਪਏ ਇੱਕ ਵੱਡੀ ਰਕਮ ਹੁੰਦੀ ਸੀ, ਹੁਣ ਇਹ ਕਾਰੋਬਾਰ ਹਜ਼ਾਰਾਂ-ਲੱਖਾਂ ਵਿੱਚ ਹੁੰਦਾ ਹੈ।''
ਉਨ੍ਹਾਂ ਦੀ ਆਚੀ ਦੇ ਜ਼ਮਾਨੇ ਵਿੱਚ ਔਰਤਾਂ ਬੇਰੋਕ-ਟੋਕ ਕਿਤੇ ਵੀ ਘੁੰਮਦੀਆਂ ਸਨ। ਉਨ੍ਹਾਂ ਦੇ ਸਿਰਾਂ 'ਤੇ ਲੱਦੀਆਂ ਟੋਕਰੀਆਂ (ਤਾੜ ਦੇ ਪੱਤਿਆਂ ਦੀਆਂ) ਸੁੱਕੀਆਂ ਮੱਛੀਆਂ ਨਾਲ਼ ਭਰੀਆਂ ਹੁੰਦੀਆਂ ਅਤੇ "ਉਹ ਅਰਾਮ ਨਾਲ਼ 10 ਕਿਲੋਮੀਟਰ ਤੱਕ ਪੈਦਲ ਤੁਰਦੀਆਂ ਹੋਈਆਂ ਪੱਟੀਕਾਡੂ [ਛੋਟੀਆਂ ਬਸਤੀਆਂ] ਵਿੱਚ ਆਪਣਾ ਸਾਮਾਨ ਵੇਚਿਆ ਕਰਦੀਆਂ।'' ਹੁਣ ਉਹ ਐਲੂਮੀਨੀਅਮ ਦੇ ਭਾਂਡਿਆਂ ਵਿੱਚ ਸੁੱਕੀਆਂ ਮੱਛੀਆਂ ਰੱਖਦੀਆਂ ਹਨ ਤੇ ਉਨ੍ਹਾਂ ਨੂੰ ਵੇਚਣ ਲਈ ਬੱਸਾਂ 'ਤੇ ਸਵਾਰ ਹੋ ਕੇ ਨੇੜਲੇ ਪਿੰਡਾਂ, ਗੁਆਂਢੀ ਬਲਾਕਾਂ ਅਤੇ ਜ਼ਿਲ੍ਹਿਆਂ ਦੀ ਯਾਤਰਾ ਕਰਦੀਆਂ ਹਨ।
"ਕੋਰੋਨਾ ਤੋਂ ਪਹਿਲਾਂ, ਅਸੀਂ ਤਿਰੂਨੇਲਵੇਲੀ ਰੋਡ ਅਤੇ ਤਿਰੂਚੇਂਦੁਰ ਰੋਡ ਦੇ ਪਿੰਡਾਂ ਦੀ ਯਾਤਰਾ ਕਰਦੇ ਸੀ," ਪਾਰੀ ਨੇ ਅਗਸਤ 2022 ਵਿੱਚ ਜਦੋਂ ਫ਼ਾਤਿਮਾ ਨਾਲ਼ ਮੁਲਾਕਾਤ ਕੀਤੀ ਸੀ, ਤਦ ਉਨ੍ਹਾਂ ਨੇ ਹਵਾ ਵਿੱਚ ਆਪਣੇ ਹੱਥ ਨਾਲ਼ ਕਾਲਪਨਿਕ ਨਕਸ਼ਾ ਬਣਾ ਕੇ ਸਾਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ। "ਹੁਣ ਅਸੀਂ ਸਿਰਫ਼ ਸੋਮਵਾਰ ਨੂੰ ਏਰਲ ਕਸਬੇ ਵਿੱਚ ਸੰਤਾਈ [ਹਫ਼ਤਾਵਾਰੀ ਬਾਜ਼ਾਰ] ਜਾਂਦੇ ਹਾਂ।" ਆਪਣੀ ਯਾਤਰਾ ਦਾ ਹਿਸਾਬ ਜੋੜਦਿਆਂ ਉਹ ਕਹਿੰਦੀ ਹਨ: ਬੱਸ ਡਿਪੂ ਤੱਕ ਆਟੋ ਦਾ ਕਿਰਾਇਆ ਅਤੇ ਬੱਸ ਵਿੱਚ ਟੋਕਰੀਆਂ ਰੱਖਣ ਲਈ ਪੂਰੀ ਟਿਕਟ ਜੋੜ ਕੇ ਕੁੱਲ ਹੋਏ 200 ਰੁਪਏ। "ਫਿਰ, ਮੈਨੂੰ ਬਾਜ਼ਾਰ ਵਿੱਚ ਬੈਠਣ ਲਈ ਪੰਜ ਸੌ ਰੁਪਏ ਦੀ ਫੀਸ ਅੱਡ ਤੋਂ ਦੇਣੀ ਪੈਂਦੀ ਹਨ। ਅਸੀਂ ਸਿਖ਼ਰ ਧੁੱਪੇ (ਖੁੱਲ੍ਹੇ ਅਸਮਾਨ ਹੇਠ) ਬੈਠਦੇ ਹਾਂ। ਫਿਰ ਵੀ, ਉਨ੍ਹਾਂ ਮੁਤਾਬਕ, ਇਹ ਕੋਈ ਬਹੁਤਾ ਮਹਿੰਗਾ ਸੌਦਾ ਨਹੀਂ, ਕਿਉਂਕਿ ਉਹ ਹਫ਼ਤਾਵਾਰੀ ਬਾਜ਼ਾਰ ਵਿੱਚ ਪੰਜ ਤੋਂ ਸੱਤ ਹਜ਼ਾਰ ਰੁਪਏ ਦੀ ਸੁੱਕੀ ਮੱਛੀ ਵੇਚ ਲੈਂਦੀ ਹਨ।
ਪਰ ਇੱਕ ਮਹੀਨੇ ਦਾ ਮਤਲਬ ਸਿਰਫ਼ ਚਾਰ ਸੋਮਵਾਰ ਨਹੀਂ ਹੈ। ਫ਼ਾਤਿਮਾ ਇਸ ਕਾਰੋਬਾਰ ਦੀਆਂ ਮੁਸ਼ਕਲਾਂ ਅਤੇ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਸਮਝਦੀ ਹਨ। "20-25 ਸਾਲ ਪਹਿਲਾਂ ਤੱਕ, ਮਛੇਰਿਆਂ ਨੂੰ ਥੁਥੁਕੁੜੀ ਤੋਂ ਸਮੁੰਦਰ ਵਿੱਚ ਬਹੁਤੀ ਦੂਰ ਨਹੀਂ ਜਾਣਾ ਪੈਂਦਾ ਸੀ। ਉਨ੍ਹਾਂ ਨੂੰ ਨੇੜੇ ਹੀ ਵੱਡੀ ਮਾਤਰਾ ਵਿੱਚ ਮੱਛੀਆਂ ਮਿਲ਼ ਜਾਂਦੀਆਂ ਸਨ। ਪਰ ਹੁਣ ਤਾਂ ਉਨ੍ਹਾਂ ਨੂੰ ਸਮੁੰਦਰ ਵਿੱਚ ਬਹੁਤ ਦੂਰ ਜਾਣਾ ਪੈਂਦਾ ਹੈ ਅਤੇ ਉੱਥੇ ਵੀ ਕਾਫ਼ੀ ਮੱਛੀਆਂ ਉਪਲਬਧ ਨਹੀਂ ਹੁੰਦੀਆਂ।''
ਆਪਣੇ ਨਿੱਜੀ ਤਜ਼ਰਬਿਆਂ ਦੇ ਅਧਾਰ 'ਤੇ, ਮੱਛੀਆਂ ਦੇ ਭੰਡਾਰ ਵਿੱਚ ਆਈ ਇਸ ਕਮੀ ਦਾ ਕਾਰਨ ਦੱਸਣ ਲਈ ਫ਼ਾਤਿਮਾ ਨੂੰ ਮਿੰਟ ਵੀ ਨਹੀਂ ਲੱਗਦਾ,''ਉਸ ਸਮੇਂ ਲੋਕੀਂ ਮੱਛੀ ਫੜ੍ਹਨ ਲਈ ਰਾਤੀਂ ਨਿਕਲ਼ ਪੈਂਦੇ ਸਨ ਤੇ ਦੂਜੇ ਦਿਨ ਸ਼ਾਮੀਂ ਮੁੜਦੇ। ਹੁਣ ਮਛੇਰੇ ਇੱਕੋ ਵਾਰੀ 15-20 ਦਿਨਾਂ ਲਈ ਨਿਕਲ਼ਦੇ ਹਨ ਤੇ ਕੰਨਿਆਕੁਮਾਰੀ ਪਾਰ ਕਰਦੇ ਹੋਏ ਸੀਲੋਨ ਤੇ ਅੰਡਮਾਨ ਤੱਕ ਚਲੇ ਜਾਂਦੇ ਹਨ।''
ਇਹ ਇੱਕ ਵੱਡਾ ਇਲਾਕਾ ਹੈ, ਜਿੱਥੇ ਸਮੱਸਿਆਵਾਂ ਦੀ ਕੋਈ ਕਮੀ ਨਹੀਂ ਹੈ। ਥੁਥੁਕੁੜੀ ਵਿਖੇ ਮੱਛੀਆਂ ਦੇ ਭੰਡਾਰ ਰੋਜ਼ ਦੀ ਰੋਜ਼ ਘੱਟਦੇ ਜਾ ਰਹੇ ਹਨ ਤੇ ਇਸ ਵਰਤਾਰੇ 'ਤੇ ਫ਼ਾਤਿਮਾ ਜਾਂ ਕਿਸੇ ਦਾ ਕੋਈ ਕੰਟਰੋਲ ਨਹੀਂ ਹੈ। ਉਲਟਾ ਉਨ੍ਹਾਂ ਦਾ ਜੀਵਨ ਹੀ ਇਨ੍ਹਾਂ ਸਮੱਸਿਆਵਾਂ ਦੇ ਕੰਟਰੋਲ ਹੇਠ ਹੈ ਤੇ ਨਾਲ਼-ਨਾਲ਼ ਉਨ੍ਹਾਂ ਦੀ ਰੋਜ਼ੀਰੋਟੀ ਦਾ ਵੀ।
ਜਿਸ ਬਾਰੇ ਫ਼ਾਤਿਮਾ ਗੱਲ ਕਰਦੀ ਹਨ ਉਹਦਾ ਸਬੰਧ ਵਿਤੋਂ-ਵੱਧ ਮਾਤਰਾ ਵਿੱਚ ਮੱਛੀਆਂ ਨੂੰ ਫੜ੍ਹੇ ਜਾਣ ਦੀ ਪ੍ਰਵਿਰਤੀ ਨਾਲ਼ ਹੈ। ਇਹ ਇੰਨਾ ਸਧਾਰਣ ਸਵਾਲ ਹੈ ਕਿ ਤੁਸੀਂ ਸਿਰਫ਼ ਇੱਕ ਵਾਰ ਗੂਗਲ ਵਿੱਚ ਲੱਭੋ ਤੇ ਇੱਕ ਸੈਕੰਡ ਤੋਂ ਵੀ ਘੱਟ ਸਮੇਂ ਵਿੱਚ ਤੁਹਾਨੂੰ ਕਰੀਬ 1.8 ਕਰੋੜ ਜਵਾਬ ਮਿਲ਼ ਜਾਣਗੇ। ਸੰਯੁਕਤ ਰਾਸ਼ਟਰ ਦੇ ਖ਼ੁਰਾਕ ਅਤੇ ਖੇਤੀ ਸੰਗਠਨ (ਐੱਫ਼ਏਓ) ਦੀ ਰਿਪੋਟਰ ਮੁਤਾਬਕ ਇਹਦਾ ਇੱਕ ਕਾਰਨ ਇਹ ਹੈ,''ਆਲਮੀ ਪੱਧਰ 'ਤੇ ਸਾਲ 2019 ਵਿੱਚ ਪਸ਼ੂ ਪ੍ਰੋਟੀਨ ਦਾ 17 ਫ਼ੀਸਦ ਤੇ ਕੁੱਲ ਪ੍ਰੋਟੀਨ ਦਾ 7 ਫ਼ੀਸਦ ਸ੍ਰੋਤ ਜਲੀ ਭੋਜਨ ਸੀ।'' ਇਹਦਾ ਅਰਥ ਹੈ ਕਿ ਹਰ ਸਾਲ ਅਸੀਂ ਸਮੁੰਦਰ ਤੋਂ ''80 ਤੋਂ 90 ਮੈਟ੍ਰਿਕ ਟਨ ਜੰਗਲੀ ਸਮੁੰਦਰੀ ਭੋਜਨ ਪ੍ਰਾਪਤ ਕਰਦੇ ਹਾਂ,'' ਅਮੇਰੀਕਾ ਕੈਚ ਐਂਡ ਫੌਰ ਫਿਸ਼' ਦੇ ਲੇਖਕ ਪਾਲ ਗ੍ਰੀਨਬਰਗ ਕਹਿੰਦੇ ਹਨ। ਇਹ ਬੇਹੱਦ ਚਿੰਤਾਜਨਕ ਹਾਲਤ ਹੈ, ਕਿਉਂਕਿ ਜਿਵੇਂ ਕਿ ਗ੍ਰੀਨਬਰਗ ਕਹਿੰਦੇ ਹਨ,''ਇਹ ਚੀਨ ਦੇ ਕੁੱਲ ਮਨੁੱਖੀ ਭਾਰ ਦੇ ਬਰਾਬਰ ਹੈ।''
ਇੱਥੇ ਧਿਆਨ ਦੇਣ ਵਾਲ਼ੀ ਇੱਕ ਗੱਲ ਇਹ ਹੈ ਕਿ ਸਾਰੀਆਂ ਮੱਛੀਆਂ ਤਾਜ਼ੀਆਂ ਨਹੀਂ ਖਾਧੀਆਂ ਜਾਂਦੀਆਂ। ਬਹੁਤ ਸਾਰੇ ਹੋਰ ਮੀਟ ਅਤੇ ਸਬਜ਼ੀਆਂ ਦੀ ਤਰ੍ਹਾਂ, ਉਨ੍ਹਾਂ ਨੂੰ ਭਵਿੱਖ ਦੀ ਖਪਤ ਲਈ ਸੁਰੱਖਿਅਤ ਕੀਤਾ ਜਾਂਦਾ ਹੈ, ਇਸ ਵਾਸਤੇ ਉਨ੍ਹਾਂ ਵਿੱਚ ਲੂਣ ਪਾਉਣ ਤੋਂ ਬਾਅਦ ਧੁੱਪੇ ਸੁਕਾਉਣ ਦੀ ਪ੍ਰਾਚੀਨ ਵਿਧੀ ਦੀ ਵਰਤੋਂ ਕੀਤੀ ਜਾਂਦੀ ਹਨ।
*****
ਅਸੀਂ ਪੰਛੀਆਂ ਦੇ ਉਨ੍ਹਾਂ ਝੁੰਡਾਂ ਨੂੰ ਉਡਾਉਣ ਲਈ
ਮਗਰ ਮਗਰ ਭੱਜਦੇ ਆਂ
ਜੋ ਸ਼ਾਰਕ ਦੇ ਮਾਸ ਦੀਆਂ ਚਰਬੀਦਾਰ ਬੋਟੀਆਂ
ਖਾਣ ਦੇ ਲਾਲਚ
'
ਚ ਆਉਂਦੇ ਨੇ
ਜਿਨ੍ਹਾਂ ਨੂੰ ਅਸੀਂ ਧੁੱਪੇ ਸੁਕਾਉਣ ਲਈ ਖਿਲਾਰਿਐ।
ਤੇਰੀ ਨੇਕੀ ਦਾ ਅਸਾਂ ਕੀ ਕਰਨਾ
?
