ਫਾਹਮੀਦਾ ਬਾਨੋ ਨੂੰ ਨਿਯਮਤ ਆਕਾਰ ਦੀ ਪਸ਼ਮੀਨਾ ਸ਼ਾਲ ਲਈ ਲੋੜੀਂਦਾ ਧਾਗਾ ਕੱਤਣ ਵਿੱਚ ਇੱਕ ਮਹੀਨੇ ਦਾ ਸਮਾਂ ਲੱਗਦਾ ਹੈ । ਇੱਕ ਚਾਂਗਤੰਗੀ ਬੱਕਰੀ ਦੀ ਉੱਨ ਨੂੰ ਵੱਖ ਕਰਨਾ ਅਤੇ ਬੁਣਨਾ ਬਹੁਤ ਹੀ ਔਖ਼ਾ ਅਤੇ ਨਾਜ਼ੁਕ ਕੰਮ ਹੈ, ਇਹਦਾ ਤੰਦ ਬਹੁਤ ਹੀ ਮਹੀਨ ਹੁੰਦਾ ਹੈ। 50 ਸਾਲਾ ਇਸ ਕਾਰੀਗਰ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਮਹੀਨੇ ਭਰ ਦੀ ਮਿਹਨਤ ਬਦਲੇ ਕਰੀਬ 1,000 ਰੁਪਏ ਕਮਾਈ ਹੋਣ ਦੀ ਉਮੀਦ ਹੈ। ਉਹ ਕਹਿੰਦੀ ਹਨ, "ਜੇਕਰ ਮੈਂ ਦਿਨ ਭਰ ਲਗਾਤਾਰ ਕੰਮ ਕਰਦੀ ਰਹਾਂ ਤਾਂ ਵੀ ਮੈਂ ਦਿਹਾੜੀ ਦੇ 60 ਰੁਪਏ ਤੱਕ ਹੀ ਕਮਾ ਸਕਦੀ ਹਾਂ।''
ਇਹ ਰਕਮ ਉਸ ਕੀਮਤ ਦਾ ਇੱਕ ਮਾਮੂਲੀ ਜਿਹਾ ਹਿੱਸਾ ਹੈ ਜਿਸ ਕੀਮਤ 'ਤੇ ਇੱਕ ਸ਼ਾਲ ਵੇਚੀ ਜਾਂਦੀ ਹੈ, ਇੱਕ ਸ਼ਾਲ ਦੀ ਕੀਮਤ ਕੋਈ 8,000 ਰੁਪਏ ਤੋਂ 1,00,000 ਰੁਪਏ ਦੇ ਵਿਚਕਾਰ ਹੁੰਦੀ ਹੈ। ਇਹ ਕੀਮਤ ਹੱਥੀਂ ਕਢਾਈ ਦੇ ਕੰਮ ਅਤੇ ਬੁਣੇ ਹੋਏ ਪੈਟਰਨ ਦੀਆਂ ਪੇਚੀਦਗੀਆਂ 'ਤੇ ਨਿਰਭਰ ਕਰਦੀ ਹੈ।
ਰਵਾਇਤੀ ਤੌਰ 'ਤੇ, ਪਸ਼ਮੀਨਾ ਧਾਗੇ ਦੀ ਕਤਾਈ ਦਾ ਕੰਮ ਔਰਤਾਂ ਦੁਆਰਾ ਘਰੇਲੂ ਕੰਮਾਂ 'ਚੋਂ ਸਮਾਂ ਕੱਢ ਕੇ ਕੀਤਾ ਜਾਂਦਾ ਸੀ। ਫਾਹਮੀਦਾ ਵਰਗੇ ਕਾਰੀਗਰਾਂ ਨੂੰ ਹੋਣ ਵਾਲ਼ੀ ਇਸ ਨਿਗੂਣੀ ਕਮਾਈ ਕਾਰਨ ਹੀ ਨਵੇਂ ਲੋਕ ਇਸ ਕੰਮ ਵਿੱਚ ਆਉਣ ਤੋਂ ਝਿਜਕਦੇ ਹਨ।
