ਪਹਿਲੀ ਵਾਰ ਤਾਂ ਦਿਆ ਜਿਵੇਂ-ਕਿਵੇਂ ਲਗਭਗ ਬਚ ਨਿਕਲੀ।
ਉਸਨੇ ਸੂਰਤ ਸ਼ਹਿਰ ਤੋਂ ਝਾਲੋਦ ਲਈ ਟਿਕਟ ਖਰੀਦੀ। ਉਹ ਸਹਿਮੀ ਤੇ ਡਰੀ-ਡਰੀ ਬੱਸ ਦੇ ਭਰੇ ਜਾਣ ਦੀ ਉਡੀਕ ਕਰ ਰਹੀ ਸੀ। ਦਿਆ ਜਾਣਦੀ ਸੀ ਕਿ ਜੇਕਰ ਉਹ ਉੱਥੇ ਪਹੁੰਚ ਜਾਂਦੀ ਹੈ ਤਾਂ ਗੁਜਰਾਤ ਦੀ ਸਰਹੱਦ ਪਾਰ ਕਰਨਾ ਅਤੇ ਆਪਣੇ ਜੱਦੀ ਸ਼ਹਿਰ ਕੁਸ਼ਲਗੜ੍ਹ ਪਹੁੰਚਣਾ ਆਸਾਨ ਹੋ ਜਾਵੇਗਾ।
ਉਹ ਬੱਸ ਦੀ ਖਿੜਕੀ ਤੋਂ ਬਾਹਰ ਦੇਖ ਰਹੀ ਸੀ ਕਿ ਅਚਾਨਕ ਰਵੀ ਪਿੱਛਿਓਂ ਪ੍ਰਗਟ ਹੋਇਆ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੀ, ਉਸਨੇ ਉਸਦਾ ਹੱਥ ਫੜ੍ਹਿਆ ਅਤੇ ਖਿੱਚ ਕੇ ਬੱਸ ਤੋਂ ਬਾਹਰ ਕੱਢਣ ਲੱਗਿਆ।
ਬੱਸ ਵਿੱਚ ਸਵਾਰ ਲੋਕ ਸਾਮਾਨ ਰੱਖਣ ਅਤੇ ਬੱਚਿਆਂ ਨੂੰ ਬਿਠਾਉਣ ਵਿੱਚ ਰੁੱਝੇ ਹੋਏ ਸਨ। ਉਨ੍ਹਾਂ ਵਿੱਚੋਂ ਕਿਸੇ ਨੇ ਵੀ ਗੁੱਸੇ ਵਿੱਚ ਆਏ ਨੌਜਵਾਨ ਅਤੇ ਡਰੀ ਹੋਈ ਕਿਸ਼ੋਰ ਕੁੜੀ ਵਿਚਾਲੇ ਹੁੰਦੀ ਖਿੱਚਧੂਹ ਵੱਲ ਧਿਆਨ ਨਾ ਦਿੱਤਾ। "ਮੈਂ ਡਰ ਗਈ ਸੀ," ਦਿਆ ਕਹਿੰਦੀ ਹੈ। ਰਵੀ ਦੇ ਗੁੱਸੇ ਤੋਂ ਜਾਣੂ, ਉਸਨੇ ਚੁੱਪ ਰਹਿਣਾ ਬਿਹਤਰ ਸਮਝਿਆ।
ਇੱਕ ਇਮਾਰਤ ਜੋ ਪਿਛਲੇ ਛੇ ਮਹੀਨਿਆਂ ਤੋਂ ਉਸਾਰੀ ਅਧੀਨ ਸੀ, ਦਿਆ ਲਈ ਘਰ ਵੀ ਸੀ ਤੇ ਜੇਲ੍ਹ ਵੀ, ਉਸ ਰਾਤ ਉਹ ਇੱਕ ਪਲ ਵੀ ਸੌਂ ਨਾ ਸਕੀ। ਉਸ ਦੇ ਪੂਰੇ ਸਰੀਰ ਵਿੱਚ ਸ਼ਦੀਦ ਦਰਦ ਸੀ। ਰਵੀ ਦੀ ਕੁੱਟਮਾਰ ਨੇ ਉਸ ਦੀ ਦੇਹ 'ਤੇ ਥਾਂ-ਥਾਂ ਚੀਰੇ ਤੇ ਫਟ ਲਾ ਦਿੱਤੇ ਹੋਏ ਸਨ। "ਉਹ ਮੈਨੂੰ ਮੁੱਕੀਆਂ ਮਾਰਦਾ, ਘਸੁੰਨ ਮਾਰਦਾ ਤੇ ਠੁੱਡੇ ਵੀ," ਉਹ ਯਾਦ ਕਰਦੀ ਹੈ। ''ਕੋਈ ਵੀ ਉਹਨੂੰ ਰੋਕ ਨਾ ਪਾਉਂਦਾ।'' ਜੇ ਕੋਈ ਆਦਮੀ ਬਚਾਉਣ ਆਉਂਦਾ ਵੀ ਤਾਂ ਉਨ੍ਹਾਂ 'ਤੇ ਦਿਆ 'ਤੇ ਮਾੜੀ ਨਜ਼ਰ ਰੱਖਣ ਦਾ ਦੋਸ਼ ਲਾ ਦਿੰਦਾ ਸੀ। ਔਰਤਾਂ ਵੀ ਰਵੀ ਦੇ ਮੂੰਹ ਨਾ ਲੱਗਦੀਆਂ। ਜੇ ਕੋਈ ਦਖ਼ਲ ਦੇਣ ਦੀ ਹਿੰਮਤ ਕਰਦਾ ਵੀ ਤਾਂ ਉਹ ਕਹਿੰਦਾ,' ਮੇਰੀ ਘਰਵਾਲ਼ੀ ਹੈ, ਤੁਮ ਕਿਉਂ ਬੀਚ ਮੇ ਆ ਰਹੇ ਹੋ ? ''
"ਉਹ ਜਦੋਂ-ਜਦੋਂ ਵੀ ਮੈਨੂੰ ਕੁੱਟਦਾ, ਮੈਨੂੰ ਹਸਪਤਾਲ ਜਾਣਾ ਅਤੇ ਮੱਲਮ ਪੱਟੀ (ਜ਼ਖ਼ਮ ਦੀ ਪੱਟੀ) ਕਰਵਾਉਣੀ ਪੈਂਦੀ ਤੇ 500 ਰੁਪਏ ਲੱਗ ਜਾਇਆ ਕਰਦੇ। ਕਈ ਵਾਰ ਰਵੀ ਦਾ ਭਰਾ ਮੈਨੂੰ ਪੈਸੇ ਦਿੰਦਾ ਤੇ ਮੇਰੇ ਨਾਲ਼ ਹਸਪਤਾਲ ਵੀ ਚਲਾ ਜਾਂਦਾ। ਉਹ ਕਹਿੰਦਾ, " ਤੁਮ ਘਰ ਪੇ ਚਲੇ ਜਾ, '' ਦਿਆ ਕਹਿੰਦੀ ਹੈ। ਪਰ ਉਹ ਇਹ ਵੀ ਨਹੀਂ ਜਾਣਦੀ ਸੀ ਮਾਪਿਆਂ ਘਰ ਜਾਣਾ ਕਿਵੇਂ ਹੈ।
ਦਿਆ ਅਤੇ ਰਵੀ ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਦੇ ਭੀਲ ਆਦਿਵਾਸੀ ਭਾਈਚਾਰੇ ਨਾਲ਼ ਸਬੰਧਤ ਹਨ ਅਤੇ 2023 ਦੀ ਬਹੁ-ਪੱਖੀ ਗ਼ਰੀਬੀ ਅਧਿਐਨ ਰਿਪੋਰਟ ਦੇ ਅਨੁਸਾਰ, ਇਹ ਭਾਈਚਾਰਾ ਰਾਜ ਦੇ ਗ਼ਰੀਬਾਂ ਦੀ ਦੂਜੀ ਸਭ ਤੋਂ ਵੱਧ ਗਿਣਤੀ ਹੈ। ਕੁਸ਼ਲਗੜ੍ਹ ਤਹਿਸੀਲ ਖੇਤਰ ਦੀ 90 ਫੀਸਦੀ ਆਬਾਦੀ ਵਾਲ਼ੇ ਭੀਲ ਆਦਿਵਾਸੀ ਭਾਈਚਾਰੇ ਦੇ ਲੋਕਾਂ ਨੂੰ ਘੱਟ ਜ਼ਮੀਨਾਂ, ਸਿੰਚਾਈ ਦੀ ਕਮੀ, ਨੌਕਰੀਆਂ ਦੀ ਕਮੀ ਅਤੇ ਸਮੁੱਚੀ ਗ਼ਰੀਬੀ ਨੇ ਸੰਕਟ ਗ੍ਰਸਤ ਪ੍ਰਵਾਸ ਦਾ ਕੇਂਦਰ ਬਣਾ ਦਿੱਤਾ ਹੈ।
ਦਿਆ ਅਤੇ ਰਵੀ ਵੀ ਉਨ੍ਹਾਂ ਪ੍ਰਵਾਸੀਆਂ ਵਰਗੇ ਜਾਪਦੇ ਜੋ ਨਿਰਮਾਣ ਖੇਤਰ ਵਿੱਚ ਕੰਮ ਦੀ ਭਾਲ਼ ਵਿੱਚ ਗੁਜਰਾਤ ਆਉਂਦੇ ਹਨ। ਪਰ ਦਿਆ ਦਾ ਪ੍ਰਵਾਸ ਅਗਵਾ ਦਾ ਸਿੱਟਾ ਸੀ।
