ਕ੍ਰਿਸ਼ਨਾਜੀ ਭਰਿਤ ਸੈਂਟਰ ਵਿੱਚ ਕੋਈ ਵਿਹਲਾ ਨਹੀਂ ਦਿਸਦਾ।
ਹਰ ਰੋਜ਼ ਇੱਥੇ ਦੁਪਹਿਰ ਅਤੇ ਰਾਤ ਦੇ ਖਾਣੇ ਤੋਂ ਘੰਟੇ ਪਹਿਲਾਂ ਅਤੇ ਜਲਗਾਓਂ ਰੇਲਵੇ ਸਟੇਸ਼ਨ ‘ਤੇ ਲੰਮੇ ਰੂਟ ਦੀਆਂ ਰੇਲ-ਗੱਡੀਆਂ ਦੇ ਰੁਕਣ ਤੋਂ ਪਹਿਲਾਂ, ਲਗਭਗ 300 ਕਿਲੋਗ੍ਰਾਮ ਬੈਂਗਣ ਜਾਂ ਬੈਂਗਣ ਦਾ ਭੜਥਾ ਬਣਾਇਆ, ਵਰਤਾਇਆ ਅਤੇ ਪੈਕ ਕਰਕੇ ਭੇਜਿਆ ਜਾਂਦਾ ਹੈ। ਜਲਗਾਓਂ ਦੇ ਬੀ ਜੇ ਮਾਰਕਿਟ ਦੇ ਵਿੱਚ ਇਹ ਬਹੁਤ ਛੋਟੀ ਜਿਹੀ ਦੁਕਾਨ ਹੈ ਅਤੇ ਇੱਥੇ ਸਨਅਤਕਾਰਾਂ ਤੋਂ ਲੈ ਕੇ ਮਜ਼ਦੂਰਾਂ ਤੱਕ ਅਤੇ ਚਾਹਵਾਨ ਸੰਸਦ ਮੈਂਬਰਾਂ ਤੋਂ ਲੈ ਕੇ ਥੱਕੇ ਹੋਏ ਪਾਰਟੀ ਮੈਂਬਰਾਂ ਤੱਕ ਸਭ ਤਰ੍ਹਾਂ ਦੇ ਗਾਹਕ ਆਉਂਦੇ ਹਨ।
ਹਫ਼ਤੇ ਦੀ ਗਰਮ ਸ਼ਾਮ ਨੂੰ ਰਾਤ ਦੇ ਖਾਣੇ ਤੋਂ ਠੀਕ ਪਹਿਲਾਂ ਕ੍ਰਿਸ਼ਨਾਜੀ ਭਰਿਤ ਦੇ ਅੰਦਰ ਸਾਫ-ਸਫਾਈ, ਸਬਜੀਆਂ ਛਿੱਲਣ, ਕੱਟਣ, ਭੁੰਨਣ, ਤਲ਼ਣ, ਹਿਲਾਉਣ, ਵਰਤਾਉਣ, ਪੈਕ ਕਰਨ ਆਦਿ ਦੇ ਧੁੰਦਲੇ ਦ੍ਰਿਸ਼ ਦਿਖਾਈ ਦਿੰਦੇ ਹਨ। ਆਦਮੀ ਰੈਸਟੋਰੈਂਟ ਦੇ ਬਾਹਰ ਸਟੀਲ ਦੇ ਜੰਗਲੇ ਦੇ ਨਾਲ ਕਤਾਰਾਂ ਵਿੱਚ ਬਿਲਕੁਲ ਇਸੇ ਤਰ੍ਹਾ ਖੜ੍ਹੇ ਦਿਖਾਈ ਦਿੰਦੇ ਹਨ ਜਿਵੇ ਪੁਰਾਣੇ ਇਕੱਲੀ-ਸਕ੍ਰੀਨ ਸਿਨੇਮਾ ਘਰਾਂ ਵਿੱਚ ਬਾਕਸ ਆਫਿਸ ਦੇ ਬਾਹਰ ਖੜ੍ਹੇ ਹੁੰਦੇ ਸੀ।
