''ਜਦੋਂ ਬੀਜੂ ਆਉਂਦਾ, ਅਸੀਂ ਸਾਰੇ ਤੜਕੇ ਹੀ ਉੱਠ ਫੁੱਲ ਤੋੜਨ ਚਲੇ ਜਾਈਦਾ। ਫਿਰ ਤੋੜੇ ਹੋਏ ਫੁੱਲਾਂ ਨੂੰ ਨਦੀ ਦੇ ਪਾਣੀ ਵਿੱਚ ਪਾਈ ਤਾਰੀ ਲਾਉਂਦੇ। ਇਸ ਤੋਂ ਬਾਅਦ ਅਸੀਂ ਪਿੰਡ ਦੇ ਹਰੇਕ ਘਰ ਜਾਂਦੇ, ਸਾਰਿਆਂ ਨੂੰ ਮਿਲ਼ਦੇ ਤੇ ਵਧਾਈਆਂ ਦਿੰਦੇ,'' ਜਯਾ ਕਹਿੰਦੇ ਹਨ। ਇਸ ਗੱਲ ਨੂੰ ਭਾਵੇਂ ਅੱਧੀ ਸਦੀ ਬੀਤ ਚੁੱਕੀ ਹੈ ਪਰ ਉਨ੍ਹਾਂ ਦੀਆਂ ਯਾਦਾਂ ਧੁੰਦਲੀਆਂ ਨਹੀਂ ਪਈਆਂ।
''ਅਸੀਂ ਮੁੱਠੀ-ਮੁੱਠੀ ਚੌਲ਼ (ਖੁਸ਼ ਕਿਸਮਤੀ ਦੀ ਨਿਸ਼ਾਨੀ) ਸਾਰਿਆਂ ਨੂੰ ਤੋਹਫੇ ਵਜੋਂ ਦਿੰਦੇ ਤੇ ਬਦਲੇ ਵਿੱਚ ਉਹ ਸਾਨੂੰ ਲੰਗੀ (ਚੌਲ਼ਾਂ ਦੀ ਬੀਅਰ) ਦਿੰਦੇ। ਹਰੇਕ ਘਰ ਤੋਂ ਬੱਸ ਕੁਝ ਕੁ ਘੁੱਟਾਂ ਹੀ ਪੀਂਦੇ, ਪਰ ਅਸੀਂ ਇੰਨਾ ਜ਼ਿਆਦਾ ਘੁੰਮਣਾ ਹੁੰਦਾ ਸੀ ਕਿ ਅਖੀਰ ਤੱਕ ਆਉਂਦੇ-ਆਉਂਦੇ ਸਾਨੂੰ ਨਸ਼ਾ ਵੀ ਹੋ ਜਾਂਦਾ ਤੇ ਅਫਰੇਵਾਂ ਵੀ,'' ਨਾਲ਼ ਹੀ ਉਹ ਕਹਿੰਦੇ ਹਨ,''ਉਸ ਦਿਨ ਪਿੰਡ ਦੇ ਜੁਆਨ ਲੋਕ ਬਜ਼ੁਰਗਾਂ ਪ੍ਰਤੀ ਆਪਣਾ ਅਦਬ ਦਿਖਾਉਂਦਿਆਂ ਉਨ੍ਹਾਂ ਨੂੰ ਨਦੀ ਵਿੱਚ ਇਸ਼ਨਾਨ ਕਰਾਉਂਦੇ।'' ਸਾਲ ਦੇ ਉਨ੍ਹਾਂ ਜਸ਼ਨਾਂ ਨੂੰ ਚੇਤੇ ਕਰਦਿਆਂ ਜਯਾ ਦਾ ਚਿਹਰੇ ਦਗ-ਦਗ ਕਰਨ ਲੱਗਾ।
ਅੱਜ, ਅੰਤਰਰਾਸ਼ਟਰੀ ਸਰਹੱਦ ਦੇ ਪਾਰ ਅਤੇ ਉਸ ਘਰ ਤੋਂ ਸੈਂਕੜੇ ਕਿਲੋਮੀਟਰ ਦੂਰ, ਜੋ ਕੁਝ ਬਚਿਆ ਰਹਿ ਗਿਆ ਹੈ ਉਹ ਹੈ ਲੰਗੀ- ਇੱਕ ਅਜਿਹੀ ਤੰਦ ਜੋ ਸਾਰੇ ਪਨਾਹਗੀਰਾਂ ਨੂੰ ਉਨ੍ਹਾਂ ਦੇ ਚਕਮਾ ਭਾਈਚਾਰੇ ਨਾਲ਼ ਜੋੜਦੀ ਹੈ।''