ਗੁਆਂਢੀ ਇਲਾਕੇ ਸੱਜਣਗੜ੍ਹ ਦੇ ਇੱਕ ਸਕੂਲ ਦੀ 10ਵੀਂ ਦੀ ਵਿਦਿਆਰਥਣ 16 ਸਾਲਾ ਦਿਆ ਦੀ ਰਵੀ ਨਾਲ਼ ਪਹਿਲੀ ਮੁਲਾਕਾਤ ਬਾਜ਼ਾਰ ਵਿੱਚ ਹੋਈ ਸੀ। ਪਿੰਡ ਦੀ ਇੱਕ ਬਜ਼ੁਰਗ ਔਰਤ ਨੇ ਇੱਕ ਰੁਕਾ ਦਿਆ ਦੇ ਹਵਾਲ਼ੇ ਕੀਤਾ ਜਿਸ 'ਤੇ ਰਵੀ ਦਾ ਫ਼ੋਨ ਨੰਬਰ ਲਿਖਿਆ ਹੋਇਆ ਸੀ। ਨਾਲ਼ ਹੀ, ਉਸੇ ਔਰਤ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਸੀ ਕਿ ਦਿਆ ਨੂੰ ਇੱਕ ਵਾਰ ਰਵੀ ਨੂੰ ਜ਼ਰੂਰ ਮਿਲ਼ ਲਵੇ।
ਦਿਆ ਨੇ ਉਸ ਨੂੰ ਫ਼ੋਨ ਨਹੀਂ ਕੀਤਾ। ਅਗਲੇ ਹਫ਼ਤੇ ਜਦੋਂ ਰਵੀ ਬਜ਼ਾਰ ਆਇਆ ਤਾਂ ਉਸਨੇ ਕੁਝ ਸਮੇਂ ਲਈ ਉਸ ਨਾਲ਼ ਗੱਲ ਕੀਤੀ। " ਹਮਕੋ ਘੁਮਾਨੇ ਲੇ ਜਾਏਗਾ ਬੋਲਾ , ਬਾਗੀਡੋਰਾ। ਬਾਈਕ ਪੇ । [ਉਸਨੇ ਕਿਹਾ ਕਿ ਉਹ ਮੈਨੂੰ ਬਾਈਕ 'ਤੇ ਬਾਗੀਡੋਰਾ ਸੈਰ ਲਈ ਲੈ ਜਾਵੇਗਾ]। ਉਸਨੇ ਮੈਨੂੰ ਸਕੂਲ ਦੀ ਛੁੱਟੀ ਤੋਂ ਇੱਕ ਘੰਟਾ ਪਹਿਲਾਂ ਦੁਪਹਿਰ 2 ਵਜੇ ਬਾਹਰ ਆਉਣ ਲਈ ਕਿਹਾ," ਉਹ ਯਾਦ ਕਰਦੀ ਹੈ। ਅਗਲੇ ਦਿਨ ਉਹ ਆਪਣੇ ਦੋਸਤ ਨਾਲ਼ ਦਿਆ ਦੇ ਸਕੂਲ ਬਾਹਰ ਖੜ੍ਹਾ ਹੋ ਕੇ ਉਹਦੀ ਉਡੀਕ ਕਰਨ ਲੱਗਾ।
"ਅਸੀਂ ਉਸ ਦਿਨ ਬਾਗੀਡੋਰਾ ਤਾਂ ਨਹੀਂ ਗਏ। ਉਹ ਮੈਨੂੰ ਬੱਸ ਸਟੈਂਡ ਲੈ ਗਿਆ ਅਤੇ ਉੱਥੋਂ ਮੈਨੂੰ ਅਹਿਮਦਾਬਾਦ ਜਾਣ ਵਾਲ਼ੀ ਬੱਸ ਵਿੱਚ ਬਿਠਾ ਦਿੱਤਾ," ਦਿਆ ਦੱਸਦੀ ਹਨ। ਅਹਿਮਦਾਬਾਦ ਉਸ ਜਗ੍ਹਾ ਤੋਂ ਲਗਭਗ 500 ਕਿਲੋਮੀਟਰ ਦੂਰ ਹੈ।
ਘਬਰਾਈ ਦਿਆ ਕਿਸੇ ਤਰ੍ਹਾਂ ਆਪਣੇ ਮਾਪਿਆਂ ਨੂੰ ਫ਼ੋਨ ਕਰਨ ਵਿੱਚ ਕਾਮਯਾਬ ਰਹੀ। "ਮੇਰੇ ਚਾਚਾ ਮੈਨੂੰ ਲੈਣ ਲਈ ਅਹਿਮਦਾਬਾਦ ਆ ਗਏ। ਪਰ ਰਵੀ ਨੂੰ ਇਸ ਬਾਰੇ ਪਿੰਡ ਦੇ ਆਪਣੇ ਦੋਸਤਾਂ ਤੋਂ ਪਤਾ ਲੱਗ ਗਿਆ। ਉਹ ਮੈਨੂੰ ਉੱਥੋਂ ਖਿੱਚ ਕੇ ਸੂਰਤ ਲੈ ਗਿਆ।''
ਉਦੋਂ ਤੋਂ ਉਹਦੇ ਮਨ ਅੰਦਰ ਸ਼ੱਕ ਪੈਦਾ ਹੋ ਗਿਆ ਕਿ ਦਿਆ ਕਿਸੇ ਨਾਲ਼ ਵੀ ਗੱਲ ਕਰ ਸਕਦੀ ਹੈ। ਬੱਸ ਇੰਝ ਹਿੰਸਾ ਸ਼ੁਰੂ ਹੋ ਗਈ। ਜੇ ਉਹ ਕਾਲ ਕਰਨ ਲਈ ਫ਼ੋਨ ਮੰਗਦੀ ਤਾਂ ਕੁੱਟਮਾਰ ਹੋਰ ਵੱਧ ਜਾਂਦੀ। ਇੱਕ ਦਿਨ ਦਿਆ ਨੂੰ ਆਪਣਾ ਘਰ ਇੰਨਾ ਯਾਦ ਆਇਆ ਕਿ ਉਹ ਰੋ ਪਈ ਅਤੇ ਉਸ ਨੂੰ ਫ਼ੋਨ ਦੇਣ ਲਈ ਬੇਨਤੀ ਕੀਤੀ। "ਫਿਰ ਉਹ ਮੈਨੂੰ ਉਸ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਖਿੱਚ ਕੇ ਲੈ ਗਿਆ ਤੇ ਮੈਨੂੰ ਧੱਕਾ ਦੇ ਦਿੱਤਾ। ਖੁਸ਼ਕਿਸਮਤੀ ਨਾਲ਼, ਮੈਂ ਉੱਥੇ ਪਏ ਮਿੱਟੀ ਦੇ ਢੇਰ 'ਤੇ ਡਿੱਗ ਗਈ ਪਰ ਮੇਰਾ ਸਾਰਾ ਸਰੀਰ ਜ਼ਖਮੀ ਹੋ ਗਿਆ," ਉਸਨੇ ਆਪਣੀ ਪਿੱਠ ਵੱਲ ਇਸ਼ਾਰਾ ਕਰਦਿਆਂ ਯਾਦ ਕੀਤਾ, ਜੋ ਅਜੇ ਵੀ ਦਰਦ ਕਰ ਰਹੀ ਸੀ।
*****
ਦਿਆ ਦੀ ਮਾਂ, 35 ਸਾਲਾ ਕਮਲਾ, ਇੱਕ ਦਿਹਾੜੀਦਾਰ ਮਜ਼ਦੂਰ ਹੈ। ਜਦੋਂ ਉਨ੍ਹਾਂ ਨੂੰ ਬੇਟੀ ਦੇ ਅਗਵਾ ਕੀਤੇ ਜਾਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਧੀ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਯਾਦ ਹੈ ਉਸ ਦਿਨ ਉਹ ਪਿੰਡ ਦੀ ਆਪਣੀ ਕੱਚੀ ਝੌਂਪੜੀ ਵਿੱਚ ਬੈਠੀ ਰੋ-ਰੋ ਬੇਹਾਲ ਹੁੰਦੀ ਰਹੀ ਸੀ। " ਬੇਟੀ ਤੋ ਹੈ ਮੇਰੀ। ਅਪਨੇ ਕੋ ਦਿਲ ਨਹੀਂ ਹੋਤਾ ਕਿਆ ?" ਕਮਲਾ ਨੇ ਰਵੀ ਦੁਆਰਾ ਆਪਣੀ ਧੀ ਨੂੰ ਅਗਵਾ ਕਰਨ ਦੇ ਕੁਝ ਦਿਨਾਂ ਬਾਅਦ ਪੁਲਿਸ ਕੋਲ਼ ਸ਼ਿਕਾਇਤ ਦਰਜ ਕਰਵਾਈ।