14 ਔਰਤਾਂ ਇੱਥੇ ਮੁੱਖ ਭੂਮਿਕਾ ਨਿਭਾਉਂਦੀਆਂ ਹਨ।
ਇਹ ਸਾਰੀਆਂ ਔਰਤਾਂ ਇੱਥੇ ਹੋਣ ਵਾਲੀ ਇੰਨੀ ਵੱਡੀ ਤਿਆਰੀ ਦੀ ਰੀੜ੍ਹ ਹਨ ਜੋ ਹਰ ਰੋਜ਼ ਤਿੰਨ ਕੁਇੰਟਲ ਬੈਂਗਣ ਭਰਿਤ ਬਣਾਉਂਦੀਆਂ ਹਨ, ਜਿਸਨੂੰ ਦੇਸ਼ ਦੇ ਹੋਰ ਭਾਗਾਂ ਵਿੱਚ ਬੈਂਗਣ ਦਾ ਭੜਥਾ ਕਿਹਾ ਜਾਂਦਾ ਹੈ। ਜਲਗਾਓਂ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਇਸ ਵਿਅਸਤ ਰੈਸਟੋਰੈਂਟ ਦੇ ਅੰਦਰ ਇੱਕ ਚੋਣ ਜਾਗਰੂਕਤਾ ਵੀਡੀਓ ਬਣਾਉਣ ਤੋਂ ਬਾਅਦ ਹੁਣ ਲੋਕ ਉਹਨਾਂ ਨੂੰ ਜਾਣਨ ਲੱਗ ਗਏ ਹਨ।
ਇਹ ਵੀਡੀਓ 13 ਮਈ ਨੂੰ ਜਲਗਾਓਂ ਸੰਸਦੀ ਹਲਕੇ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਔਰਤਾਂ ਦੀ ਮਤਦਾਨ ਗਿਣਤੀ ਨੂੰ ਵਧਾਉਣ ਦੇ ਉਦੇਸ਼ ਨਾਲ ਬਣਾਈ ਗਈ ਸੀ, ਜਿਸ ਵਿੱਚ ਕ੍ਰਿਸ਼ਨਾਜੀ ਭਰਿਤ ਦੀਆਂ ਔਰਤਾਂ ਨੂੰ ਆਪਸ ਵਿੱਚ ਗੱਲਾਂ ਕਰਦੇ ਦਿਖਾਇਆ ਗਿਆ ਹੈ ਕਿ ਉਹ ਆਪਣੇ ਅਧਿਕਾਰਾਂ ਬਾਰੇ ਕੀ ਜਾਣਦੀਆਂ ਹਨ ਅਤੇ ਉਸ ਦਿਨ ਉਹਨਾਂ ਨੇ ਆਪਣੇ ਮਤਦਾਨ ਅਧਿਕਾਰ ਦੀ ਵਰਤੋਂ ਕਰਨ ਦੀ ਪ੍ਰਕਿਰਿਆ ਬਾਰੇ ਕੀ ਸਿੱਖਿਆ ਹੈ।
“ਮੈਂ ਜ਼ਿਲ੍ਹਾ ਕੁਲੈਕਟਰ ਤੋਂ ਸਿੱਖਿਆ ਕਿ ਉਸ ਇੱਕ ਪਲ਼ , ਜਦੋਂ ਅਸੀਂ ਵੋਟਿੰਗ ਮਸ਼ੀਨ ਅੱਗੇ ਖੜ੍ਹੇ ਹੁੰਦੇ ਹਾਂ, ਸਾਡੀਆਂ ਉਂਗਲਾਂ ‘ਤੇ ਨਿਸ਼ਾਨ ਲਗਾਇਆਂ ਹੁੰਦਾ ਹੈ, ਅਸੀਂ ਪੂਰੀ ਤਰ੍ਹਾਂ ਅਜ਼ਾਦ ਹੁੰਦੇ ਹਾਂ,” ਮੀਰਾਬਾਈ ਨਾਰਲ ਕੋਂਡੇ ਦੱਸਦੀ ਹਨ, ਜਿਹਨਾਂ ਦਾ ਪਰਿਵਾਰ ਇੱਕ ਛੋਟੀ ਜਿਹੀ ਨਾਈ ਦੀ ਦੁਕਾਨ ਚਲਾਉਂਦਾ ਹੈ। ਰੈਸਟੋਰੈਂਟ ਤੋਂ ਹੋਣ ਵਾਲੀ ਉਹਨਾਂ ਦੀ ਆਮਦਨ ਘਰ ਦੀ ਕਮਾਈ ਵਿੱਚ ਇੱਕ ਵੱਡਾ ਹਿੱਸਾ ਪਾਉਂਦੀ ਹੈ। “ਮਸ਼ੀਨ ਦੇ ਸਾਹਮਣੇ ਖੜ੍ਹੇ ਅਸੀਂ ਆਪਣੇ ਪਤੀ ਜਾ ਮਾਤਾ-ਪਿਤਾ ਜਾਂ ਕਿਸੇ ਨੇਤਾ ਨੂੰ ਬਿਨਾ ਪੁੱਛੇ ਆਪਣੀ ਚੋਣ ਖ਼ੁਦ ਕਰ ਸਕਦੇ ਹਾਂ।”
ਅਕਤੂਬਰ ਤੋਂ ਫਰਵਰੀ ਤੱਕ ਉੱਚ ਸੀਜਨ ਦੌਰਾਨ, ਜਦੋਂ ਸਥਾਨਕ ਮਾਰਕਿਟ ਵਿੱਚ ਬੈਂਗਣ ਦੀ ਭਰਮਾਰ ਹੁੰਦੀ ਹੈ, ਕ੍ਰਿਸ਼ਨਾਜੀ ਭਰਿਤ ਰਸੋਈ ਵਿੱਚ ਉਤਪਾਦਨ 500 ਕਿਲੋ ਤੱਕ ਪਹੁੰਚ ਜਾਂਦਾ ਹੈ। ਔਰਤਾਂ ਦਾ ਕਹਿਣਾ ਹੈ ਕਿ ਤਾਜ਼ੀਆਂ ਪੀਂਹੀਆਂ ਅਤੇ ਤਲੀਆਂ ਮਿਰਚਾਂ, ਧਨੀਆ, ਭੁੰਨੀ ਹੋਈ ਮੂੰਗਫਲੀ, ਲਸਣ ਅਤੇ ਨਾਰੀਅਲ ਦਾ ਸਵਾਦ ਵਿਕਰੀ ਦਾ ਇੱਕ ਕਾਰਨ ਹਨ। ਦੂਜਾ ਹੈ- ਕਿਫ਼ਾਇਤੀ ਮੁੱਲ। 300 ਰੁਪਏ ਤੋਂ ਵੀ ਘੱਟ ਵਿੱਚ ਇੱਕ ਪਰਿਵਾਰ ਇੱਕ ਕਿਲੋ ਭਰਿਤ ਦੇ ਨਾਲ-ਨਾਲ ਕੁਝ ਹੋਰ ਵੀ ਘਰ ਲਿਜਾ ਸਕਦਾ ਹੈ।
