ਸ਼ਿਆਮ ਲਾਲ ਕਸ਼ਿਅਪ ਦੇ ਪਰਿਵਾਰ ਨੂੰ ਉਸਦੀ ਮ੍ਰਿਤਕ ਦੇਹ ਨੂੰ ਲੈ ਕੇ ਸਿੱਧੇ ਤੌਰ ’ਤੇ ਬਲੈਕਮੇਲ ਕੀਤਾ ਗਿਆ।
ਮਈ 2023 ਵਿੱਚ, ਐਰਾਕੋਟ ਦੇ 20 ਸਾਲਾ ਦਿਹਾੜੀਦਾਰ ਮਜ਼ਦੂਰ ਨੇ ਖੁਦਕੁਸ਼ੀ ਕਰ ਲਈ ਸੀ; ਉਹ ਆਪਣੀ 20 ਸਾਲਾ ਗਰਭਵਤੀ ਪਤਨੀ ਮਾਰਥਾ ਨੂੰ ਆਪਣੇ ਪਿੱਛੇ ਛੱਡ ਗਿਆ।
“ਇਹ ਖੁਦਕੁਸ਼ੀ ਸੀ। ਮ੍ਰਿਤਕ ਦੇਹ ਨੂੰ ਇੱਥੋਂ ਲਗਭਗ 15 ਕਿਲੋਮੀਟਰ ਦੂਰ, ਸਭ ਤੋਂ ਨੇੜਲੇ ਹਸਪਤਾਲ ਲਿਜਾਇਆ ਗਿਆ,” ਸੁਕਮਿਤੀ ਕਸ਼ਿਅਪ, 30, ਉਸਦੀ ਭਾਬੀ ਨੇ ਕਿਹਾ। ਉਹ ਐਰਾਕੋਟ ਪਿੰਡ ਵਿੱਚ ਬੰਜਰ ਜ਼ਮੀਨ ਦੇ ਕਿਨਾਰੇ ’ਤੇ ਸਥਿਤ ਆਪਣੀ ਮੱਧਮ ਰੌਸ਼ਨੀ ਵਾਲੀ ਝੌਂਪੜੀ ਦੇ ਬਾਹਰ ਬੈਠੀ ਹੈ। “ਪੋਸਟਮਾਰਟਮ ਰਿਪੋਰਟ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜ ਨਹੀਂ ਆਈ।”
ਸਰਕਾਰੀ ਹਸਪਤਾਲ ਵਿੱਚ ਕੁਝ ਰਿਸ਼ਤੇਦਾਰ ਸ਼ਿਆਮਲਾਲ ਦੀ ਮ੍ਰਿਤਰ ਦੇਹ ਲੈਣ ਅਤੇ ਪਿੰਡ ਲਿਜਾਣ ਦੀ ਉਡੀਕ ਕਰ ਰਹੇ ਸਨ, ਜਿੱਥੇ ਦੁਖੀ ਹੋਏ ਪਰਿਵਾਰਕ ਮੈਂਬਰ ਅੰਤਿਮ ਸਸਕਾਰ ਲਈ ਪ੍ਰਬੰਧ ਕਰ ਰਹੇ ਸਨ। ਪਰਿਵਾਰ ਸਦਮੇ ਵਿੱਚ ਸੀ, ਉਹ ਅਜੇ ਤੱਕ ਇਸ ਦੁੱਖ ਦਾ ਭਾਣਾ ਨਹੀਂ ਮੰਨ ਸਕੇ।
ਉਸੇ ਸਮੇਂ ਕੁਝ ਸਥਾਨਕ ਲੋਕਾਂ ਨੇ ਪਰਿਵਾਰ ਨੂੰ ਕਿਹਾ ਕਿ ਉਹ ਪਿੰਡ ਵਿੱਚ ਅੰਤਿਮ ਸਸਕਾਰ ਤਾਂ ਹੀ ਕਰ ਸਕਣਗੇ ਜੇ ਉਹ ਹਿੰਦੂ ਧਰਮ ਅਪਣਾ ਲੈਣ।
ਇਹ ਪਰਿਵਾਰ ਮੁੱਖ ਤੌਰ ’ਤੇ ਮਜ਼ਦੂਰੀ ਅਤੇ ਛੱਤੀਸਗੜ੍ਹ ਦੇ ਬਸਤਰ ਜਿਲ੍ਹੇ ਵਿੱਚ ਤਿੰਨ ਏਕੜ ਖੇਤੀਯੋਗ ਜ਼ਮੀਨ ਵਿੱਚ ਖੇਤੀ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਹੈ। ਇੱਥੇ ਉਹ ਆਪਣੇ ਵਰਤਣ ਲਈ ਚੌਲਾਂ ਦੀ ਖੇਤੀ ਕਰਦੇ ਹਨ। ਉਹਨਾਂ ਦੀ ਇਕਲੌਤੀ ਕਮਾਈ ਸ਼ਿਆਮਲਾਲ ਦੀ ਕਮਰਤੋੜ ਮਜ਼ਦੂਰੀ ਤੋਂ ਆਉਂਦੀ ਸੀ, ਜਿਸ ਨਾਲ ਤਕਰੀਬਨ ਮਹੀਨੇ ਦੇ 3000 ਰੁਪਏ ਬਣਦੇ ਸਨ।
ਸੁਕਮਿਤੀ ਸੋਚਦੀ ਹੈ ਕਿ ਕੀ ਉਸਨੇ ਐਨੀ ਗਰੀਬੀ ਵਿੱਚ ਬੱਚਾ ਪਾਲਣ ਦਾ ਦਿਮਾਗ ’ਤੇ ਬੋਝ ਲੈ ਲਿਆ ਸੀ। “ਉਸਨੇ ਕੋਈ ਚਿੱਠੀ ਵੀ ਨਹੀਂ ਛੱਡੀ,” ਉਹਨੇ ਕਿਹਾ।
ਇਹ ਪਰਿਵਾਰ ਮਦੀਆ ਕਬੀਲੇ ਨਾਲ ਸਬੰਧਤ ਹੈ, ਜੋ ਛੱਤੀਸਗੜ੍ਹ ਦੀ ਈਸਾਈ ਧਰਮ ਨੂੰ ਮੰਨਣ ਵਾਲੀ 2 ਫ਼ੀਸਦ ਆਬਾਦੀ ’ਚ ਆਉਂਦਾ ਹੈ। ਉਹਨਾਂ ਵਿੱਚੋਂ ਬਹੁਤ ਸਾਰੇ ਬਸਤਰ ਖੇਤਰ ਵਿੱਚ ਰਹਿੰਦੇ ਹਨ ਜੋ ਸੂਬੇ ਦੇ ਦੱਖਣ ਵਿੱਚ ਸਥਿਤ ਹੈ।