ਸਾਥੋਂ
ਮੱਛੀ ਦੀ ਬੋ ਆਵੇ ਤੈਨੂੰ! ਚੱਲ
ਨਿਕਲ਼ ਐਥੋਂ!
ਨਟ੍ਰੀਨਈ 45 , ਨੇਤਲ ਤਿਨਈ (ਸਮੁੰਦਰ ਤਟ ਦੇ ਗੀਤ 'ਚੋਂ)
ਇਸ ਕਵਿਤਾ ਦੇ ਕਵੀ ਦਾ ਨਾਮ ਨਹੀਂ ਪਤਾ। ਜਿਸ ਵਿੱਚ ਨਾਇਕਾ ਦੀ ਸਹੇਲੀ ਨਾਇਕ ਨੂੰ ਇਹ ਸਭ ਕਹਿੰਦੀ ਹੈ।
ਇਹ ਬੇਮਿਸਾਲ ਸ਼ਾਨਦਾਰ ਲਾਈਨਾਂ 2,000 ਸਾਲ ਪੁਰਾਣੇ ਤਾਮਿਲ ਸੰਗਮ ਸਾਹਿਤ ਦਾ ਹਿੱਸਾ ਹਨ। ਇਸ ਵਿੱਚ ਸਮੁੰਦਰੀ ਕੰਢੇ ਤੋਂ ਲੂਣ ਨਾਲ਼ ਭਰੇ ਵਾਹਨਾਂ 'ਤੇ ਯਾਤਰਾ ਕਰਨ ਵਾਲ਼ੇ ਵਪਾਰੀਆਂ ਦੇ ਕਈ ਦਿਲਚਸਪ ਹਵਾਲ਼ੇ ਵੇਖੇ ਜਾ ਸਕਦੇ ਹਨ। ਕੀ ਬੀਤੇ ਵੇਲ਼ਿਆਂ ਵਿੱਚ ਲੂਣ ਪਾ ਕੇ ਤੇਜ਼ ਧੁੱਪ ਵਿੱਚ ਭੋਜਨ ਸੁਕਾਉਣ ਦੀ ਕੋਈ ਹੋਰ ਉਦਾਹਰਣ ਮਿਲ਼ਦੀ ਹੈ?
''ਬਿਲਕੁਲ ਮਿਲ਼ਦੀ ਹੈ'', ਫੂਡ ਸਟੱਡੀਜ਼ ਦੇ ਵਿਦਵਾਨ ਡਾ. ਕ੍ਰਿਸ਼ਨੇਂਦੂ ਰਾਏ ਕਹਿੰਦੇ ਹਨ, "ਬਾਹਰੀ, ਖ਼ਾਸ ਕਰਕੇ ਸਮੁੰਦਰੀ ਸਾਮਰਾਜ ਦੇ ਲੋਕਾਂ ਦਾ ਮੱਛੀ ਫੜ੍ਹੇ ਜਾਣ ਦੇ ਕੰਮ ਨਾਲ਼ ਸ਼ਾਇਦ ਬੜਾ ਵੱਖਰਾ ਰਿਸ਼ਤਾ ਸੀ। ਇਸ ਦਾ ਇੱਕ ਕਾਰਨ ਕਿਸ਼ਤੀਆਂ ਬਣਾਉਣ ਦੀ ਕਾਰੀਗਰੀ ਅਤੇ ਇਸ ਵਿੱਚ ਵਰਤੀ ਜਾਣ ਵਾਲ਼ੀ ਹੁਨਰਮੰਦ ਮਜ਼ਦੂਰੀ ਸੀ। ਇਹ ਦੋਵੇਂ ਇਸ ਕੰਮ ਲਈ ਬੁਨਿਆਦੀ ਸ਼ਰਤਾਂ ਸਨ। ਇਹ ਦੋਵੇਂ ਹੁਨਰ ਮੁੱਖ ਤੌਰ 'ਤੇ ਮੱਛੀ ਫੜ੍ਹਨ ਵਾਲ਼ੇ ਭਾਈਚਾਰੇ ਤੋਂ ਆਏ ਸਨ, ਜਿਵੇਂ ਕਿ ਅਸੀਂ ਬਾਅਦ ਦੇ ਸਾਲਾਂ ਵਿੱਚ ਵਾਈਕਿੰਗ, ਜੀਨੋਜ਼, ਵੇਨੀਸ਼ੀਅਨ, ਪੁਰਤਗਾਲੀ ਅਤੇ ਸਪੈਨਿਸ਼ ਮਾਮਲਿਆਂ ਵਿੱਚ ਦੇਖ ਸਕਦੇ ਹਾਂ।
"ਠੰਡਾ ਕਰਨ ਵਾਲ਼ੀ ਮਸ਼ੀਨ ਦੇ ਆਉਣ ਤੋਂ ਪਹਿਲਾਂ, ਮੱਛੀ ਦੇ ਕੀਮਤੀ ਪ੍ਰੋਟੀਨ ਨੂੰ ਸੁਰੱਖਿਅਤ ਢੰਗ ਨਾਲ਼ ਬਚਾਉਣ ਦੇ ਇੱਕੋ ਇੱਕ ਤਰੀਕੇ ਵਿੱਚ ਲੂਣ ਲਾਉਣਾ, ਖ਼ੁਸ਼ਕ ਕਰਨਾ [ਹਵਾ ਸੁਕਾਉਣ ਲਈ] ਅਤੇ ਖਮੀਰਾ ਕਰਨਾ [ਮੱਛੀ ਦੀ ਚਟਨੀ ਲਈ] ਸ਼ਾਮਲ ਸੀ ਤਾਂ ਜੋ ਉਹ ਲੰਬੇ ਸਮੁੰਦਰੀ ਸਫ਼ਰਾਂ ਦੌਰਾਨ ਖਰਾਬ ਨਾ ਹੋਣ। ਇਸ ਲਈ, ਭੂਮੱਧ ਦੇ ਆਲ਼ੇ ਦੁਆਲ਼ੇ ਰੋਮਨ ਸਾਮਰਾਜ ਵਿੱਚ ਗਾਰੂਮ [ਫਰਮੈਂਟਡ ਮੱਛੀ ਦੀ ਚਟਨੀ] ਦਾ ਵਿਸ਼ੇਸ਼ ਮਹੱਤਵ ਸੀ। ਰੋਮਨ ਸਾਮਰਾਜ ਦੇ ਭੰਗ ਹੋਣ ਤੋਂ ਬਾਅਦ, ਉਹ ਵੀ ਹੌਲ਼ੀ ਹੌਲ਼ੀ ਨਜ਼ਰਾਂ ਤੋਂ ਅਲੋਪ ਹੋ ਗਿਆ।''
ਜਿਵੇਂ ਕਿ ਐੱਫਏਓ ਦੀ ਇੱਕ ਹੋਰ ਰਿਪੋਰਟ ਵਿੱਚ ਨੋਟ ਕੀਤਾ ਗਿਆ ਹੈ, "ਤਾਮਿਲਨਾਡੂ ਵਿੱਚ ਕੁਟੀਰ ਪ੍ਰੋਸੈਸਿੰਗ ਪ੍ਰਚਲਿਤ ਹੈ, ਜੋ ਆਮ ਤੌਰ 'ਤੇ ਹਾਨੀਕਾਰਕ ਬੈਕਟੀਰੀਆ ਅਤੇ ਪਾਚਕਾਂ ਨੂੰ ਨਸ਼ਟ ਕਰਨ ਅਤੇ ਰੋਗਾਣੂਆਂ ਦੇ ਵਾਧੇ ਅਤੇ ਫੈਲਣ ਲਈ ਉਲਟ ਸਥਿਤੀਆਂ ਪੈਦਾ ਕਰਨ ਦੇ ਸਿਧਾਂਤ 'ਤੇ ਅਧਾਰਤ ਹੁੰਦੀ ਹਨ।''
ਐੱਫ.ਏ.ਓ. ਦੀ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ, "ਲੂਣ ਲਾ ਕੇ ਧੁੱਪ ਸੁਕਾਉਣਾ ਮੱਛੀ ਨੂੰ ਸੁਰੱਖਿਅਤ ਰੱਖਣ ਦੀ ਇੱਕ ਸਸਤੀ ਪ੍ਰਕਿਰਿਆ ਹੈ। ਮੱਛੀ ਵਿੱਚ ਲੂਣ ਪਾਉਣ ਦੇ ਦੋ ਆਮ ਤਰੀਕੇ ਹਨ -ਸੁੱਕਾ ਲੂਣ ਧੂੜਨਾ, ਜਿਸ ਵਿੱਚ ਲੂਣ ਸਿੱਧਾ ਮੱਛੀ 'ਤੇ ਲਗਾਇਆ ਜਾਂਦਾ ਹੈ ਅਤੇ ਦੂਜਾ ਤਰੀਕਾ ਹੈ-ਬ੍ਰਿਨਿੰਗ, ਜਿਸ ਵਿੱਚ ਮੱਛੀਆਂ ਨੂੰ ਕਈ ਮਹੀਨੇ ਲੂਣ ਅਤੇ ਪਾਣੀ ਦੇ ਘੋਲ਼ ਵਿੱਚ ਡੁਬੋ ਦਿੱਤਾ ਜਾਂਦਾ ਹੈ।''
ਇੱਕ ਲੰਬੇ ਅਤੇ ਸੁਨਹਿਰੀ ਇਤਿਹਾਸ ਦੇ ਬਾਵਜੂਦ ਅਤੇ ਪ੍ਰੋਟੀਨ ਦੇ ਇੱਕ ਸਸਤੇ ਅਤੇ ਸੁਲਭ ਸਰੋਤ ਹੋਣ ਦੇ ਬਾਵਜੂਦ, ਕਰੁਵਾਡੂ ਨੂੰ ਸਭਿਆਚਾਰ ਵਿੱਚ ਮਜ਼ਾਕ ਦੀ ਵਸਤੂ ਵਜੋਂ ਦੇਖਿਆ ਜਾਂਦਾ ਹੈ। ਇਸ ਦੀ ਜਿਉਂਦੀ ਜਾਗਦੀ ਉਦਾਹਰਣ ਤਾਮਿਲ ਸਿਨੇਮਾ ਵਿੱਚ ਵੇਖੀ ਜਾ ਸਕਦੀ ਹਨ। ਜ਼ਾਇਕੇ ਦੀ ਦਰਜਾਬੰਦੀ ਵਿੱਚ ਇਸਦੀ ਥਾਂ ਕਿੱਥੇ ਹੈ?