ਸ਼੍ਰੀਨਗਰ ਦੀ ਰਹਿਣ ਵਾਲ਼ੀ ਫਿਰਦੌਸਾ ਵਿਆਹ ਤੋਂ ਪਹਿਲਾਂ ਉੱਨ ਕਤਾਈ ਦਾ ਕੰਮ ਕਰਿਆ ਕਰਦੀ ਸਨ। ਫਿਰ ਉਹ ਪਰਿਵਾਰ ਅਤੇ ਘਰ ਦੇ ਕੰਮਾਂ ਦੀ ਹੀ ਹੋ ਕੇ ਰਹਿ ਗਈ। ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਉਹ ਕਹਿੰਦੀ ਹਨ, "ਪਰਿਵਾਰ ਦੇ ਬਜ਼ੁਰਗ ਸਾਨੂੰ ਅਜਿਹੇ ਹੀ ਕੰਮਾਂ ਵਿੱਚ ਮਸ਼ਰੂਫ਼ ਰੱਖਿਆ ਕਰਦੇ ਤਾਂ ਜੋ ਸਾਡੇ ਦਿਮਾਗ਼ ਬੇਕਾਰ ਗੱਲਾਂ ਵਿੱਚ ਉਲਝਣ ਦੀ ਬਜਾਏ ਕੰਮ ਵਿੱਚ ਰੁੱਝੇ ਰਹਿਣ।'' ਅੱਜ ਉਨ੍ਹਾਂ ਦੀਆਂ ਗਭਰੇਟ ਦੋਵੇਂ ਧੀਆਂ ਸਪਿਨਿੰਗ ਦਾ ਕੰਮ ਨਹੀਂ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਕੋਲ਼ ਆਪਣੀ ਪੜ੍ਹਾਈ ਅਤੇ ਘਰੇਲੂ ਕੰਮਾਂ ਵਿਚਕਾਰ ਵਿਹਲਾ ਸਮਾਂ ਹੁੰਦਾ ਹੀ ਨਹੀਂ। ਨਾਲ਼ੇ ਇਸ ਕੰਮ ਤੋਂ ਕਮਾਈ ਵੀ ਤਾਂ ਬਹੁਤ ਮਾਮੂਲੀ ਹੁੰਦੀ ਹੈ।
ਇਹ ਕਹਿੰਦੇ ਹੋਏ ਕਿ ਸਪਿਨਿੰਗ ਕਸ਼ਮੀਰੀ ਸਭਿਆਚਾਰ ਦਾ ਇੱਕ ਹਿੱਸਾ ਹੈ, ਫਿਰਦੌਸਾ ਨੇ ਸਥਾਨਕ ਪਕਵਾਨ, ਨਾਦਰੂ (ਕਮਲ ਕਕੜੀ) ਅਤੇ ਸਪਿਨਿੰਗ ਦੇ ਵਿਚਕਾਰ ਸਬੰਧਾਂ ਦਾ ਹਵਾਲ਼ਾ ਦਿੱਤਾ: "ਅਤੀਤ ਵਿੱਚ, ਔਰਤਾਂ ਕਮਲ ਕਕੜੀ ਦੇ ਰੇਸ਼ੇ ਜਿੰਨੇ ਸੂਖ਼ਮ ਧਾਗੇ ਨੂੰ ਕੱਤਣ ਲਈ ਇੱਕ ਦੂਜੇ ਨਾਲ਼ ਮੁਕਾਬਲਾ ਕਰਦੀਆਂ ਸਨ।''
ਕੱਤਣ ਦੇ ਕੰਮ ਤੋਂ ਉਲਟ, ਪਸ਼ਮੀਨਾ ਦੀ ਬੁਣਾਈ ਦੇ ਕੰਮ ਵਿੱਚ ਵਧੇਰੇ ਕਮਾਈ ਹੁੰਦੀ ਹੈ ਅਤੇ ਇਹ ਕੰਮ ਉਹਨਾਂ ਪੁਰਸ਼ਾਂ ਦੁਆਰਾ ਕੀਤਾ ਜਾਂਦਾ ਹੈ ਜੋ ਵੱਧ ਤਨਖ਼ਾਹਾਂ ਵਾਲ਼ੇ ਹੋਰ ਕੰਮ ਵੀ ਕਰਦੇ ਹਨ। ਜੰਮੂ ਤੇ ਕਸ਼ਮੀਰ ਰਾਜ ਵੱਲੋਂ ਉਜਰਤਾਂ ਸਬੰਧੀ ਜਾਰੀ ਨੋਟੀਫ਼ਿਕੇਸ਼ਨ ਦੀ ਮੰਨੀਏ ਤਾਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਅੱਜ, ਕੋਈ ਵੀ ਗ਼ੈਰ-ਹੁਨਰਮੰਦ ਕਾਮਾ 311 ਰੁਪਏ ਦਿਹਾੜੀ, ਅਰਧ-ਹੁਨਰਮੰਦ ਕਾਮਾ 400 ਰੁਪਏ ਅਤੇ ਹੁਨਰਮੰਦ ਕਾਮਾ 480 ਰੁਪਏ ਦਿਹਾੜੀ ਦੀ ਉਮੀਦ ਕਰ ਸਕਦਾ ਹੈ।
ਇੱਕ ਆਮ ਆਕਾਰ ਦੀ ਸ਼ਾਲ ਵਿੱਚ 140 ਗ੍ਰਾਮ ਪਸ਼ਮੀਨਾ ਉੱਨ ਵਰਤੀ ਹੁੰਦੀ ਹੈ। ਆਮ ਤੌਰ 'ਤੇ ਫਾਹਮੀਦਾ ਨੂੰ ਚਾਂਗਤੰਗੀ ਬੱਕਰੀ (ਕੈਪਰਾ ਹੀਰੇਕਸ) ਦੀ 10 ਗ੍ਰਾਮ ਕੱਚੀ ਪਸ਼ਮੀਨਾ ਉੱਨ ਨੂੰ ਕੱਤਣ ਦਾ ਕੰਮ ਪੂਰਾ ਕਰਨ ਲਈ ਦੋ ਦਿਨ ਲੱਗਦੇ ਹਨ, ਜੋ (ਨਸਲ) ਉੱਚੀ ਉਚਾਈ ਵਾਲੇ ਖੇਤਰਾਂ ਵਿੱਚ ਰਹਿੰਦੀ ਹੈ।
ਫਾਹਮੀਦਾ ਨੇ ਪਸ਼ਮੀਨਾ ਦੀ ਇਹ ਕਤਾਈ ਕਲਾ ਆਪਣੀ ਸੱਸ ਖਟੀਜਾ ਤੋਂ ਸਿੱਖੀ। ਇਹ ਔਰਤਾਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਕੋਹ-ਏ-ਮਾਰਨ 'ਚ ਆਪਣੇ ਪਰਿਵਾਰਾਂ ਨਾਲ਼ ਇੱਕ ਮੰਜ਼ਿਲਾ ਮਕਾਨ 'ਚ ਰਹਿੰਦੀਆਂ ਹਨ।
ਖਟੀਜਾ ਆਪਣੇ ਘਰ ਵਿੱਚ 10×10 ਫੁੱਟ ਦੇ ਕਮਰੇ ਵਿੱਚ ਆਪਣੇ ਯਿੰਦਰ (ਚਰਖੇ) 'ਤੇ ਕੰਮ ਕਰਦੀ ਹਨ। ਇੱਕ ਕਮਰੇ ਨੂੰ ਰਸੋਈ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਅਤੇ ਦੂਜਾ ਪਸ਼ਮੀਨਾ ਬੁਣਾਈ ਦਾ ਕੰਮ ਕਰਨ ਵਾਲ਼ਾ ਕਮਰਾ ਹੈ, ਜਿੱਥੇ ਪਰਿਵਾਰ ਦੇ ਮਰਦ ਮੈਂਬਰ ਕੰਮ ਕਰਦੇ ਹਨ; ਬਾਕੀ ਬੈੱਡਰੂਮ ਹਨ।