10x15 ਫੁੱਟ ਦੀ ਇਸ ਰਸੋਈ ਵਿੱਚ, ਜਿਸ ਵਿੱਚ ਚਾਰ ਚੁੱਲੇ ਵਿਅਸਤ ਹੋਣ ‘ਤੇ ਇੱਕ ਭੱਠੀ ਵੀ ਚਲਦੀ ਹੈ, ਕੁੱਲ 34 ਚੀਜ਼ਾਂ ਤਿਆਰ ਕੀਤੀ ਜਾਂਦੀਆਂ ਹਨ ਜਿਸ ਵਿੱਚ ਦਾਲ ਤੜਕਾ, ਪਨੀਰ-ਮਟਰ ਅਤੇ ਹੋਰ ਸ਼ਾਕਾਹਾਰੀ ਪਕਵਾਨ ਸ਼ਾਮਿਲ ਹਨ। ਇਸ ਉਤਪਾਦਨ ਦੀਆਂ ਸਭ ਤੋਂ ਸਵਾਦਿਸ਼ਟ ਸਬਜੀਆਂ ਹਨ- ਭਰਿਤ ਅਤੇ ਸੇਵ ਭਾਜੀ, ਜੋ ਛੋਲਿਆਂ ਦੇ ਆਟੇ ਨੂੰ ਸੇਵੀਆਂ ਦੇ ਅਕਾਰ ਵਿੱਚ ਤਲ਼ ਕੇ ਕੜ੍ਹੀ ਨਾਲ ਪਰੋਸੀ ਜਾਂਦੀ ਹੈ।
ਜਦੋਂ ਗੱਲ ਸਮਰੱਥਾ ਅਤੇ ਰਹਿਣ-ਸਹਿਣ ਦੇ ਖ਼ਰਚ ਵੱਲ ਤੁਰਦੀ ਹੈ ਔਰਤਾਂ ਸ਼ਰਮਾਉਂਦੀਆਂ ਨਹੀਂ। 46 ਸਾਲਾ ਪੁਸ਼ਪਾ ਰਾਓਸਾਹਿਬ ਪਾਟਿਲ ਸੁਰੱਖਿਅਤ ਖਾਣਾ ਪਕਾਉਣ ਲਈ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਦੇ ਤਹਿਤ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦਾ ਲਾਭ ਨਹੀਂ ਲੈ ਸਕੀ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਦਸਤਾਵੇਜ਼ ਵਿੱਚ ਕੋਈ ਸਮੱਸਿਆ ਸੀ।
ਉਸ਼ਾਬਾਈ ਰਾਮਾ ਸੂਤਰ, ਜੋ 60 ਸਾਲਾਂ ਦੇ ਹਨ, ਕੋਲ਼ ਕੋਈ ਘਰ ਨਹੀਂ ਹੈ। “ਲੋਕਾਨਾ ਮੂਲਭੂਤ ਸੁਵਿਧਾ ਮਿਲਾਯਾ ਹਵਾਇਤ, ਨਾਹੀ [ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ]?” ਇਸ ਵਿਧਵਾ ਦਾ ਕਹਿਣਾ ਹੈ ਜੋ ਕੁਝ ਸਾਲ ਪਹਿਲਾਂ ਆਪਣੇ ਪਤੀ ਨੂੰ ਖੋਣ ਤੋਂ ਬਾਅਦ ਆਪਣੇ ਜੱਦੀ ਸ਼ਹਿਰ ਵਾਪਸ ਆ ਗਈ ਸਨ। “ਸਾਰੇ ਨਾਗਰਿਕਾਂ ਕੋਲ ਰਹਿਣ ਲਈ ਘਰ ਹੋਣੇ ਚਾਹੀਦੇ ਹਨ।”