ਸ਼ਿਆਮਲਾਲ ਕਸ਼ਿਅਪ ਇਸ ਸਾਲ ਮਈ ਦੇ ਦੂਜੇ ਹਫ਼ਤੇ ਲਾਪਤਾ ਹੋ ਗਿਆ ਸੀ। ਇਸ ਘਟਨਾ ਤੋਂ ਪਰਿਵਾਰਕ ਮੈਂਬਰਾਂ ਨੇ ਬਸਤਰ ਦੇ ਜੰਗਲਾਂ ਵਿੱਚ ਰਾਤਵੇਲੇ ਜ਼ਬਰਦਸਤ ਭਾਲ ਸ਼ੁਰੂ ਕਰ ਦਿੱਤੀ।
ਅਗਲੀ ਸਵੇਰ ਉਹਨਾਂ ਦੀ ਭਾਲ ਦਾ ਉਦੋਂ ਦੁਖਦਾਈ ਅੰਤ ਹੋਇਆ ਜਦ ਉਸਦੀ ਬੇਜਾਨ ਲਾਸ਼ ਇੱਕ ਦਰੱਖਤ ਨਾਲ ਲਟਕਦੀ ਮਿਲੀ, ਜੋ ਉਹਨਾਂ ਦੇ ਘਰ ਤੋਂ ਬਹੁਤੀ ਦੂਰ ਨਹੀਂ ਸੀ। “ਅਸੀਂ ਉਲਝਣ ਵਿੱਚ ਡੋਲ ਗਏ, ਕੁਝ ਸਮਝ ਨਹੀਂ ਆਇਆ। ਅਸੀਂ ਸਹੀ ਤਰੀਕੇ ਨਾਲ ਸੋਚ ਨਹੀਂ ਸੀ ਪਾ ਰਹੇ,” ਸੁਕਮਿਤੀ ਨੇ ਯਾਦ ਕੀਤਾ।
ਐਰਾਕੋਟ ਇੱਕ ਛੋਟਾ ਜਿਹਾ ਪਿੰਡ ਹੈ ਜਿਸਦੀ ਆਬਾਦੀ 2,500 ਤੋਂ ਥੋੜ੍ਹੀ ਵੱਧ ਹੈ। “ਅਜਿਹੇ ਪਲਾਂ ਵਿੱਚ ਤੁਸੀਂ ਉਮੀਦ ਕਰਦੇ ਹੋ ਕਿ ਤੁਹਾਡੇ ਪਿੰਡ ਦੇ ਲੋਕ ਭਾਵਨਾਤਮਕ ਤੌਰ ’ਤੇ ਸਹਾਇਤਾ ਕਰਨਗੇ,” ਸੁਕਮਿਤੀ ਨੇ ਕਿਹਾ।
ਇਸ ਦੀ ਬਜਾਏ ਪਰਿਵਾਰ ਨੂੰ ਡਰਾਇਆ-ਧਮਕਾਇਆ ਗਿਆ – ਪਿੰਡ ਦੇ ਪ੍ਰਭਾਵਸ਼ਾਲੀ ਲੋਕ, ਜਿਹਨਾਂ ਨੂੰ ਸੱਜੇ-ਪੱਖੀ ਆਗੂਆਂ ਨੇ ਭੜਕਾਇਆ ਸੀ, ਨੇ ਉਹਨਾਂ ਦੀ ਕਮਜ਼ੋਰਸਥਿਤੀ ਦਾ ਫਾਇਦਾ ਚੁੱਕਣ ਦਾ ਫੈਸਲਾ ਲਿਆ। ਉਹਨਾਂ ਨੇ ਫ਼ਰਮਾਨ ਸੁਣਾਇਆ ਕਿ ਸ਼ਿਆਮਲਾਲ ਦਾ ਅੰਤਿਮ ਸਸਕਾਰ ਪਿੰਡ ਵਿੱਚ ਕਰਨ ਦੀ ਇੱਕ ਸ਼ਰਤ ’ਤੇ ਇਜਾਜ਼ਤ ਦਿੱਤੀ ਜਾਵੇਗੀ: ਪਰਿਵਾਰ ਨੂੰ ਈਸਾਈ ਧਰਮ ਛੱਡ ਕੇ ਹਿੰਦੂ ਧਰਮ ਅਪਣਾਉਣਾ ਪਵੇਗਾ ਅਤੇ ਅੰਤਿਮ ਰਸਮਾਂ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਕਰਨੀਆਂ ਪੈਣਗੀਆਂ।
ਇੱਕ ਈਸਾਈ ਪਾਦਰੀ ਨੂੰ ਨਾਲ ਲੈ ਕੇ ਦਫਨਾਉਣ ਦੀ ਇਜਾਜ਼ਤ ਨਹੀਂ ਸੀ।
ਸੁਕਮਿਤੀ ਦੱਸਦੀ ਹੈ ਕਿ ਉਹਨਾਂ ਦਾ ਪਰਿਵਾਰ ਲਗਭਗ 40 ਸਾਲ ਤੋਂ ਈਸਾਈ ਧਰਮ ਦਾ ਪਾਲਣ ਕਰ ਰਿਹਾ ਸੀ। “ਇਹ ਹੁਣ ਸਾਡੀ ਜਿੰਦਗੀ ਜੀਣ ਦਾ ਤਰੀਕਾ ਬਣ ਚੁੱਕਿਆ ਹੈ,” ਉਹਨੇ ਆਪਣੇ ਦਰਵਾਜ਼ੇ’ਤੇ ਬਣੇ ਕਰਾਸ ਵੱਲ ਇਸ਼ਾਰਾ ਕਰਦਿਆਂ ਕਿਹਾ। “ਅਸੀਂ ਨਿਯਮਿਤ ਤੌਰ ’ਤੇ ਪ੍ਰਾਥਨਾ ਕਰਦੇ ਹਾਂ, ਅਤੇ ਇਸ ਨਾਲ ਸਾਨੂੰ ਮੁਸ਼ਕਿਲ ਸਮੇਂ ਨਾਲ ਨਜਿੱਠਣ ਦੀ ਤਾਕਤ ਮਿਲਦੀ ਹੈ। ਤੁਸੀਂ ਰਾਤੋ-ਰਾਤ ਆਪਣਾ ਵਿਸ਼ਵਾਸ ਕਿਵੇਂ ਤਿਆਗ ਸਕਦੇ ਹੋ?”
