ਪਹਿਲਾਂ ਮੀਂਹ ਦੀ ਕਮੀ, ਅਤੇ ਫਿਰ ਬੇਮੌਸਮੀ ਬਰਸਾਤ ਨੇ ਚਤਰਾ ਦੇਵੀ ਦੀਆਂ ਫ਼ਸਲਾਂ ਨੂੰ ਖਰਾਬ ਕਰ ਦਿੱਤਾ ਹੈ। “ਅਸੀਂ ਬਾਜਰੇ ਦੀ ਖੇਤੀ ਕੀਤੀ ਸੀ ਅਤੇ ਇਹ ਵਧੀਆ ਹੋ ਰਹੀ ਸੀ। ਪਰ ਜਦੋਂ ਅਸੀਂ ਇਸ ਨੂੰ ਪਾਣੀ ਲਾਉਣਾ ਸੀ, ਮੀਂਹ ਨਹੀਂ ਪਿਆ। ਫਿਰ ਵਾਢੀ ਸਮੇਂ ਮੀਂਹ ਪੈ ਗਿਆ ਅਤੇ ਫ਼ਸਲ ਖਰਾਬ ਹੋ ਗਈ,” 45 ਸਾਲਾ ਕਿਸਾਨ ਦਾ ਕਹਿਣਾ ਹੈ ਜੋ ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦੇ ਖੀਰਖਿੜੀ ਪਿੰਡ ਵਿੱਚ ਰਹਿੰਦੇ ਹਨ।
ਕਰੌਲੀ ਦੀ ਖੇਤੀਬਾੜੀ ਮੀਂਹ ‘ਤੇ ਨਿਰਭਰ ਕਰਦੀ ਹੈ ਅਤੇ ਜ਼ਿਆਦਾਤਰ ਸਥਾਨਕ ਲੋਕ ਜਾਂ ਤਾਂ ਕਿਸਾਨ ਹਨ ਜਾਂ ਫਿਰ ਖੇਤੀ ਮਜ਼ਦੂਰ ਹਨ (ਜਨਗਣਨਾ 2011) । ਇਤਿਹਾਸਿਕ ਤੌਰ ‘ਤੇ ਇਹ ਰਾਜ ਪਾਣੀ ਤੋਂ ਸੱਖਣਾ ਰਿਹਾ ਹੈ ਅਤੇ ਜ਼ਿਆਦਾਤਰ ਖੇਤੀ ਬਾਰਿਸ਼ ‘ਤੇ ਨਿਰਭਰ ਰਹਿੰਦੀ ਹੈ।
ਮੀਨਾ ਸਮੁਦਾਇ (ਜਿਸ ਨੂੰ ਰਾਜ ਵਿਚ ਪਛੜੀਆਂ ਜਾਤੀਆਂ ਵਜੋਂ ਸੂਚੀਬੱਧ ਕੀਤਾ ਗਿਆ ਹੈ) ਦੀ ਇਕ ਮੈਂਬਰ, ਚਤਰਾ ਦੇਵੀ ਦਾ ਕਹਿਣਾ ਹੈ ਕਿ ਓਹਨਾਂ ਨੇ ਪਿਛਲੇ 10 ਸਾਲਾਂ ਵਿੱਚ ਬਾਰਿਸ਼ ਦੇ ਪੈਟਰਨ ਵਿੱਚ ਬਦਲਾਅ ਦੇਖਿਆ ਹੈ। ਰਾਜਸਥਾਨ ਭਾਰਤ ਦਾ (ਖੇਤਰਫਲ ਅਨੁਸਾਰ) ਸਭ ਤੋਂ ਵੱਡਾ ਰਾਜ ਹੈ ਅਤੇ 70 ਫੀਸਦੀ ਅਬਾਦੀ ਆਪਣੀ ਰੋਜ਼ੀ-ਰੋਟੀ ਲਈ ਖੇਤੀਬਾੜੀ ਅਤੇ ਪਸ਼ੂ-ਪਾਲਣ ‘ਤੇ ਨਿਰਭਰ ਹੈ।