ਡਾ. ਰਾਏ ਕਹਿੰਦੇ ਹਨ, "ਇੱਕ ਬਹੁ-ਆਯਾਮੀ ਸੋਚ ਇਸ ਦਰਜਾਬੰਦੀ ਦੇ ਪਿਛੋਕੜ ਵਿੱਚ ਕੰਮ ਕਰਦੀ ਹਨ। ਜਿੱਥੇ ਵੀ ਖੇਤਰਵਾਦ ਕਿਸੇ ਵੀ ਰੂਪ ਵਿੱਚ ਬ੍ਰਾਹਮਣਵਾਦ ਦੇ ਸਮਾਨਾਂਤਰ ਇੱਕ ਆਧੁਨਿਕ ਰੂਪ ਵਿੱਚ ਫੈਲਿਆ ਹੈ, ਅਸੀਂ ਅਕਸਰ ਪਾਣੀ ਅਤੇ ਖਾਸ ਕਰਕੇ ਖਾਰੇ ਪਾਣੀ 'ਤੇ ਨਿਰਭਰ ਜੀਵਨ ਅਤੇ ਰੋਜ਼ੀ-ਰੋਟੀ ਨਾਲ਼ ਜੁੜੇ ਵਿਰੋਧ ਅਤੇ ਸ਼ੰਕੇ ਦੇਖ ਸਕਦੇ ਹਾਂ... ਕਿਉਂਕਿ ਇਹ ਖੇਤਰ ਅਤੇ ਪੇਸ਼ਾ ਵੀ ਅੰਸ਼ਕ ਤੌਰ 'ਤੇ ਜਾਤ ਨਾਲ਼ ਸਬੰਧਤ ਸੀ, ਇਸ ਲਈ ਮੱਛੀ ਫੜ੍ਹੇ ਜਾਣ ਨੂੰ ਘਟੀਆ ਕੰਮ ਮੰਨ ਕੇ ਅਣਗੌਲਿਆ ਜਾਂਦਾ ਰਿਹਾ ਸੀ।
"ਮੱਛੀ ਉਹ ਆਖ਼ਰੀ ਜਲੀ ਜੀਵ ਹੈ ਜਿਸ ਨੂੰ ਅਸੀਂ ਫੜ੍ਹਦੇ ਹਾਂ ਅਤੇ ਖਾਂਦੇ ਹਾਂ। ਇਹ ਬਹੁਤ ਕੀਮਤੀ ਜਾਂ ਨਫ਼ਰਤ ਦਾ ਪਾਤਰ ਦੋਵੇਂ ਹੋ ਸਕਦਾ ਹੈ। ਸੰਸਕ੍ਰਿਤਕ ਦੇਸ਼, ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਇਸ ਨੂੰ ਨਫ਼ਰਤ ਨਾਲ਼ ਦੇਖਿਆ ਜਾਂਦਾ ਸੀ, ਜਿੱਥੇ ਖੇਤੀਯੋਗ ਜ਼ਮੀਨ, ਮੰਦਰ ਤੇ ਜਲ-ਅਧਾਰਤ ਸਾਧਨਾਂ ਵਿੱਚ ਸਬੰਧਤ ਨਿਵੇਸ਼ ਦੇ ਨਾਲ਼ ਖੇਤਰਵਾਦ, ਪਰਿਵਾਰਕ ਜੀਵਨ ਅਤੇ ਭੋਜਨ ਉਤਪਾਦਨ ਨੂੰ ਇੱਕ ਆਰਥਿਕ ਅਤੇ ਸੱਭਿਆਚਾਰਕ ਵਸਤੂ ਵਜੋਂ ਮਹੱਤਵ ਦਿੱਤਾ ਜਾਂਦਾ ਹੈ।''
*****
ਧੁੱਪ ਦੇ ਵਿਚਕਾਰ ਕਰਕੇ ਇੱਕ ਛੋਟੀ ਜਿਹੀ ਛਾਂਦਾਰ ਜਗ੍ਹਾ ਵਿੱਚ, ਸਹਾਏਪੁਰਨੀ ਇੱਕ ਪੂਮੀਨ (ਮਿਲਕ ਫਿਸ਼) ਤਿਆਰ ਕਰ ਰਹੀ ਹਨ। ਸਰਰ... ਸਰਰ... ਸਰਰ - ਆਪਣੇ ਤੇਜ਼ਧਾਰ ਚਾਕੂ ਨਾਲ਼, ਉਹ ਤੇਰੇਸਪੁਰਮ ਨਿਲਾਮੀ ਕੇਂਦਰ ਤੋਂ 300 ਰੁਪਏ ਵਿੱਚ ਖਰੀਦੀ ਗਈ ਤਿੰਨ ਕਿਲੋ ਮੱਛੀ ਦੇ ਸਕੇਲ (ਖੋਲੇ) ਸਾਫ਼ ਕਰ ਰਹੀ ਹਨ। ਉਹ ਜਗ੍ਹਾ ਜਿੱਥੇ ਉਹ ਬੈਠ ਕੇ ਕੰਮ ਕਰਦੀ ਹਨ, ਫ਼ਾਤਿਮਾ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਨਹਿਰ ਦੇ ਪਾਰ ਹੈ। ਨਹਿਰ ਵਿੱਚ ਪਾਣੀ ਘੱਟ ਅਤੇ ਚਿੱਕੜ ਜ਼ਿਆਦਾ ਹੈ, ਇਸ ਲਈ ਇਸ ਦਾ ਰੰਗ ਸਲੇਟੀਵੰਨਾ ਦਿਖਾਈ ਦਿੰਦਾ ਹੈ। ਮੱਛੀਆਂ ਦੇ ਖੋਲੇ ਉੱਡ ਕੇ ਇੱਧਰ-ਓਧਰ ਖਿੱਲਰੇ ਹੋਏ ਹਨ - ਕੁਝ ਖੋਲੇ ਪੂਮੀਨ ਮੱਛੀ ਦੇ ਆਸਪਾਸ ਡਿੱਗ ਰਹੇ ਹਨ ਅਤੇ ਕੁਝ ਚਮਕ ਖਲਾਰਦੇ ਹੋਏ ਦੋ ਫੁੱਟ ਦੂਰ ਉੱਡ ਮੇਰੇ ਨਾਲ਼ ਟਕਰਾ ਰਹੇ ਹਨ। ਮੇਰੇ ਕੱਪੜਿਆਂ 'ਤੇ ਚਿਪਕੇ ਖੋਲਿਆਂ ਨੂੰ ਦੇਖ ਕੇ ਉਹ ਹੱਸਣ ਲੱਗਦੀ ਹਨ। ਉਸ ਦਾ ਹਾਸਾ ਬਹੁਤ ਮੁਖ਼ਤਸਰ ਪਰ ਭੋਲਾ ਹੈ। ਉਨ੍ਹਾਂ ਨੂੰ ਦੇਖ ਕੇ ਅਸੀਂ ਵੀ ਉਨ੍ਹਾਂ ਦੇ ਹਾਸੇ 'ਚ ਸ਼ਾਮਲ ਹੋ ਜਾਂਦੇ ਹਾਂ। ਸਹਾਏਪੁਰਾਨੀ ਆਪਣਾ ਕੰਮ ਜਾਰੀ ਰੱਖਦੀ ਹਨ। ਉਹ ਬੜੀ ਸਫ਼ਾਈ ਨਾਲ਼ ਚਾਕੂ ਦੇ ਵਾਰਾਂ ਨਾਲ਼ ਹੀ ਦੋਵੇਂ ਖੰਭ ਵੱਖ ਕਰ ਦਿੰਦੀ ਹਨ। ਇਸ ਤੋਂ ਬਾਅਦ ਉਹ ਮੱਛੀ ਦੀ ਸਿਰੀ ਅੱਡ ਕਰਨ ਲਈ ਦਾਤਰ ਦੀ ਮਦਦ ਨਾਲ਼ ਚੀਰੇ ਲਾਉਂਦੀ ਹਨ। ਟਡ... ਟਡ...ਟਡ- ਛੇ ਵਾਰ - ਅਤੇ ਮੱਛੀ ਦਾ ਧੜ ਤੇ ਸਿਰੀ ਵੱਖ ਹੋ ਜਾਂਦੇ ਹਨ।
ਉਨ੍ਹਾਂ ਦੇ ਪਿੱਛੇ ਬੰਨ੍ਹਿਆ ਚਿੱਟਾ ਕੁੱਤਾ ਸਭ ਦੇਖ ਰਿਹਾ ਹੈ। ਗਰਮੀ ਕਾਰਨ ਉਸ ਦੀ ਜੀਭ ਲਟਕ ਰਹੀ ਹੈ। ਉਹਦੇ ਬਾਅਦ ਸਹਾਏਪੁਰਨੀ ਮੱਛੀ ਦੀਆਂ ਆਂਦਰਾਂ ਬਾਹਰ ਕੱਢਦੀ ਹੋਈ ਅੰਦਰੂਨੀ ਹਿੱਸੇ ਨੂੰ ਚੰਗੀ ਤਰ੍ਹਾਂ ਸਾਫ਼ ਕਰਦੀ ਹਨ। ਫਿਰ ਉਹ ਚਾਕੂ ਦੀ ਮਦਦ ਨਾਲ਼ ਮੱਛੀ ਦੀਆਂ ਮਾਸਪੇਸ਼ੀਆਂ ਵਿੱਚ ਛੋਟੇ ਅਤੇ ਪਤਲੇ ਚੀਰੇ ਪਾਉਂਦੀ ਹਨ। ਇੱਕ ਮੁੱਠੀ ਲੂਣ ਦੀ ਭਰ ਕੇ ਉਹ ਮੱਛੀ ਦੇ ਅੰਦਰ ਅਤੇ ਬਾਹਰ ਚੰਗੀ ਤਰ੍ਹਾਂ ਮਸਲਦੀ ਹਨ। ਲੂਣ ਦੇ ਰਵਿਆਂ ਨੂੰ ਗੁਲਾਬੀ ਮਾਸ ਦੇ ਚੀਰਿਆਂ ਵਿੱਚ ਭਰਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਮੱਛੀ ਹੁਣ ਸੁੱਕਣ ਲਈ ਤਿਆਰ ਹੈ। ਆਪਣੀ ਦਾਤਰੀ ਅਤੇ ਚਾਕੂ ਸਾਫ਼ ਕਰਨ ਤੋਂ ਬਾਅਦ, ਉਹ ਆਪਣੇ ਹੱਥ ਧੋਂਦੀ ਹਨ ਅਤੇ ਉਨ੍ਹਾਂ ਨੂੰ ਕੱਪੜੇ ਨਾਲ਼ ਪੂੰਝਦੀ ਅਤੇ ਸੁਕਾਉਂਦੀ ਹਨ। "ਆਓ," ਉਹ ਕਹਿੰਦੀ ਹਨ ਅਤੇ ਅਸੀਂ ਉਨ੍ਹਾਂ ਦੇ ਮਗਰ-ਮਗਰ ਉਨ੍ਹਾਂ ਦੇ ਘਰ ਪਹੁੰਚ ਜਾਂਦੇ ਹਾਂ।
ਤਾਮਿਲਨਾਡੂ ਦੀ ਸਮੁੰਦਰੀ ਮੱਛੀ ਪਾਲਣ ਜਨਗਣਨਾ 2016 ਦੇ ਅਨੁਸਾਰ, ਰਾਜ ਵਿੱਚ ਮੱਛੀ ਦੇ ਵਪਾਰ ਵਿੱਚ 2.62 ਲੱਖ ਔਰਤਾਂ ਅਤੇ 2.74 ਲੱਖ ਪੁਰਸ਼ ਸ਼ਾਮਲ ਹਨ। ਮਰਦਮਸ਼ੁਮਾਰੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਮੁੰਦਰੀ ਮਛੇਰਿਆਂ ਦੇ 91 ਪ੍ਰਤੀਸ਼ਤ ਪਰਿਵਾਰ ਗ਼ਰੀਬੀ ਰੇਖਾ (ਬੀਪੀਐਲ) ਤੋਂ ਹੇਠਾਂ ਆਉਂਦੇ ਹਨ।
ਧੁੱਪ ਤੋਂ ਦੂਰ ਹਟ ਕੇ ਬੈਠਣ ਤੋਂ ਬਾਅਦ, ਮੈਂ ਸਹਾਏਪੂਰਨੀ ਨੂੰ ਪੁੱਛਦੀ ਹਾਂ ਕਿ ਉਹ ਇੱਕ ਦਿਨ ਵਿੱਚ ਕਿੰਨਾ ਕਮਾ ਲੈਂਦੀ ਹਨ। "ਇਹ ਪੂਰੀ ਤਰ੍ਹਾਂ ਆਂਡਵਰ [ਯੀਸੂ] ਦੀ ਇੱਛਾ 'ਤੇ ਨਿਰਭਰ ਕਰਦਾ ਹੈ। ਅਸੀਂ ਸਾਰੇ ਉਸੇ ਦੀ ਕਿਰਪਾ ਨਾਲ਼ ਜਿਉਂਦੇ ਹਾਂ।" ਸਾਡੀ ਗੱਲਬਾਤ ਵਿੱਚ ਯੀਸੂ ਬਣੇ ਹੀ ਰਹਿੰਦੇ ਹਨ। ''ਉਸ ਦੀ ਕਿਰਪਾ ਨਾਲ਼ ਜੇ ਸਾਡੀਆਂ ਸਾਰੀਆਂ ਸੁੱਕੀਆਂ ਮੱਛੀਆਂ ਵਿਕ ਜਾਣ ਤਾਂ ਅਸੀਂ ਸਵੇਰੇ 10:30 ਵਜੇ ਤੱਕ ਘਰ ਵਾਪਸ ਆ ਜਾਂਦੇ ਹਾਂ।''
ਉਨ੍ਹਾਂ ਦੀ ਸ਼ਾਂਤ ਸਵੀਕਾਰਤਾ ਉਨ੍ਹਾਂ ਦੇ ਕੰਮ ਦੇ ਸਥਾਨ 'ਤੇ ਫੈਲੀ ਹੋਈ ਹੈ। ਮੱਛੀ ਸੁਕਾਉਣ ਲਈ ਉਨ੍ਹਾਂ ਨੂੰ ਦਿੱਤੀ ਗਈ ਜਗ੍ਹਾ ਨਹਿਰ ਦੇ ਨਾਲ਼ ਹੈ। ਇਸ ਜਗ੍ਹਾ ਨੂੰ ਕਿਸੇ ਵੀ ਦ੍ਰਿਸ਼ਟੀਕੋਣ ਤੋਂ ਢੁਕਵਾਂ ਨਹੀਂ ਕਿਹਾ ਜਾ ਸਕਦਾ, ਪਰ ਉਨ੍ਹਾਂ ਕੋਲ਼ ਹੋਰ ਕੀ ਉਪਾਅ ਹੈ? ਇੱਥੇ ਉਹ ਤੇਜ਼ ਧੁੱਪ ਤੋਂ ਹੀ ਨਹੀਂ ਬਲਕਿ ਬੇਮੌਸਮੀ ਬਾਰਸ਼ ਤੋਂ ਵੀ ਪਰੇਸ਼ਾਨ ਹਨ। "ਥੋੜ੍ਹਾ ਚਿਰ ਪਹਿਲਾਂ ਦੀ ਗੱਲ ਹੈ, ਲੂਣ ਮਸਲਣ ਤੋਂ ਬਾਅਦ, ਮੈਂ ਮੱਛੀ ਨੂੰ ਸੁੱਕਣ ਲਈ ਧੁੱਪੇ ਰੱਖਿਆ ਅਤੇ ਅਰਾਮ ਕਰਨ ਲਈ ਘਰ ਚਲੀ ਗਈ... ਅਚਾਨਕ ਇੱਕ ਆਦਮੀ ਦੌੜਦਾ ਹੋਇਆ ਆਇਆ ਅਤੇ ਦੱਸਿਆ ਕਿ ਮੀਂਹ ਪੈ ਰਿਹਾ ਹੈ। ਮੈਂ ਤੇਜ਼ੀ ਨਾਲ਼ ਭੱਜੀ, ਪਰ ਅੱਧੀਆਂ ਮੱਛੀਆਂ ਭਿੱਜ ਚੁੱਕੀਆਂ ਸਨ। ਤੁਸੀਂ ਛੋਟੀਆਂ ਮੱਛੀਆਂ ਨੂੰ ਨਹੀਂ ਬਚਾ ਸਕਦੇ, ਉਹ ਖ਼ਰਾਬ ਹੋ ਹੀ ਜਾਂਦੀਆਂ ਹਨ।''
ਸਹਾਏਪੂਰਨੀ ਜੋ ਹੁਣ 67 ਸਾਲਾਂ ਦੀ ਹੋ ਚੁੱਕੀ ਹਨ, ਨੇ ਮੱਛੀ ਸੁਕਾਉਣ ਦਾ ਕੰਮ ਆਪਣੀ ਚਿਤੀ -ਮਾਂ ਦੀ ਛੋਟੀ ਭੈਣ ਤੋਂ ਸਿੱਖਿਆ ਸੀ। ਹਾਲਾਂਕਿ, ਉਹ ਕਹਿੰਦੀ ਹਨ, ਮੱਛੀ ਦਾ ਕਾਰੋਬਾਰ ਵਧਣ ਤੋਂ ਬਾਅਦ ਵੀ ਸੁੱਕੀ ਮੱਛੀ ਦੀ ਖਪਤ ਵਿੱਚ ਕਮੀ ਆਈ ਹੈ। "ਇਸ ਦਾ ਕਾਰਨ ਇਹ ਹੈ ਕਿ ਜੋ ਲੋਕ ਮੱਛੀ ਖਾਣਾ ਚਾਹੁੰਦੇ ਹਨ ਉਹ ਆਰਾਮ ਨਾਲ਼ ਤਾਜ਼ੀ ਮੱਛੀ ਖ਼ਰੀਦ ਸਕਦੇ ਹਨ। ਸਗੋਂ ਕਈ ਵਾਰੀਂ ਉਹ ਸਸਤੀ ਵੀ ਮਿਲ਼ ਜਾਂਦੀ ਹੈ। ਨਾਲ਼ ਹੀ, ਤੁਸੀਂ ਹਰ ਰੋਜ਼ ਇੱਕੋ ਚੀਜ਼ ਨਹੀਂ ਖਾਣਾ ਚਾਹੋਗੇ। ਚਾਹੋਗੇ? ਜੇ ਤੁਸੀਂ ਹਫਤੇ ਵਿੱਚ ਦੋ ਦਿਨ ਮੱਛੀ ਖਾਂਦੇ ਹੋ, ਤਾਂ ਤੁਸੀਂ ਇੱਕ ਦਿਨ ਬਿਰਯਾਨੀ ਖਾਓਗੇ, ਦੂਸਰੇ ਦਿਨ ਸਾਂਭਰ , ਰਸਮ , ਸੋਇਆ ਬਿਰਯਾਨੀ ਅਤੇ ਹੋਰ ਕਈ ਚੀਜ਼ਾਂ ਖਾਓਗੇ..."
ਅਸਲ ਮਗਰਲਾ ਕਾਰਨ ਵਿਵਾਦਪੂਰਨ ਡਾਕਟਰੀ ਸਲਾਹ-ਮਸ਼ਵਰਾ ਵੀ ਹੈ। ''ਕਰੁਵਾਡੂ ਨਾ ਖਾਓ, ਇਸ ਵਿੱਚ ਬਹੁਤ ਜ਼ਿਆਦਾ ਲੂਣ ਹੁੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਨਾਲ਼ ਬਲੱਡ ਪ੍ਰੈਸ਼ਰ ਵੱਧਦਾ ਹੈ। ਇਸ ਲਈ, ਲੋਕ ਇਸ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਰਹੇ ਹਨ," ਉਹ ਡਾਕਟਰ ਦੀ ਸਲਾਹ ਅਤੇ ਕਾਰੋਬਾਰ ਵਿੱਚ ਗਿਰਾਵਟ ਬਾਰੇ ਗੱਲ ਕਰਦੇ ਹੋਏ ਆਪਣਾ ਸਿਰ ਵੀ ਹਿਲਾਉਂਦੀ ਰਹਿੰਦੀ ਹਨ। ਆਪਣੇ ਵਪਾਰ ਦੀ ਅਨਿਸ਼ਚਿਤਤਾ ਨੂੰ ਜ਼ਾਹਰ ਕਰਨ ਲਈ ਉਹ ਹੇਠਲੇ ਬੁੱਲ੍ਹ ਨੂੰ ਟੇਰਦੇ ਹੋਏ ਇੱਕ ਵਿਸ਼ੇਸ਼ ਇਸ਼ਾਰਾ ਵੀ ਕਰਦੀ ਹਨ। ਉਨ੍ਹਾਂ ਦੇ ਚਿਹਰੇ 'ਤੇ ਬੱਚੇ ਵਰਗਾ ਭਾਵ ਹੁੰਦਾ ਹੈ, ਜਿਸ ਵਿੱਚ ਨਿਰਾਸ਼ਾ ਅਤੇ ਮਜ਼ਬੂਰੀ ਦੋਵੇਂ ਰਲ਼ੀਆਂ ਜਾਪਦੀਆਂ ਹਨ।
ਜਦੋਂ ਕਰੁਵਾਡੂ ਤਿਆਰ ਹੋ ਜਾਂਦਾ ਹੈ, ਤਾਂ ਉਹ ਉਸਨੂੰ ਆਪਣੇ ਘਰ ਦੇ ਦੂਜੇ ਕਮਰੇ ਵਿੱਚ ਰੱਖਦੀ ਹਨ। ਇਹ ਕਮਰਾ ਸਿਰਫ਼ ਕਾਰੋਬਾਰੀ ਉਦੇਸ਼ਾਂ ਲਈ ਵਰਤਿਆ ਜਾਂਦਾ ਹੈ। "ਵੱਡੀਆਂ ਮੱਛੀਆਂ ਕਈ ਮਹੀਨਿਆਂ ਤੱਕ ਸੁਰੱਖਿਅਤ ਰਹਿੰਦੀਆਂ ਹਨ," ਉਹ ਕਹਿੰਦੀ ਹਨ। ਉਨ੍ਹਾਂ ਨੂੰ ਆਪਣੇ ਹੁਨਰ 'ਤੇ ਭਰੋਸਾ ਹੈ। ਜਿਸ ਤਰੀਕੇ ਨਾਲ਼ ਉਹ ਮੱਛੀ ਦੇ ਅੰਦਰੂਨੀ ਹਿੱਸੇ ਨੂੰ ਸਾਫ਼ ਕਰਦੀ ਅਤੇ ਉਸ ਵਿੱਚ ਲੂਣ ਭਰਦੀ ਹਨ, ਇਹ ਪ੍ਰਕਿਰਿਆ ਲਗਭਗ ਨਿਸ਼ਚਤ ਬਣਾਉਂਦੀ ਹੈ ਕਿ ਉਹ ਲੰਬੇ ਸਮੇਂ ਤੱਕ ਸੁਰੱਖਿਅਤ ਰਹਿੰਦੀਆਂ ਹਨ। ਗਾਹਕ ਇਸ ਨੂੰ ਕਈ ਹਫ਼ਤਿਆਂ ਤੱਕ ਰੱਖ ਸਕਦੇ ਹਨ। ਜੇ ਮੱਛੀ ਨੂੰ ਥੋੜ੍ਹੀ ਜਿਹੀ ਹਲਦੀ ਅਤੇ ਲੂਣ ਰਗੜ ਕੇ ਅਖ਼ਬਾਰ ਵਿੱਚ ਲਪੇਟਿਆ ਜਾਵੇ ਤੇ ਇੱਕ ਹਵਾਬੰਦ ਕੰਟੇਨਰ ਵਿੱਚ ਸੀਲ ਕੀਤਾ ਜਾਵੇ ਤਾਂ ਇਨ੍ਹਾਂ ਮੱਛੀਆਂ ਨੂੰ ਲੰਬੇ ਸਮੇਂ ਲਈ ਫਰਿੱਜ ਵਿੱਚ ਰੱਖਿਆ ਜਾ ਸਕਦਾ ਹੈ।
ਉਨ੍ਹਾਂ ਦੀ ਮਾਂ ਦੇ ਜ਼ਮਾਨੇ ਵਿੱਚ, ਭੋਜਨ ਵਿੱਚ ਕਰੁਵਾਡੂ ਹੀ ਵਧੇਰੇ ਖਾਧਾ ਜਾਂਦਾ ਸੀ। ਸੁੱਕੀਆਂ ਮੱਛੀਆਂ ਨੂੰ ਤਲ਼ਿਆ ਜਾਂਦਾ ਅਤੇ ਬਾਜਰੇ ਦੇ ਦਲ਼ੀਏ ਨਾਲ਼ ਖਾਧਾ ਜਾਂਦਾ। "ਇੱਕ ਵੱਡੇ ਪੈਨ ਵਿੱਚ, ਸੂਜੀ, ਕੱਟੇ ਹੋਏ ਬੈਂਗਣ ਅਤੇ ਮੱਛੀ ਦੇ ਕੁਝ ਟੁਕੜੇ ਇਕੱਠੇ ਮਿਲਾਏ ਜਾਂਦੇ ਅਤੇ ਇਸ ਨੂੰ ਦਲ਼ੀਏ ਨਾਲ਼ ਰਲ਼ਾ ਕੇ ਖਾਧਾ ਜਾਂਦਾ। ਪਰ ਹੁਣ ਤਾਂ ਹਰ ਚੀਜ਼ 'ਤਿਆਰ-ਬਰ-ਤਿਆਰ' ਵਿਕਦੀ ਹਨ," ਉਹ ਹੱਸਦੀ ਹਨ, "ਹੈ ਨਾ? ਹੁਣ ਤਾਂ ਬਾਜ਼ਾਰ ਵਿੱਚ ਚੌਲ਼ ਵੀ 'ਤਿਆਰ' ਹੀ ਮਿਲ਼ ਜਾਂਦੇ ਹਨ ਅਤੇ ਲੋਕ ਇਸ ਨੂੰ ਵੈਜੀਟੇਬਲ (ਸਬਜ਼ੀ) ਕੁਟੂ (ਦਾਲ ਰਲ਼ਾ ਪਕਾਈਆਂ ਸਬਜ਼ੀਆਂ) ਅਤੇ ਤਲ਼ੇ ਹੋਏ ਆਂਡਿਆਂ ਨਾਲ਼ ਖਾਂਦੇ ਹਨ। ਲਗਭਗ 40 ਸਾਲ ਪਹਿਲਾਂ, ਮੈਂ ਵੈਜੀਟੇਬਲ ਕੁੱਟੂ ਦਾ ਨਾਮ ਤੱਕ ਵੀ ਨਹੀਂ ਸੁਣਿਆ ਸੀ।''
ਸਹਾਏਪੂਰਨੀ ਆਮ ਤੌਰ 'ਤੇ ਹਰ ਰੋਜ਼ ਸਵੇਰੇ 4:30 ਵਜੇ ਘਰੋਂ ਨਿਕਲ਼ਦੀ ਹਨ ਅਤੇ 15 ਕਿਲੋਮੀਟਰ ਦੇ ਦਾਇਰੇ ਵਾਲ਼ੇ ਪਿੰਡਾਂ ਵਿੱਚ ਜਾਣ ਲਈ ਬੱਸ ਲੈਂਦੀ ਹਨ। "ਸਾਨੂੰ ਗੁਲਾਬੀ ਬੱਸਾਂ ਵਿੱਚ ਯਾਤਰਾ ਕਰਨ ਲਈ ਕਿਰਾਇਆ ਨਹੀਂ ਦੇਣਾ ਪੈਂਦਾ," ਉਹ ਤਾਮਿਲਨਾਡੂ ਸਰਕਾਰ ਵੱਲੋਂ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਯੋਜਨਾ ਦਾ ਹਵਾਲ਼ਾ ਦਿੰਦੇ ਹੋਏ ਕਹਿੰਦੀ ਹਨ, ਜਿਸ ਦਾ ਐਲਾਨ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ 2021 'ਚ ਕੀਤਾ ਸੀ। "ਪਰ ਆਪਣੀ ਟੋਕਰੀ ਲਈ, ਸਾਨੂੰ ਪੂਰੀ ਟਿਕਟ ਦੇਣੀ ਪੈਂਦੀ ਹੈ। ਇਹ 10 ਰੁਪਏ ਵੀ ਹੋ ਸਕਦੀ ਹੈ ਜਾਂ 24 ਰੁਪਏ ਵੀ।" ਕਈ ਵਾਰ ਉਹ ਕੰਡਕਟਰ ਨੂੰ 10 ਰੁਪਏ ਦਾ ਨੋਟ ਫੜ੍ਹਾ ਦਿੰਦੀ ਹਨ। ''ਤਦ ਉਹ ਥੋੜ੍ਹਾ ਤਮੀਜ਼ ਨਾਲ਼ ਪੇਸ਼ ਆਉਂਦਾ ਹੈ," ਇੰਨਾ ਕਹਿ ਉਹ ਹੱਸ ਪੈਂਦੀ ਹਨ।
ਆਪਣੀ ਮੰਜ਼ਿਲ 'ਤੇ ਪਹੁੰਚਣ ਤੋਂ ਬਾਅਦ, ਸਹਾਏਪੂਰਨੀ ਨੂੰ ਪਿੰਡ ਵਿੱਚ ਘੁੰਮ-ਘੁੰਮ ਕੇ ਮੱਛੀ ਵੇਚਣੀ ਪੈਂਦੀ ਹਨ। ਇਹ ਮੁਸ਼ਕਲ ਅਤੇ ਥਕਾਊ ਕੰਮ ਹੈ, ਉਹ ਕਹਿੰਦੀ ਹਨ। ਇਸ ਕਾਰੋਬਾਰ ਵਿੱਚ ਮੁਕਾਬਲਾ ਵੀ ਹੈ। "ਜਦੋਂ ਅਸੀਂ ਤਾਜ਼ੀ ਮੱਛੀ ਵੇਚਦੇ ਸਾਂ ਤਾਂ ਸਥਿਤੀ ਜ਼ਿਆਦਾ ਮਾੜੀ ਸੀ। ਆਦਮੀ ਆਪਣੀਆਂ ਟੋਕਰੀਆਂ ਦੋ ਪਹੀਆ ਵਾਹਨਾਂ 'ਤੇ ਲੱਦ ਕੇ ਲਿਆਉਂਦੇ ਅਤੇ ਜਿੰਨਾ ਚਿਰ ਅਸੀਂ ਦੋ ਘਰਾਂ ਦੁਆਲ਼ੇ ਘੁੰਮਦੀਆਂ, ਉਹ ਦਸ ਘਰਾਂ ਦਾ ਦੌਰਾ ਕਰ ਚੁੱਕੇ ਹੁੰਦੇ। ਉਨ੍ਹਾਂ ਦੇ ਵਾਹਨਾਂ ਕਾਰਨ ਉਨ੍ਹਾਂ ਦੀ ਮਿਹਨਤ ਘੱਟ ਜਾਂਦੀ। ਦੂਜੇ ਪਾਸੇ, ਅਸੀਂ ਨਾ ਸਿਰਫ਼ ਤੁਰਦੇ-ਫਿਰਦੇ ਥੱਕ ਜਾਂਦੀਆਂ, ਸਗੋਂ ਕਮਾਈ ਦੇ ਮਾਮਲੇ ਵਿੱਚ ਵੀ ਉਨ੍ਹਾਂ ਤੋਂ ਪਿਛੜ ਜਾਂਦੀਆਂ।'' ਇਸਲਈ ਉਨ੍ਹਾਂ ਨੇ ਕਰੁਵਾਡੂ ਵੇਚਣ ਦਾ ਕੰਮ ਹੀ ਜਾਰੀ ਰੱਖੀ ਰੱਖਿਆ।