ਸੱਜੇ ਪੱਖੀ ਸਮਰਥਕਾਂ ਨੇ ਦੁੱਖ ’ਚ ਡੁੱਬੇ ਪਰਿਵਾਰ ਨੂੰ ਘੇਰ ਲਿਆ, ਤੇ ਉਹਨਾਂ ਨੂੰ ਕਿਹਾ ਕਿ ਉਹ ਪਿੰਡ ਦੇ ਉਸ ਕਬਰਿਸਤਾਨ ਨਹੀਂ ਜਾ ਸਕਦੇ ਜਿੱਥੇ ਐਨੇ ਸਾਲਾਂ ਤੋਂ ਲਾਸ਼ਾਂ ਨੂੰ ਦਫਨਾਇਆ ਜਾ ਰਿਹਾ ਸੀ। “ਸਾਨੂੰ ਸਿਰਫ਼ ਇਸੇ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਅਸੀਂ ਇੱਕ ਖ਼ਾਸ ਧਰਮ ਦਾ ਪਾਲਣ ਕਰਨ ਦੀ ਚੋਣ ਕੀਤੀ। ਪਰ ਤੁਸੀਂ ਜਿਸ ਵੀ ਧਰਮ ਦਾ ਪਾਲਣ ਕਰਨਾ ਚਾਹੋ, ਕਰ ਸਕਦੇ ਹੋ। ਇਹ ਮੈਂ ਖ਼ਬਰਾਂ ਵਿੱਚ ਪੜ੍ਹਿਆ ਹੈ,” ਸੁਕਮਿਤੀ ਨੇ ਕਿਹਾ।
ਇਸ ਤੋਂ ਇਲਾਵਾ, “ਉਹ ਸਾਨੂੰ ਸ਼ਿਆਮਲਾਲ ਨੂੰ ਆਪਣੇ ਵਿਹੜੇ ਵਿੱਚ ਵੀ ਦਫਨਾਉਣ ਨਹੀਂ ਦੇ ਰਹੇ ਸਨ,” ਉਸਨੇ ਦੱਸਿਆ। “ਉੱਥੇ ਹੀ ਅਸੀਂ ਉਸਦੀ ਦਾਦੀ ਨੂੰ ਦਫਨਾਇਆ ਸੀ। ਅਸੀਂ ਸੋਚਿਆ ਕਿ ਦੋਵੇਂ ਇੱਕ-ਦੂਜੇ ਦੇ ਕੋਲ ਆਰਾਮ ਕਰ ਸਕਣਗੇ। ਪਰ ਸਾਨੂੰ ਕਿਹਾ ਗਿਆ ਕਿ ਅਸੀਂ ਅਜਿਹਾ ਨਹੀਂ ਸੀ ਕਰ ਸਕਦੇ ਕਿਉਂਕਿ ਅਸੀਂ ਉਹਨਾਂ ਸਾਹਮਣੇ ਡਟ ਗਏ ਅਤੇ ਧਰਮ ਪਰਿਵਰਤਨ ਤੋਂ ਇਨਕਾਰ ਕਰ ਦਿੱਤਾ।“
ਸ਼ਿਆਮਲਾਲ ਦਾ ਪਰਿਵਾਰ ਮਦੀਆ ਕਬੀਲੇ ਨਾਲ ਸਬੰਧਤ ਹੈ ਅਤੇ ਈਸਾਈ ਧਰਮ ਦਾ ਪਾਲਣ ਕਰਦਾ ਹੈ। ਜਦ ਉਸਦੀ ਮੌਤ ਹੋਈ ਤਾਂ ਪਿੰਡ ਦੇ ਪ੍ਰਭਾਵਸ਼ਾਲੀ ਲੋਕਾਂ ਨੇ ਹੁਕਮ ਸੁਣਾਇਆ ਕਿ ਪਿੰਡ ਵਿੱਚ ਉਸਦੇ ਅੰਤਿਮ ਸਸਕਾਰ ਦੀ ਇੱਕ ਸ਼ਰਤ ’ਤੇ ਇਜਾਜ਼ਤ ਦਿੱਤੀ ਜਾਵੇਗੀ: ਪਰਿਵਾਰ ਨੂੰ ਹਿੰਦੂ ਧਰਮ ਅਪਣਾਉਣਾ ਪਵੇਗਾ ਅਤੇ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਅੰਤਿਮ ਸਸਕਾਰ ਕਰਨਾ ਪਵੇਗਾ
ਹਿੰਦੂ ਸਮੂਹਾਂ ਦੁਆਰਾ ਕਬਾਇਲੀ ਈਸਾਈਆਂ ਨਾਲ ਦੁਸ਼ਮਣੀ ਭਰਿਆ ਵਿਹਾਰ ਕਰਨਾ ਛੱਤੀਸਗੜ੍ਹ ਵਿੱਚ ਨਵੀਂ ਗੱਲ ਨਹੀਂ। ਪਰ ਪਰਿਵਾਰ ਵਿੱਚ ਮੌਤ ਤੋਂ ਬਾਅਦ ਲੋਕਾਂ ਨੂੰ ਬਲੈਕਮੇਲ ਕਰਨ ਅਤੇ ਡਰਾਉਣ-ਧਮਕਾਉਣ ਦੀ ਬਾਰੰਬਾਰਤਾ ਚਿੰਤਾਜਨਕ ਰੂਪ ਵਿੱਚ ਵਧ ਰਹੀ ਹੈ, ਬਸਤਰ ਦੇ ਛੱਤੀਸਗੜ੍ਹ ਈਸਾਈ ਫੋਰਮ ਦੇ ਉਪ ਪ੍ਰਧਾਨ ਰਤਨੇਸ਼ ਬੈਂਜਾਮਿਨ ਨੇ ਕਿਹਾ।
ਸੱਜੇ ਪੱਖੀ ਸਮੂਹ ਉਹਨਾਂ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਜਿਹਨਾਂ ਨੇ ਆਪਣੇ ਪਿਆਰਿਆਂ ਨੂੰ ਗੁਆਇਆ ਹੈ ਅਤੇ ਤਸ਼ੱਦਦ ਵੀ ਉਹਨਾਂ ਆਦਿਵਾਸੀਆਂ ਦੁਆਰਾ ਕੀਤਾ ਜਾਂਦਾ ਹੈ ਜੋ ਈਸਾਈ ਧਰਮ ਦਾ ਪਾਲਣ ਨਹੀਂ ਕਰਦੇ।। ਇੱਕ ਗ੍ਰਾਮ ਸਭਾ ਨੇ ਤਾਂ ਮਤਾ ਵੀ ਪਾਸ ਕਰ ਦਿੱਤਾ ਕਿ ਪਿੰਡ ਦੀ ਹੱਦ ਦੇ ਅੰਦਰ ਈਸਾਈ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਸਸਕਾਰ ਦੀ ਇਜਾਜ਼ਤ ਨਹੀਂ।
