ਹਰੇਸ਼ਵਰ ਦਾਸ ਕਹਿੰਦੇ ਹਨ,''ਜਦੋਂ ਪਾਣੀ ਚੜ੍ਹਦਾ ਏ ਤਾਂ ਸਾਡੀ ਰੂਹ ਤੱਕ ਕੰਬ ਜਾਂਦੀ ਏ।'' ਅਸਾਮ ਦੇ ਬਾਗਰੀਬਾੜੀ ਦੇ ਇਸ ਵਸਨੀਕ ਦੇ ਅਨੁਸਾਰ, ਪਿੰਡ ਵਾਸੀਆਂ ਨੂੰ ਮਾਨਸੂਨ ਦੇ ਮਹੀਨਿਆਂ ਦੌਰਾਨ ਹਮੇਸ਼ਾ ਚੌਕਸ ਰਹਿਣਾ ਪੈਂਦਾ ਹੈ, ਕਿਉਂਕਿ ਨੇੜੇ ਦੀ ਪੁਥੀਮਾਰੀ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਨਾਲ਼ ਉਨ੍ਹਾਂ ਦੇ ਘਰ ਅਤੇ ਫ਼ਸਲਾਂ ਤਬਾਹ ਹੋ ਸਕਦੀਆਂ ਹਨ।
ਉਨ੍ਹਾਂ ਦੀ ਪਤਨੀ ਸਾਬਿਤਰੀ ਦਾਸ ਕਹਿੰਦੀ ਹਨ, "ਸਾਨੂੰ ਆਪਣੇ ਕੱਪੜੇ ਪੈਕ ਕਰਨੇ ਪੈਂਦੇ ਹਨ ਅਤੇ ਮੀਂਹ ਪੈਣ ਦੀ ਸੂਰਤ ਵਿੱਚ ਤਿਆਰ ਰਹਿਣਾ ਪੈਂਦਾ ਹੈ। ਪਿਛਲੀ ਵਾਰ ਹੜ੍ਹਾਂ ਨੇ ਦੋਵੇਂ ਕੱਚੇ ਮਕਾਨਾਂ ਨੂੰ ਤਬਾਹ ਕਰ ਦਿੱਤਾ ਸੀ। ਬਾਂਸ ਅਤੇ ਮਿੱਟੀ ਦੀਆਂ ਕੰਧਾਂ ਦੁਬਾਰਾ ਖੜ੍ਹੀਆਂ ਕਰਨੀਆਂ ਪਈਆਂ।''
"ਮੈਂ [ਹੁਣ ਟੁੱਟੇ ਹੋਏ] ਟੀਵੀ ਨੂੰ ਇੱਕ ਬੋਰੀ ਵਿੱਚ ਪਾ ਕੇ ਛੱਤ 'ਤੇ ਰੱਖ ਦਿੱਤਾ," ਨੀਰਦਾ ਦਾਸ ਕਹਿੰਦੀ ਹਨ, ਜਿਨ੍ਹਾਂ ਦਾ ਟੀਵੀ ਸੈੱਟ ਪਿਛਲੇ ਹੜ੍ਹ ਨੇ ਤਬਾਹ ਕਰ ਦਿੱਤਾ ਸੀ।
16 ਜੂਨ, 2023 ਦੀ ਰਾਤ ਨੂੰ ਲਗਾਤਾਰ ਮੀਂਹ ਪੈ ਰਿਹਾ ਸੀ। ਪਿਛਲੇ ਸਾਲ ਢਹਿ ਜਾਣ ਵਾਲ਼ੇ ਬੰਨ੍ਹ ਦੇ ਨਾਲ਼-ਨਾਲ਼ ਰੇਤ ਦੀਆਂ ਬੋਰੀਆਂ ਲਗਾਈਆਂ ਗਈਆਂ। ਦੋ ਦਿਨ ਬੀਤ ਗਏ ਪਰ ਮੀਂਹ ਨੇ ਰੁਕਣ ਦਾ ਨਾਂਅ ਤੱਕ ਨਾ ਲਿਆ। ਬਾਗਰੀਬਾੜੀ ਅਤੇ ਇਸ ਦੇ ਗੁਆਂਢੀ ਪਿੰਡ ਢੇਪਰਗਾਓਂ, ਮਦੋਇਕਾਟਾ, ਨੀਸ ਕੌਰਬਾਹਾ, ਖੰਡੀਕਰ, ਬਿਹਾਪਾਰਾ ਅਤੇ ਲਾਹਾਪਾਰਾ ਦੇ ਲੋਕੀਂ ਡਰੇ ਹੋਏ ਸਨ ਕਿ ਕਿਤੇ ਬੰਨ੍ਹ ਦਾ ਸਭ ਤੋਂ ਕਮਜ਼ੋਰ ਹਿੱਸਾ ਦੁਬਾਰਾ ਨਾ ਟੁੱਟ ਜਾਵੇ।
ਖੁਸ਼ੀ ਦੀ ਗੱਲ ਇਹ ਰਹੀ ਕਿ ਚਾਰ ਦਿਨਾਂ ਬਾਅਦ ਮੀਂਹ ਮੱਠਾ ਪੈ ਗਿਆ ਅਤੇ ਪਾਣੀ ਵੀ ਘੱਟ ਗਿਆ।
"ਜਦੋਂ ਬੰਨ੍ਹ ਟੁੱਟਦਾ ਏ, ਤਾਂ ਇਓਂ ਲੱਗਦੈ ਜਿਵੇਂ ਪਾਣੀ ਦਾ ਬੰਬ ਹੀ ਡਿੱਗ ਗਿਆ ਹੋਵੇ," ਇੱਕ ਸਥਾਨਕ ਅਧਿਆਪਕ, ਹਰੇਸ਼ਵਰ ਦਾਸ ਕਹਿੰਦੇ ਹਨ। ''ਉਹ ਰਾਹ ਵਿੱਚ ਆਉਣ ਵਾਲ਼ੀ ਹਰ ਚੀਜ਼ ਨੂੰ ਤਬਾਹ ਕਰ ਦਿੰਦਾ ਏ," 85 ਸਾਲਾ ਹਰੇਸ਼ਵਰ ਕੇ.ਬੀ. ਦੇਉਲਕੁਚੀ ਉੱਚ ਸੈਕੰਡਰੀ ਸਕੂਲ ਵਿੱਚ ਅਸਾਮੀ ਪੜ੍ਹਾਉਂਦੇ ਸਨ।
ਉਨ੍ਹਾਂ ਦੀ ਇਸ ਗੱਲ ਵਿੱਚ ਦਮ ਹੈ ਕਿ 1965 ਵਿੱਚ ਬਣੇ ਬੰਨ੍ਹ ਨੇ ਅਸਲ ਵਿੱਚ ਫ਼ਾਇਦਾ ਘੱਟ ਨੁਕਸਾਨ ਵੱਧ ਕੀਤਾ ਹੈ ਅਤੇ "ਫ਼ਸਲਾਂ ਵਾਲ਼ੀਆਂ ਜ਼ਮੀਨਾਂ ਸਿੰਝਣ ਦੀ ਬਜਾਏ ਡੁਬੋ ਛੱਡੀਆਂ।''




