70 ਸਾਲਾ ਇਸ ਤਜ਼ਰਬੇਕਾਰ ਬਜ਼ੁਰਗ ਕਾਰੀਗਰ ਨੇ ਕੁਝ ਦਿਨ ਪਹਿਲਾਂ 10 ਗ੍ਰਾਮ ਪਸ਼ਮੀਨਾ ਉੱਨ ਖਰੀਦੀ ਸੀ। ਪਰ ਅਜੇ ਤੱਕ ਉਹ ਧਾਗੇ ਦੀ ਸੁਧਾਈ ਦਾ ਕੰਮ ਨਹੀਂ ਕਰ ਸਕੀ ਕਿਉਂਕਿ ਉਹ ਕਮਜ਼ੋਰ ਨਜ਼ਰ ਤੋਂ ਪੀੜਤ ਹਨ। ਉਨ੍ਹਾਂ ਨੇ 10 ਕੁ ਸਾਲ ਪਹਿਲਾਂ ਆਪਣਾ ਮੋਤੀਆ ਬਿੰਦ ਕਢਵਾਇਆ ਸੀ ਅਤੇ ਉਨ੍ਹਾਂ ਨੂੰ ਬਾਰੀਕ ਕਤਾਈ 'ਤੇ ਨੀਝ ਲਾਉਣੀ ਮੁਸ਼ਕਲ ਲੱਗਦੀ ਹੈ।
ਫਾਹਮੀਦਾ, ਖਟੀਜਾ ਵਰਗੀਆਂ ਧਾਗੇ ਦੀਆਂ ਮਹਿਲਾ ਕਾਰੀਗਰ ਪਸ਼ਮੀਨਾ ਉੱਨ ਨੂੰ ਸਾਫ਼ ਕਰਨ ਲਈ ਲੱਕੜ ਦੇ 'ਕੰਘੇ' ਵਿੱਚੋਂ ਦੀ ਖਿੱਚਦੀਆਂ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉੱਨ ਦੇ ਸਾਰੇ ਰੇਸ਼ੇ ਇੱਕੋ ਦਿਸ਼ਾ ਵਿੱਚ ਵਿਵਸਥਿਤ ਹੋ ਸਕਣ। ਫਿਰ ਉਹ ਇਸ ਨੂੰ ਘਾਹ ਦੇ ਸੁੱਕੇ ਮਰੋੜੇ ਤਣਿਆਂ ਤੋਂ ਬਣੇ ਤਕਲੇ ਦੁਆਲ਼ੇ ਲਪੇਟਦੀਆਂ ਹਨ।
ਧਾਗਾ ਬਣਾਉਣਾ ਇੱਕ ਨਾਜ਼ੁਕ ਅਤੇ ਸਮਾਂ ਲੈਣ ਵਾਲ਼ਾ ਕੰਮ ਹੈ। "ਇਕਹਿਰੇ ਧਾਗੇ ਨੂੰ ਮਜ਼ਬੂਤ ਬਣਾਉਣ ਲਈ ਦੋ ਧਾਗੇ ਜੋੜੇ ਜਾਂਦੇ ਹਨ। ਦੋਵਾਂ ਤੰਦਾਂ ਦਾ ਇੱਕ ਤੰਦ ਬਣਾਉਣ ਲਈ ਤਕਲੇ ਦੀ ਵਰਤੋਂ ਕੀਤੀ ਜਾਂਦੀ ਹੈ,'' ਖਾਲਿਦਾ ਬੇਗਮ ਕਹਿੰਦੀ ਹਨ। ਸ਼੍ਰੀਨਗਰ ਦੇ ਸਫਾ ਕਦਲ ਇਲਾਕੇ ਦੀ ਇਹ ਹੁਨਰਮੰਦ ਕਾਰੀਗਰ, 25 ਸਾਲਾਂ ਤੋਂ ਪਸ਼ਮੀਨਾ ਉੱਨ ਬੁਣ ਰਹੀ ਹੈ।