ਆਖਰ ਨੂੰ, ਸ਼ਿਆਮਲਾਲ ਦੀ ਲਾਸ਼, ਪਿੰਡ ਲਿਆਂਦੇ ਜਾਣ ਦੀ ਬਜਾਏ, ਸਿੱਧਾ ਜ਼ਿਲ੍ਹਾ ਰਾਜਧਾਨੀ ਜਗਦਲਪੁਰ ਲਿਜਾਈ ਗਈ – ਜੋ ਐਰਾਕੋਟ ਤੋਂ 40 ਕਿਲੋਮੀਟਰ ਦੂਰ ਹੈ – ਅਤੇ ਉੱਥੇ ਦਫਨਾਈ ਗਈ। “ਦਫਨਾਉਣ ਦੀ ਪ੍ਰਕਿਰਿਆ ਉਸ ਲਿਹਾਜ਼ ਨਾਲ ਹੋਣੀ ਚਾਹੀਦੀ ਹੈ ਤਾਂ ਜੋ ਆਪਣੇ ਪਿਆਰੇ ਦੀ ਮੌਤ ਦਾ ਭਾਣਾ ਮੰਨਣ ਲਈ ਸਾਨੂੰ ਸਮਾਂ ਮਿਲ ਸਕੇ,” ਸੁਕਮਿਤੀ ਕਹਿੰਦੀ ਹੈ।
ਸ਼ਿਆਮਲਾਲ ਦੀਆਂ ਅੰਤਿਮ ਰਸਮਾਂ ਜੁਗਾੜ ਵਾਂਗ ਜਾਪਦੀਆਂ ਸਨ। ਇਹ ਕਾਹਲੀ ਵਿੱਚ ਕੀਤੀਆਂ ਗਈਆਂ। “ਅਜਿਹਾ ਲੱਗਿਆ ਜਿਵੇਂ ਅਸੀਂ ਉਸਨੂੰ ਸਹੀ ਤਰੀਕੇ ਨਾਲ ਵਿਦਾਈ ਨਹੀਂ ਦਿੱਤੀ,” ਪਰਿਵਾਰ ਨੇ ਕਿਹਾ।
ਹਿੰਦੂ ਧਰਮ ਅਪਣਾਉਣ ਤੋਂ ਉਹਨਾਂ ਦੇ ਇਨਕਾਰ ਨਾਲ ਪਿੰਡ ਵਿੱਚ ਤਣਾਅਪੂਰਨ ਸਥਿਤੀ ਬਣ ਗਈ, ਜੋ ਸ਼ਿਆਮਲਾਲ ਦੀ ਮੌਤ ਦੇ ਕਈ ਦਿਨ ਬਾਅਦ ਤੱਕ ਬਣੀ ਰਹੀ। ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੁਲਿਸ ਤੈਨਾਤ ਕੀਤੀ ਗਈ ਸੀ। ਬਦਕਿਸਮਤੀ ਨਾਲ, ਸ਼ਾਂਤੀ ਬਹਾਲ ਕਰਨ ਲਈ ਉਹਨਾਂ ਦਾ ਸੁਝਾਇਆ ਹੱਲ ਬਹੁਗਿਣਤੀ ਦੀਆਂ ਮੰਗਾਂ ਅੱਗੇ ਗੋਡੇ ਟੇਕਣਾ ਸੀ।
“ਇਹ ਮੁੱਖ ਤੌਰ ’ਤੇ ਕੋਵਿਡ ਤੋਂ ਬਾਅਦ ਦਾ ਵਰਤਾਰਾ ਹੈ,” ਬੈਂਜਾਮਿਨ ਨੇ ਕਿਹਾ। “ਉਸ ਤੋਂ ਪਹਿਲਾਂ ਸੱਜੇ ਪੱਖੀਆਂ ਨੇ ਵੱਖ-ਵੱਖ ਤਰੀਕਿਆਂ ਨਾਲ ਈਸਾਈਆਂ ਦਾ ਹਿੰਦੂ ਧਰਮ ਵਿੱਚ ਪਰਿਵਰਤਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੌਤ ਦੇ ਸਮੇਂ ਆਮ ਤੌਰ ’ਤੇ ਆਦਰ ਬਰਕਰਾਰ ਰੱਖਿਆ ਜਾਂਦਾ ਸੀ। ਅਫ਼ਸੋਸ ਦੀ ਗੱਲ ਹੈ ਕਿ ਹੁਣ ਅਜਿਹਾ ਨਹੀਂ ਰਿਹਾ।”
*****
ਬਸਤਰ ਦਾ ਇਲਾਕਾ ਖਣਿਜਾਂ ਦੀ ਦੌਲਤ ਕਰਕੇ ਅਮੀਰ ਹੈ ਪਰ ਇਸਦੇ ਲੋਕ ਭਾਰਤ ਦੇ ਸਭ ਤੋਂ ਗ਼ਰੀਬ ਲੋਕਾਂ ਵਿੱਚ ਆਉਂਦੇ ਹਨ। ਸੂਬੇ ਦੀ ਜਿਆਦਾਤਰ ਕਬਾਇਲੀ ਪੇਂਡੂ ਵਸੋਂ ਦਾ ਲਗਭਗ 40 ਫ਼ੀਸਦ ਹਿੱਸਾ ਗ਼ਰੀਬੀ ਵਸੋਂ ਤੋਂ ਹੇਠਾਂ ਜੀਵਨ ਬਸਰ ਕਰਦਾ ਹੈ।