ਔਰਤਾਂ ਵਿਰੁੱਧ ਅੱਤਿਆਚਾਰ ਦੇ ਮਾਮਲੇ ਵਿੱਚ ਰਾਜਸਥਾਨ ਦੇਸ਼ ਵਿੱਚ ਤੀਜੇ ਨੰਬਰ 'ਤੇ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਵੱਲੋਂ ਪ੍ਰਕਾਸ਼ਿਤ ਕ੍ਰਾਈਮ ਇਨ ਇੰਡੀਆ 2020 ਰਿਪੋਰਟ ਮੁਤਾਬਕ ਇਨ੍ਹਾਂ ਅਪਰਾਧਾਂ ਦੇ ਮਾਮਲੇ 'ਚ ਚਾਰਜ ਸ਼ੀਟ ਬਹੁਤ ਘੱਟ ਦਰਜ ਹੁੰਦੀ ਹੈ। ਜੇ ਅਗਵਾ ਦੇ ਤਿੰਨ ਮਾਮਲੇ ਹਨ ਤਾਂ ਉਨ੍ਹਾਂ ਵਿੱਚੋਂ ਦੋ 'ਤੇ ਕੇਸ ਦਰਜ ਨਹੀਂ ਕੀਤਾ ਜਾਵੇਗਾ। ਦਿਆ ਦਾ ਕੇਸ ਵੀ ਪੁਲਿਸ ਫਾਈਲਾਂ ਵਿੱਚ ਦਰਜ ਨਹੀਂ ਸੀ।
ਕੁਸ਼ਲਗੜ੍ਹ ਦੇ ਡੀਐੱਸਪੀ ਰੂਪ ਸਿੰਘ ਯਾਦ ਕਰਦੇ ਹਨ, "ਉਨ੍ਹਾਂ ਨੇ ਕੇਸ ਵਾਪਸ ਲੈ ਲਿਆ।'' ਕਮਲਾ ਦਾ ਕਹਿਣਾ ਹੈ ਕਿ ਸਥਾਨਕ ਤੌਰ 'ਤੇ ਵਿਕਲਪਕ ਅਦਾਲਤ ਵਜੋਂ ਕੰਮ ਕਰਨ ਵਾਲ਼ੇ ਪਿੰਡ ਬੰਜਾਡੀਆ ਦੇ ਆਦਮੀਆਂ ਦੇ ਇੱਕ ਸਮੂਹ ਨੇ ਇਸ ਵਿੱਚ ਦਖ਼ਲ ਦਿੱਤਾ। ਸਮੂਹ ਨੇ ਦਿਆ ਦੇ ਮਾਪਿਆਂ, ਕਮਲਾ ਅਤੇ ਉਨ੍ਹਾਂ ਦੇ ਪਤੀ ਕਿਸ਼ਨ ਨੂੰ 'ਵਧੂ ਦਕਸ਼ਣਾ' ਲੈ ਕੇ ਪੁਲਿਸ ਕੇਸ ਵਾਪਸ ਲੈਣ ਲਈ ਮਜ਼ਬੂਰ ਕੀਤਾ (ਭੀਲ ਭਾਈਚਾਰੇ ਵਿੱਚ ਵਿਆਹ ਹੋਣ 'ਤੇ ਆਦਮੀ ਔਰਤ ਨੂੰ ਕੁਝ ਪੈਸੇ ਦਿੰਦਾ ਹੈ, ਕਈ ਵਾਰ ਆਦਮੀ ਵਿਆਹ ਟੁੱਟਣ 'ਤੇ ਪੈਸੇ ਵਾਪਸ ਕਰਨ ਦੀ ਜ਼ਿੱਦ ਕਰਦਾ ਹੈ)।
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 1-2 ਲੱਖ ਰੁਪਏ ਲੈਣ ਤੋਂ ਬਾਅਦ ਪੁਲਿਸ ਕੇਸ ਵਾਪਸ ਲੈਣ ਲਈ ਮਜ਼ਬੂਰ ਕੀਤਾ ਗਿਆ ਸੀ। ਇਸ ਦੇ ਨਾਲ਼, ਵਿਆਹ ਨੂੰ ਹੁਣ ਸਮਾਜਿਕ ਤੌਰ 'ਤੇ ਮਾਨਤਾ ਦਿੱਤੀ ਗਈ ਸੀ। ਦਿਆ ਦੀ ਸਹਿਮਤੀ ਅਤੇ ਉਸਦੀ ਨਾਬਾਲਗ ਉਮਰ ਨੂੰ ਇੱਥੇ ਧਿਆਨ ਵਿੱਚ ਨਹੀਂ ਰੱਖਿਆ ਗਿਆ ਹੈ। ਐੱਨਐੱਫਐੱਚਐੱਸ-5 ਦੀ ਤਾਜ਼ਾ ਰਿਪੋਰਟ ਅਨੁਸਾਰ 20-24 ਸਾਲ ਦੀ ਉਮਰ ਦੀਆਂ ਇੱਕ ਚੌਥਾਈ ਔਰਤਾਂ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੋ ਜਾਂਦਾ ਹੈ।
ਕੁਸ਼ਲਗੜ੍ਹ ਦੀ ਇੱਕ ਸਮਾਜ ਸੇਵੀ ਟੀਨਾ ਗਰਾਸੀਆ ਦਾ ਕਹਿਣਾ ਹੈ ਕਿ ਉਹ ਦਿਆ ਦੇ ਕੇਸ ਨੂੰ ਭੱਜ ਕੇ ਵਿਆਹ ਕਰਾਉਣ ਦੇ ਕੇਸ ਵਜੋਂ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਖੁਦ, ਜੋ ਭੀਲ ਆਦਿਵਾਸੀ ਭਾਈਚਾਰੇ ਨਾਲ਼ ਸਬੰਧ ਰੱਖਦੀ ਹੈ, ਕਹਿੰਦੀ ਹੈ ਕਿ ਅਜਿਹੇ ਮਾਮਲਿਆਂ ਨੂੰ ਉਸੇ ਤਰ੍ਹਾਂ ਨਹੀਂ ਦੇਖਿਆ ਜਾ ਸਕਦਾ ਜਿਵੇਂ ਲੜਕੀ ਭੱਜ ਗਈ ਅਤੇ ਵਿਆਹ ਕਰਵਾ ਲਿਆ। "ਮੈਨੂੰ ਨਹੀਂ ਲੱਗਦਾ ਕਿ ਸਾਡੇ ਕੋਲ਼ ਆਉਣ ਵਾਲ਼ੇ ਜ਼ਿਆਦਾਤਰ ਮਾਮਲਿਆਂ ਵਿੱਚ ਕੁੜੀਆਂ ਆਪਣੀ ਮਰਜ਼ੀ ਨਾਲ਼ ਭੱਜਦੀਆਂ ਹਨ। ਨਾ ਹੀ ਉਹ ਇਸ ਹੱਦ ਤੱਕ ਗਈਆਂ ਕਿ ਉਨ੍ਹਾਂ ਨੂੰ ਇਸ ਵਿਆਹ ਤੋਂ ਕੋਈ ਫਾਇਦਾ, ਪ੍ਰੇਮ ਜਾਂ ਖੁਸ਼ੀ ਮਿਲ਼ੇਗੀ," ਉਹ ਕਹਿੰਦੇ ਹਨ, ਜੋ ਬਾਂਸਵਾੜਾ ਜ਼ਿਲ੍ਹੇ ਵਿੱਚ ਆਜੀਵਿਕਾ ਸੰਗਠਨ ਦੇ ਰੋਜ਼ੀ-ਰੋਟੀ ਬਿਊਰੋ ਦੀ ਮੁਖੀ ਵੀ ਹਨ। ਉਹ ਪਿਛਲੇ ਇੱਕ ਦਹਾਕੇ ਤੋਂ ਪ੍ਰਵਾਸੀ ਔਰਤਾਂ ਨਾਲ਼ ਕੰਮ ਕਰ ਰਹੀ ਹਨ।
"ਮੈਂ ਇਸ 'ਭੱਜਣ' ਨੂੰ ਇੱਕ ਸਾਜ਼ਿਸ਼ ਵਜੋਂ, ਇੱਕ ਤਸਕਰੀ ਦੀ ਰਣਨੀਤੀ ਵਜੋਂ ਵੇਖਦੀ ਹਾਂ। ਇਸ ਟੋਲੀ ਅੰਦਰ ਅਜਿਹੇ ਲੋਕ ਹਨ ਜੋ ਕੁੜੀਆਂ ਨੂੰ ਇਸ ਰਿਸ਼ਤੇ ਦੇ ਖੱਡੇ ਵਿੱਚ ਧੱਕ ਦਿੰਦੇ ਹਨ," ਟੀਨਾ ਕਹਿੰਦੀ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਲੜਕੀ ਨਾਲ਼ ਜਾਣ-ਪਛਾਣ ਕਰਵਾਉਣ ਲਈ ਪੈਸਿਆਂ (ਪਿੱਛਿਓਂ) ਦਾ ਲੈਣ-ਦੇਣ ਚੱਲਦਾ ਰਹਿੰਦਾ ਹੈ। "ਇੱਕ 14-15 ਸਾਲ ਦੀ ਕੁੜੀ ਜ਼ਿੰਦਗੀ ਅਤੇ ਰਿਸ਼ਤਿਆਂ ਬਾਰੇ ਕਿੰਨਾ ਕੁਝ ਜਾਣਦੀ ਹੋ ਸਕਦੀ ਹੈ?"
ਜਨਵਰੀ ਦੀ ਇੱਕ ਸਵੇਰ, ਕੁਸ਼ਲਗੜ੍ਹ ਵਿਖੇ ਟੀਨਾ ਦੇ ਦਫ਼ਤਰ ਵਿੱਚ ਤਿੰਨ ਮਾਵਾਂ ਆਪਣੀਆਂ ਧੀਆਂ ਦੇ ਨਾਲ਼ ਆਈਆਂ ਅਤੇ ਬੈਠ ਗਈਆਂ। ਉਨ੍ਹਾਂ ਸਾਰਿਆਂ ਦੀ ਕਹਾਣੀ ਦਿਆ ਵਰਗੀ ਹੀ ਸੀ।
ਸੀਮਾ ਦਾ ਵਿਆਹ 16 ਸਾਲ ਦੀ ਉਮਰੇ ਹੋਇਆ ਸੀ ਅਤੇ ਉਹ ਆਪਣੇ ਪਤੀ ਨਾਲ਼ ਗੁਜਰਾਤ ਚਲੀ ਗਈ ਸੀ। "ਜੇ ਮੈਂ ਕਿਸੇ ਨਾਲ਼ ਗੱਲ ਕਰਦੀ ਤਾਂ ਉਹ ਬਹੁਤ ਈਰਖਾ ਕਰਦਾ। ਉਸ ਨੇ ਇੱਕ ਵਾਰ ਮੇਰੇ ਕੰਨ 'ਤੇ ਵਾਰ ਕੀਤਾ ਤੇ ਮੇਰਾ ਕੰਨ ਹਾਲੇ ਤੀਕਰ ਬੋਲ਼ਾ ਹੈ," ਉਹ ਕਹਿੰਦੀ ਹਨ।
"ਸੱਟਾਂ ਭਿਆਨਕ ਹੁੰਦੀਆਂ। ਮੈਨੂੰ ਇਸ ਹੱਦ ਤੱਕ ਕੁੱਟਿਆ ਜਾਂਦਾ ਕਿ ਮੈਂ ਜ਼ਮੀਨ ਤੋਂ ਉੱਠ ਵੀ ਨਾ ਪਾਉਂਦੀ। ਫਿਰ ਜਦੋਂ ਮੈਂ ਕੰਮ ਨਾ ਕਰ ਪਾਉਂਦੀ ਤਾਂ ਉਹ ਮੈਨੂੰ ਕਾਮਚੋਰ (ਆਲਸੀ) ਕਹਿ ਡਾਂਟਦਾ। ਇਸ ਲਈ ਮੈਂ ਉਸ ਦਰਦ ਵਿੱਚ ਵੀ ਕੰਮ ਕਰਦੀ ਰਹੀ ਸੀ," ਉਹ ਕਹਿੰਦੀ ਹੈ। ਉਸ ਦੀ ਸਾਰੀ ਕਮਾਈ ਸਿੱਧੇ ਉਸ ਦੇ ਹੱਥਾਂ ਵਿੱਚ ਚਲੀ ਗਈ। "ਉਹ ਤਾਂ ਆਟਾ ਤੱਕ ਵੀ ਨਾ ਖਰੀਦਦਾ ਤੇ ਬੱਸ ਦਾਰੂ ਹੀ ਪੀਂਦਾ ਰਹਿੰਦਾ।''
ਆਖ਼ਰਕਾਰ ਉਹ ਉਸ ਨੂੰ ਖੁਦਕੁਸ਼ੀ ਦੀ ਧਮਕੀ ਦੇ ਕੇ ਉਸ ਤੋਂ ਵੱਖ ਹੋ ਗਈ। ਉਦੋਂ ਤੋਂ ਹੀ ਉਹ ਕਿਸੇ ਹੋਰ ਔਰਤ ਨਾਲ਼ ਰਹਿ ਰਿਹਾ ਹੈ। "ਹੁਣ ਮੈਂ ਗਰਭਵਤੀ ਹਾਂ। ਪਰ ਉਹ ਮੈਨੂੰ ਤਲਾਕ ਦੇਣ ਜਾਂ ਮੈਨੂੰ ਜਿਉਣ ਲਈ ਪੈਸੇ ਦੇਣ ਲਈ ਤਿਆਰ ਨਹੀਂ ਹੈ," ਉਹ ਕਹਿੰਦੀ ਹੈ। ਪਰਿਵਾਰ ਨੇ ਹੁਣ ਉਸ ਦੇ ਖਿਲਾਫ਼ ਐੱਫਆਈਆਰ ਦਰਜ ਕਰਵਾਈ ਹੈ। ਔਰਤਾਂ ਦੀ ਸੁਰੱਖਿਆ ਲਈ ਬਣੇ ਘਰੇਲੂ ਹਿੰਸਾ ਐਕਟ, 2005 ਦੀ ਧਾਰਾ 20.1 (ਡੀ) ਕਹਿੰਦੀ ਹੈ ਕਿ ਗੁਜ਼ਾਰਾ ਭੱਤਾ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਮਾਮਲਾ ਅਪਰਾਧਿਕ ਪ੍ਰਕਿਰਿਆ ਜ਼ਾਬਤਾ (ਸੀਆਰਪੀਸੀ) ਦੀ ਧਾਰਾ 125 ਦੇ ਅਧੀਨ ਵੀ ਆਉਂਦਾ ਹੈ।
19 ਸਾਲਾ ਰਾਣੀ ਤਿੰਨ ਸਾਲ ਦੇ ਬੱਚੇ ਦੀ ਮਾਂ ਹੈ ਅਤੇ ਦੂਜੀ ਵਾਰ ਗਰਭਵਤੀ ਹੈ। ਉਸ ਨੂੰ ਵੀ ਉਸ ਦੇ ਪਤੀ ਨੇ ਛੱਡ ਦਿੱਤਾ ਹੈ। ਪਰ ਇਸ ਤੋਂ ਪਹਿਲਾਂ ਉਸ ਨੂੰ ਆਪਣੇ ਪਤੀ ਤੋਂ ਗਾਲ਼ੀ-ਗਲੌਚ ਅਤੇ ਸਰੀਰਕ ਹਿੰਸਾ ਦਾ ਸਾਹਮਣਾ ਕਰਨਾ ਪਿਆ ਸੀ। "ਉਹ ਹਰ ਰੋਜ਼ ਸ਼ਰਾਬ ਪੀ ਕੇ ਆਉਂਦਾ ਅਤੇ ' ਗੰਦੀ ਔਰਤ , ਰੰਡੀ ਹੈ ' ਕਹਿ ਲੜਨਾ ਸ਼ੁਰੂ ਕਰ ਦਿੰਦਾ ਸੀ," ਉਹ ਕਹਿੰਦੀ ਹੈ।
ਉਸਨੇ ਇਸ ਸਬੰਧ ਵਿੱਚ ਪੁਲਿਸ ਕੋਲ਼ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪਰ ਉਹੀ ਬੰਜਾਡੀਆ ਸਮੂਹ ਅੱਗੇ ਆਇਆ ਤੇ ਵਿੱਚ ਪੈ ਕੇ ਗੱਲ ਤੋਰੀ। 50 ਰੁਪਏ ਦੇ ਹਲਫ਼ਮਾਨੇ ਵਿੱਚ ਲੜਕੇ ਦੇ ਪਰਿਵਾਰ ਨੇ ਲਿਖਿਆ ਕਿ ਉਹ ਅੱਗੇ ਤੋਂ ਚੰਗੀ ਤਰ੍ਹਾਂ ਪੇਸ਼ ਆਵੇਗਾ ਅਤੇ ਇਸ ਦੇ ਨਾਲ਼ ਹੀ ਲੜਕੀ ਪੱਖ ਨੇ ਸ਼ਿਕਾਇਤ ਵਾਪਸ ਲੈ ਲਈ। ਪਰ ਇੱਕ ਮਹੀਨੇ ਬਾਅਦ, ਉਹੀ ਨਰਕ ਦੁਬਾਰਾ ਸ਼ੁਰੂ ਹੋਇਆ ਤੇ ਬੰਜਾਡੀਆ ਸਮੂਹ ਆਪਣੀਆਂ ਅੱਖਾਂ ਬੰਦ ਕਰੀ ਬੈਠਾ ਰਿਹਾ ਜਿਵੇਂ ਕਿ ਉਨ੍ਹਾਂ ਦਾ ਇਸ ਨਾਲ਼ ਕੋਈ ਲੈਣਾ ਦੇਣਾ ਨਾ ਹੋਵੇ। "ਮੈਂ ਪੁਲਿਸ ਕੋਲ਼ ਗਈ ਪਰ ਕਿਉਂਕਿ ਮੈਂ ਪਹਿਲੀ ਸ਼ਿਕਾਇਤ ਵਾਪਸ ਲੈ ਲਈ ਸੀ, ਸੋ ਕੋਈ ਸਬੂਤ ਬਾਕੀ ਨਾ ਰਿਹਾ," ਰਾਣੀ ਕਹਿੰਦੀ ਹੈ। ਰਾਣੀ, ਜੋ ਕਦੇ ਸਕੂਲ ਦੀ ਪੌੜੀ ਤੱਕ ਨਾ ਚੜ੍ਹੀ, ਹੁਣ ਕਾਨੂੰਨ ਦੇ ਪੇਚੇ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ। ਅਨੁਸੂਚਿਤ ਕਬੀਲਾ ਅੰਕੜਾ ਪ੍ਰੋਫਾਈਲ, 2013 ਦੇ ਅਨੁਸਾਰ, ਭੀਲ ਔਰਤਾਂ ਦੀ ਸਾਖਰਤਾ ਦਰ 31 ਪ੍ਰਤੀਸ਼ਤ ਹੈ।
