“ਅੱਗੋਂ ਖੱਬੇ ਮੁੜ ਕੇ ਥੋੜ੍ਹਾ ਅੱਗੇ ਜਾਇਓ ਤੁਹਾਨੂੰ ਇੱਕ ਕਾਲ਼ੇ ਪਿੱਲਰ ਤੇ ਫ਼ੌਜੀ ਦੀ ਫ਼ੋਟੋ ਦਿਖਾਈ ਦਊਗੀ। ਬਸ ਉਹੀ ਉਸਦਾ ਘਰ ਏ।” ਰਾਮਗੜ੍ਹ ਸਰਦਾਰਾਂ ਵਿਖੇ ਸਾਈਕਲਾਂ ਦੀ ਮੁਰੰਮਤ ਕਰਨ ਵਾਲ਼ੇ ਇੱਕ ਬਜ਼ੁਰਗ ਅਗਲੇ ਮੋੜ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ। ਪਿੰਡ ਦੇ ਲੋਕ ਅਜੈ ਕੁਮਾਰ ਨੂੰ ਫ਼ੌਜੀ ਜਾਂ ਸ਼ਹੀਦ ਕਹਿ ਕੇ ਸੱਦਦੇ ਹਨ।
ਪਰ ਭਾਰਤ ਸਰਕਾਰ ਦੀਆਂ ਨਜ਼ਰਾਂ ਵਿੱਚ ਉਹ ਇਹਨਾਂ ਦੋਵਾਂ ਵਿੱਚੋਂ ਕੁਝ ਵੀ ਨਹੀਂ।
ਉਹਨਾਂ ਨੂੰ ਇਸ ਗੱਲ ਨਾਲ਼ ਕੋਈ ਫ਼ਰਕ ਨਹੀਂ ਪੈਂਦਾ ਕਿ ਇਸ 23 ਸਾਲਾ ਨੌਜਵਾਨ ਨੇ ਅੱਤਵਾਦੀਆਂ ਹੱਥੋਂ ਜੰਮੂ ਕਸ਼ਮੀਰ ਨੂੰ ਬਚਾਉਣ ਲਈ ਖ਼ੂਨ ਦੀ ਆਖ਼ਰੀ ਬੂੰਦ ਤੱਕ ਵਹਾ ਦਿੱਤੀ। ਉਸ ਦੇ ਬੇਜ਼ਮੀਨੇ ਦਲਿਤ ਮਾਪੇ ਪੈਨਸ਼ਨ ਜਾਂ ਆਪਣੇ ਬੇਟੇ ਲਈ ਸ਼ਹੀਦ ਦੇ ਰੁਤਬੇ ਦੀ ਆਸ ਵੀ ਨਹੀਂ ਰੱਖ ਸਕਦੇ। ਉਹਨਾਂ ਨੂੰ ਐਕਸ-ਸਰਵਿਸਮੈਨ ਯੋਗਦਾਨ ਸਿਹਤ ਸਕੀਮ ਜਾਂ ਕੰਨਟੀਨ ਸਟੋਰ ਡਿਪਾਰਟਮੈਂਟ ਛੋਟ ਦਾ ਕੋਈ ਵੀ ਲਾਭ ਨਹੀਂ ਮਿਲ਼ਣਾ। ਕਿਉਂਕਿ ਅਧਿਕਾਰਕ ਰਿਕਾਰਡ ਅਨੁਸਾਰ ਨਾ ਤਾਂ ਅਜੈ ਕੁਮਾਰ ਫ਼ੌਜੀ ਸੀ ਤੇ ਨਾ ਹੀ ਸ਼ਹੀਦ।
ਉਹ ਸਿਰਫ਼ ਇੱਕ ਅਗਨੀਵੀਰ ਸੀ।
ਪਰ ਲੁਧਿਆਣਾ ਜ਼ਿਲ੍ਹੇ ਦੇ ਇਸ ਪਿੰਡ ਵਿੱਚ ਸਰਕਾਰੀ ਰਿਕਾਰਡ ਵੀ ਕੋਈ ਬਹੁਤੀ ਗੱਲ ਨਹੀਂ ਕਰਦੇ। ਜੀ.ਟੀ. ਰੋਡ ਤੋਂ 45 ਮਿੰਟਾਂ ਦੀ ਦੂਰੀ 'ਤੇ ਸਰ੍ਹੋਂ ਦੇ ਮਨ ਮੋਹ ਲੈਣ ਵਾਲ਼ੇ ਖੇਤਾਂ ਨਾਲ਼ ਘਿਰਿਆ ਰਸਤਾ ਰਾਮਗੜ੍ਹ ਸਰਦਾਰਾਂ ਨੂੰ ਜਾਂਦਾ ਹੈ ਜਿੱਥੋਂ ਦੀਆਂ ਕੰਧਾਂ 'ਤੇ ਇੱਕ ਵੱਖਰਾ ਹੀ ਰਿਕਾਰਡ ਲਿਖਿਆ ਹੋਇਆ ਹੈ। ਇਹਨਾਂ 'ਤੇ ਨੌਜਵਾਨ, ਅਜੈ ਦੀਆਂ ਫ਼ੌਜੀ ਵਰਦੀ ਵਿੱਚ ਤਸਵੀਰਾਂ, ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਦੇ ਨਾਲ਼ ਲੱਗੀਆਂ ਹਨ, ਕੋਈ ਨੌਂ ਦਹਾਕੇ ਪਹਿਲਾਂ ਭਗਤ ਸਿੰਘ ਤੇ ਸਾਥੀਆਂ ਨੇ ਫਾਂਸੀ ਦਾ ਰੱਸਾ ਚੁੰਮਿਆ ਸੀ ਪਰ ਉਹਨਾਂ ਨੂੰ ਵੀ ਬਾਅਦ ਦੀਆਂ ਸਰਕਾਰਾਂ ਨੇ ਸ਼ਹੀਦ ਦਾ ਰੁਤਬਾ ਨਹੀਂ ਦਿੱਤਾ।
ਪਿੰਡ ਵਿੱਚ ਇੱਕ ਬੋਰਡ 'ਤੇ ਲਿਖਿਆ ਹੈ:
ਨੌਜਵਾਨ ਜਦ ਉੱਠਦੇ ਨੇ
ਤਾਂ ਨਿਜ਼ਾਮ ਬਦਲ ਜਾਂਦੇ ਨੇ,
ਭਗਤ ਸਿੰਘ ਅੱਜ ਵੀ ਪੈਦਾ ਹੁੰਦੇ ਨੇ,
ਬਸ ਨਾਮ ਬਦਲ ਜਾਂਦੇ ਨੇ...