ਸੁੱਕੀ ਮੱਛੀ ਦੀ ਮੰਗ ਵੀ ਵੱਖ-ਵੱਖ ਮੌਸਮਾਂ ਵਿੱਚ ਬਦਲਦੀ ਰਹਿੰਦੀ ਹੈ। "ਜਦੋਂ ਪਿੰਡਾਂ ਵਿੱਚ ਤਿਉਹਾਰ ਮਨਾਏ ਜਾਂਦੇ ਹਨ ਤਾਂ ਲੋਕ ਕਈ ਕਈ ਦਿਨ ਜਾਂ ਕਈ ਵਾਰ ਹਫ਼ਤਿਆਂ ਤੱਕ ਮਾਸਾਹਾਰੀ ਭੋਜਨ ਖਾਣਾ ਵਰਜਿਤ ਸਮਝਦੇ ਹਨ। ਕਿਉਂਕਿ ਇਸ ਪਰੰਪਰਾ ਦਾ ਬਹੁਤ ਸਾਰੇ ਲੋਕ ਪਾਲਣ ਕਰਦੇ ਹਨ, ਇਸ ਲਈ ਇਸ ਦਾ ਸਾਡੇ ਕਾਰੋਬਾਰ 'ਤੇ ਅਸਰ ਪੈਣਾ ਸੁਭਾਵਿਕ ਹੈ। ਪੰਜ ਸਾਲ ਪਹਿਲਾਂ, ਇੰਨੀ ਵੱਡੀ ਗਿਣਤੀ ਵਿੱਚ ਲੋਕ ਧਾਰਮਿਕ ਪਾਬੰਦੀਆਂ ਵਿੱਚ ਵਿਸ਼ਵਾਸ ਨਹੀਂ ਕਰਦੇ ਸਨ।'' ਤਿਉਹਾਰ ਦੌਰਾਨ ਅਤੇ ਤਿਉਹਾਰ ਤੋਂ ਬਾਅਦ, ਜਦੋਂ ਟੱਬਰਾਂ ਦੇ ਭੋਜ ਲਈ ਬੱਕਰੀਆਂ ਦੀ ਬਲ਼ੀ ਦਿੱਤੀ ਜਾਂਦੀ ਹੈ, ਤਾਂ ਲੋਕ ਰਿਸ਼ਤੇਦਾਰਾਂ ਨੂੰ ਦਾਅਵਤ ਦੇਣ ਲਈ ਵੱਡੀ ਮਾਤਰਾ ਵਿੱਚ ਸੁੱਕੀ ਮੱਛੀ ਦਾ ਆਰਡਰ ਦਿੰਦੇ ਹਨ। "ਕਈ ਵਾਰ ਤਾਂ ਉਹ ਇੱਕ ਕਿਲੋ ਮੱਛੀ ਵੀ ਖ਼ਰੀਦਦੇ ਹਨ," ਉਨ੍ਹਾਂ ਦੀ 36 ਸਾਲਾ ਧੀ ਨੈਨਸੀ ਕਹਿੰਦੀ ਹਨ।
ਕਾਰੋਬਾਰ ਪੱਖੋਂ ਸਭ ਤੋਂ ਖ਼ਰਾਬ ਮਹੀਨਿਆਂ ਵਿੱਚ, ਉਨ੍ਹਾਂ ਦਾ ਪਰਿਵਾਰ ਕਰਜ਼ੇ 'ਤੇ ਨਿਰਭਰ ਕਰਦਾ ਹੈ। ਸਮਾਜ ਸੇਵੀ ਨੈਨਸੀ ਕਹਿੰਦੀ ਹਨ,"ਦਸ ਪੈਸਾ ਵਿਆਜ, ਰੋਜ਼ਾਨਾ ਵਿਆਜ, ਹਫ਼ਤਾਵਾਰੀ ਵਿਆਜ, ਮਹੀਨਾਵਾਰ ਵਿਆਜ। ਮਾਨਸੂਨ ਅਤੇ ਮੱਛੀ ਫੜ੍ਹਨ 'ਤੇ ਪਾਬੰਦੀ ਦੇ ਦਿਨੀਂ ਅਸੀਂ ਇਸੇ ਤਰ੍ਹਾਂ ਗੁਜ਼ਾਰਾ ਕਰਦੇ ਹਾਂ। ਕਈਆਂ ਨੂੰ ਆਪਣੇ ਗਹਿਣੇ ਸ਼ਾਹੂਕਾਰ ਕੋਲ਼ ਜਾਂ ਬੈਂਕ ਕੋਲ਼ ਵੀ ਗਹਿਣੇ ਪਾਉਣੇ ਪੈਂਦੇ ਹਨ। ਪਰ ਸਾਨੂੰ ਕਰਜ਼ਾ ਲੈਣਾ ਹੀ ਪੈਂਦਾ ਹੈ," ਉਨ੍ਹਾਂ ਦੀ ਮਾਂ ਗੱਲ ਪੂਰੀ ਕਰਦਿਆਂ ਕਹਿੰਦੀ ਹਨ, "ਅਨਾਜ ਖ਼ਰੀਦਣ ਲਈ।''
ਕਰੁਵਾਡੂ ਦੇ ਵਪਾਰ ਵਿੱਚ ਸ਼ਾਮਲ ਕਿਰਤ ਅਤੇ ਇਸ ਤੋਂ ਹੋਣ ਵਾਲ਼ਾ ਮੁਨਾਫਾ ਇੱਕੋ ਜਿਹਾ ਨਹੀਂ ਹੈ। ਉਸ ਸਵੇਰ ਹੋਈ ਨਿਲਾਮੀ ਵਿੱਚ ਉਨ੍ਹਾਂ ਨੇ ਜੋ ਮੱਛੀ (ਸਲਾਈ ਮੇਂ ਜਾਂ ਸਰਡੀਨ ਦੀ ਇੱਕ ਪੈਕ ਕੀਤੀ ਟੋਕਰੀ) 1,300 ਰੁਪਏ ਵਿੱਚ ਖਰੀਦੀ ਸੀ, ਉਹ ਉਨ੍ਹਾਂ ਨੂੰ 500 ਰੁਪਏ ਕਮਾਏਗੀ। ਇਸ ਲਾਭ ਦੇ ਬਦਲੇ, ਉਨ੍ਹਾਂ ਨੂੰ ਉਨ੍ਹਾਂ ਮੱਛੀਆਂ ਨੂੰ ਸਾਫ਼ ਕਰਨ, ਲੂਣ ਪਾਉਣ ਅਤੇ ਸੁਕਾਉਣ ਲਈ ਦੋ ਦਿਨਾਂ ਤੱਕ ਸਖਤ ਮਿਹਨਤ ਕਰਨੀ ਪਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਬੱਸ 'ਚ ਲੋਡ ਕਰਕੇ ਦੋ ਦਿਨਾਂ ਲਈ ਵੇਚਣਾ ਹੋਵੇਗਾ। ਇਸ ਹਿਸਾਬ ਨਾਲ਼ ਉਨ੍ਹਾਂ ਦੀ ਰੋਜ਼ਾਨਾ ਕਮਾਈ ਸਿਰਫ਼ 125 ਰੁਪਏ ਹੈ। ਕੀ ਇਹ ਇਸ ਤਰ੍ਹਾਂ ਨਹੀਂ ਹੈ? ਮੈਂ ਉਨ੍ਹਾਂ ਤੋਂ ਜਾਣਨਾ ਚਾਹੁੰਦਾ ਹਾਂ।
ਉਹ ਸਹਿਮਤੀ ਵਿੱਚ ਆਪਣਾ ਸਿਰ ਹਿਲਾਉਂਦੀ ਹਨ। ਇਸ ਵਾਰ ਉਨ੍ਹਾਂ ਦੇ ਚਿਹਰੇ 'ਤੇ ਮੁਸਕਾਨ ਨਹੀਂ ਹੈ।
*****
ਤੇਰੇਸਪੁਰਮ ਵਿੱਚ ਕਰੁਵਾਡੂ ਦੇ ਵਪਾਰ ਦੀ ਆਰਥਿਕਤਾ ਅਤੇ ਇਸ ਨਾਲ਼ ਜੁੜੇ ਮਨੁੱਖੀ ਸਰੋਤ ਦ੍ਰਿਸ਼ ਅਨਿਸ਼ਚਿਤਤਾ ਦੀ ਸਥਿਤੀ ਵਿੱਚ ਹਨ। ਸਾਡੇ ਕੋਲ਼ ਤਾਮਿਲਨਾਡੂ ਸਮੁੰਦਰੀ ਮੱਛੀ ਪਾਲਣ ਜਨਗਣਨਾ ਤੋਂ ਕੁਝ ਅੰਕੜੇ ਹਨ। ਤੂਤੀਕੋਰਿਨ ਜ਼ਿਲ੍ਹੇ ਵਿੱਚ ਮੱਛੀ ਦੀ ਸੰਭਾਲ਼ ਅਤੇ ਸੁਧਾਈ (ਪ੍ਰੋਸੈਸਿੰਗ) ਵਿੱਚ ਲੱਗੇ ਕੁੱਲ 465 ਲੋਕਾਂ ਵਿੱਚੋਂ 79 ਤੇਰੇਸਪੁਰਮ ਵਿੱਚ ਕੰਮ ਕਰਦੇ ਹਨ। ਰਾਜ ਦੇ ਸਿਰਫ਼ ਨੌਂ ਪ੍ਰਤੀਸ਼ਤ ਮਛੇਰੇ ਇਸ ਪੇਸ਼ੇ ਵਿੱਚ ਹਨ, ਜਿਨ੍ਹਾਂ ਵਿੱਚੋਂ ਔਰਤਾਂ ਦੀ ਗਿਣਤੀ ਹੈਰਾਨੀਜਨਕ ਤਰੀਕੇ ਨਾਲ਼ 87 ਪ੍ਰਤੀਸ਼ਤ ਹੈ। ਐੱਫ.ਏ.ਓ. ਦੀ ਰਿਪੋਰਟ ਅਨੁਸਾਰ ਇਹ ਗਲੋਬਲ ਅੰਕੜਿਆਂ ਨਾਲ਼ੋਂ ਬਹੁਤ ਜ਼ਿਆਦਾ ਹੈ। "ਦੁਨੀਆ ਵਿੱਚ ਛੋਟੇ ਪੱਧਰ 'ਤੇ ਮੱਛੀ ਪਾਲਣ ਵਿੱਚ ਲੱਗੀ ਕਿਰਤ ਸ਼ਕਤੀ ਦਾ ਲਗਭਗ ਅੱਧਾ ਹਿੱਸਾ ਔਰਤਾਂ ਦੇ ਯੋਗਦਾਨ 'ਤੇ ਨਿਰਭਰ ਹੈ।''
ਇਸ ਕਾਰੋਬਾਰ ਵਿੱਚ ਲਾਭ ਅਤੇ ਘਾਟੇ ਦੀ ਸਹੀ ਗਣਨਾ ਕਰਨਾ ਇੱਕ ਮੁਸ਼ਕਲ ਕੰਮ ਹੈ। ਪੰਜ ਕਿਲੋ ਦੀ ਇੱਕ ਵੱਡੀ ਮੱਛੀ, ਜੋ 1,000 ਰੁਪਏ ਵਿੱਚ ਵੇਚੀ ਜਾਣੀ ਚਾਹੀਦੀ ਸੀ, ਥੋੜ੍ਹੀ ਪਿਲਪਿਲੀ ਹੋਣ 'ਤੇ ਸਿਰਫ਼ 400 ਰੁਪਏ ਵਿੱਚ ਮਿਲ਼ ਜਾਂਦੀ ਹੈ। ਔਰਤਾਂ ਇਨ੍ਹਾਂ ਮੱਛੀਆਂ ਨੂੰ ' ਗੁਲੂਗੁਲੂ ' ਕਹਿੰਦੀਆਂ ਹਨ ਅਤੇ ਉਂਗਲਾਂ ਨੂੰ ਜੋੜ ਕੇ ਦਬਾਅ ਦਾ ਸੰਕੇਤ ਬਣਾਉਂਦੀਆਂ ਹੋਈਆਂ ਮੱਛੀ ਦੇ ਪਿਲਪਿਲੇ ਹੋਣ ਦਾ ਅਹਿਸਾਸ ਜ਼ਾਹਰ ਕਰਦੀਆਂ ਹਨ। ਤਾਜ਼ੀ ਮੱਛੀ ਦੇ ਖ਼ਰੀਦਦਾਰਾਂ ਦੁਆਰਾ ਮੱਛੀ ਦੀ ਛਾਂਟੀ ਕਰਨ ਤੋਂ ਬਾਅਦ ਕਰੁਵਾਡੂ ਤਿਆਰ ਵਾਲ਼ੀਆਂ ਇਨ੍ਹਾਂ ਔਰਤਾਂ ਲਈ ਇੱਕ ਲਾਭਦਾਇੱਕ ਸੌਦਾ ਸਾਬਤ ਹੁੰਦਾ ਹੈ। ਉਨ੍ਹਾਂ ਨੂੰ ਤਿਆਰ ਕਰਨ ਵਿੱਚ ਸਮਾਂ ਵੀ ਘੱਟ ਲੱਗਦਾ ਹੈ।
ਫ਼ਾਤਿਮਾ ਦੀ ਵੱਡੀ ਮੱਛੀ, ਜਿਸਦਾ ਭਾਰ ਪੰਜ ਕਿਲੋ ਹੈ, ਇੱਕ ਘੰਟੇ ਵਿੱਚ ਤਿਆਰ ਹੋ ਜਾਂਦੀ ਹਨ। ਇੱਕੋ ਭਾਰ ਦੀਆਂ ਛੋਟੀਆਂ ਮੱਛੀਆਂ ਦੁੱਗਣਾ ਸਮਾਂ ਲੈਂਦੀਆਂ ਹਨ। ਲੂਣ ਦੀ ਲੋੜ ਵਿੱਚ ਵੀ ਅੰਤਰ ਹੁੰਦਾ ਹੈ। ਵੱਡੀਆਂ ਮੱਛੀਆਂ ਨੂੰ ਲੋੜੀਂਦੇ ਅੱਧੇ ਲੂਣ ਦੀ ਲੋੜ ਹੁੰਦੀ ਹਨ, ਜਦੋਂ ਕਿ ਛੋਟੀਆਂ ਅਤੇ ਕੜਕ ਮੱਛੀਆਂ ਨੂੰ ਉਨ੍ਹਾਂ ਦੇ ਭਾਰ ਦੇ ਅੱਠਵੇਂ ਹਿੱਸੇ ਦੇ ਬਰਾਬਰ ਲੂਣ ਦੀ ਲੋੜ ਹੁੰਦੀ ਹਨ।