1980ਵਿਆਂ ਤੋਂ ਇਹ ਇਲਾਕਾ ਹਥਿਆਰਬੰਦ ਸੰਘਰਸ਼ ਵਿੱਚ ਫਸਿਆ ਹੋਇਆ ਹੈ। ਮਾਓਵਾਦੀ ਵਿਦਰੋਹੀ, ਜਾਂ ਹਥਿਆਰਬੰਦ ਗੁਰੀਲੇ, ਜੰਗਲਾਂ ਦੀ ਰੱਖਿਆ ਕਰਕੇ ਕਬਾਇਲੀ ਭਾਈਚਾਰਿਆਂ ਦੇ ਅਧਿਕਾਰਾਂ ਲਈ ਲੜਨ ਦਾ ਦਾਅਵਾ ਕਰਦੇ ਹਨ, ਜਿਹਨਾਂ ’ਤੇ ਸਰਕਾਰ ਅਤੇ ਅਮੀਰ ਕਾਰਪੋਰੇਸ਼ਨਾਂ ਦੀ ਨਜ਼ਰ ਹੈ।ਪਿਛਲੇ 25 ਸਾਲਾਂ ਵਿੱਚ, ਹਥਿਆਰਬੰਦ ਸੰਘਰਸ਼ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ। ਸਾਲ 2018 ਵਿੱਚ ਜਦ 15 ਸਾਲਾਂ ਦੇ ਭਾਜਪਾ ਦੇ ਸ਼ਾਸਨ ਤੋਂ ਬਾਅਦ ਸੱਤ੍ਹਾ ਬਦਲੀ, ਤਾਂ ਕਾਂਗਰਸ ਨੇ ਬਸਤਰ ਇਲਾਕੇ ਵਿੱਚ – ਜਿਸ ਵਿੱਚ ਬਸਤਰ ਸਮੇਤ 7 ਜਿਲ੍ਹੇ ਸ਼ਾਮਲ ਹਨ -12 ’ਚੋਂ 11 ਸੀਟਾਂ ਜਿੱਤੀਆਂ ਸਨ।
ਹੁਣ, ਛੱਤੀਸਗੜ੍ਹ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਸੱਜੇ ਪੱਖੀ ਸਮੂਹਾਂ ਦੇ ਮੈਂਬਰ ਸੱਤ੍ਹਾ ਵਾਪਸ ਲੈਣ ਲਈ ਮਾਹੌਲ ਦਾ ਧਰੁਵੀਕਰਨ ਕਰਨ ਵਾਸਤੇ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਹਨ।
ਰਵੀ ਬ੍ਰਹਮਚਾਰੀ, ਬਸਤਰ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀਨੀਅਰ ਆਗੂ, ਨੇ ਕਿਹਾ ਕਿ VHP ਅਤੇ ਬਜਰੰਗ ਦਲ ਨੇ ਪਿਛਲੇ ਡੇਢ ਸਾਲ ਵਿੱਚ 70 ਤੋਂ ਵੱਧ ਅਜਿਹੇ ਅੰਤਿਮ ਸਸਕਾਰ ਦਰਜ ਕੀਤੇ ਹਨ ਜਿੱਥੇ ਹਿੰਦੂਆਂ ਨੇ ਦਖਲ ਦਿੱਤਾ ਅਤੇ ਈਸਾਈਆਂ ਲਈ ਆਪਣੇ ਪਿਆਰਿਆਂ ਦਾ ਅੰਤਿਮ ਸਸਕਾਰ ਕਰਨਾ ਮੁਸ਼ਕਿਲ ਬਣਾ ਦਿੱਤਾ। “ਈਸਾਈ ਮਿਸ਼ਨਰੀ ਗਰੀਬ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ਅਤੇ ਉਹਨਾਂ ਦੀ ਅਨਪੜ੍ਹਤਾ ਦਾ ਫਾਇਦਾ ਚੁੱਕ ਰਹੇ ਹਨ,” ਉਸਨੇ ਕਿਹਾ। “ਅਸੀਂ ਘਰਵਾਪਸੀ (ਪੁਰਾਣੇ ਧਰਮ ਵਿੱਚ ਵਾਪਸੀ) ਲਈ ਕੰਮ ਕਰਦੇ ਹਾਂ। ਸਾਡਾ ਕੰਮ ਹਿੰਦੂਆਂ ਨੂੰ ਜਗਾਉਣਾ ਹੈ। ਜਿਹਨਾਂ ਨੂੰ ਅਸੀਂ ‘ਗਿਆਨਵਾਨ’ ਬਣਾਇਆ ਹੈ, ਉਹ ਕਬਾਇਲੀ ਈਸਾਈਆਂ ਨੂੰ ਪਿੰਡ ਵਿੱਚ ਅੰਤਿਮ ਸਸਕਾਰ ਨਹੀਂ ਕਰਨ ਦਿੰਦੇ।’’
ਐਰਾਕੋਟ ਤੋਂ ਥੋੜ੍ਹੀ ਦੂਰ, ਨਗਲਸਾਰ ਪਿੰਡ ਵਿੱਚ, ਬਜਰੰਗ ਦਲ ਦੇ ਕਾਰਕੁੰਨ ਈਸਾਈ ਧਰਮ ਨੂੰ ਮੰਨਣ ਵਾਲੇ ਇੱਕ ਕਬਾਇਲੀ ਪਰਿਵਾਰ ਨੂੰ ਤੰਗ ਕਰਨ ਵਿੱਚ ਇੱਕ ਕਦਮ ਹੋਰ ਅੱਗੇ ਵਧ ਗਏ।