ਆਜੀਵਿਕਾ ਬਿਊਰੋ ਦਫ਼ਤਰ ਵਿੱਚ, ਟੀਮ ਦੇ ਮੈਂਬਰ ਦਿਆ, ਸੀਮਾ ਅਤੇ ਰਾਣੀ ਵਰਗੀਆਂ ਔਰਤਾਂ ਨੂੰ ਕਾਨੂੰਨ ਸਮੇਤ ਹੋਰ ਵਿਆਪਕ ਸਹਾਇਤਾ ਪ੍ਰਦਾਨ ਕਰਦੇ ਹਨ। ਉਸਨੇ ਔਰਤਾਂ ਨੂੰ ਹੈਲਪਲਾਈਨਾਂ, ਹਸਪਤਾਲਾਂ, ਲੇਬਰ ਕਾਰਡਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਸੂਚਿਤ ਕਰਨ ਲਈ ਫੋਟੋਆਂ ਅਤੇ ਗ੍ਰਾਫਿਕਸ ਮੀਡੀਆ ਦੀ ਵਰਤੋਂ ਕਰਦਿਆਂ "ਸ਼੍ਰਮਿਕ ਮਹਿਲਾਓਂ ਕਾ ਸੁਰੱਕਸ਼ਤ ਪ੍ਰਵਾਸ (ਮਹਿਲਾ ਮਜ਼ਦੂਰਾਂ ਲਈ ਸੁਰੱਖਿਅਤ ਪ੍ਰਵਾਸ)" ਸਿਰਲੇਖ ਨਾਲ਼ ਇੱਕ ਕਿਤਾਬਚਾ ਵੀ ਛਾਪਿਆ ਹੈ। ਪਰ ਪੀੜਤਾਂ ਲਈ, ਇਹ ਪ੍ਰਵਾਸ ਪੁਲਿਸ ਸਟੇਸ਼ਨ, ਅਕਸਰ ਅਦਾਲਤ ਜਾਣ ਵਾਲ਼ੇ ਸਥਾਨਾਂ ਅਤੇ ਕਦੇ ਨਾ ਖ਼ਤਮ ਹੋਣ ਵਾਲ਼ੇ ਸੰਘਰਸ਼ ਦਾ ਹਿੱਸਾ ਰਿਹਾ ਹੈ। ਕਿਉਂਕਿ ਇਨ੍ਹਾਂ ਔਰਤਾਂ 'ਤੇ ਛੋਟੇ ਬੱਚਿਆਂ ਦੀ ਵਾਧੂ ਜ਼ਿੰਮੇਵਾਰੀ ਵੀ ਹੈ, ਇਸ ਲਈ ਉਹ ਪਰਵਾਸ ਨਹੀਂ ਕਰ ਸਕਦੀਆਂ।
ਟੀਨਾ ਇਨ੍ਹਾਂ ਮਾਮਲਿਆਂ ਨੂੰ ਨਾ ਸਿਰਫ਼ ਲਿੰਗ ਸੰਬੰਧੀ ਹਿੰਸਾ ਵਜੋਂ ਦੇਖਦੀ ਹਨ, ਬਲਕਿ ਜਵਾਨ ਕੁੜੀਆਂ ਦੀ ਤਸਕਰੀ ਵਜੋਂ ਵੀ ਦੇਖਦੀ ਹਨ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਮਾਮਲੇ ਵੀ ਦੇਖੇ ਹਨ, ਜਿੱਥੇ ਕੁੜੀਆਂ ਨੂੰ ਭੱਜਣ ਦਾ ਲਾਲਚ ਦਿੱਤਾ ਗਿਆ ਸੀ। ਅਜਿਹੇ ਮਾਮਲੇ ਵੀ ਹਨ ਜਿੱਥੇ ਬਾਅਦ ਵਿੱਚ ਉਨ੍ਹਾਂ ਨੂੰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਸੌਂਪ ਦਿੱਤਾ ਗਿਆ। ਮੇਰਾ ਮੰਨਣਾ ਹੈ ਕਿ ਅਜਿਹੇ ਰਿਸ਼ਤੇ ਦਰਅਸਲ ਤਸਕਰੀ ਦਾ ਹੀ ਪਹਿਲੂ ਹਨ। ਜੇ ਤੁਸੀਂ ਇਸ ਨੂੰ ਸਪੱਸ਼ਟ ਤੌਰ 'ਤੇ ਵੇਖਦੇ ਹੋ, ਤਾਂ ਇਹ ਕੁੜੀਆਂ ਦੀ ਤਸਕਰੀ ਤੋਂ ਇਲਾਵਾ ਕੁਝ ਨਹੀਂ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇਹ ਦਿਨੋ-ਦਿਨ ਵਧਦੀ ਜਾ ਰਹੀ ਹੈ," ਉਹ ਕਹਿੰਦੀ ਹਨ।
*****
ਅਹਿਮਦਾਬਾਦ ਅਤੇ ਸੂਰਤ ਵਿੱਚ ਅਗਵਾ ਤੋਂ ਬਾਅਦ, ਦਿਆ ਨੂੰ ਕੰਮ 'ਤੇ ਰੱਖਿਆ ਗਿਆ ਸੀ। ਉਸਨੇ ਰਵੀ ਨਾਲ਼ ਰੋਕੜੀ (ਲੇਬਰ ਮੰਡੀਆਂ ਵਿੱਚ ਖੜ੍ਹੇ ਮਜ਼ਦੂਰਾਂ ਨੂੰ ਠੇਕੇਦਾਰ ਵੱਲੋਂ 350-400 ਰੁਪਏ ਦੀ ਦਿਹਾੜੀ 'ਤੇ ਕੰਮ ਦੇਣਾ) ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ, ਉਹ ਫੁੱਟਪਾਥ 'ਤੇ ਤੰਬੂਆਂ ਵਿੱਚ ਰਹਿੰਦੇ ਸਨ। ਫਿਰ ਰਵੀ ਨੂੰ ਕਾਇਮ (ਸਥਾਈ ਨੌਕਰੀ) ਮਿਲ਼ ਗਈ ਇਸਦਾ ਮਤਲਬ ਇਹ ਸੀ ਕਿ ਉਸਨੂੰ ਇੱਕ ਉਸਾਰੀ ਵਾਲ਼ੀ ਥਾਂ 'ਤੇ ਇੱਕ ਮਹੀਨੇ ਦੀ ਤਨਖਾਹ ਵਾਲ਼ੀ ਨੌਕਰੀ ਅਤੇ ਇੱਕ ਅਰਧ-ਉਸਾਰੀ ਇਮਾਰਤ ਵਿੱਚ ਰਹਿਣ ਲਈ ਜਗ੍ਹਾ ਮਿਲੀ।
"ਇੱਕ ਦਿਨ ਲਈ ਵੀ ਮੇਰੀ ਕਮਾਈ ਮੇਰੇ ਹੱਥ ਨਾ ਆਈ। ਉਹ ਸਭ ਕੁਝ ਆਪਣੇ ਕੋਲ਼ ਰੱਖ ਲੈਂਦਾ ਸੀ," ਦਿਆ ਕਹਿੰਦੀ ਹੈ। ਸਾਰਾ ਦਿਨ ਅਣਥੱਕ ਮਿਹਨਤ ਕਰਨ ਤੋਂ ਬਾਅਦ, ਉਹ ਘਰ ਵਿੱਚ ਖਾਣਾ ਪਕਾਉਂਦੀ, ਸਾਫ਼-ਸਫ਼ਾਈ ਕਰਦੀ, ਕੱਪੜੇ ਧੋਂਦੀ ਅਤੇ ਘਰ ਦੇ ਹੋਰ ਸਾਰੇ ਕੰਮ ਕਰਦੀ। ਕਈ ਵਾਰ ਹੋਰ ਮਜ਼ਦੂਰ ਔਰਤਾਂ ਉਸ ਨਾਲ਼ ਗੱਲ ਕਰਨ ਆਉਂਦੀਆਂ ਸਨ ਪਰ ਰਵੀ ਬਾਜ਼ ਦੀ ਅੱਖ ਵਾਂਗ ਨਿਗਰਾਨੀ ਕਰਦਾ ਰਹਿੰਦਾ।
"ਤਿੰਨ ਵਾਰ, ਮੇਰੇ ਪਿਤਾ ਨੇ ਕਿਸੇ ਦੇ ਹੱਥ ਮੇਰੇ ਲਈ ਪੈਸੇ ਭੇਜੇ ਤੇ ਰਵੀ ਨੂੰ ਛੱਡਣ ਨੂੰ ਕਿਹਾ। ਪਰ ਜਿਓਂ ਹੀ ਮੈਂ ਕਿਤੇ ਬਾਹਰ ਜਾਣ ਦੀ ਕੋਸ਼ਿਸ਼ ਕਰਦੀ, ਕੋਈ ਮੈਨੂੰ ਦੇਖ ਲੈਂਦਾ ਅਤੇ ਉਸਨੂੰ (ਰਵੀ) ਦੱਸ ਦਿੰਦਾ। ਫਿਰ ਉਹ ਮੈਨੂੰ ਕਿਤੇ ਵੀ ਜਾਣ ਨਾ ਦਿੰਦਾ। ਉਸ ਦਿਨ ਵੀ, ਮੈਂ ਕਿਸੇ ਤਰ੍ਹਾਂ ਬੱਸ ਵਿੱਚ ਚੜ੍ਹਨ ਵਿੱਚ ਕਾਮਯਾਬ ਹੋ ਗਈ। ਪਰ ਕਿਸੇ ਨੇ ਉਸ ਨੂੰ ਸੂਹ ਦੇ ਦਿੱਤੀ ਤੇ ਉਹ ਮੇਰੇ ਮਗਰ ਆ ਗਿਆ," ਦਿਆ ਕਹਿੰਦੀ ਹਨ।
ਇੱਕੋ ਇੱਕ ਭਾਸ਼ਾ ਜੋ ਦਿਆ ਬੋਲ ਸਕਦੀ ਸੀ ਉਹ ਵਾਂਗੜੀ ਦੀ ਇੱਕ ਉਪਭਾਸ਼ਾ ਸੀ। ਉਹ ਥੋੜ੍ਹੀ ਜਿਹੀ ਹਿੰਦੀ ਸਮਝਦੀ ਸੀ। ਨਤੀਜੇ ਵਜੋਂ, ਉਹ ਗੁਜਰਾਤ ਵਿਖੇ ਰਵੀ ਦੇ ਤਸ਼ੱਦਦ ਤੋਂ ਬਚਣ ਲਈ ਸਰਕਾਰ ਜਾਂ ਗੁਜਰਾਤ ਰਾਜ ਦੀ ਮਦਦ ਨਾ ਲੈ ਸਕੀ। ਸਥਾਨਕ ਭਾਸ਼ਾ ਨਾ ਬੋਲ ਸਕਣਾ ਉਸਦੀ ਜ਼ਿੰਦਗੀ ਵਿੱਚ ਅੜਿਕਾ ਬਣ ਕੇ ਸਾਹਮਣੇ ਆਈ।
ਰਵੀ ਨੇ ਜਦੋਂ ਦਿਆ ਨੂੰ ਜ਼ਬਰਦਸਤੀ ਬੱਸ ਤੋਂ ਬਾਹਰ ਖਿੱਚਿਆ ਸੀ, ਉਸ ਦੇ ਚਾਰ ਮਹੀਨੇ ਬਾਅਦ, ਦਿਆ ਗਰਭਵਤੀ ਹੋ ਗਈ। ਪਰ ਇਹ ਉਸ ਦੀ ਸਹਿਮਤੀ ਨਾਲ਼ ਨਹੀਂ ਹੋਇਆ ਸੀ।
ਕੁੱਟਮਾਰ ਘੱਟ ਜ਼ਰੂਰ ਗਈ ਪਰ ਪੂਰੀ ਤਰ੍ਹਾਂ ਰੁਕੀ ਵੀ ਨਾ।
ਅੱਠਵੇਂ ਮਹੀਨੇ ਰਵੀ, ਦਿਆ ਨੂੰ ਉਹਦੇ ਪੇਕੇ ਘਰ ਲੈ ਆਇਆ। ਉਸ ਨੂੰ ਡਿਲੀਵਰੀ ਲਈ ਝਾਲੋਦ ਦੇ ਇੱਕ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉੱਥੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉੱਥੇ ਹੀ ਬੱਚੇ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਬੱਚਾ 12 ਦਿਨਾਂ ਤੋਂ ਆਈਸੀਯੂ ਵਾਰਡ ਵਿੱਚ ਸੀ। ਨਤੀਜੇ ਵਜੋਂ, ਉਹ ਬੱਚੇ ਨੂੰ ਦੁੱਧ ਨਾ ਚੁੰਘਾ ਸਕੀ ਤੇ ਉਸ ਦਾ ਦੁੱਧ ਵੀ ਸੁੱਕ ਗਿਆ।
ਉਸ ਸਮੇਂ ਤੱਕ ਦਿਆ ਦੇ ਪਰਿਵਾਰ ਵਿੱਚ ਕਿਸੇ ਨੂੰ ਵੀ ਰਵੀ ਦੇ ਹਿੰਸਕ ਰੁਝਾਨਾਂ ਬਾਰੇ ਪਤਾ ਨਹੀਂ ਸੀ। ਕੁਝ ਦੇਰ ਆਪਣੇ ਨਾਲ਼ ਰੱਖਣ ਤੋਂ ਬਾਅਦ, ਮਾਪੇ ਉਸ ਨੂੰ ਰਵੀ ਕੋਲ਼ ਭੇਜਣ ਲਈ ਉਤਸੁਕ ਸਨ ਕਿਉਂਕਿ ਪ੍ਰਵਾਸੀ ਮਾਵਾਂ ਆਪਣੇ ਛੋਟੇ ਬੱਚਿਆਂ ਨੂੰ ਆਪਣੇ ਨਾਲ਼ ਲੈ ਜਾਂਦੀਆਂ ਹਨ। ਕਮਲਾ ਦੱਸਦੀ ਹਨ,''ਇੱਕ ਵਿਆਹੁਤਾ ਔਰਤ ਲਈ, ਸਹਾਰਾ ਦਾ ਮਤਲਬ ਹੈ ਉਸਦਾ ਪਤੀ। ਉਹ ਇਕੱਠੇ ਰਹਿਣਗੇ ਤੇ ਕੰਮ ਕਰਨਗੇ।'' ਪੇਕੇ ਘਰ ਰਹਿਣ ਕਾਰਨ ਦਿਆ ਦੇ ਉਹਦਾ ਪੁੱਤਰ ਪਰਿਵਾਰ ਲਈ ਆਰਥਿਕ ਬੋਝ ਸਨ।
ਇਸ ਦੌਰਾਨ ਰਵੀ ਨੇ ਫ਼ੋਨ 'ਤੇ ਗਾਲ਼ੀ-ਗਲੌਚ ਸ਼ੁਰੂ ਕਰ ਦਿੱਤਾ। ਜੇ ਦਿਆ ਬੱਚੇ ਦੇ ਇਲਾਜ ਲਈ ਪੈਸੇ ਮੰਗਦੀ ਤਾਂ ਉਹ ਮਨ੍ਹਾ ਕਰਦਾ ਸੀ। ਪੇਕੇ ਘਰ ਹੋਣ ਕਰਕੇ, ਦਿਆ ਨੇ ਕੁਝ ਹਿੰਮਤ ਦਿਖਾਈ ਅਤੇ ਇਹ ਕਹਿੰਦਿਆਂ ਆਪਣੀ ਆਜ਼ਾਦੀ ਦਾ ਪ੍ਰਦਰਸ਼ਨ ਕੀਤਾ, "ਠੀਕ ਹੈ, ਫਿਰ ਮੈਂ ਆਪਣੇ ਪਿਤਾ ਨੂੰ ਪੁੱਛਾਂਗੀ। ਬਹੁਤ ਝਗੜਾ ਕਰਤੇ ਥੇ ,'' ਕਮਲਾ ਚੇਤੇ ਕਰਦੀ ਹਨ।
ਇੰਝ ਹੀ ਇੱਕ ਦਿਨ ਲੜਦਿਆਂ, ਰਵੀ ਨੇ ਕਹਿ ਦਿੱਤਾ ਕਿ ਉਹ ਕਿਸੇ ਹੋਰ ਔਰਤ ਨਾਲ਼ ਵਿਆਹ ਕਰੇਗਾ। ਅੱਗਿਓਂ ਦਿਆ ਨੇ ਜਵਾਬ ਦਿੱਤਾ, "ਜੇ ਤੂੰ ਇੰਝ ਕੀਤਾ ਤਾਂ ਮੈਂ ਵੀ ਕਰ ਸਕਦੀ ਹਾਂ।'' ਤੇ ਰਵੀ ਨੇ ਫ਼ੋਨ ਕੱਟ ਦਿੱਤਾ।
ਕੁਝ ਘੰਟਿਆਂ ਬਾਅਦ, ਰਵੀ, ਜੋ ਗੁਆਂਢੀ ਤਾਲੁਕਾ ਵਿਖੇ ਪੈਂਦੇ ਆਪਣੇ ਘਰ ਵਿੱਚ ਸੀ, ਪੰਜ ਹੋਰ ਆਦਮੀਆਂ ਨਾਲ਼ ਦਿਆ ਦੇ ਘਰ ਪਹੁੰਚਿਆ। ਉਹ ਤਿੰਨ ਮੋਟਰਸਾਈਕਲਾਂ 'ਤੇ ਆਏ ਸਨ। ਉਹ ਦਿਆ ਨੂੰ ਆਪਣੇ ਨਾਲ਼ ਆਉਣ ਦਾ ਦਬਾਅ ਪਾਉਣ ਲੱਗਿਆ, ਇਹ ਕਹਿੰਦਿਆਂ ਕਿ ਉਹ ਹੁਣ ਤੋਂ ਠੀਕ ਹੋ ਜਾਵੇਗਾ ਤੇ ਉਸਦੇ ਨਾਲ਼ ਸੂਰਤ ਵਿਖੇ ਰਹੇਗਾ।
"ਉਹ ਮੈਨੂੰ ਆਪਣੇ ਘਰ ਲੈ ਗਿਆ। ਮੇਰੇ ਬੱਚੇ ਨੂੰ ਇੱਕ ਮੰਜੀ 'ਤੇ ਲਿਟਾ ਦਿੱਤਾ ਗਿਆ। ਮੇਰੇ ਘਰਵਾਲੇ ਨੇ ਮੈਨੂੰ ਥੱਪੜ ਮਾਰਿਆ ਤੇ ਵਾਲ਼ਾਂ ਤੋਂ ਫੜ੍ਹ ਖਿੱਚਦਾ ਹੋਇਆ ਦੂਜੇ ਕਮਰੇ ਵਿੱਚ ਲੈ ਗਿਆ ਤੇ ਬੂਹਾ ਬੰਦ ਕਰ ਦਿੱਤਾ। ਉਸਦੇ ਭਰਾ ਤੇ ਉਨ੍ਹਾਂ ਦੇ ਦੋਸਤ ਵੀ ਕਮਰੇ ਵਿੱਚ ਆਏ। ਗਲਾ ਦਬਾਇਆ ਤੇ ਹੋਰਨਾਂ ਨੇ ਮੇਰਾ ਹੱਥ ਫੜ੍ਹੇ ਤੇ ਉਹਦੇ ਦੂਜੇ ਵਿੱਚ ਬਲੇਡ ਸੀ ਤੇ ਉਹਨੇ ਮੇਰਾ ਸਿਰ ਮੁੰਨ ਦਿੱਤਾ," ਦਿਆ ਯਾਦ ਕਰਦੀ ਹੈ।
