ਇੱਕ ਦੁਪਹਿਰ ਅਸ਼ੋਕ ਤਾਂਗੜੇ ਆਪਣੇ ਫ਼ੋਨ ਨੂੰ ਚੈੱਕ ਕਰ ਰਹੇ ਸਨ ਕਿ ਅਚਾਨਕ ਵਟ੍ਹਸਅਪ ਨੋਟੀਫ਼ਿਕੇਸ਼ਨ ਆਇਆ। ਸੁਨੇਹੇ ਅੰਦਰ ਵਿਆਹ ਦਾ ਡਿਜੀਟਲ ਕਾਰਡ ਸੀ ਜਿਸ ਅੰਦਰ ਅੱਲ੍ਹੜ ਦੁਲਹਾ ਤੇ ਦੁਲਹਨ ਅਜੀਬ ਨਜ਼ਰਾਂ ਨਾਲ਼ ਇੱਕ ਦੂਜੇ ਦੀਆਂ ਅੱਖਾਂ ਵਿੱਚ ਝਾਕ ਰਹੇ ਸਨ। ਕਾਰਡ ਵਿੱਚ ਵਿਆਹ ਦਾ ਸਮਾਂ, ਤਰੀਕ ਤੇ ਸਥਾਨ ਲਿਖਿਆ ਹੋਇਆ ਸੀ।
ਪਰ ਕਾਰਡ ਤਾਂਗੜੇ ਨੂੰ ਵਿਆਹ ਵਿੱਚ ਸ਼ਾਮਲ ਹੋਣ ਦਾ ਕੋਈ ਨਿਓਤਾ ਨਹੀਂ ਸੀ।
ਇਹ ਕਾਰਡ ਤਾਂ ਤਾਂਗੜੇ ਦੇ ਕਿਸੇ ਮੁਖਬਰ ਨੇ ਉਨ੍ਹਾਂ ਨੂੰ ਭੇਜਿਆ ਸੀ ਜੋ ਪੱਛਮੀ ਭਾਰਤ ਵਿਖੇ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਹੀ ਕਿਤੇ ਰਹਿੰਦਾ ਸੀ। ਵਿਆਹ ਦੇ ਕਾਰਡ ਦੇ ਨਾਲ਼-ਨਾਲ਼ ਉਨ੍ਹਾਂ ਨੇ ਦੁਲਹਨ ਦਾ ਜਨਮ-ਸਰਟੀਫ਼ਿਕੇਟ ਤੱਕ ਭੇਜ ਦਿੱਤਾ। ਉਹ ਮਹਿਜ 17 ਵਰ੍ਹਿਆਂ ਦੀ ਸੀ ਤੇ ਕਨੂੰਨ ਦੀ ਨਜ਼ਰ ਵਿੱਚ ਨਾਬਾਲਗ਼ ਵੀ।
ਕਾਰਡ ਨੂੰ ਪੜ੍ਹਦਿਆਂ 58 ਸਾਲਾ ਤਾਂਗੜੇ ਦੀ ਨਜ਼ਰ ਝਰੀਟੇ ਸਮੇਂ ਵੱਲ ਪਈ ਜਿਸ ਮੁਤਾਬਕ ਵਿਆਹ ਸਮਾਗਮ ਤਾਂ ਇੱਕ ਘੰਟੇ ਵਿੱਚ ਸ਼ੁਰੂ ਹੋਣ ਵਾਲ਼ਾ ਸੀ। ਉਨ੍ਹਾਂ ਨੇ ਯਕਦਮ ਆਪਣੇ ਸਹਿਯੋਗੀ ਤੇ ਦੋਸਤ ਤਤਵਾਸ਼ੀਲ ਕਾਂਬਲੇ ਨੂੰ ਫ਼ੋਨ ਘੁਮਾਇਆ ਤੇ ਛਾਲ਼ ਮਾਰ ਕੇ ਕਾਰ ਵਿੱਚ ਸਵਾਰ ਹੋ ਗਏ।
''ਬੀਡ ਸ਼ਹਿਰ ਵਿੱਚ ਜਿੱਥੇ ਅਸੀਂ ਰੁਕੇ ਸਾਂ ਉੱਥੋਂ ਇਹ ਥਾਂ ਕੋਈ ਅੱਧੇ ਘੰਟੇ ਦੀ ਦੂਰੀ 'ਤੇ ਸੀ,'' ਜੂਨ 2023 ਦੀ ਘਟਨਾ ਚੇਤੇ ਕਰਦਿਆਂ ਤਾਂਗੜੇ ਕਹਿੰਦੇ ਹਨ। ''ਰਸਤੇ ਵਿੱਚ ਹੀ ਅਸੀਂ ਇਹ ਤਸਵੀਰਾਂ ਸਥਾਨਕ ਪੁਲਿਸ ਸਟੇਸ਼ਨ ਤੇ ਗ੍ਰਾਮ ਸੇਵਕ ਨੂੰ ਭੇਜ ਦਿੱਤੀਆਂ ਤਾਂ ਜੋ ਸਮਾਂ ਵਿਅਰਥ ਨਾ ਹੋਵੇ।''
ਦਰਅਸਲ ਤਾਂਗੜੇ ਤੇ ਕਾਂਬਲੇ ਬਾਲ ਅਧਿਕਾਰ ਕਾਰਕੁੰਨ ਹਨ ਤੇ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਵਿਖੇ ਅਜਿਹੇ ਮਾਮਲਿਆਂ ਲਈ ਮੁਖਬਿਰੀ ਦਾ ਕੰਮ ਕਰਦੇ ਹਨ।
ਉਨ੍ਹਾਂ ਦੇ ਇਸ ਸੰਘਰਸ਼ ਮਗਰ ਉਨ੍ਹਾਂ ਦੇ ਮੁਖਬਰਾਂ ਦੀ ਇੱਕ ਵਿਸ਼ਾਲ ਲੜੀ ਹੈ ਜਿਸ ਅੰਦਰ ਲਾੜੀ ਨੂੰ ਪਸੰਦ ਕਰਨ ਵਾਲ਼ੇ ਪਿੰਡ ਦੇ ਕਿਸੇ ਮੁੰਡੇ ਤੋਂ ਲੈ ਕੇ ਸਕੂਲੀ ਅਧਿਆਪਕ ਜਾਂ ਕੋਈ ਸਮਾਜ ਸੇਵੀ ਤੱਕ ਸ਼ਾਮਲ ਹੁੰਦੇ ਹਨ ਜੋ ਜਾਣਦੇ ਹਨ ਕਿ ਬਾਲ ਵਿਆਹ ਇੱਕ ਜ਼ੁਰਮ ਹੈ। ਇਸ ਯਾਤਰਾ ਵਿੱਚ, ਉਨ੍ਹਾਂ ਨੇ ਜ਼ਿਲ੍ਹੇ ਭਰ ਵਿੱਚ 2,000 ਤੋਂ ਵੱਧ ਮੁਖਬਰਾਂ ਦਾ ਨੈੱਟਵਰਕ ਵਿਕਸਿਤ ਕੀਤਾ ਹੈ। ਇਹ ਉਹ ਮੁਖਬਰ ਹਨ ਜੋ ਵਿਆਹਾਂ ਨੂੰ ਰੋਕਣ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ।