ਪਾਂਡੂਰਾਮ ਨਾਗ, 32, ਨੇ ਅਗਸਤ 2022 ਵਿੱਚ ਆਪਣੀ ਦਾਦੀ ਆਯਾਤੀ ਨੂੰ ਗੁਆ ਦਿੱਤਾ। ਉਹ 65 ਸਾਲ ਦੀ ਸੀ, ਪਰ ਬਿਮਾਰ ਸੀ, ਅਤੇ ਸ਼ਾਂਤੀ ਨਾਲ ਦੁਨੀਆ ਤੋਂ ਵਿਦਾ ਹੋ ਗਈ। ਪਰ ਉਸਦਾ ਅੰਤਿਮ ਸਸਕਾਰ ਕਿਸੇ ਵੀ ਤਰੀਕੇ ਸ਼ਾਂਤੀਪੂਰਨ ਨਹੀਂ ਰਿਹਾ।
“ਜਦ ਅਸੀਂ ਉਸਦੀ ਲਾਸ਼ ਨੂੰ ਕਬਰਿਸਤਾਨ ਲੈ ਕੇ ਗਏ ਤਾਂ ਪਿੰਡ ਦੇ ਕੁਝ ਲੋਕਾਂ ਨੇ, ਜਿਹਨਾਂ ਵਿੱਚ ਬਜਰੰਗ ਦਲ ਦੇ ਕਾਰਕੁੰਨ ਸ਼ਾਮਲ ਸਨ, ਸਾਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ,” ਧਰੁਵਾ ਕਬੀਲੇ ਨਾਲ ਸਬੰਧਤ ਨਾਗ ਨੇ ਯਾਦ ਕੀਤਾ। “ਸਾਡਾ ਸੰਤੁਲਨ ਵਿਗੜ ਗਿਆ ਅਤੇ ਮੇਰੀ ਦਾਦੀ ਦੀ ਲਾਸ਼ ਲਗਭਗ ਡਿੱਗ ਗਈ। ਉਹਨਾਂ ਨੇ ਉਸਦੀ ਮ੍ਰਿਤਕ ਦੇਹ ਹੇਠਲਾ ਗਲੀਚਾ ਵੀ ਖਿੱਚ ਲਿਆ। ਇਹ ਸਭ ਇਸ ਲਈ ਕਿਉਂਕਿ ਅਸੀਂ ਹਿੰਦੂ ਧਰਮ ’ਚ ਪਰਿਵਰਤਨ ਤੋਂ ਇਨਕਾਰ ਦਿੱਤਾ।”
ਪਰਿਵਾਰ ਆਪਣੀ ਗੱਲ ’ਤੇ ਅੜਿਆ ਰਿਹਾ। ਨਾਗ ਨੇ ਬਹੁਮਤਵਾਦੀ ਦਬਾਅ ਹੇਠ ਗੋਡੇ ਨਾ ਟੇਕਣ ’ਤੇ ਜ਼ੋਰ ਦਿੱਤਾ। “ਸਾਡੇ ਕੋਲ ਤਿੰਨ ਏਕੜ ਖੇਤੀ ਯੋਗ ਜ਼ਮੀਨ ਹੈ ਅਤੇ ਅਸੀਂ ਇਸ ’ਤੇ ਕੀ ਕਰਦੇ ਹਾਂ ਇਹ ਸਾਡਾ ਆਪਣਾ ਮਾਮਲਾ ਹੈ,” ਉਸਨੇ ਕਿਹਾ। “ਅਸੀਂ ਉਸਨੂੰ ਉੱਥੇ ਦਫਨਾਉਣ ਦਾ ਫੈਸਲਾ ਕੀਤਾ।ਅਸੀਂ ਹੋਰ ਕਿਸੇ ਵੀ ਤਰੀਕੇ ਨਾਲ ਰਾਜ਼ੀ ਨਹੀਂ ਸੀ।”
ਬਜਰੰਗ ਦਲ ਦੇ ਕਾਰਕੁੰਨ ਆਖਰਕਾਰ ਪਿੱਛੇ ਹਟ ਗਏ ਅਤੇ ਬਿਨ੍ਹਾਂ ਕਿਸੇ ਹੋਰ ਰੁਕਾਵਟ ਦੇ (ਦਾਦੀ ਨੂੰ) ਦਫਨਾ ਦਿੱਤਾ ਗਿਆ। ਪਰ ਫਿਰ ਵੀ ਆਯਾਤੀ ਨੂੰ ਆਦਰ ਭਰਪੂਰ ਵਿਦਾਈ ਦਿੰਦੇ ਹੋਏਲੋਕਾਂ ਦਾ ਧਿਆਨ ਕਿਸੇ ਸੰਭਾਵੀ ਰੁਕਾਵਟ ਵੱਲ ਭਟਕਦਾ ਰਿਹਾ। “ਕੀ ਅੰਤਿਮ ਸਸਕਾਰ ਵੇਲੇ ਸ਼ਾਂਤੀ ਦੀ ਉਮੀਦ ਕਰਨਾ ਬਹੁਤ ਜ਼ਿਆਦਾਹੈ?” ਉਹ ਪੁੱਛਦਾ ਹੈ। “ਹਾਂ, ਅਸੀਂ ਉਹ ਲੜਾਈ ਜਿੱਤ ਲਈ। ਪਰ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਅਜਿਹੇ ਮਾਹੌਲ ਵਿੱਚ ਵੱਡੇ ਹੋਣ। ਪਿੰਡ ਦੇ ਮੁਖੀਆਂ ਨੇ ਵੀ ਸਾਡਾ ਸਾਥ ਨਹੀਂ ਦਿੱਤਾ।”
*****
ਡਰ ਐਨਾ ਪ੍ਰਤੱਖ ਹੈ ਕਿ ਜੋ ਲੋਕ ਸੱਜੇ ਪੱਖੀ ਸਮੂਹਾਂ ਨਾਲ ਸਹਿਮਤ ਨਹੀਂ ਵੀ ਹਨ, ਉਹ ਵੀ ਪਾਸੇ ਰਹਿਣ ਨੂੰ ਤਰਜੀਹ ਦਿੰਦੇ ਹਨ।
ਇਸ ਸਾਲ ਮਈ ਵਿੱਚ, 23 ਸਾਲਾ ਦੱਤੂਰਾਮ ਪੋਯਮ ਅਤੇ ਉਸਦੇ ਪਿਤਾ, ਕੋਸ਼ਾ, ਕੋਸ਼ਾ ਦੀ ਪਤਨੀ ਵਾਰੇ ਦੀ ਲਾਸ਼ ਕੋਲ ਆਪਣੀ ਛੋਟੀ ਜਿਹੀ ਝੌਂਪੜੀ ਵਿੱਚ ਬੈਠੇ ਸਨ, ਜਿਸਦੀ ਉਸੇ ਦਿਨ ਬਿਸਤਰੇ ’ਤੇ ਰਹਿੰਦਿਆਂ ਮੌਤ ਹੋ ਗਈ ਸੀ। ਇਹ ਬਸਤਰ ਜਿਲ੍ਹੇ ਦੇ ਅਲਵਾ ਪਿੰਡ ਵਿੱਚ ਹੋਇਆ ਜੋ ਜਗਦਲਪੁਰ ਤੋਂ ਤਕਰੀਬਨ 30 ਕਿਲੋਮੀਟਰ ਦੂਰ ਹੈ।