ਜ਼ਿਆਦਾਤਰ ਔਰਤਾਂ ਕਿਰਾਏ ਦੇ ਘਰਾਂ ਵਿੱਚ ਰਹਿੰਦੀਆਂ ਹਨ। ਰਜ਼ੀਆ ਪਾਟਿਲ, 55, ਦਾ ਕਹਿਣਾ ਹੈ ਕਿ ਕਿਰਾਇਆ 3,500 ਹੈ ਜੋ ਕਿ ਉਹਨਾਂ ਦੀ ਮਾਸਿਕ ਤਨਖ਼ਾਹ ਦਾ ਤੀਜਾ ਹਿੱਸਾ ਬਣਦਾ ਹੈ। “ਇੱਕ ਤੋਂ ਬਾਅਦ ਇੱਕ ਚੋਣਾਂ ਵਿੱਚ, ਅਸੀਂ ਮਹਿੰਗਾਈ ਬਾਰੇ ਵਾਅਦੇ ਸੁਣਦੇ ਆ ਰਹੇ ਹਾਂ, ”ਉਹ ਕਹਿੰਦੀ ਹਨ। “ਚੋਣਾਂ ਤੋਂ ਬਾਅਦ ਹਰ ਚੀਜ਼ ਦੀ ਕੀਮਤ ਵਧਦੀ ਰਹਿੰਦੀ ਹੈ।”
ਔਰਤਾਂ ਦਾ ਕਹਿਣਾ ਹੈ ਕਿ ਉਹ ਇਹ ਕੰਮ ਸੁਤੰਤਰ ਜ਼ਿੰਦਗੀ ਜਿਓਣ ਲਈ ਕਰਦੀਆਂ ਹਨ ਅਤੇ ਇਸ ਤੋਂ ਬਿਨਾਂ ਹੋਰ ਕੋਈ ਵਿਕਲਪ ਵੀ ਨਹੀਂ ਹੈ। ਕੁਝ ਕੁ ਇੱਥੇ ਬਹੁਤ ਸਾਲਾਂ ਤੋਂ ਕੰਮ ਕਰ ਰਹੀਆਂ ਹਨ — ਸੂਤਰ 21 ਸਾਲਾਂ ਤੋਂ, ਸੰਗੀਤਾ ਨਾਰਾਇਣ ਸ਼ਿੰਦੇ 21 ਸਾਲਾਂ ਤੋਂ, ਮਲੂਬਾਈ ਦੇਵੀਦਾਸ ਮਹਾਲੇ 17 ਸਾਲਾਂ ਤੋਂ ਅਤੇ ਊਸ਼ਾ ਭੀਮਰਾਓ ਧੰਗੜ 14 ਸਾਲਾਂ ਤੋਂ ਇੱਥੇ ਹੀ ਹਨ।
ਉਹਨਾਂ ਦਾ ਦਿਨ 40-50 ਕਿਲੋ ਬੈਂਗਣ ਦੀ ਤਿਆਰੀ ਨਾਲ ਸ਼ੁਰੂ ਹੁੰਦਾ ਹੈ, ਜਿਸਦੇ ਬਾਅਦ ਦਿਨ ਵਿੱਚ ਹੋਰ ਵੀ ਬਣਾਉਣੇ ਪੈਂਦੇ ਹਨ। ਬੈਂਗਣਾਂ ਨੂੰ ਚੰਗੀ ਤਰ੍ਹਾ ਭੁੰਨਿਆ ਜਾਂਦਾ ਹੈ, ਛਿੱਲਿਆ ਜਾਂਦਾ ਹੈ ਅਤੇ ਅੰਦਰਲੇ ਹਿੱਸੇ ਨੂੰ ਧਿਆਨ ਨਾਲ ਕੱਢ ਕੇ ਹੱਥਾਂ ਨਾਲ ਮਿੱਝਿਆ ਜਾਂਦਾ ਹੈ। ਕਿਲੋ ਦੇ ਹਿਸਾਬ ਨਾਲ ਹਰੀਆਂ ਮਿਰਚਾਂ, ਲਸਣ ਅਤੇ ਮੂੰਗਫਲੀ ਪਾਈ ਜਾਂਦੀ ਹੈ। ਪਿਆਜ ਅਤੇ ਬੈਂਗਣ ਤੋਂ ਪਹਿਲਾਂ ਇਹ ਥੇਚਾ (ਤਾਜ਼ੀ ਹਰੀ ਮਿਰਚ ਅਤੇ ਮੂੰਗਫਲੀ ਦੀ ਸੁੱਕੀ ਚੱਟਨੀ) ਬਰੀਕ ਕੱਟੇ ਹੋਏ ਧਨੀਏ ਨਾਲ ਗਰਮ ਤੇਲ ਵਿੱਚ ਪਾਏ ਜਾਂਦੇ ਹਨ। ਔਰਤਾਂ ਹਰ ਰੋਜ਼ ਕੁਝ ਦਰਜਨ ਕਿਲੋ ਪਿਆਜ ਵੀ ਕੱਟਦੀਆਂ ਹਨ।
ਕ੍ਰਿਸ਼ਨਾਜੀ ਭਰਿਤ ਸਿਰਫ ਸਥਾਨਕ ਲੋਕਾਂ ਦੀ ਹੀ ਪਸੰਦੀਦਾ ਜਗ੍ਹਾ ਨਹੀਂ ਹੈ ਸਗੋਂ ਦੂਰ-ਦੂਰਾਡੇ ਦੇ ਕਸਬਿਆਂ ਅਤੇ ਤਹਿਸੀਲਾਂ ਦੇ ਲੋਕ ਵੀ ਇੱਥੇ ਆਉਂਦੇ ਹਨ। ਉਨ੍ਹਾਂ ਵਿੱਚੋਂ ਕੁਝ ਕੁ ਲੋਕੀਂ ਅੰਦਰ ਪਏ ਨੌਂ ਪਲਾਸਟਿਕ ਮੇਜ਼ਾਂ ਦੁਆਲ਼ੇ ਬੈਠੇ ਹਨ ਤੇ ਸਮੇਂ ਤੋਂ ਪਹਿਲਾਂ ਹੀ ਰਾਤ ਦਾ ਖਾਣਾ ਖਾ ਰਹੇ ਕੁਝ ਲੋਕ 25-50 ਕਿਲੋਮੀਟਰ ਦੂਰ ਪੈਂਦੇ ਪਚੋਰਾ ਅਤੇ ਭੂਸਾਵਾਲ ਤੋਂ ਆਏ ਹਨ।
ਕ੍ਰਿਸ਼ਨਾਜੀ ਭਰਿਤ ਰੋਜ਼ਾਨਾ 1,000 ਪਾਰਸਲ ਭੇਜਦੇ ਹਨ ਜੋ 450 ਕਿਲੋਮੀਟਰ ਦੂਰ ਡੋਂਬਿਵਲੀ, ਥਾਣੇ, ਪੁਣੇ ਅਤੇ ਨਾਸਿਕ ਤੱਕ ਵੀ ਜਾਂਦੇ ਹਨ ਜਿਨ੍ਹਾਂ ਨੂੰ ਰੇਲ-ਗੱਡੀਆਂ ਦੁਆਰਾ ਭੇਜਿਆ ਜਾਂਦਾ ਹੈ।
2003 ਵਿੱਚ ਅਸ਼ੋਕ ਮੋਤੀਰਾਮ ਭੋਲੇ ਦੁਆਰਾ ਦੁਆਰਾ ਸਥਾਪਿਤ ਕ੍ਰਿਸ਼ਨਾਜੀ ਭਰਿਤ ਦਾ ਇਹ ਨਾਮ ਇਕ ਸਥਾਨਕ ਸਾਧੂ ਤੋਂ ਲਿਆ ਗਿਆ ਹੈ ਜਿਸਨੇ ਮਾਲਕ ਨੂੰ ਕਿਹਾ ਸੀ ਕਿ ਸ਼ਾਕਾਹਾਰੀ ਭੋਜਨ ਵਾਲਾ ਰੈਸਟੋਰੈਂਟ ਲਾਭਦਾਇਕ ਸਿੱਧ ਹੋਵੇਗਾ। ਇੱਥੋਂ ਦੇ ਮੈਨੇਜਰ ਦੇਵੇਂਦਰ ਕਿਸ਼ੋਰ ਭੋਲੇ ਦਾ ਕਹਿਣਾ ਹੈ ਕਿ ਭਰਿਤ ਇੱਕ ਪਰੰਪਰਾਗਤ ਘਰੇਲੂ ਪਕਵਾਨ ਹੈ ਜੋ ਲੇਵਾ ਪਾਟਿਲ ਭਾਈਚਾਰੇ ਦੁਆਰਾ ਸਭ ਤੋਂ ਵਧੀਆ ਪਕਾਇਆ ਜਾਂਦਾ ਹੈ।
ਉੱਤਰੀ ਮਹਾਰਾਸ਼ਟਰ ਦੇ ਖੰਡੇਸ਼ ਇਲਾਕੇ ਵਿੱਚ ਇੱਕ ਸਮਾਜਿਕ-ਰਾਜਨੀਤਿਕ ਤੌਰ ‘ਤੇ ਪ੍ਰਮੁੱਖ ਬਰਾਦਰੀ ਲੇਵਾ-ਪਾਟਿਲ ਇੱਕ ਖੇਤੀਬਾੜੀ ਭਾਈਚਾਰਾ ਹੈ ਜਿਸਦੀਆਂ ਆਪਣੀਆਂ ਬੋਲੀਆਂ, ਖਾਣੇ ਅਤੇ ਸੱਭਿਆਚਾਰਕ ਜੜ੍ਹਾਂ ਹਨ।
ਜਿਵੇਂ-ਜਿਵੇਂ ਬੈਂਗਣ ਦੀ ਕੜ੍ਹੀ ਦੀ ਖੁਸ਼ਬੂ ਰੈਸਟੋਰੈਂਟ ਵਿੱਚ ਫੈਲਦੀ ਹੈ ਔਰਤਾਂ ਰਾਤ ਦੇ ਖਾਣੇ ਲਈ ਪੋਲੀ ਅਤੇ ਭਾਕਰੀ (ਰੋਟੀ) ਲਾਹੁਣ ਲੱਗ ਜਾਂਦੀਆਂ ਹਨ। ਔਰਤਾਂ ਹਰ ਰੋਜ਼ ਲਗਭਗ 2,000 ਪੋਲੀਆਂ (ਕਣਕ ਦੇ ਆਟੇ ਦੀਆਂ ਰੋਟੀਆਂ) ਅਤੇ ਲਗਭਗ 1,500 ਭਾਕਰੀ (ਬਾਜਰੇ ਦੀਆਂ ਰੋਟੀਆਂ, ਕ੍ਰਿਸ਼ਨਾਜੀ ਭਰਿਤ ਵਿੱਚ ਖਾਸਕਰ ਮੋਤੀ ਬਾਜਰੇ ਦੀਆਂ) ਬਣਾਉਂਦੀਆਂ ਹਨ।
ਜਲਦੀ ਹੀ ਰਾਤ ਦੇ ਖਾਣੇ ਦਾ ਸਮਾਂ ਹੋ ਜਾਵੇਗਾ ਅਤੇ ਜਿਵੇਂ-ਜਿਵੇਂ ਦਿਨ ਦਾ ਕੰਮ ਖਤਮ ਹੋਣ ਵੱਲ ਵੱਧ ਰਿਹਾ ਹੈ ਔਰਤਾਂ ਥੱਕਣ ਲੱਗੀਆਂ ਹਨ ਅਤੇ ਇੱਕ ਸਮੇਂ ਤੇ ਇੱਕ ਪਾਰਸਲ ਬੰਨ੍ਹ ਰਹੀਆਂ ਹਨ।
ਪੰਜਾਬੀ ਤਰਜਮਾ: ਇੰਦਰਜੀਤ ਸਿੰਘ