ਜੂਨ 2023 ਦੇ ਮੱਧ ਵਿੱਚ, ਅਜ਼ੀਮ ਸ਼ੇਖ ਔਰੰਗਾਬਾਦ ਵਿਖੇ ਡਿਵੀਜ਼ਨਲ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਪੰਜ-ਰੋਜ਼ਾ ਭੁੱਖ ਹੜਤਾਲ਼ 'ਤੇ ਬੈਠੇ ਸਨ।
ਭਿਆਨਕ ਗਰਮੀ ਦੇ ਬਾਵਜੂਦ, 26 ਸਾਲਾ ਅਜ਼ੀਮ ਨੇ ਪਾਣੀ ਤੋਂ ਇਲਾਵਾ ਕੁਝ ਨਹੀਂ ਖਾਧਾ-ਪੀਤਾ। ਹੜਤਾਲ਼ ਦੇ ਅਖੀਰਲੇ ਦਿਨ ਉਹ ਕਮਜ਼ੋਰ, ਥੱਕੇ ਹੋਏ ਜ਼ਰੂਰ ਸਨ ਤੇ ਉਨ੍ਹਾਂ ਨੂੰ ਚੱਕਰ ਵੀ ਆ ਰਹੇ ਸਨ। ਉਨ੍ਹਾਂ ਲਈ ਸਿੱਧਾ ਤੁਰਨਾ ਵੀ ਮੁਸ਼ਕਲ ਹੋ ਰਿਹਾ ਸੀ।
ਉਨ੍ਹਾਂ ਦੀ ਮੰਗ ਕੀ ਸੀ? ਉਹ ਸਿਰਫ਼ ਪੁਲਿਸ ਕੋਲ਼ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਸਨ। ਪਰ ਔਰੰਗਾਬਾਦ ਤੋਂ ਲਗਭਗ 80 ਕਿਲੋਮੀਟਰ ਦੂਰ ਜਾਲਨਾ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਪਿੰਡ ਦੇ ਨੇੜਲੇ (ਸਥਾਨਕ) ਪੁਲਿਸ ਸਟੇਸ਼ਨ ਨੇ ਸ਼ਿਕਾਇਤ ਦਰਜ ਨਹੀਂ ਕੀਤੀ।
ਪਿਛਲੇ ਸਾਲ 19 ਮਈ, 2023 ਨੂੰ ਮਰਾਠਾ ਭਾਈਚਾਰੇ ਨਾਲ਼ ਸਬੰਧਤ ਸੋਨਵਾਨੇ ਪਰਿਵਾਰ ਦੇ ਮੈਂਬਰ ਰਾਤ 11 ਵਜੇ ਅਜ਼ੀਮ ਦੇ ਘਰ ਦਾਖ਼ਲ ਹੋਏ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਡੰਡਿਆਂ ਅਤੇ ਪੱਥਰਾਂ ਨਾਲ਼ ਕੁੱਟਿਆ ਗਿਆ। ਇਸ ਵਿੱਚ ਉਨ੍ਹਾਂ ਦੇ ਭਰਾ ਅਤੇ ਮਾਪੇ ਜ਼ਖਮੀ ਹੋ ਗਏ। ਉਨ੍ਹਾਂ ਪਾਰੀ ਨੂੰ ਦੱਸਿਆ,"ਮੇਰੀ ਬੁੱਢੀ ਮਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। ਇਹ ਹਮਲਾ ਬੜੀ ਬੇਰਹਿਮੀ ਨਾਲ਼ ਕੀਤਾ ਗਿਆ ਸੀ। ਉਨ੍ਹਾਂ ਨੇ ਘਰ ਤੋਂ 1.5 ਲੱਖ ਰੁਪਏ ਤੋਂ ਵੱਧ ਦੇ ਗਹਿਣੇ ਅਤੇ ਨਕਦੀ ਵੀ ਚੋਰੀ ਕੀਤੀ ਗਈ।''
ਇਸ ਰਿਪੋਰਟਰ ਨੇ ਨਿਤਿਨ ਸੋਨਵਾਨੇ ਨਾਲ਼ ਸੰਪਰਕ ਕੀਤਾ, ਜਿਸ 'ਤੇ ਅਜ਼ੀਮ ਦਾ ਦੋਸ਼ ਹੈ ਕਿ ਉਹ ਭੀੜ ਦਾ ਹਿੱਸਾ ਸੀ। ਸੋਨਵਾਨੇ ਨੇ ਇਸ ਮੁੱਦੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ, "ਮੈਨੂੰ ਇਸ ਘਟਨਾ ਬਾਰੇ ਕੁਝ ਨਹੀਂ ਪਤਾ।
ਅਜ਼ੀਮ ਦਾ ਘਰ ਅੱਠ ਏਕੜ ਦੇ ਉਨ੍ਹਾਂ ਦੇ ਖੇਤ ਵਿਚਾਲੇ ਹੀ ਬਣਿਆ ਹੈ ਜੋ ਮੱਧ ਮਹਾਰਾਸ਼ਟਰ ਦੇ ਭੋਕਰਦਾਨ ਤਾਲੁਕਾ ਦੇ ਇੱਕ ਪਿੰਡ, ਪਲਾਸਖੇੜਾ ਮੁਰਤਾਡ ਵਿੱਚ ਉਨ੍ਹਾਂ ਦੀ ਬਸਤੀ ਤੋਂ ਲਗਭਗ ਦੋ ਕਿਲੋਮੀਟਰ ਦੂਰ ਸਥਿਤ ਹੈ।
"ਰਾਤ ਨੂੰ ਇੱਥੇ ਸੰਨਮਸਾਨ ਤੇ ਸ਼ਾਂਤੀ ਹੁੰਦੀ ਹੈ। ਅਸੀਂ ਮਦਦ ਲਈ ਕਿਸੇ ਨੂੰ ਬੁਲਾ ਤੱਕ ਨਾ ਸਕੇ।''







