“ਹਮੇਂ ਪਤਾ ਨਹੀਂ ਹਮਾਰਾ ਬੇਟਾ ਏਕਦਮ ਕੈਸੇ ਮਰਾ, ਕੰਪਨੀ ਨੇ ਹਮੇਂ ਬਤਾਇਆ ਭੀ ਨਹੀਂ,” ਨੀਲਮ ਯਾਦਵ ਨੇ ਕਿਹਾ।
33 ਸਾਲਾ ਨੀਲਮ ਸੋਨੀਪਤ ਦੇ ਰਾਈ ਕਸਬੇ ਵਿੱਚ ਆਪਣੇ ਘਰ ਵਿੱਚ ਖੜ੍ਹੀ ਹੈ, ਗੱਲ ਕਰਦਿਆਂ ਨਜ਼ਰ ਮਿਲਾਉਣ ਤੋਂ ਬਚਦੀ ਹੋਈ। ਤਕਰੀਬਨ ਛੇ ਮਹੀਨੇ ਪਹਿਲਾਂ ਉਸਦੇ ਜੇਠ ਦਾ ਬੇਟਾ ਰਾਮ ਕਮਲ, ਜਿਸਨੂੰ 2007 ਵਿੱਚ ਆਪਣੇ ਵਿਆਹ ਤੋਂ ਲੈ ਕੇ ਉਸੇ ਨੇ ਪਾਲਿਆ, ਦੀ ਸਥਾਨਕ ਫੂਡ ਰਿਟੇਲ ਦੀ ਫੈਕਟਰੀ ਵਿੱਚ ਕੰਮ ਕਰਦਿਆਂ ਮੌਤ ਹੋ ਗਈ, ਜਿੱਥੇ 27 ਸਾਲ ਦਾ ਉਹ ਨੌਜਵਾਨ ਏਸੀ ਰਿਪੇਅਰ ਯੂਨਿਟ ਵਿੱਚ ਕੰਮ ਕਰਦਾ ਸੀ।
29 ਜੂਨ 2023 ਦਾ ਦਿਨ ਸੀ ਅਤੇ ਨੀਲਮ ਯਾਦ ਕਰਦੀ ਹੈ ਕਿ ਸੂਰਜ ਉਸ ਦਿਨ ਸਿਖਰਾਂ ’ਤੇ ਸੀ। ਉਸਦੇ ਤਿੰਨ ਬੱਚੇ – ਦੋ ਬੇਟੀਆਂ ਤੇ ਇੱਕ ਬੇਟਾ, ਅਤੇ ਉਸਦਾ ਸਹੁਰਾ, ਸ਼ੋਭਨਾਥ ਨੇ ਉਸਦਾ ਬਣਾਇਆ ਦੁਪਹਿਰ ਦਾ ਖਾਣਾ, ਦਾਲ ਭਾਤ (ਦਾਲ ਚਾਵਲ), ਖਾ ਕੇ ਹਟੇ ਸਨ। ਉਹ ਰਸੋਈ ਸਾਫ਼ ਕਰ ਰਹੀ ਸੀ ਤੇ ਸ਼ੋਭਨਾਥ ਦੁਪਹਿਰ ਦੀ ਨੀਂਦ ਲਈ ਲੰਮਾ ਪਿਆ ਸੀ।
ਤਕਰੀਬਨ ਇੱਕ ਵਜੇ ਘੰਟੀ ਵੱਜੀ। ਉਸਨੇ ਹੱਥ ਸਾਫ਼ ਕੀਤੇ ਅਤੇ ਆਪਣੀ ਚੁੰਨੀ ਠੀਕ ਕਰਦੀ ਹੋਈ ਦੇਖਣ ਗਈ ਕਿ ਕੌਣ ਹੈ। ਨੀਲੀ ਵਰਦੀ ਵਿੱਚ ਦੋ ਵਿਅਕਤੀ ਮੋਟਰਸਾਈਕਲ ਦੀਆਂ ਚਾਬੀਆਂ ਛਣਕਾਉਂਦੇ ਖੜ੍ਹੇ ਸਨ। ਉਸਨੇ ਪਛਾਣ ਕੀਤੀ ਕਿ ਇਹ ਉਸੇ ਕੰਪਨੀ ਤੋਂ ਹਨ ਜਿੱਥੇ ਰਾਮ ਕਮਲ ਕੰਮ ਕਰਦਾ ਹੈ। ਨੀਲਮ ਨੇ ਯਾਦ ਕੀਤਾ ਕਿ ਉਹਨਾਂ ਵਿੱਚੋਂ ਇੱਕ ਨੇ ਉਸਨੂੰ ਦੱਸਿਆ, “ਰਾਮ ਨੂੰ ਕਰੰਟ ਲੱਗ ਗਿਆ ਹੈ। ਛੇਤੀ ਸਿਵਲ ਹਸਪਤਾਲ ਚੱਲੋ।”
“ਮੈਂ ਵਾਰ-ਵਾਰ ਪੁੱਛਿਆ ਕਿ ਉਹ ਕਿਵੇਂ ਹੈ, ਠੀਕ ਹੈ, ਸੁਰਤ ਵਿੱਚ ਹੈ ਜਾਂ ਨਹੀਂ। ਉਹਨਾਂ ਨੇ ਬਸ ਇਹੀ ਕਿਹਾ ਕਿ ਨਹੀਂ,” ਕੰਬਦੀ ਆਵਾਜ਼ ਵਿੱਚ ਨੀਲਮ ਨੇ ਕਿਹਾ। ਸ਼ੋਭਨਾਥ ਅਤੇ ਉਸਨੇ ਬੱਸ ਆਦਿ ਦਾ ਇੰਤਜ਼ਾਰਕਰਨ ਵਿੱਚ ਸਮਾਂ ਗੁਆਉਣ ਦੀ ਬਜਾਏ ਉਹਨਾਂ ਵਿਅਕਤੀਆਂ ਨੂੰ ਆਪਣੇ ਮੋਟਰਸਾਈਕਲਾਂ ਉੱਤੇ ਉਹਨਾਂ ਨੂੰ ਹਸਪਤਾਲ ਲਿਜਾਣ ਲਈ ਮਿੰਨਤ ਕੀਤੀ। ਉਹਨਾਂ ਨੂੰ ਹਸਪਤਾਲ ਪਹੁੰਚਣ ਵਿੱਚ 20 ਕੁ ਮਿੰਟ ਲੱਗ ਗਏ।