ਮੱਛੀ ਸੁਕਾਉਣ ਦੇ ਕਾਰੋਬਾਰ ਵਿੱਚ ਲੱਗੇ ਲੋਕ ਸਿੱਧੇ ਤੌਰ 'ਤੇ ਉੱਪਲਮ ਜਾਂ ਲੂਣ ਦੇ ਖੇਤਾਂ ਤੋਂ ਲੂਣ ਖ਼ਰੀਦਦੇ ਹਨ। ਇਸ ਦੀ ਮਾਤਰਾ ਇਸ ਗੱਲ 'ਤੇ ਨਿਰਭਰ ਕਰਦੀ ਹਨ ਕਿ ਖ਼ਰੀਦਦਾਰ ਦੁਆਰਾ ਕਿੰਨਾ ਲੂਣ ਖਪਤ ਕੀਤਾ ਜਾਂਦਾ ਹੈ। ਲੂਣ ਦੀ ਖੇਪ ਦੀ ਕੀਮਤ 1,000 ਤੋਂ 3,000 ਰੁਪਏ ਹੈ, ਜੋ ਇਸ ਦੀ ਮਾਤਰਾ 'ਤੇ ਨਿਰਭਰ ਕਰਦੀ ਹਨ। ਲੂਣ ਦੀਆਂ ਬੋਰੀਆਂ ਨੂੰ ਤਿੰਨ ਪਹੀਆ ਵਾਹਨ ਜਾਂ ' ਕੁੱਟਿਆਨਾਈ ' (ਜਿਸਦਾ ਸ਼ਾਬਦਿਕ ਅਰਥ ਹੈ 'ਛੋਟਾ ਹਾਥੀ') 'ਤੇ ਲੋਡ ਕੀਤਾ ਜਾਂਦਾ ਹੈ। ਇਹ ਅਸਲ ਵਿੱਚ ਇੱਕ ਛੋਟਾ ਟੈਂਪੂ ਟਰੱਕ ਹੈ। ਲੂਣ ਨੂੰ ਘਰ ਦੇ ਨੇੜੇ ਹੀ ਲੰਬੇ ਨੀਲੇ ਪਲਾਸਟਿਕ ਦੇ ਡਰੱਮ ਵਿੱਚ ਰੱਖਿਆ ਜਾਂਦਾ ਹੈ।
ਫ਼ਾਤਿਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦਾਦੀ ਦੇ ਸਮੇਂ ਤੋਂ ਕਰੁਵਾਡੂ ਬਣਾਉਣ ਦਾ ਤਰੀਕਾ ਜ਼ਿਆਦਾ ਨਹੀਂ ਬਦਲਿਆ ਹੈ। ਮੱਛੀਆਂ ਨੂੰ ਚੀਰੇ ਲਾਏ ਜਾਂਦੇ ਹਨ, ਸਾਫ਼ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਖੋਲ ਹਟਾ ਦਿੱਤੇ ਜਾਂਦੇ ਹਨ। ਇਸ ਤੋਂ ਬਾਅਦ ਉਨ੍ਹਾਂ 'ਤੇ ਲੂਣ ਮਸਲਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਗਰਮ ਧੁੱਪ 'ਚ ਸੁਕਾਇਆ ਜਾਂਦਾ ਹੈ। ਉਹ ਆਪਣਾ ਕੰਮ ਨਿਪੁੰਨਤਾ ਨਾਲ਼ ਕਰਦੀ ਹਨ। ਇਸੇ ਭਰੋਸੇ ਨੂੰ ਮਨ ਵਿੱਚ ਸਾਂਭੀ, ਉਹ ਮੈਨੂੰ ਮੱਛੀਆਂ ਨਾਲ਼ ਭਰੀਆਂ ਟੋਕਰੀਆਂ ਦਿਖਾਉਂਦੀ ਹਨ। ਇੱਥੇ ਇੱਕ ਟੋਕਰੀ ਵਿੱਚ ਸੁੱਕੇ ਕੱਟੇ ਹਲਦੀ ਲਿਬੜੇ ਕਰੁਵਾਡੂ ਰੱਖੇ ਗਏ ਹੈ। ਇੱਕ ਕਿਲੋ ਕਰੁਵਾਡੂ 150 ਤੋਂ 200 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ਼ ਵੇਚਿਆ ਜਾਵੇਗਾ। ਕੱਪੜੇ ਦੇ ਇੱਕ ਬੰਡਲ ਵਿੱਚ, ਉਲੀ ਮੀਨ (ਬਾਰਾਕੁਡਾ) ਅਤੇ ਇਸਦੇ ਹੇਠਾਂ ਪਲਾਸਟਿਕ ਦੀ ਇੱਕ ਬਾਲਟੀ ਸੁੱਕੀ ਸਲਾਈ ਕਰੁਵਾਡੂ (ਸੁੱਕੀ ਹੋਈ ਸਾਰਡੀਨ) ਰੱਖੀ ਹੈ। ਨੇੜਲੇ ਸਟਾਲ ਤੋਂ, ਉਨ੍ਹਾਂ ਦੀ ਭੈਣ ਫਰੈਡਰਿਕ ਉੱਚੀ ਆਵਾਜ਼ ਵਿੱਚ ਕਹਿੰਦੀ ਹਨ,"ਜੇ ਸਾਡਾ ਕੰਮ ' ਨਾਕਰੇ ਮੂਕਰੇ ' (ਗੰਦਾ/ਮੈਲ਼ਾ-ਕੁਚੈਲ਼ਾ) ਹੋਊਗਾ, ਤਾਂ ਸਾਡੀ ਮੱਛੀ ਕੌਣ ਖਰੀਦੇਗਾ? ਬਹੁਤ ਸਾਰੇ ਲੋਕ, ਇੱਥੋਂ ਤੱਕ ਕਿ ਪੁਲਿਸ ਵਾਲ਼ੇ ਵੀ ਸਾਡੇ ਖ਼ਰੀਦਦਾਰ ਹਨ। ਆਪਣੇ ਕਰੁਵਾਡੂ ਕਾਰਨ ਅਸੀਂ ਇੱਕ ਪ੍ਰਸਿੱਧੀ ਪਾਈ ਹੈ।''
ਇਨ੍ਹਾਂ ਭੈਣਾਂ ਨੇ ਕੋਈ ਘੱਟ ਜ਼ਖ਼ਮ ਅਤੇ ਦਰਦ ਸਹਿਣ ਨਹੀਂ ਕੀਤਾ ਹੈ। ਫਰੈਡਰਿਕ ਨੇ ਮੈਨੂੰ ਆਪਣੀਆਂ ਤਲ਼ੀਆਂ ਦਿਖਾਈਆਂ। ਉਨ੍ਹਾਂ ਤਲ਼ੀਆਂ ਵਿੱਚ ਚਾਕੂ ਦੇ ਕੱਟਣ ਦੇ ਬਹੁਤ ਸਾਰੇ ਵੱਡੇ ਨਿਸ਼ਾਨ ਹਨ। ਹਰ ਨਿਸ਼ਾਨ ਉਨ੍ਹਾਂ ਦੇ ਅਤੀਤ ਬਾਰੇ ਕੁਝ ਕਹਿੰਦਾ ਹੈ। ਕੱਟ ਦੇ ਇਹ ਨਿਸ਼ਾਨ ਉਨ੍ਹਾਂ ਦੇ ਹੱਥ ਦੀਆਂ ਲਕੀਰਾਂ ਤੋਂ ਬਿਲਕੁਲ ਵੱਖਰੇ ਹਨ ਜੋ ਉਨ੍ਹਾਂ ਦਾ ਭਵਿੱਖ ਦਾ ਦੱਸਦੀਆਂ ਹਨ।
"ਮੱਛੀ ਲਿਆਉਣਾ ਮੇਰੇ ਜੀਜੇ ਦਾ ਕੰਮ ਹੈ, ਅਸੀਂ ਚਾਰੇ ਭੈਣਾਂ ਉਨ੍ਹਾਂ ਨੂੰ ਸੁਕਾ ਕੇ ਵੇਚਦੀਆਂ ਹਾਂ," ਫ਼ਾਤਿਮਾ ਆਪਣੀ ਸਟਾਲ ਦੇ ਅੰਦਰ ਛਾਂ ਵਿੱਚ ਬੈਠਣ ਤੋਂ ਬਾਅਦ ਕਹਿੰਦੀ ਹਨ। "ਉਹਦੀਆਂ ਚਾਰ ਸਰਜਰੀ ਹੋ ਚੁੱਕੀਆਂ ਹਨ, ਉਹ ਹੁਣ ਸਮੁੰਦਰ ਵਿੱਚ ਨਹੀਂ ਜਾਂਦਾ। ਇਸ ਲਈ, ਉਹ ਤੇਰੇਸਪੁਰਮ ਨਿਲਾਮੀ ਕੇਂਦਰ ਜਾਂ ਥੁਥੁਕੁੜੀ ਦੀ ਮੁੱਖ ਬੰਦਰਗਾਹ ਤੋਂ ਹਜ਼ਾਰਾਂ ਰੁਪਏ ਦੀ ਮੱਛੀ ਦੀ ਖੇਪ ਖ਼ਰੀਦ ਲੈਂਦਾ ਹੈ। ਉਹ ਇੱਕ ਕਾਰਡ ਵਿੱਚ ਮੱਛੀ ਦੀ ਮਾਤਰਾ ਅਤੇ ਮੁੱਲ ਲਿਖ ਲੈਂਦਾ ਹੈ। ਮੈਂ ਅਤੇ ਮੇਰੀਆਂ ਭੈਣਾਂ ਉਹਦੇ ਕੋਲ਼ੋਂ ਹੀ ਮੱਛੀਆਂ ਖ਼ਰੀਦਦੀਆਂ ਹਾਂ ਅਤੇ ਬਦਲੇ ਵਿੱਚ ਉਹਨੂੰ ਉਹਦਾ ਕਮਿਸ਼ਨ ਦੇ ਦਿੰਦੀਆਂ ਹਾਂ। ਅਸੀਂ ਉਸੇ ਮੱਛੀ ਤੋਂ ਕਰੁਵਾਡੂ ਬਣਾਉਂਦੀਆਂ ਹਾਂ। ਫ਼ਾਤਿਮਾ ਆਪਣੇ ਜੀਜੇ ਨੂੰ " ਮਾਪੀਲਾਈ " ਕਹਿੰਦੀ ਹਨ, ਜੋ ਸ਼ਬਦ ਆਮ ਤੌਰ 'ਤੇ ਜਵਾਈ ਲਈ ਵਰਤਿਆ ਜਾਂਦਾ ਹੈ ਅਤੇ ਆਪਣੀਆਂ ਛੋਟੀਆਂ ਭੈਣਾਂ ਨੂੰ ਉਹ "ਪੋਨੂ" ਕਹਿੰਦੀ ਹਨ। ਛੋਟੀਆਂ ਕੁੜੀਆਂ ਨੂੰ ਆਮ ਤੌਰ 'ਤੇ ਇਹੀ ਕਿਹਾ ਜਾਂਦਾ ਹੈ।
ਸਾਰੀਆਂ ਭੈਣਾਂ ਦੀ ਉਮਰ 60 ਸਾਲ ਤੋਂ ਵੱਧ ਹੈ।
ਫਰੈਡਰਿਕ ਆਪਣੇ ਨਾਮ ਦੇ ਤਾਮਿਲ ਰੂਪ ਦੀ ਵਰਤੋਂ ਕਰਦੀ ਹਨ – ਪੈਟਰੀ। ਪਤੀ ਦੀ ਮੌਤ ਤੋਂ ਬਾਅਦ ਉਹ ਪਿਛਲੇ 37 ਸਾਲਾਂ ਤੋਂ ਇਕੱਲੀ ਕੰਮ ਕਰ ਰਹੀ ਹਨ। ਉਹ ਆਪਣੇ ਪਤੀ ਜੌਨ ਜ਼ੇਵੀਅਰ ਨੂੰ ਵੀ ਮਾਪਿਲਾਈ ਕਹਿੰਦੀ ਹਨ। "ਅਸੀਂ ਮਾਨਸੂਨ ਦੇ ਮਹੀਨਿਆਂ ਦੌਰਾਨ ਮੱਛੀਆਂ ਨੂੰ ਸੁਕਾਉਣ ਦੇ ਯੋਗ ਨਹੀਂ ਹੁੰਦੇ। ਤਦ ਅਸੀਂ ਬੜੀ ਮੁਸ਼ਕਿਲ ਨਾਲ਼ ਗੁਜ਼ਾਰਾ ਕਰ ਪਾਉਂਦੇ ਹਾਂ ਅਤੇ ਸਾਨੂੰ ਉੱਚੀਆਂ ਵਿਆਜ ਦਰਾਂ 'ਤੇ ਉਧਾਰ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ –ਪ੍ਰਤੀ ਮਹੀਨਾ 5 ਤੋਂ 10 ਪੈਸੇ ਦੇ ਹਿਸਾਬ ਨਾਲ਼," ਉਹ ਕਹਿੰਦੀ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਸਾਲ ਭਰ 60 ਤੋਂ 120 ਫੀਸਦੀ ਵਿਆਜ ਦੇਣਾ ਪੈਂਦਾ ਹੈ।
