ਥੰਗਕਾ, ਰੇਸ਼ਮੀ ਜਾਂ ਸੂਤੀ ਕੱਪੜੇ ’ਤੇ ਕੀਤੀ ਜਾਂਦੀ ਕਲਾ ਜੋ ਬੋਧੀ ਦੇਵਤਿਆਂ ਨੂੰ ਦਰਸਾਉਂਦੀ ਹੈ, ਨੂੰ ਰਿਸਟੋਰ ਕਰਨਾ ਛੋਟੇ ਜਿਗਰੇ ਵਾਲਿਆਂ ਦਾ ਕੰਮ ਨਹੀਂ ਹੈ। “ਜੇਕਰ ਰਿਸਟੋਰ ਕਰਨ ਵੇਲੇ ਮਾਮੂਲੀ ਜਿਹੀ ਵੀ ਗਲਤੀ ਹੋ ਜਾਵੇ, ਜਿਵੇਂ ਕਿ ਕੰਨ ਦਾ ਅਕਾਰ ਅਸਲ ਨਾਲੋਂ ਥੋੜ੍ਹਾ ਮੁੜ ਜਾਵੇ (ਜਾਂ ਵੱਖਰਾ ਬਣ ਜਾਵੇ), ਲੋਕ ਇਸ ਨੂੰ ਅਪਰਾਧ ਮੰਨ ਸਕਦੇ ਹੁੰਦੇ ਹਨ,” ਦੋਰਜੇ ਅੰਗਚੋਕ ਕਹਿੰਦੀ ਹਨ ਜੋ ਕਿ ਮਾਥੋ ਪਿੰਡ ਦੀ ਨਿਵਾਸੀ ਹਨ।
“ਇਹ ਇੱਕ ਨਾਜ਼ੁਕ ਕੰਮ ਹੈ,” ਲੇਹ ਤੋਂ 26 ਕਿਲੋਮੀਟਰ ਦੂਰ ਪੈਂਦੇ ਮਾਥੋ ਪਿੰਡ ਦੇ ਇੱਕ ਨਿਵਾਸੀ ਦਾ ਕਹਿਣਾ ਹੈ। ਇਸ ਪਿੰਡ ਦੀ 1,165 ਲੋਕਾਂ ਦੀ ਲਗਭਗ ਸਾਰੀ ਅਬਾਦੀ ਬੋਧੀਆਂ ਦੀ ਹੈ।
ਅੰਗਚੋਕ ਅਤੇ ਉਹਨਾਂ ਦੇ ਭਾਈਚਾਰੇ ਦੇ ਹੋਰ ਲੋਕਾਂ ਦੇ ਇਸ ਡਰ ਨੂੰ ਨੋਂ ਥੰਗਕ (ਜਿਸ ਨੂੰ ਥੰਕ ਵੀ ਕਿਹਾ ਜਾਂਦਾ ਹੈ) ਮਾਹਿਰ ਕਾਰੀਗਰਾਂ ਦੇ ਸਮੂਹ ਨੇ ਘਟਾ ਦਿੱਤਾ ਹੈ ਜਿਨ੍ਹਾਂ ਨੇ ਇਸ ਸਦੀਆਂ ਪੁਰਾਣੀ ਚਿੱਤਰਕਲਾ ਵਿੱਚ ਛੁਪੇ ਹੋਏ ਪੈਟਰਨ ਨੂੰ ਸਮਝਣ, ਪਛਾਣਨ ਅਤੇ ਉਹਨਾਂ ਦੇ ਅਰਥ ਨਿਰਧਾਰਨ ਲਈ ਪਿਛਲੇ ਕਈ ਸਾਲਾਂ ਦਾ ਅਧਿਐਨ ਕੀਤਾ ਹੈ। ਹਰੇਕ ਸਦੀ ਦੇ ਆਪੋ-ਆਪਣੇ ਤੱਤ, ਸ਼ੈਲੀ ਅਤੇ ਚਿੱਤਰ ਹੋਇਆ ਕਰਦੇ ਸਨ।
ਫਰਾਂਸ ਦੀ ਰਿਸਟੋਰਰ ਨੈਲੀ ਰੂਫ਼ ਜਿਨ੍ਹਾਂ ਨੇ ਇਹਨਾਂ ਔਰਤਾਂ ਨੂੰ ਰਿਸਟੋਰਸ਼ੇਨ ਕੰਮ ਦੀ ਸਿਖਲਾਈ ਦਿੱਤੀ ਸੀ ਦਾ ਕਹਿਣਾ ਹੈ ਕਿ ਮਾਥੋ ਦੀਆਂ ਔਰਤਾਂ ਜਿਨ੍ਹਾਂ ਥੰਗਕਾ ਨੂੰ ਰਿਸਟੋਰ ਕਰ ਰਹੀਆਂ ਹਨ ਸਾਰੀਆਂ 15-16ਵੀਂ ਸਦੀ ਦੀਆਂ ਹਨ। ਸੈਰਿੰਗ ਸਪੈਲਡਨ ਕਹਿੰਦੀ ਹਨ, “ਸ਼ੁਰੂ-ਸ਼ੁਰੂ ਵਿੱਚ ਪਿੰਡ ਦੇ ਲੋਕ ਔਰਤਾਂ ਦੁਆਰਾ ਥੰਗਕਾ ਨੂੰ ਰਿਸਟੋਰ ਕਰਨ ਦੇ ਵਿਰੁੱਧ ਸਨ। ਪਰ ਅਸੀਂ ਜਾਣਦੇ ਸੀ ਅਸੀਂ ਕੁਝ ਗਲਤ ਨਹੀਂ ਕਰ ਰਹੀਆਂ; ਅਸੀਂ ਬਸ ਆਪਣੇ ਇਤਿਹਾਸ ਲਈ ਕੁਝ ਕਰ ਰਹੀਆਂ ਸਾਂ।”
ਬੋਧੀ ਭਿਕਸ਼ੁਣੀ ਥੁਕਚੇ ਡੋਲਮਾ ਦਾ ਕਹਿਣਾ ਹੈ, “ਥੰਗਕਾ ਬੁੱਧ ਅਤੇ ਦੂਜੇ ਪ੍ਰਭਾਵਸ਼ਾਲੀ ਲਾਮਾ ਅਤੇ ਬੋਧੀ ਭਗਤਾਂ ਦੇ ਜੀਵਨ ਬਾਰੇ ਦੱਸਣ ਲਈ ਚੰਗੇ ਸਿੱਖਿਆ ਸਾਧਨ ਹਨ।” ਡੋਲਮਾ ਨਵੇਂ ਬਣਾਏ ਕੇਂਦਰ ਸ਼ਾਸ਼ਿਤ ਪ੍ਰਦੇਸ਼ ਲੱਦਾਖ ਦੇ ਕਾਰਗਿੱਲ ਜ਼ਿਲ੍ਹੇ ਦੀ ਜ਼ੰਸਕਰ ਤਹਿਸੀਲ ਦੇ ਕਾਰਸ਼ਾ ਭਿਕਸ਼ੂ ਮੱਠ ਵਿੱਚ ਰਹਿੰਦੀ ਹਨ।