ਇਹ ਰਿਵਾਜ ਸਾਡੇ ਸੱਭਿਆਚਾਰ ਦਾ ਅਨਿਖੜਵਾਂ ਅੰਗ ਹੈ,'' ਜਯਾ ਕਹਿੰਦੇ ਹਨ ਜੋ ਬੰਗਲਾਦੇਸ਼ ਦੇ ਰੰਗਾਮਤੀ ਵਿੱਚ ਵੱਡੇ ਹੋਏ ਹਨ। ਇਹ ਤੰਦ ਵੀ ਤਾਂ ਹੀ ਜੁੜੀ ਰਹੀ ਕਿਉਂਕਿ ਇਸ ਇਲਾਕੇ ਦੇ ਬਹੁਤੇਰੇ ਕਬੀਲੇ ਰਸਮਾਂ ਤੇ ਭੇਟਾਂ ਵਿੱਚ ਲੰਗੀ ਦੀ ਹੀ ਵਰਤੋਂ ਕਰਦੇ ਹਨ।
''ਆਪਣੇ ਮਾਪਿਆਂ ਨੂੰ ਬਣਾਉਂਦਿਆਂ ਦੇਖ-ਦੇਖ ਮੈਂ ਵੀ ਬਣਾਉਣੀ (ਲੰਗੀ) ਸਿੱਖ ਗਈ। ਵਿਆਹ ਤੋਂ ਬਾਅਦ ਮੈਂ ਤੇ ਮੇਰੇ ਪਤੀ, ਸੁਰੇਨ ਇਕੱਠਿਆਂ ਰਲ਼ ਬਣਾਉਣ ਲੱਗੇ,'' ਉਹ ਗੱਲ ਪੂਰੀ ਕਰਦੀ ਹਨ। ਜਯਾ ਤੇ ਸੁਰੇਨ ਨੂੰ ਤਿੰਨ ਹੋਰ ਤਰੀਕਿਆਂ ਦੀ ਬੀਅਰ- ਲੰਗੀ, ਮੋਡ ਤੇ ਜੋਗੋਰਾ ਵੀ ਬਣਾਉਣੀ ਆਉਂਦੀ ਹੈ।
ਜੋਗੋਰਾ ਬਣਾਉਣ ਲਈ ਵੀ ਚੌਲ਼ਾਂ ਦੀ ਹੀ ਵਰਤੋਂ ਹੁੰਦੀ ਹੈ ਤੇ ਇਹਦੀ ਤਿਆਰੀ ਚੈਤਰ (ਬੰਗਾਲੀ ਕੈਲੰਡਰ ਮੁਤਾਬਕ ਸਾਲ ਦਾ ਅਖੀਰਲਾ ਮਹੀਨਾ) ਦੇ ਪਹਿਲੇ ਦਿਨ ਸ਼ੁਰੂ ਹੁੰਦੀ ਹੈ। ''ਅਸੀਂ ਬਿਰੋਇਨ ਛਾਲ (ਬਿਹਤਰੀਨ ਤੇ ਚਿਪਚਿਪੇ ਚੌਲ਼ਾਂ ਦੀ ਕਿਸਮ) ਵਰਤਦੇ ਹਾਂ ਤੇ ਬੀਅਰ ਕੱਢਣ ਤੋਂ ਪਹਿਲਾਂ ਖਮੀਰ ਕਰਨ ਲਈ ਕੁਝ ਹਫ਼ਤੇ ਬਾਂਸ ਅੰਦਰ ਰੱਖਦੇ ਹਾਂ। ਹੁਣ ਅਸੀਂ ਜੋਗੋਰਾ ਨਹੀਂ ਬਣਾਉਂਦੇ,'' ਇਸ ਮਗਰਲਾ ਕਾਰਨ ਦੱਸਦਿਆਂ ਜਯਾ ਕਹਿੰਦੇ ਹਨ ਕਿਉਂਕਿ ਬੀਅਰ ਬਣਨ ਦੀ ਪ੍ਰਕਿਰਿਆ ਕੋਈ ਇੱਕ ਮਹੀਨਾ ਲੈਂਦੀ ਹੈ ਤੇ ਬਾਕੀ ਚੌਲ਼ ਵੀ ਬੜੇ ਮਹਿੰਗੇ ਹੋ ਗਏ ਹਨ। ''ਪਹਿਲਾਂ-ਪਹਿਲ ਅਸੀਂ ਝੂਮ (ਪਹਾੜੀ ਖੇਤੀ) ਕਰਕੇ ਚੌਲ਼ ਉਗਾ ਲਿਆ ਕਰਦੇ ਸਾਂ ਪਰ ਹੁਣ ਖੇਤੀ ਕੀਤੀ ਜਾ ਸਕੇ ਇੰਨੀ ਜ਼ਮੀਨ ਹੀ ਕਿੱਥੇ ਬਚੀ ਹੈ।''
