ਹੌਲ਼ੀ-ਹੌਲ਼ੀ ਵਗਦੀ ਨਹਿਰ ਦੇ ਕੰਢੇ ਆਪਣੀ ਅਸਥਾਈ ਦੁਕਾਨ ਦੇ ਬਾਹਰ ਬੈਠੀ ਫ਼ਾਤਿਮਾ ਕਹਿੰਦੀ ਹਨ ਕਿ ਉਨ੍ਹਾਂ ਨੂੰ ਇੱਕ ਨਵੇਂ ਆਈਸਬਾਕਸ ਦੀ ਲੋੜ ਹੈ। "ਮੈਂ ਇੱਕ ਵੱਡਾ ਆਈਸਬਾਕਸ [ਬਰਫ ਦਾ ਡੱਬਾ] ਚਾਹੁੰਦੀ ਹਾਂ ਜਿਸ ਵਿੱਚ ਇੱਕ ਮਜ਼ਬੂਤ ਢੱਕਣ ਹੋਵੇ ਅਤੇ ਜਿਸ ਵਿੱਚ ਮੈਂ ਮਾਨਸੂਨ ਦੇ ਮੌਸਮ ਦੌਰਾਨ ਆਪਣੀ ਤਾਜ਼ੀ ਮੱਛੀ ਨੂੰ ਸਟੋਰ ਕਰ ਸਕਾਂ ਅਤੇ ਇਸਨੂੰ ਵੇਚ ਸਕਾਂ। ਅਸੀਂ ਹਮੇਸ਼ਾਂ ਉਨ੍ਹਾਂ ਲੋਕਾਂ ਤੋਂ ਉਧਾਰ ਨਹੀਂ ਲੈ ਸਕਦੇ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ, ਕਿਉਂਕਿ ਹਰ ਕਿਸੇ ਦਾ ਕਾਰੋਬਾਰ ਘਾਟੇ ਵਿੱਚ ਹੈ। ਕਿਸ ਕੋਲ਼ ਇੰਨਾ ਪੈਸਾ ਹੈ? ਕਈ ਵਾਰ ਦੁੱਧ ਦਾ ਇੱਕ ਪੈਕੇਟ ਖ਼ਰੀਦਣਾ ਵੀ ਮੁਸ਼ਕਲ ਹੋ ਜਾਂਦਾ ਹੈ।''
ਸੁੱਕੀ ਮੱਛੀ ਤੋਂ ਹੋਣ ਵਾਲ਼ੀ ਕਮਾਈ ਘਰੇਲੂ ਜ਼ਰੂਰਤਾਂ, ਭੋਜਨ ਅਤੇ ਇਲਾਜ 'ਤੇ ਖਰਚ ਕੀਤੀ ਜਾਂਦੀ ਹੈ। ਖਰਚੇ ਦਾ ਆਖਰੀ ਕਾਰਨ ਦੱਸਦੇ ਹੋਏ, ਉਨ੍ਹਾਂ ਦੀ ਆਵਾਜ਼ ਵਿੱਚ ਥੋੜ੍ਹੀ ਵਾਧੂ ਬਲ਼ ਮਹਿਸੂਸ ਹੁੰਦਾ ਹੈ - "ਪ੍ਰੈਸ਼ਰ ਅਤੇ ਸ਼ੂਗਰ ਦੀਆਂ ਗੋਲ਼ੀਆਂ।" ਜਿਨ੍ਹਾਂ ਮਹੀਨਿਆਂ ਵਿੱਚ ਮੱਛੀ ਫੜ੍ਹਨ ਵਾਲ਼ੀਆਂ ਬੇੜੀਆਂ 'ਤੇ ਰੋਕ ਲੱਗੀ ਰਹਿੰਦੀ ਹੈ, ਉਨ੍ਹਾਂ ਨੂੰ ਅਨਾਜ ਤੱਕ ਖ਼ਰੀਦਣ ਲਈ ਉਧਾਰ ਚੁੱਕਣਾ ਪੈਂਦਾ ਹੈ। ''ਅਪ੍ਰੈਲੀ ਅਤੇ ਮਈ ਦੌਰਾਨ, ਮੱਛੀਆਂ ਅੰਡੇ ਦਿੰਦੀਆਂ ਹਨ, ਇਸ ਲਈ ਉਨ੍ਹਾਂ ਨੂੰ ਫੜ੍ਹਨ 'ਤੇ ਪਾਬੰਦੀ ਹਨ। ਅਤੇ, ਮਾਨਸੂਨ ਦੇ ਮਹੀਨਿਆਂ ਦੌਰਾਨ - ਅਕਤੂਬਰ ਤੋਂ ਜਨਵਰੀ ਤੱਕ - ਲੂਣ ਪ੍ਰਾਪਤ ਕਰਨ ਅਤੇ ਮੱਛੀ ਸੁਕਾਉਣ ਵਿੱਚ ਮੁਸ਼ਕਲ ਆਉਂਦੀ ਹਨ। ਸਾਡੀ ਆਮਦਨੀ ਇੰਨੀ ਨਹੀਂ ਕਿ ਮਾੜੇ ਦਿਨਾਂ ਲਈ ਪੈਸਿਆਂ ਦੀ ਬਚਤ ਹੋ ਸਕੇ।''
ਫਰੈਡਰਿਕ ਨੂੰ ਯਕੀਨ ਹੈ ਕਿ ਇੱਕ ਨਵਾਂ ਆਈਸਬਾਕਸ, ਜਿਸ ਦੀ ਕੀਮਤ ਲਗਭਗ 4,500 ਰੁਪਏ ਹੈ ਅਤੇ ਲੋਹੇ ਦੀ ਇੱਕ ਤੱਕੜੀ ਅਤੇ ਐਲੂਮੀਨੀਅਮ ਦਾ ਤਸਲਾ ਉਨ੍ਹਾਂ ਦੀ ਜ਼ਿੰਦਗੀ ਬਦਲ ਦੇਵੇਗੀ। "ਮੈਂ ਇਹ ਸਿਰਫ਼ ਆਪਣੇ ਲਈ ਨਹੀਂ, ਬਲਕਿ ਹਰ ਕਿਸੇ ਲਈ ਚਾਹੁੰਦੀ ਹਾਂ। ਜੇ ਸਾਨੂੰ ਇਹ ਸਭ ਮਿਲ ਜਾਂਦਾ ਹੈ, ਤਾਂ ਅਸੀਂ ਬਾਕੀ ਨੂੰ ਚੀਜ਼ਾਂ ਸੰਭਾਲ ਲਵਾਂਗੇ," ਉਹ ਕਹਿੰਦੀ ਹਨ।
*****
ਤਾਮਿਲਨਾਡੂ ਦੇ ਸੰਦਰਭ ਵਿੱਚ, ਹੱਥੀਂ ਉਗਾਈਆਂ ਅਤੇ ਪ੍ਰੋਸੈਸ ਕੀਤੀਆਂ ਫ਼ਸਲਾਂ (ਖ਼ਾਸ ਕਰਕੇ ਬਜ਼ੁਰਗ ਔਰਤ ਕਾਮਿਆਂ ਦੁਆਰਾ) ਅੰਦਰ ਇੱਕ ਅਦਿੱਖ ਮੁੱਲ ਸਮੋਇਆ ਹੁੰਦਾ ਹੈ, ਜੋ ਉਨ੍ਹਾਂ ਦੀ ਮਿਹਨਤ ਅਤੇ ਸਮੇਂ ਦੇ ਮੁਕਾਬਲੇ ਘੱਟੋ ਘੱਟ ਆਰਥਿਕ ਭੁਗਤਾਨ ਹੈ।
ਮੱਛੀ ਸੁਕਾਉਣ ਦਾ ਕਾਰੋਬਾਰ ਵੀ ਇਸ ਤੋਂ ਵੱਖਰਾ ਨਹੀਂ ਹੈ।
"ਲਿੰਗਕਤਾ ਦੇ ਅਧਾਰ 'ਤੇ ਬਿਨਾਂ ਤਨਖਾਹੋਂ (ਬੇਗਾਰ) ਮਜ਼ਦੂਰੀ ਇਤਿਹਾਸ ਵਿੱਚ ਕੋਈ ਨਵਾਂ ਵਰਤਾਰਾ ਨਹੀਂ ਹੈ। ਇਹੀ ਕਾਰਨ ਹੈ ਕਿ ਪੂਜਾ, ਇਲਾਜ, ਖਾਣਾ ਪਕਾਉਣ, ਪੜ੍ਹਾਈ ਆਦਿ ਦੀ ਪੇਸ਼ੇਵਰਤਾ ਅਤੇ ਦੁਰਵਿਵਹਾਰ, ਜਾਦੂ-ਟੂਣੇ ਅਤੇ ਵਹਿਮ-ਭਰਮ ਨਾਲ਼ ਜੁੜੀਆਂ ਹੋਰ ਕਹਾਣੀਆਂ ਜਿਹੀ ਔਰਤ-ਵਿਰੋਧੀ ਮਾਨਸਿਕਤਾ ਨਾਲ਼ੋ-ਨਾਲ਼ ਵਿਕਸਤ ਹੋਈ ਹੈ," ਡਾ. ਰਾਏ ਖੋਲ੍ਹ ਕੇ ਦੱਸਦੇ ਹਨ। ਸੰਖੇਪ ਵਿੱਚ, ਇੱਕ ਔਰਤ ਦੀ ਬੇਗਾਰ ਮਿਹਨਤ ਨੂੰ ਜਾਇਜ਼ ਠਹਿਰਾਉਣ ਲਈ ਅਤੀਤ ਦੀਆਂ ਮਨਘੜਤ ਅਤੇ ਰੂੜ੍ਹੀਵਾਦੀ ਮਿਥਿਹਾਸ ਦਾ ਸਹਾਰਾ ਲੈਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਹੈ। "ਉੱਦਮ ਦੀ ਸਿਰਜਣਾ ਅਤੇ ਵੰਡ ਕੋਈ ਇਤਫਾਕ ਨਹੀਂ ਹੈ, ਬਲਕਿ ਇੱਕ ਜ਼ਰੂਰੀ ਘਟਨਾ ਹੈ। ਇਹੀ ਕਾਰਨ ਹੈ ਕਿ ਅੱਜ ਵੀ ਪੇਸ਼ੇਵਰ ਸ਼ੈੱਫ ਮਰਦਾਨਾ ਪ੍ਰਦਰਸ਼ਨ ਦੀ ਭੱਦੀ ਨਕਲ ਜਾਪਦੇ ਹਨ, ਕਿਉਂਕਿ ਉਹ ਹਮੇਸ਼ਾ ਘਰੇਲੂ ਖਾਣਾ ਪਕਾਉਣ ਨੂੰ ਸੁਧਾਰਨ ਅਤੇ ਅਪਗ੍ਰੇਡ ਕਰਨ ਦਾ ਦਾਅਵਾ ਕਰਦੇ ਹਨ। ਪਹਿਲਾਂ ਇਹੀ ਕੰਮ ਪੁਜਾਰੀ ਵਰਗ ਦੁਆਰਾ ਕੀਤਾ ਜਾਂਦਾ ਸੀ। ਡਾਕਟਰਾਂ ਨੇ ਵੀ ਅਜਿਹਾ ਹੀ ਕੀਤਾ ਅਤੇ ਪ੍ਰੋਫੈਸਰਾਂ ਨੇ ਵੀ ਅਜਿਹਾ ਹੀ ਕੀਤਾ।''
ਥੁਥੁਕੁੜੀ ਕਸਬੇ ਦੇ ਦੂਜੇ ਪਾਸੇ, ਇੱਕ ਕੁਟੀਰ ਲੂਣ ਨਿਰਮਾਤਾ ਐੱਸ. ਰਾਣੀ ਦੀ ਰਸੋਈ ਵਿੱਚ, ਅਸੀਂ ਕਰੁਵਾਡੂ ਕੋਡੰਬੂ (ਤਾਰੀ) ਕੱਪ ਪਕਦਾ ਹੋਇਆ ਅੱਖੀਂ ਵੇਖਦੇ ਹਾਂ। ਇੱਕ ਸਾਲ ਪਹਿਲਾਂ, ਸਤੰਬਰ 2021 ਵਿੱਚ, ਅਸੀਂ ਉਨ੍ਹਾਂ ਨੂੰ ਖੇਤ ਵਿੱਚ ਲੂਣ ਬਣਾਉਂਦੇ ਦੇਖਿਆ ਸੀ। ਉਦੋਂ ਇੰਨੀ ਗਰਮੀ ਸੀ ਕਿ ਧਰਤੀ ਵੀ ਲੂਸ ਰਹੀ ਸੀ ਅਤੇ ਕਿਆਰੀਆਂ ਦੇ ਪਾਣੀ ਨੂੰ ਜਿਵੇਂ ਕਿਸੇ ਉਬਾਲ ਛੱਡਿਆ ਹੋਵੇ। ਫਿਰ ਉਹ ਲੂਣ ਦੇ ਚਮਕਦਾਰ ਰਵਿਆਂ ਦੀ ਫ਼ਸਲ ਤਿਆਰ ਕਰ ਰਹੀ ਸਨ।
