ਅਨੰਨਿਆ ਟੋਪਨੋ, ਰੋਹਿਤ ਗਾਗਰਾਈ, ਆਕਾਸ਼ ਏਕਾ ਅਤੇ ਪਲਾਬੀ ਲੁਗੁਨ ਨੇ ਪਾਰੀ ਨਾਲ਼ ਆਪਣੇ ਤਜ਼ਰਬੇ ਸਾਂਝੇ ਕੀਤੇ: "ਅਜਿਹਾ (ਖੋਜ) ਕੰਮ ਕਰਨਾ ਸਾਡੇ ਲਈ ਕੁਝ ਨਵਾਂ ਹੈ। ਅਸੀਂ ਲੋਕਾਂ ਨੂੰ ਸਬਜ਼ੀ ਵਿਕਰੇਤਾਵਾਂ ਨਾਲ਼ ਸੌਦੇਬਾਜ਼ੀ ਕਰਦੇ ਦੇਖਿਆ। ਪਰ ਅਸੀਂ ਜਾਣਦੇ ਹਾਂ ਕਿ ਸਬਜ਼ੀਆਂ ਉਗਾਉਣਾ ਕਿੰਨਾ ਮੁਸ਼ਕਲ ਹੈ। ਅਸੀਂ ਹੈਰਾਨ ਸਾਂ ਕਿ ਲੋਕ ਭਾਅ ਪਿੱਛੇ ਕਿਸਾਨਾਂ ਨਾਲ਼ ਬਹਿਸਬਾਜ਼ੀ ਕਰ ਰਹੇ ਹਨ?''
ਜਿਹੜੇ ਵਿਦਿਆਰਥੀ ਪੇਂਡੂ ਇਲਾਕਿਆਂ ਵਿੱਚ ਨਹੀਂ ਵੀ ਜਾਂਦੇ ਉਨ੍ਹਾਂ ਨੂੰ ਵੀ ਇੱਥੇ ਐੱਨ ਸਾਰੰਮਾ ਵਰਗੇ ਲੋਕਾਂ ਦੀਆਂ ਕਹਾਣੀਆਂ ਮਿਲ਼ ਜਾਂਦੀਆਂ ਹਨ। ਕੂੜਾ ਚੁਗਣ ਵਾਲ਼ੀ ਐੱਨ. ਸਾਰੰਮਾ ਤਿਰੂਵਨੰਤਪੁਰਮ ਵਿੱਚ ਖੁੱਲ੍ਹੀ ਰਸੋਈ ਚਲਾਉਂਦੀ ਹਨ। "ਮੈਂ ਇਸ ਨੇਮ ਦਾ ਸਖ਼ਤੀ ਨਾਲ਼ ਪਾਲਣ ਕਰਦੀ ਹਾਂ ਕਿ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣਾ ਚਾਹੀਦਾ। ਕਿਉਂਕਿ ਮੈਂ ਬਚਪਨ ਤੋਂ ਹੀ ਬਹੁਤ ਗ਼ਰੀਬੀ ਵੇਖੀ ਹੈ," ਸਾਰੰਮਾ ਕਹਿੰਦੀ ਹਨ।
ਇਹ ਰਿਪੋਰਟ ਆਇਸ਼ਾ ਜੋਇਸ ਨੇ ਲਿਖੀ ਸੀ। ਬਹੁਤ ਸਾਰੇ ਦਾਨੀ ਸਾਰੰਮਾ ਦੀ ਮਦਦ ਲਈ ਅੱਗੇ ਆਏ। ਰਿਪੋਰਟ ਨੂੰ ਹਜ਼ਾਰਾਂ ਲਾਈਕਸ ਅਤੇ ਟਿੱਪਣੀਆਂ ਮਿਲ਼ੀਆਂ। ਇਹ ਪੁੱਛੇ ਜਾਣ 'ਤੇ ਕਿ ਉਨ੍ਹਾਂ ਦੀ ਬੇਟੀ ਵੀ ਇਹੀ ਕੰਮ ਜਾਰੀ ਰੱਖੇਗੀ ਤਾਂ ਜਵਾਬ ਵਿੱਚ ਸਾਰੰਮਾ ਨੇ ਕਿਹਾ, ''ਦਲਿਤਾਂ ਨੂੰ ਨੌਕਰੀ ਕੌਣ ਦੇਵੇਗਾ? ਲੋਕ ਤੁਹਾਡੀ ਹਰ ਪਾਸਿਓਂ ਜਾਂਚ-ਪੜਤਾਲ਼ ਕਰਦੇ ਹਨ ਕਿ ਤੁਹਾਡਾ ਕਿਸੇ ਹੋਰ ਨਾਲ਼ ਕੀ ਰਿਸ਼ਤਾ ਹੈ। ਭਾਵੇਂ ਅਸੀਂ ਕਿੰਨੇ ਵੀ ਬੁੱਧੀਮਾਨ ਕਿਉਂ ਨਾ ਹੋਈਏ, ਅਸੀਂ ਕੁਝ ਵੀ ਕਰੀਏ, ਅਸੀਂ ਇਸ ਤੋਂ ਬਚ ਨਹੀਂ ਸਕਦੇ," ਸਾਰੰਮਾ ਨੇ ਆਪਣੀ ਗੱਲ ਮੁਕਾਈ।
