70 ਸਾਲਾ ਬਲਦੇਵ ਕੌਰ ਭਾਰੀ ਕਦਮੀਂ ਆਪਣੇ ਘਰ ਦੇ ਬਚੇ-ਖੁਚੇ ਹਿੱਸਿਆਂ ਵਿੱਚੋਂ ਦੀ ਰਾਹ ਬਣਾਉਂਦੀ ਤੁਰਦੀ ਜਾ ਰਹੀ ਹਨ। ਮਲ਼ਬੇ ਦਾ ਇਹ ਢੇਰ ਕਦੇ ਉਨ੍ਹਾਂ ਦਾ ਘਰ ਹੁੰਦਾ ਸੀ, ਜੋ ਪਰਿਵਾਰ ਨੇ ਆਪਣੇ ਖੇਤਾਂ ਦੇ ਐਨ ਵਿਚਕਾਰ ਕਰਕੇ ਉਸਾਰਿਆ ਸੀ। ਸ਼ਾਂਤ ਖੜ੍ਹੀਆਂ ਕੰਧਾਂ ਆਪਣੀ ਕਹਾਣੀ ਕਹਿ ਰਹੀਆਂ ਹਨ।
''ਜਦੋਂ ਮੀਂਹ ਤੇ ਗੜ੍ਹੇਮਾਰੀ ਹੋਣ ਲੱਗੀ, ਅਸੀਂ ਪੂਰੀ ਰਾਤ ਜਾਗਦਿਆਂ ਕੱਟੀ। ਸਾਨੂੰ ਪਤਾ ਈ ਨਹੀਂ ਸੀ ਬਾਹਰ ਕੀ ਬਣ ਰਿਹੈ,'' ਬਲਦੇਵ ਕਹਿੰਦੀ ਹਨ। ਉਨ੍ਹਾਂ ਦਾ ਧੌਲ਼ਾ ਸਿਰ ਸੂਤੀ ਚੁੰਨ੍ਹੀ ਨਾਲ਼ ਢੱਕਿਆ ਹੋਇਆ ਹੈ, ਸੂਤੀ ਸੂਟ ਪਾਈ ਬਲਦੇਵ ਦੇ ਚਿਹਰੇ 'ਤੇ ਫ਼ਿਕਰਾਂ ਆਪਣੇ ਨਿਸ਼ਾਨ ਛੱਡ ਗਈਆਂ ਹਨ। ''ਸਵੇਰੇ ਜਦੋਂ ਛੱਤ ਚੋਣ ਲੱਗੀ ਤਾਂ ਅਸੀਂ ਸਾਰੇ ਬਾਹਰ ਵੱਲ ਨੂੰ ਭੱਜੇ।''
ਜਿਓਂ ਧੁੱਪਾਂ ਲੱਗਣ ਲੱਗੀਆਂ, ਘਰ ਵੀ ਤਿੜਕਣ ਲੱਗੇ, ਬਲਦੇਵ ਦੀ ਛੋਟੀ ਨੂੰਹ, 26 ਸਾਲਾ ਅਮਨਦੀਪ ਕੌਰ ਕਹਿਣ ਲੱਗੀ। ''ਘਰ ਤਾਂ ਸਾਰੇ ਪਾਸਿਓਂ ਪਾਟ ਗਿਐ,'' ਬਲਦੇਵ ਕੌਰ ਦੇ ਵੱਡੇ ਬੇਟੇ, 35 ਸਾਲਾ ਬਲਜਿੰਦਰ ਸਿੰਘ ਨੇ ਕਿਹਾ।
ਬਲਦੇਵ ਕੌਰ ਤੇ ਉਨ੍ਹਾਂ ਦੇ ਪਰਿਵਾਰ ਨੇ ਪਹਿਲਾਂ ਕਦੇ ਵੀ ਅਜਿਹਾ ਮੀਂਹ ਨਹੀਂ ਦੇਖਿਆ। ਮਾਰਚ 2023 ਨੂੰ ਪਿਆ ਪਿਛੇਤਾ ਬੇਮੌਸਮੀ ਮੀਂਹ ਤੇ ਗੜ੍ਹੇਮਾਰੀ ਨੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਬਲਾਕ ਦੇ ਪਿੰਡ ਭਲਾਈਆਣਾ ਵਿਖੇ ਨਾ ਸਿਰਫ਼ ਉਨ੍ਹਾਂ ਦੀ ਫ਼ਸਲ ਤਬਾਹ ਕੀਤੀ ਸਗੋਂ ਘਰ ਵੀ ਮਲ਼ਬੇ ਦਾ ਢੇਰ ਬਣਾ ਸੁੱਟਿਆ। ਪੰਜਾਬ ਦੇ ਦੱਖਣੀ-ਪੱਛਮੀ ਪਾਸੇ ਸਥਿਤ ਇਹ ਖਿੱਤਾ ਦੱਖਣ ਵੱਲੋਂ ਰਾਜਸਥਾਨ ਤੇ ਪੂਰਬ ਵੱਲੋਂ ਹਰਿਆਣੇ ਨਾਲ਼ ਆਪਣੀ ਸਰਹੱਦ ਸਾਂਝੀ ਕਰਦਾ ਹੈ।
ਜਦੋਂ ਮੀਂਹ ਤੇ ਗੜ੍ਹੇਮਾਰੀ ਅਗਲੇ ਤਿੰਨ ਦਿਨ ਜਾਰੀ ਰਹੀ ਤਾਂ ਬਲਜਿੰਦਰ ਦੀ ਚਿੰਤਾ ਦਾ ਕੋਈ ਹੱਦ-ਬੰਨਾ ਨਾ ਰਿਹਾ। ਪਰਿਵਾਰ ਨੇ ਆਪਣੀ ਪੰਜ ਏਕੜ (ਕਿੱਲੇ) ਪੈਲ਼ੀ ਤੋਂ ਇਲਾਵਾ ਠੇਕੇ 'ਤੇ 10 ਕਿੱਲੇ ਪੈਲ਼ੀ ਹੋਰ ਲੈਣ ਲਈ ਆੜ੍ਹਤੀਏ ਕੋਲ਼ੋਂ 6.5 ਲੱਖ ਰੁਪਏ ਵਿਆਜੀ ਚੁੱਕੇ ਸਨ। ਬਰਬਾਦ ਹੋਈ ਕਣਕ ਨੇ ਕੋਈ ਚਾਰਾ ਨਾ ਛੱਡਿਆ, ਨਾ ਪਰਿਵਾਰ ਦਾ ਗੁਜ਼ਾਰਾ ਹੋ ਸਕਿਆ ਤੇ ਨਾ ਹੀ ਕਰਜੇ ਦੀ ਕਿਸ਼ਤ ਲੱਥ ਸਕੀ।
''ਪੱਕਣ ਨੂੰ ਹੋਈ ਫ਼ਸਲ ਪਹਿਲਾਂ ਗੜ੍ਹੇਮਾਰੀ ਦੀ ਭੇਂਟ ਚੜ੍ਹੀ ਤੇ ਫਿਰ ਰਹਿੰਦੀ-ਖੂੰਹਦੀ ਕਸਰ ਮੀਂਹਾਂ ਦੀ ਝੜੀ ਨੇ ਪੂਰੀ ਕਰ ਦਿੱਤੀ। ਖੇਤ ਕਈ-ਕਈ ਦਿਨ ਪਾਣੀ ਵਿੱਚ ਡੁੱਬੇ ਰਹੇ। ਖੇਤੀਂ ਖੜ੍ਹਾ ਪਾਣੀ ਨਾ ਨਿਕਲ਼ਿਆ ਤਾਂ ਫ਼ਸਲ ਵੀ ਸੜਨ ਲੱਗੀ,'' ਲੰਬਾ ਹਊਕਾ ਲੈਂਦਿਆਂ ਬਲਜਿੰਦਰ ਨੇ ਕਿਹਾ। ''ਹਾਲ ਇਹ ਸੀ ਕਿ 15 ਦੀ 15 ਕਿੱਲੇ ਕਣਕ ਵਿਛ ਗਈ,'' ਅੱਧ-ਅਪ੍ਰੈਲ ਵਿੱਚ ਹੋਈ ਗੱਲਬਾਤ ਦੌਰਾਨ ਬਲਜਿੰਦਰ ਨੇ ਦੱਸਿਆ ਸੀ।


