ਅਚਾਨਕ ਆਦਮੀਆਂ ਦਾ ਇੱਕ ਸਮੂਹ ਉਹਨਾਂ ਦੇ ਘਰ ਵਿੱਚ ਦਾਖਲ ਹੋਇਆ ਅਤੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। “ਪਿੰਡ ਵਿੱਚੋਂ ਕਿਸੇ ਨੇ ਦਖਲ ਨਹੀਂ ਦਿੱਤਾ,” ਦੱਤੂਰਾਮ ਨੇ ਦੱਸਿਆ। “ਅਸੀਂ ਆਪਣੀ ਸਾਰੀ ਉਮਰ ਇੱਥੇ ਹੀ ਗੁਜ਼ਾਰੀ ਹੈ। ਪਿੰਡ ਦੇ ਇੱਕ ਵੀ ਵਿਅਕਤੀ ਵਿੱਚ ਸਾਡੇ ਹੱਕ ਵਿੱਚ ਖੜ੍ਹੇ ਹੋਣ ਦੀ ਹਿੰਮਤ ਨਹੀਂ ਸੀ।”
ਇਹ ਈਸਾਈ ਪਰਿਵਾਰ ਮਦੀਆ ਕਬੀਲੇ ਨਾਲ ਸਬੰਧਤ ਹੈ ਅਤੇ ਇਹਨਾਂ ਨੇ ਹਿੰਦੂ ਧਰਮ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਸੀ। ਹਿੰਦੂ ਆਦਮੀਆਂ ਦੇ ਸਮੂਹ – ਜਿਸ ਵਿੱਚ ਬਜਰੰਗ ਦਲ ਦੇ ਕਾਰਕੁੰਨ ਸ਼ਾਮਲ ਸਨ – ਨੇ ਇਸ ਗੱਲ ਦੀ ਵੀ ਪਰਵਾਹ ਨਹੀਂ ਕੀਤੀ ਕਿ ਵਾਰੇ ਦੀ ਮ੍ਰਿਤਕ ਦੇਹ ਵਾਲਾ ਤਾਬੂਤ ਅਜੇ ਵੀ ਘਰ ਵਿੱਚ ਪਿਆ ਸੀ। ਦੋਵਾਂ ਨੂੰ ਐਨੇ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਕਿ ਕੋਸ਼ਾ ਬੇਹੋਸ਼ ਹੋ ਗਿਆ ਅਤੇ ਉਸਨੂੰ ਇੱਕ ਹਫ਼ਤਾ ਹਸਪਤਾਲ ਵਿੱਚ ਦਾਖਲ ਰੱਖਣਾ ਪਿਆ।
“ਮੈਂ ਆਪਣੀਜ਼ਿੰਦਗੀਵਿੱਚ ਕਦੇ ਵੀ ਐਨਾ ਬੇਵੱਸ ਮਹਿਸੂਸ ਨਹੀਂ ਕੀਤਾ,” ਕੋਸ਼ਾ ਨੇ ਕਿਹਾ। “ਮੇਰੀ ਪਤਨੀ ਦੀ ਮੌਤ ਹੋ ਗਈ ਅਤੇ ਮੈਂ ਉਸਦੀ ਮੌਤ ਦਾ ਸੋਗ ਮਨਾਉਣ ਲਈ ਆਪਣੇ ਬੇਟੇ ਦੇ ਕੋਲ ਨਹੀਂ ਸੀ ਰਹਿ ਸਕਦਾ।”
ਬੈਂਜਾਮਿਨ ਦਾ ਕਹਿਣਾ ਹੈ ਕਿ ਇਹ ਧਾਰਨਾ ਕਿ ਗੈਰ-ਭਾਜਪਾ ਸਰਕਾਰ ਘੱਟ-ਗਿਣਤੀਆਂ ਦੀ ਰੱਖਿਆ ਕਰ ਰਹੀ ਹੈ, ਗਲਤ ਹੈ ਕਿਉਂਕਿ ਬਸਤਰ ਵਿੱਚ ਈਸਾਈਆਂ ’ਤੇ ਹਮਲੇ ਕਾਂਗਰਸ ਦੇ 2018 ਤੋਂ ਤਾਜ਼ਾਸ਼ਾਸਨ ਦੌਰਾਨ ਵੀ ਹੋ ਰਹੇ ਹਨ।
ਦੱਤੂਰਾਮ ਨੂੰ ਵੀ ਉਸਦੀਆਂ ਅੰਤਿਮ ਰਸਮਾਂ ਕਰਨ ਲਈ ਜਗਦਲਪੁਰ ਜਾਣਾ ਪਿਆ। “ਅਸੀਂ ਇੱਕ ਪਿਕਅਪ ਟਰੱਕ ਕਿਰਾਏ ’ਤੇ ਲਿਆ, ਜਿਸ ’ਤੇ 3500 ਰੁਪਏ ਖਰਚ ਹੋਏ,” ਉਸਨੇ ਦੱਸਿਆ। “ਅਸੀਂ ਮਜ਼ਦੂਰੀ ਕਰਨ ਵਾਲਾ ਪਰਿਵਾਰ ਹਾਂ। ਅਸੀਂ ਐਨਾ ਪੈਸਾ ਮਸਾਂ ਇੱਕ ਮਹੀਨੇ ਵਿੱਚ ਕਮਾਉਂਦੇ ਹਾਂ।”