ਇਹ ਘਟਨਾ ਦਿਆ ਦੀ ਯਾਦ ਵਿੱਚ ਇੱਕ ਡੂੰਘੇ ਦਰਦ ਵਜੋਂ ਲਿਖੀ ਹੋਈ ਹੈ। "ਮੈਨੂੰ ਥੰਬਾ [ਲੱਕੜ ਦੇ ਖੰਭੇ] ਵੱਲ ਨਪੀੜਨ ਦੀ ਕੋਸ਼ਿਸ਼ ਹੋਈ। ਮੈਂ ਚੀਕੀ ਅਤੇ ਉੱਚੀ-ਉੱਚੀ ਕੁਰਲਾਉਂਦੀ ਰਹੀ, ਪਰ ਕੋਈ ਨਹੀਂ ਆਇਆ।" ਫਿਰ ਬਾਕੀ ਲੋਕ ਕਮਰੇ ਤੋਂ ਬਾਹਰ ਆਏ ਅਤੇ ਦਰਵਾਜ਼ਾ ਬੰਦ ਕਰ ਦਿੱਤਾ। "ਉਸਨੇ ਮੇਰੇ ਕੱਪੜੇ ਉਤਾਰ ਦਿੱਤੇ ਅਤੇ ਮੇਰੇ ਨਾਲ਼ ਬਲਾਤਕਾਰ ਕੀਤਾ। ਉਸ ਦੇ ਜਾਣ ਤੋਂ ਬਾਅਦ, ਬਾਕੀ ਤਿੰਨੋਂ ਵੀ ਅੰਦਰ ਆਏ ਤੇ ਵਾਰੀ ਸਿਰ ਮੇਰੇ ਨਾਲ਼ ਬਲਾਤਕਾਰ ਕਰਨ ਲੱਗੇ। ਮੈਨੂੰ ਸਿਰਫ਼ ਇੰਨਾ ਹੀ ਯਾਦ ਹੈ, ਕਿਉਂਕਿ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਈ।''
ਕਮਰੇ ਦੇ ਬਾਹਰ ਉਸ ਦੇ ਬੇਟੇ ਨੇ ਰੋਣਾ ਸ਼ੁਰੂ ਕੀਤਾ। "ਮੇਰੇ ਘਰਵਾਲ਼ੇ ਨੇ ਮੇਰੀ ਮਾਂ ਨੂੰ ਫ਼ੋਨ ਕੀਤਾ ਅਤੇ ਕਿਹਾ, 'ਉਹ ਨਹੀਂ ਆ ਰਹੀ। ਅਸੀਂ ਆਵਾਂਗੇ ਅਤੇ ਬੱਚੇ ਨੂੰ ਤੁਹਾਡੇ ਕੋਲ਼ ਛੱਡ ਦੇਵਾਂਗੇ।' ਮੇਰੀ ਮਾਂ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਖ਼ੁਦ ਉੱਥੇ ਆਵੇਗੀ।''
ਜਦੋਂ ਕਮਲਾ ਉਸ ਦਿਨ ਉੱਥੇ ਪਹੁੰਚੀ ਤਾਂ ਰਵੀ ਨੇ ਉਸ ਨੂੰ ਬੱਚੇ ਨੂੰ ਲੈ ਜਾਣ ਲਈ ਕਿਹਾ। "ਮੈਂ ਕਿਹਾ 'ਨਹੀਂ'। ਮੈਂ ਕਿਹਾ ਮੈਂ ਆਪਣੀ ਧੀ ਨੂੰ ਮਿਲ਼ਣਾ ਚਾਹੁੰਦੀ ਹਾਂ।" ਦਿਆ, ਜਿਸ ਦਾ ਸਿਰ ਮੁੰਨਿਆ ਹੋਇਆ ਸੀ "ਜਿਵੇਂ ਅੰਤਿਮ ਸੰਸਕਾਰ ਲਈ ਤਿਆਰ ਹੋਵੇ", ਕੰਬਦੀ ਹੋਈ ਉਸ ਦੇ ਸਾਹਮਣੇ ਆਣ ਖੜ੍ਹੀ। "ਮੈਂ ਆਪਣੇ ਪਤੀ ਨੂੰ ਬੁਲਾਇਆ। ਮੈਂ ਮੁਖੀਆ ਅਤੇ ਸਰਪੰਚ ਨੂੰ ਵੀ ਬੁਲਾਇਆ ਤੇ ਉਨ੍ਹਾਂ ਨੇ ਇਹਦੀ ਖ਼ਬਰ ਪੁਲਿਸ ਨੂੰ ਦਿੱਤੀ," ਕਮਲਾ ਉਸ ਦਿਨ ਨੂੰ ਯਾਦ ਕਰਦੀ ਹਨ।
ਜਦੋਂ ਤੱਕ ਪੁਲਿਸ ਪਹੁੰਚੀ, ਉਹ ਆਦਮੀ ਗਾਇਬ ਹੋ ਗਏ ਸਨ ਜਿਨ੍ਹਾਂ ਨੇ ਇਹ ਸਭ ਕੀਤਾ ਸੀ। ਦਿਆ ਨੂੰ ਹਸਪਤਾਲ ਲਿਜਾਇਆ ਗਿਆ। "ਮੇਰੇ ਸਰੀਰ 'ਤੇ ਕੱਟਣ ਦੇ ਨਿਸ਼ਾਨ ਸਨ, ਉਸ ਦਿਨ ਬਲਾਤਕਾਰ ਦਾ ਕੋਈ ਟੈਸਟ ਨਹੀਂ ਕੀਤਾ ਗਿਆ, ਮੇਰੇ ਜ਼ਖਮਾਂ ਦੀ ਕੋਈ ਫ਼ੋਟੋ ਵੀ ਨਾ ਲਈ ਗਈ," ਦਿਆ ਕਹਿੰਦੀ ਹੈ।
ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਐਕਟ , 2005 (9ਜੀ) ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਜੇ ਸਰੀਰਕ ਹਿੰਸਾ ਹੋਈ ਹੈ ਤਾਂ ਪੁਲਿਸ ਨੂੰ ਸਰੀਰਕ ਜਾਂਚ ਦਾ ਆਦੇਸ਼ ਦੇਣਾ ਚਾਹੀਦਾ ਹੈ। ਜਦੋਂ ਇਸ ਰਿਪੋਰਟਰ ਨੇ ਡੀਵਾਈ ਐੱਸਪੀ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਦਿਆ ਨੇ ਆਪਣਾ ਬਿਆਨ ਬਦਲ ਲਿਆ ਹੈ, ਉਸਨੇ ਬਲਾਤਕਾਰ ਬਾਰੇ ਨਹੀਂ ਦੱਸਿਆ ਸੀ ਅਤੇ ਇੰਝ ਜਾਪਦਾ ਸੀ ਜਿਵੇਂ ਕਿਸੇ ਨੇ ਉਸ ਨੂੰ ਬੇਹੱਦ ਤਸ਼ੱਦਦ ਦਿੱਤੇ ਹੋਣ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲਿਸ ਨੂੰ ਸਭ ਕੁਝ ਦੱਸ ਦਿੱਤਾ ਸੀ।
ਪਰ ਦਿਆ ਦਾ ਪਰਿਵਾਰ ਇਸ ਗੱਲ ਤੋਂ ਪੂਰੀ ਤਰ੍ਹਾਂ ਇਨਕਾਰ ਕਰਦਾ ਹੈ। ਦਿਆ ਕਹਿੰਦੀ ਹੈ, " ਆਧਾ ਆਧਾ ਲਿਖਾ ਔਰ ਆਧਾ ਆਧਾ ਛੋੜ ਦਿਆ। ਮੈਂ 2-3 ਦਿਨਾਂ ਬਾਅਦ ਅਦਾਲਤ ਵਿੱਚ ਫਾਈਲ ਪੜ੍ਹੀ ਅਤੇ ਵੇਖਿਆ ਇਸ ਵਿੱਚ ਇਹ ਜ਼ਿਕਰ ਨਹੀਂ ਕੀਤਾ ਗਿਆ ਸੀ ਕਿ ਮੇਰੇ ਨਾਲ਼ ਚਾਰ ਆਦਮੀਆਂ ਨੇ ਬਲਾਤਕਾਰ ਕੀਤਾ ਸੀ। ਮੈਂ ਉਨ੍ਹਾਂ ਦੇ ਨਾਂਵਾਂ ਦਾ ਜ਼ਿਕਰ ਕੀਤਾ ਸੀ ਪਰ ਇਸ ਵਿੱਚ ਕਿਤੇ ਕੋਈ ਜ਼ਿਕਰ ਨਹੀਂ ਸੀ।''
ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਨੂੰ ਦੁੱਗਣੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਠੇਕੇਦਾਰ ਸਿਰਫ਼ ਉਨ੍ਹਾਂ ਦੇ ਪਤੀਆਂ ਨਾਲ਼ ਹੀ ਲੈਣ-ਦੇਣ ਕਰਦੇ ਹਨ ਅਤੇ ਇਨ੍ਹਾਂ ਔਰਤਾਂ ਲਈ ਮਦਦ ਪ੍ਰਾਪਤ ਕਰਨਾ ਮੁਸ਼ਕਲ ਹੈ ਕਿਉਂਕਿ ਉਹ ਸਥਾਨਕ ਭਾਸ਼ਾ ਨਹੀਂ ਜਾਣਦੀਆਂ
ਦਿਆ ਵੱਲੋਂ ਪੁਲਿਸ ਨੂੰ ਦੱਸੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਵਿੱਚ ਰਵੀ ਅਤੇ ਉਸ ਦੇ ਪਰਿਵਾਰ ਦੇ ਹੋਰ ਮੈਂਬਰ ਨੂੰ ਵੀ ਸ਼ਾਮਲ ਹਨ। ਸਾਰੇ ਜ਼ਮਾਨਤ 'ਤੇ ਬਾਹਰ ਹਨ। ਦਿਆ ਨੂੰ ਰਵੀ ਦੇ ਦੋਸਤਾਂ ਤੇ ਪਰਿਵਾਰ ਵੱਲੋਂ ਜਾਨੋਂ ਮਾਰੇ ਜਾਣ ਦਾ ਖ਼ਤਰਾ ਹੈ।
ਸਾਲ 2024 ਦੀ ਸ਼ੁਰੂਆਤ 'ਚ ਇਸ ਰਿਪੋਰਟਰ ਨਾਲ਼ ਮੁਲਾਕਾਤ ਕਰਨ ਵਾਲ਼ੀ ਦਿਆ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਵਾਰ-ਵਾਰ ਥਾਣਿਆਂ ਅਤੇ ਅਦਾਲਤਾਂ 'ਚ ਜਾ ਕੇ ਬੀਤੀ ਹੈ। ਇਸ ਸਭ ਤੋਂ ਇਲਾਵਾ ਉਸ ਦੇ 10 ਮਹੀਨੇ ਦੇ ਬੱਚੇ ਨੂੰ ਮਿਰਗੀ ਹੈ ਅਤੇ ਉਸ ਨੂੰ ਇਸ ਦੀ ਅੱਡ ਤੋਂ ਦੇਖਭਾਲ਼ ਕਰਨੀ ਪੈਂਦੀ ਹੈ।
"ਕੁਸ਼ਲਗੜ੍ਹ ਜਾਣ ਵਾਲ਼ੀ ਬੱਸ ਦਾ ਇੱਕ ਪਾਸੇ ਕਿਰਾਇਆ 40 ਰੁਪਏ ਪ੍ਰਤੀ ਵਿਅਕਤੀ ਹੈ," ਦਿਆ ਦੇ ਪਿਤਾ ਕਿਸ਼ਨ ਕਹਿੰਦੇ ਹਨ। ਕਈ ਵਾਰ ਪਰਿਵਾਰ ਨੂੰ ਤੁਰੰਤ ਆਉਣ ਲਈ ਬੁਲਾਇਆ ਜਾਂਦਾ ਹੈ। ਅਜਿਹੇ ਮੌਕੇ ਉਨ੍ਹਾਂ ਨੂੰ ਆਪਣੇ ਘਰ ਤੋਂ 35 ਕਿਲੋਮੀਟਰ ਦੀ ਯਾਤਰਾ ਲਈ 2,000 ਰੁਪਏ ਦੀ ਨਿੱਜੀ ਵੈਨ ਕਿਰਾਏ 'ਤੇ ਲੈਣੀ ਪੈਂਦੀ ਹੈ।
ਖਰਚੇ ਵੱਧ ਰਹੇ ਹਨ ਅਤੇ ਕਿਸ਼ਨ ਨੇ ਪਰਵਾਸ ਕਰਨਾ ਬੰਦ ਕਰ ਦਿੱਤਾ ਹੈ। "ਇਸ ਕੇਸ ਦੇ ਖ਼ਤਮ ਹੋਇਆਂ ਬਗੈਰ ਮੈਂ ਪਰਵਾਸ ਕਿਵੇਂ ਕਰ ਸਕਦਾ ਹਾਂ? ਪਰ ਘਰ ਚਲਾਉਣ ਲਈ ਵੀ ਸਾਨੂੰ ਕੰਮ ਕਰਨਾ ਪਵੇਗਾ," ਉਹ ਕਹਿੰਦੇ ਹਨ। "ਬੰਜਾਡੀਆ ਗਰੁੱਪ ਨੇ ਮੈਨੂੰ 5 ਲੱਖ ਰੁਪਏ ਦੇਣ ਅਤੇ ਕੇਸ ਵਾਪਸ ਲੈਣ ਲਈ ਕਿਹਾ। ਸਰਪੰਚ ਨੇ ਮੈਨੂੰ 'ਪੈਸੇ ਲੈ ਲੈਣ' ਲਈ ਕਿਹਾ। ਪਰ ਮੈਂ ਨਾ ਮੰਨੀ! ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲ਼ਣ ਦਿਓ।''
ਆਪਣੇ ਘਰ ਦੇ ਕੱਚੇ ਫਰਸ਼ 'ਤੇ ਬੈਠੀ 19 ਸਾਲਾ ਦਿਆ ਨੂੰ ਉਮੀਦ ਹੈ ਕਿ ਦੋਸ਼ੀਆਂ ਨੂੰ ਸਜ਼ਾ ਮਿਲੇਗੀ। ਉਸ ਦੇ ਵਾਲ਼ ਹੁਣ ਇੱਕ ਇੰਚ ਲੰਬੇ ਹੋ ਗਏ ਹਨ। "ਉਨ੍ਹਾਂ ਨੇ ਉਹੀ ਕੀਤਾ ਜੋ ਉਹ ਮੇਰੇ ਨਾਲ਼ ਕਰਨਾ ਚਾਹੁੰਦੇ ਸਨ। ਡਰਨ ਦੀ ਕੀ ਗੱਲ ਹੈ? ਮੈਂ ਲੜਾਂਗੀ। ਉਸ ਨੂੰ ਆਪਣੇ ਗ਼ਲਤ ਕੰਮਾਂ ਦੇ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ, ਤਾਂ ਹੀ ਉਹ ਦੁਬਾਰਾ ਕਿਸੇ ਹੋਰ ਨਾਲ਼ ਇੰਝ ਕਰਨ ਤੋਂ ਪਹਿਲਾਂ ਡਰੇਗਾ।
ਉਹਦੀ ਅਵਾਜ਼ ਉੱਚੀ ਹੁੰਦੀ ਜਾਂਦੀ ਹੈ ਤੇ ਉਹ ਕਹਿੰਦੀ ਹੈ,"ਉਸ ਨੂੰ ਸਜ਼ਾ ਮਿਲ਼ਣੀ ਹੀ ਚਾਹੀਦੀ ਹੈ।''
ਇਹ ਕਹਾਣੀ ਭਾਰਤ ਵਿੱਚ ਜਿਣਸੀ ਅਤੇ ਲਿੰਗ-ਅਧਾਰਤ ਹਿੰਸਾ (ਐਸਜੀਬੀਵੀ) ਦੇ ਪੀੜਤਾਂ ਦੀ ਦੇਖਭਾਲ਼ ਲਈ ਸਮਾਜਿਕ , ਸੰਸਥਾਗਤ ਅਤੇ ਢਾਂਚਾਗਤ ਰੁਕਾਵਟਾਂ ' ਤੇ ਕੇਂਦ੍ਰਤ ਇੱਕ ਰਾਸ਼ਟਰਵਿਆਪੀ ਰਿਪੋਰਟਿੰਗ ਪ੍ਰੋਜੈਕਟ ਦਾ ਹਿੱਸਾ ਹੈ। ਇਹ ਡਾਕਟਰਜ਼ ਵਿਦਾਊਟ ਬਾਰਡਰਜ਼ ਇੰਡੀਆ ਦੁਆਰਾ ਸਹਾਇਤਾ ਪ੍ਰਾਪਤ ਪਹਿਲ ਦਾ ਹਿੱਸਾ ਹੈ।
ਪਛਾਣ ਨੂੰ ਗੁਪਤ ਰੱਖਣ ਦੇ ਉਦੇਸ਼ ਨਾਲ਼ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਬਦਲ ਦਿੱਤੇ ਗਏ ਹਨ।
ਪੰਜਾਬੀ ਤਰਜਮਾ: ਕਮਲਜੀਤ ਕੌਰ