ਰਾਣੀ, ਜੋ ਕਰੁਵਾਡੂ ਖ਼ਰੀਦਦੀ ਹਨ ਉਹ ਉਨ੍ਹਾਂ ਦੇ ਗੁਆਂਢ ਵਿੱਚ ਤਿਆਰ ਕੀਤੀ ਜਾਂਦੀ ਹੈ ਅਤੇ ਸਥਾਨਕ ਲੂਣ ਦੀ ਮਦਦ ਨਾਲ਼ ਬਣਾਈ ਜਾਂਦੀ ਹਨ। ਉਹਦਾ ਸ਼ੋਰਬਾ ਬਣਾਉਣ ਲਈ, ਉਹ ਨਿੰਬੂ ਜਿੰਨਾ ਇਮਲੀ ਦਾ ਗੋਲ਼ਾ ਪਾਣੀ ਵਿੱਚ ਪਾਉਂਦੀ ਹਨ। ਫਿਰ ਉਹ ਇੱਕ ਨਾਰੀਅਲ ਤੋੜਦੀ ਤੇ ਦਾਤਰ ਦੀ ਮਦਦ ਨਾਲ਼ ਅੱਧੇ ਨਾਰੀਅਲ ਦਾ ਗੁਦਾ ਕੱਢਦੀ ਹਨ। ਗੁਦਾ ਕੱਟਣ ਤੋਂ ਬਾਅਦ, ਉਹ ਉਨ੍ਹਾਂ ਟੁਕੜਿਆਂ ਨੂੰ ਇੱਕ ਇਲੈਕਟ੍ਰਿਕ ਮਿਕਸਰ ਵਿੱਚ ਪਾ ਕੇ ਉਨ੍ਹਾਂ ਨੂੰ ਬਹੁਤ ਬਾਰੀਕ ਪੀਸ ਲੈਂਦੀ ਹਨ। ਖਾਣਾ ਪਕਾਉਣ ਦੇ ਨਾਲ਼-ਨਾਲ਼ ਰਾਣੀ ਗੱਲਾਂ ਵੀ ਕਰਦੀ ਜਾਂਦੀ ਹਨ। ਮੇਰੇ ਵੱਲ ਦੇਖਦੇ ਹੋਏ, ਉਹ ਕਹਿੰਦੀ ਹਨ, "ਕਰੁਵਾਡੂ ਕੋਡੰਬੂ ਇੱਕ ਦਿਨ ਬਾਅਦ ਵੀ ਖਾਣ ਵਿੱਚ ਓਨਾ ਹੀ ਸੁਆਦ ਲੱਗਦਾ ਹੈ। ਦਲ਼ੀਏ ਨਾਲ਼ ਇਹਦਾ ਮੇਲ਼ ਬੜਾ ਮਜ਼ੇਦਾਰ ਹੈ।''
ਫਿਰ ਉਹ ਸਬਜ਼ੀਆਂ ਨੂੰ ਧੋਂਦੀ ਅਤੇ ਕੱਟਦੀ ਹਨ- ਦੋ ਸਹਿਜਨ, ਕੱਚੇ ਕੇਲੇ, ਬੈਂਗਣ ਅਤੇ ਤਿੰਨ ਟਮਾਟਰ। ਕੁਝ ਕਰੀ ਪੱਤੇ ਤੇ ਇੱਕ ਪੈਕਟ ਮਸਾਲਾ ਪਾਊਡਰ ਮਿਲ਼ਾਇਆਂ ਸਮੱਗਰੀ ਦੀ ਸੂਚੀ ਇੱਕ ਵਾਰ ਪੂਰੀ ਹੋ ਜਾਂਦੀ ਹੈ। ਮੱਛੀ ਦਾ ਮੁਸ਼ਕ ਆਉਣ 'ਤੇ ਇੱਕ ਬਿੱਲੀ ਭੁੱਖ ਕਾਰਨ ਮਿਆਊਂ-ਮਿਆਊਂ ਕਰ ਰਹੀ ਹੈ। ਰਾਣੀ ਪੈਕੇਟ ਖੋਲ੍ਹ ਕੇ ਉਸ ਵਿੱਚੋਂ ਕਈ ਤਰ੍ਹਾਂ ਦੇ ਕਰੁਵਾਡੂ ਕੱਢਦੀ ਹਨ - ਨਗਰ , ਅਸਾਲਕੁਟੀ , ਪਾਰਈ ਅਤੇ ਸਲਾਈ। "ਮੈਂ ਇਸ ਨੂੰ ਚਾਲੀ ਰੁਪਏ ਵਿੱਚ ਖਰੀਦਿਆ ਹੈ," ਉਹ ਕਹਿੰਦੀ ਹਨ ਅਤੇ ਅੱਜ ਦਾ ਸ਼ੋਰਬਾ ਬਣਾਉਣ ਲਈ ਅੱਧੀ ਮੱਛੀ ਕੱਢਦੀ ਹਨ।
ਅੱਜ ਇੱਕ ਹੋਰ ਪਕਵਾਨ ਵੀ ਪਕਾਇਆ ਜਾ ਰਿਹਾ ਹੈ। ਰਾਣੀ ਕਹਿੰਦੀ ਹਨ ਕਿ ਉਹ ਉਨ੍ਹਾਂ ਨੂੰ ਬੜਾ ਪਸੰਦ ਹੈ- ਕਰੁਵਾਡੂ ਅਵਿਆਲ। ਉਹ ਇਸ ਨੂੰ ਇਮਲੀ, ਪਿਆਜ਼, ਹਰੀ ਮਿਰਚ, ਟਮਾਟਰ ਅਤੇ ਕਰੁਵਾਡੂ ਮਿਲ਼ਾ ਕੇ ਪਕਾਉਂਦੀ ਹਨ ਅਤੇ ਮਸਾਲੇ, ਲੂਣ ਅਤੇ ਖੱਟੇਪਣ ਦੀ ਬਹੁਤ ਸੰਤੁਲਿਤ ਵਰਤੋਂ ਕਰਦੀ ਹਨ। ਇਹ ਇੱਕ ਪ੍ਰਸਿੱਧ ਪਕਵਾਨ ਹੈ ਅਤੇ ਮਜ਼ਦੂਰ ਆਮ ਤੌਰ 'ਤੇ ਇਸ ਨੂੰ ਕਾਲੇਵਾ ਦੇ ਰੂਪ ਵਿੱਚ ਲੂਣ ਦੇ ਖੇਤਾਂ ਵਿੱਚ ਲਿਜਾਣਾ ਪਸੰਦ ਕਰਦੇ ਹਨ। ਰਾਣੀ ਅਤੇ ਉਨ੍ਹਾਂ ਦੀਆਂ ਦੋਸਤ ਇੱਕ ਦੂਜੇ ਨਾਲ਼ ਪਕਵਾਨ ਸਾਂਝਾ ਕਰਦੀਆਂ ਹਨ। ਜੀਰਾ, ਲਸਣ, ਸਰ੍ਹੋਂ ਅਤੇ ਹੀਂਗ ਨੂੰ ਪੀਹ ਕੇ ਮਿਸ਼ਰਣ ਨੂੰ ਟਮਾਟਰ ਅਤੇ ਇਮਲੀ ਦੇ ਉਬਲਦੇ ਸੂਪ ਵਿੱਚ ਮਿਲਾਇਆ ਜਾਂਦਾ ਹੈ। ਅੰਤ ਵਿੱਚ, ਪੀਸੀ ਹੋਈ ਕਾਲ਼ੀ ਮਿਰਚ ਅਤੇ ਸੁੱਕੀ ਮੱਛੀ ਮਿਲਾਈ ਜਾਂਦੀ ਹੈ। ਰਾਣੀ ਕਹਿੰਦੀ ਹਨ,"ਇਸ ਨੂੰ ਮਿਲਗੁਟਨੀ ਕਿਹਾ ਜਾਂਦਾ ਹੈ। ਇਹ ਉਨ੍ਹਾਂ ਔਰਤਾਂ ਲਈ ਬਹੁਤ ਫਾਇਦੇਮੰਦ ਹੈ ਜਿਨ੍ਹਾਂ ਨੇ ਹਾਲ ਹੀ ਵਿੱਚ ਬੱਚੇ ਨੂੰ ਜਨਮ ਦਿੱਤਾ ਹੋਵੇ, ਕਿਉਂਕਿ ਇਸ ਵਿੱਚ ਜੜ੍ਹੀ-ਬੂਟੀਆਂ ਸ਼ਾਮਲ ਕੀਤੀਆਂ ਗਈਆਂ ਹਨ। ਜੇ ਮਿਲਗੁਟਨੀ ਨੂੰ ਕਰੁਵਾਡੂ ਤੋਂ ਬਗ਼ੈਰ ਪਕਾਇਆ ਜਾਵੇ ਤਾਂ ਉਸ ਪਕਵਾਨ ਨੂੰ ਰਸਮ ਕਿਹਾ ਜਾਂਦਾ ਹੈ, ਜੋ ਤਾਮਿਲਨਾਡੂ ਤੋਂ ਬਾਹਰ ਵੀ ਪ੍ਰਸਿੱਧ ਹੈ। ਅੰਗਰੇਜ਼ ਇਸ ਪਕਵਾਨ ਨੂੰ ਬਹੁਤ ਪਹਿਲਾਂ ਹੀ ਆਪਣੇ ਨਾਲ਼ ਲੈ ਗਏ ਸਨ ਅਤੇ ਕਈ ਉਪ-ਮਹਾਂਦੀਪਾਂ ਵਿੱਚ ਇਹ ' ਮੁਲੀਗਟੋਨੀ ' ਸੂਪ ਵਜੋਂ ਉਪਲਬਧ ਹੈ।
ਰਾਣੀ ਕਰੁਵਾਡੂ ਨੂੰ ਪਾਣੀ ਨਾਲ਼ ਭਰੇ ਭਾਂਡੇ ਵਿੱਚ ਪਾ ਕੇ ਸਾਫ਼ ਕਰਦੀ ਹਨ। ਉਹ ਮੱਛੀ ਦੇ ਪੰਖ, ਸਿਰੀ ਤੇ ਪੂਛ ਹਟਾ ਦਿੰਦੀ ਹਨ। "ਇੱਥੇ ਹਰ ਕੋਈ ਕਰੁਵਾਡੂ ਖਾਂਦਾ ਹੈ," ਸਮਾਜਿਕ ਕਾਰਕੁੰਨ ਉਮਾ ਮਹੇਸ਼ਵਰੀ ਕਹਿੰਦੀ ਹਨ। "ਬੱਚੇ ਇਸ ਨੂੰ ਇਸੇ ਤਰ੍ਹਾਂ ਪਸੰਦ ਕਰਦੇ ਹਨ ਅਤੇ ਮੇਰੇ ਪਤੀ ਵਾਂਗਰ ਕੁਝ ਲੋਕਾਂ ਨੂੰ ਇਹ ਸਮੋਕਡ ਪਸੰਦ ਆਉਂਦਾ ਹੈ। ਕਰੁਵਾਡੂ ਨੂੰ ਚੁੱਲ੍ਹੇ ਦੀ ਸੁਆਹ ਵਿੱਚ ਦਬਾ ਕੇ ਪਕਾਇਆ ਜਾਂਦਾ ਹੈ ਅਤੇ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ, ਇਸ ਨੂੰ ਗਰਮ-ਗਰਮ ਖਾਧਾ ਜਾਂਦਾ ਹੈ। "ਇਸ ਦੀ ਮਹਿਕ ਅਦਭੁਤ ਹੁੰਦੀ ਹੈ। ਸੁਟੂ ਕਰੁਵਾਡੂ ਇੱਕ ਆਮ ਪਕਵਾਨ ਹੈ," ਉਮਾ ਕਹਿੰਦੀ ਹਨ।
ਰਾਣੀ ਆਪਣੇ ਘਰ ਦੇ ਬਾਹਰ ਪਲਾਸਟਿਕ ਦੀ ਕੁਰਸੀ 'ਤੇ ਉਦੋਂ ਤੱਕ ਬੈਠੀ
ਰਹਿੰਦੀ ਹਨ ਜਦੋਂ ਤੱਕ ਕੋਡੰਬੂ ਉਬਲ਼ ਨਹੀਂ ਜਾਂਦਾ। ਅਸੀਂ ਗੱਪਾਂ ਮਾਰਨ ਲੱਗਦੇ ਹਾਂ। ਮੈਂ ਰਾਣੀ
ਨੂੰ ਫ਼ਿਲਮਾਂ ਵਿੱਚ ਕਰੁਵਾਡੂ ਦੇ ਉਡਾਏ ਜਾਂਦੇ ਮਜ਼ਾਕ ਬਾਰੇ ਪੁੱਛਦੀ ਹਾਂ। ਉਹ ਮੁਸਕਰਾਉਂਦੀ ਹੋਈ
ਕਹਿੰਦੀ ਹਨ,
"ਕੁਝ ਜਾਤੀਆਂ ਮਾਸ-ਮੱਛੀ ਨਹੀਂ ਖਾਂਦੀਆਂ। ਉਸੇ ਜਾਤੀ ਦੇ ਲੋਕ ਜਦੋਂ ਫ਼ਿਲਮਾਂ ਬਣਾਉਂਦੇ ਹਨ, ਤਾਂ ਉਨ੍ਹਾਂ ਵਿੱਚ
ਅਜਿਹੇ ਦ੍ਰਿਸ਼ ਪਾ ਦਿੰਦੇ ਹਨ। ਕੁਝ ਲੋਕਾਂ ਲਈ ਇਹ
ਨਾਤਮ
[ਬਦਬੂਦਾਰ] ਹੈ। ਸਾਡੇ ਲਈ, ਇਹ
ਮਣਮ
(ਖ਼ੁਸ਼ਬੂਦਾਰ)
ਹੈ," ਉਹ ਕਹਿੰਦੀ ਹਨ ਅਤੇ ਇੰਨੀ
ਗੱਲ ਕਹਿ ਕੇ
ਥੁਥੁਕੁੜੀ ਦੀਆਂ ਲੂਣ
ਕਿਆਰੀਆਂ ਦੀ ਰਾਣੀ
ਕਰੁਵਾਡੂ ਨਾਲ਼ ਜੁੜੇ ਵਿਵਾਦ ਦਾ ਨਿਪਟਾਰਾ ਕਰ ਦਿੰਦੀ ਹੈ...
ਇਸ ਖੋਜ ਅਧਿਐਨ ਨੂੰ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ, ਬੈਂਗਲੁਰੂ ਦੇ ਰਿਸਰਚ ਗ੍ਰਾਂਟ ਪ੍ਰੋਗਰਾਮ 2020 ਤਹਿਤ ਗ੍ਰਾਂਟ ਮਿਲੀ ਹੈ।
ਤਰਜਮਾ: ਕਮਲਜੀਤ ਕੌਰ