ਉਹਨੇ ਕਿਹਾ ਕਿ ਇਹ ਘਟਨਾ ਚਿੰਤਾਜਨਕ ਸੀ ਪਰ ਨਿਸ਼ਚਿਤ ਤੌਰ ’ਤੇ ਹੈਰਾਨੀਜਨਕ ਨਹੀਂ ਸੀ। “ਇਹ ਘਟਨਾ ਐਵੇਂ ਹੀ ਨਹੀਂ ਸੀ ਵਾਪਰੀ। ਸਾਨੂੰ ਕਿਹਾ ਗਿਆ ਕਿ ਜੇ ਅਸੀਂ ਈਸਾਈ ਧਰਮ ਦੀ ਪਾਲਣਾ ਕਰਨੀ ਚਾਹੁੰਦੇ ਹਾਂ, ਤਾਂ ਪਿੰਡ ਛੱਡਦਿਉ,” ਉਸਨੇ ਦੱਸਿਆ।
ਕਬਾਇਲੀ ਈਸਾਈਆਂ ਨੂੰ ਹਾਸ਼ੀਏ ’ਤੇ ਧੱਕਣ ਦਾ ਸਿਲਸਿਲਾ ਜਾਰੀ ਹੈ। “ਸਾਨੂੰ ਹੁਣ ਪਿੰਡ ਦੇ ਸਾਂਝੇ ਖੂਹ ਤੋਂ ਪਾਣੀ ਲਿਆਉਣ ਦੀ ਇਜਾਜ਼ਤ ਨਹੀਂ,” ਕੋਸ਼ਾ ਨੇ ਕਿਹਾ। “ਸਾਨੂੰ ਇਹ ਗੁਪਤ ਰੂਪ ਵਿੱਚ ਕਰਨਾ ਪੈਂਦਾ ਹੈ।”
ਬਸਤਰ ਦੇ ਹੋਰਨਾਂ ਹਿੱਸਿਆਂ ਤੋਂ ਵੀ ਇਸੇ ਤਰ੍ਹਾਂ ਦੇ ਅੱਤਿਆਚਾਰ ਦੀਆਂ ਰਿਪੋਰਟਾਂ ਆ ਰਹੀਆਂ ਹਨ। ਦਸੰਬਰ 2022 ਵਿੱਚ ਨਰਾਇਣਪੁਰ ਜ਼ਿਲ੍ਹੇਵਿੱਚ 200 ਤੋਂ ਵੱਧ ਕਬਾਇਲੀ ਈਸਾਈਆਂ ਨੂੰ ਉਹਨਾਂ ਦੇ ਪਿੰਡ ’ਚੋਂ ਬਾਹਰ ਕੱਢ ਦਿੱਤਾ ਗਿਆ ਸੀ। ਇਸ ਘਟਨਾ ਨੇ ਸੈਂਕੜੇ ਸਥਾਨਕ ਲੋਕਾਂ ਨੂੰ ਸੱਜੇ ਪੱਖੀ ਹਿੰਦੂਤਵ ਸਮੂਹਾਂ ਦੁਆਰਾ ਭੜਕਾਏ ਗਏ ਲੋਕਾਂ ਹੱਥੋਂ ਤਸ਼ੱਦਦ ਦੇ ਵਿਰੋਧ ਵਿੱਚ ਜ਼ਿਲ੍ਹਾ ਕਲੈਕਟਰ ਦੇ ਦਫ਼ਤਰ ਦੇ ਬਾਹਰ ਡੇਰਾ ਲਾਉਣ ਲਈ ਮਜਬੂਰ ਕਰ ਦਿੱਤਾ।
ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ ’ਤੇ ਕਲੈਕਟਰ ਨੂੰ ਇੱਕ ਪੱਤਰ ਸੌਂਪਿਆ ਜਿਸ ਵਿੱਚ ਸਿਰਫ਼ 2022 ਦੇ ਦਸੰਬਰ ਮਹੀਨੇ ਵਿੱਚ ਈਸਾਈ ਘੱਟ-ਗਿਣਤੀਆਂ ’ਤੇ ਹੋਏ ਦਰਜਨਾਂ ਹਮਲਿਆਂ ਦਾ ਵਰਣਨ ਸੀ।
ਐਰਾਕੋਟ ਵਿੱਚ, ਸੁਕਮਿਤੀ ਨੇ ਦੱਸਿਆ ਕਿ ਪਰਿਵਾਰ ਨੂੰ ਇੱਕ ਲਾਗਲੇ ਪਿੰਡ ਵਿੱਚ ਵਿਆਹ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਹ ਇੱਕ ਈਸਾਈ ਪਰਿਵਾਰ ਦਾ ਵਿਆਹ ਸੀ: “ਪਰਿਵਾਰ ਨੂੰ ਮਹਿਮਾਨਾਂ ਲਈ ਤਿਆਰ ਕੀਤਾ ਭੋਜਨ ਸੁੱਟਣਾ ਪਿਆ ਕਿਉਂਕਿ ਕੋਈ ਵੀ ਉੱਥੇ ਨਹੀਂ ਪਹੁੰਚ ਪਾਇਆ।”
ਸੰਵਿਧਾਨ (ਧਾਰਾ 25) ਵਿੱਚ ਦਿੱਤੀ“ਅੰਤਹਕਰਣ ਦੀ ਅਤੇ ਧਰਮ ਦੇ ਬੇਰੋਕ ਮੰਨਣ, ਉਸ ’ਤੇ ਚੱਲਣ ਅਤੇ ਉਸ ਦਾ ਪ੍ਰਚਾਰ ਕਰਨ ਦੀ ਸੁਤੰਤਰਤਾ” ਦੇ ਬਾਵਜੂਦ ਕਬਾਇਲੀ ਈਸਾਈ ਦੁਸ਼ਮਣੀ ਅਤੇ ਧਮਕੀਆਂ ਦਾ ਸਾਹਮਣਾ ਕਰ ਰਹੇ ਹਨ।
“ਹਾਲ ਇਹ ਹੈ ਕਿ ਜਦੋਂ ਕਿਸੇ ਈਸਾਈ ਪਰਿਵਾਰ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ, ਸਾਡੀ ਪਹਿਲੀ ਪ੍ਰਤੀਕਿਰਿਆ ਡਰ ਅਤੇ ਜੁਗਾੜ ਕਰਨਾ ਹੁੰਦੀ ਹੈ, ਸੋਗ ਨਹੀਂ। ਇਹ ਕਿਸ ਤਰ੍ਹਾਂ ਦੀ ਮੌਤ ਹੈ?”ਉਸਨੇ ਕਿਹਾ।
ਤਰਜਮਾ: ਅਰਸ਼ਦੀਪ ਅਰਸ਼ੀ