ਅਸੀਂ ਇੰਟਰਵਿਊ ਦੀਆਂ ਤਕਨੀਕਾਂ ਵੀ ਸਿਖਾਉਂਦੇ ਹਾਂ। ਅਸੀਂ ਇੰਟਰਵਿਊ ਲੈਣ ਵਾਲ਼ਿਆਂ ਨੂੰ ਸਹਿਮਤੀ ਪ੍ਰਾਪਤ ਕਰਨ ਅਤੇ ਕ੍ਰਾਸ-ਸੈਕਸ਼ਨਲ ਡੇਟਾ ਨੂੰ ਇਸ ਤਰੀਕੇ ਨਾਲ਼ ਇਕੱਤਰ ਕਰਨ ਲਈ ਸਿਖਲਾਈ ਦਿੰਦੇ ਹਾਂ ਜੋ ਪਾਠਕ ਨੂੰ ਅਪੀਲ ਕਰਦਾ ਹੋਵੇ। ਮਹੱਤਵਪੂਰਣ ਗੱਲ ਇਹ ਹੈ ਕਿ ਵਿਦਿਆਰਥੀ ਇਨ੍ਹਾਂ ਨੂੰ ਇਸ ਤਰੀਕੇ ਨਾਲ਼ ਡਿਜ਼ਾਈਨ ਕਰਨਾ ਵੀ ਸਿੱਖਦੇ ਹਨ ਕਿ ਉਨ੍ਹਾਂ ਨੂੰ ਨਿੱਜੀ ਪੋਸਟਾਂ ਦੀ ਦਿੱਖ ਦਿੱਤੇ ਬਿਨਾਂ, ਲੇਖਾਂ ਵਜੋਂ ਲਿਖਿਆ ਜਾ ਸਕੇ।
ਅਸੀਂ ਵਿਦਿਆਰਥੀਆਂ ਨੂੰ ਲੋਕਾਂ ਬਾਰੇ ਸਧਾਰਣ ਜਾਣ-ਪਛਾਣ ਲਿਖਣ ਦੀ ਸਲਾਹ ਦਿੰਦੇ ਹਾਂ, ਜਦੋਂ ਕਿ ਇਹ ਇੱਕ ਲੰਬਾ ਅਧਿਐਨ ਸੰਦੇਸ਼ ਹੈ ਜਿਸ ਵਿੱਚ ਕਈ ਸਰੋਤਾਂ ਤੋਂ ਲਏ ਗਏ ਕਈ ਤਰ੍ਹਾਂ ਦੇ ਡੇਟਾ ਸ਼ਾਮਲ ਹੁੰਦੇ ਹਨ। ਇਹ ਜਾਣ-ਪਛਾਣ ਆਮ ਆਦਮੀ ਦੇ ਰੋਜ਼ਮੱਰਾ ਤਜ਼ਰਬਿਆਂ, ਉਨ੍ਹਾਂ ਦੇ ਕੰਮ, ਕੰਮ ਦੇ ਘੰਟਿਆਂ, ਉਨ੍ਹਾਂ ਨੂੰ ਮਿਲ਼ਣ ਵਾਲ਼ੀਆਂ ਖੁਸ਼ੀਆਂ, ਨਿਰੰਤਰ ਦ੍ਰਿੜਸੰਕਲਪ, ਆਰਥਿਕਤਾ ਅਤੇ ਬੱਚਿਆਂ ਲਈ ਉਨ੍ਹਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਦਾ ਦਸਤਾਵੇਜ਼ ਤਿਆਰ ਕਰਦੀ ਹੈ।
ਪਾਰੀ ਐਜੂਕੇਸ਼ਨ ਦੀ ਕੋਸ਼ਿਸ਼ ਨੌਜਵਾਨਾਂ ਨੂੰ ਇੱਕ ਇਮਾਨਦਾਰ ਪੱਤਰਕਾਰ ਦੇ ਦ੍ਰਿਸ਼ਟੀਕੋਣ ਤੋਂ ਸਮਾਜਿਕ ਮੁੱਦਿਆਂ ਦੀ ਸਹੀ ਪਛਾਣ ਕਰਨਾ ਅਤੇ ਉਨ੍ਹਾਂ ਤੱਕ ਪਹੁੰਚ ਕਰਨਾ ਸਿਖਾਉਣਾ ਹੈ। ਲੋਕਾਂ ਅਤੇ ਉਨ੍ਹਾਂ ਦੀਆਂ ਕਹਾਣੀਆਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਵਿਦਿਆਰਥੀ ਪੱਤਰਕਾਰੀ ਜ਼ਰੀਏ ਕਲਾਸਰੂਮਾਂ ਵਿੱਚ ਮਨੁੱਖਤਾ ਨੂੰ ਲਿਆ ਖੜ੍ਹਾ ਕਰਦੇ ਹਨ।
ਜੇ ਤੁਸੀਂ ਚਾਹੁੰਦੇ ਹੋ ਕਿ ਪਾਰੀ ਤੁਹਾਡੀ ਸੰਸਥਾ ਨਾਲ਼ ਵੀ ਕੰਮ ਕਰੇ, ਤਾਂ ਕਿਰਪਾ ਕਰਕੇ [email protected] ਲਿਖੋ।
ਇਸ ਲੇਖ ਦੀਆਂ ਸਾਰੀਆਂ ਤਸਵੀਰਾਂ ਪਾਰੀ ਦੀ ਫ਼ੋਟੋ ਸੰਪਾਦਕ ਬਿਨੋਇਫਰ ਭਰੂਚਾ ਨੇ ਲਈਆਂ ਹਨ।
ਤਰਜਮਾ: ਕਮਲਜੀਤ ਕੌਰ