ਉਹ ਕਹਿੰਦੀ ਹਨ, "ਮੈਂ ਇੱਕ ਪੁਰੀ [10 ਗ੍ਰਾਮ ਪਸ਼ਮੀਨਾ] ਵਿੱਚੋਂ 140-160 ਗੰਢਾਂ ਬਣਾ ਸਕਦੀ ਹਾਂ।'' ਇੰਨੀ ਮਿਹਨਤ ਭਰੇ ਕੰਮ ਲਈ ਖੱਪਦੇ ਸਮੇਂ ਅਤੇ ਹੁਨਰ ਦੇ ਬਾਵਜੂਦ, ਖਾਲਿਦਾ ਬੇਗਮ ਨੂੰ ਉੱਨ ਦੀ ਇੱਕ ਗੰਢ ਬਦਲੇ ਸਿਰਫ਼ ਇੱਕ ਰੁਪਿਆ ਹੀ ਮਿਲ਼ਦਾ ਹੈ।
ਪਸ਼ਮੀਨਾ ਧਾਗੇ ਦੀ ਕੀਮਤ ਧਾਗੇ ਦੇ ਆਕਾਰ 'ਤੇ ਨਿਰਭਰ ਕਰਦੀ ਹੈ - ਧਾਗਾ ਜਿੰਨਾ ਪਤਲਾ ਹੁੰਦਾ ਹੈ, ਓਨਾ ਹੀ ਵਧੇਰੇ ਇਹ ਕੀਮਤੀ ਹੁੰਦਾ ਹੈ। ਇੱਕ ਪਤਲੇ ਧਾਗੇ ਵਿੱਚ ਵਧੇਰੇ ਗੰਢਾਂ ਬਣਦੀਆਂ ਹੁੰਦੀਆਂ ਹਨ, ਜਦਕਿ ਇੱਕ ਮੋਟੇ ਧਾਗੇ ਵਿੱਚ ਘੱਟ ਗੰਢਾਂ ਬਣਦੀਆਂ ਹੁੰਦੀਆਂ ਹਨ।
"ਹਰੇਕ ਗੰਢ ਵਿੱਚ, 9-11 ਪਸ਼ਮੀਨਾ ਦੀਆਂ ਤੰਦਾਂ ਹੁੰਦੀਆਂ ਹਨ ਜੋ 8-11 ਇੰਚ ਲੰਬੀਆਂ ਜਾਂ 8 ਉਂਗਲਾਂ ਦੇ ਬਰਾਬਰ ਹੁੰਦੀਆਂ ਹਨ। ਇੰਝ ਹੀ ਔਰਤਾਂ ਗੰਢ ਬਣਾਉਣ ਲਈ ਧਾਗੇ ਦੇ ਆਕਾਰ ਨੂੰ ਮਾਪਦੀਆਂ ਹਨ," ਇੰਤਿਜ਼ਾਰ ਅਹਿਮਦ ਬਾਬਾ ਕਹਿੰਦੇ ਹਨ। 55 ਸਾਲਾ ਇਹ ਵਿਅਕਤੀ ਬਚਪਨ ਤੋਂ ਹੀ ਪਸ਼ਮੀਨਾ ਦੇ ਕਾਰੋਬਾਰ ਨਾਲ਼ ਜੁੜਿਆ ਹੋਇਆ ਹੈ। ਹੱਥੀਂ ਕਤਾਈ ਕਰਨ ਵਾਲ਼ਾ ਕਾਰੀਗਰ ਹਰੇਕ ਗੰਢ ਤੋਂ 1 ਤੋਂ 1.50 ਰੁਪਏ ਤੱਕ ਦੀ ਕਮਾਈ ਕਰ ਸਕਦਾ ਹੈ, ਬਾਕੀ ਇਹ ਗੱਲ਼ ਵਪਾਰੀ 'ਤੇ ਵੀ ਨਿਰਭਰ ਕਰਦੀ ਹੈ।
"ਇੱਕ ਔਰਤ ਸਿਰਫ਼ 10 ਗ੍ਰਾਮ ਪਸ਼ਮੀਨਾ ਉੱਨ (ਧਾਗੇ ਵਿਚ) ਬੁਣ ਸਕਦੀ ਹੈ, ਕਿਉਂਕਿ ਸਾਡੇ ਕੋਲ਼ ਘਰ ਦੇ ਹੋਰ ਕੰਮ ਵੀ ਹੁੰਦੇ ਹਨ। ਇੱਕ ਦਿਨ ਵਿੱਚ ਇੱਕ ਪੁਰੀ ਪੂਰੀ ਕਰਨਾ ਅਸੰਭਵ ਹੈ," ਰੁਖਸਾਨਾ ਬਾਨੋ ਕਹਿੰਦੀ ਹਨ, ਜੋ ਪ੍ਰਤੀ ਗੰਢ 1.50 ਰੁਪਏ ਕਮਾਉਂਦੀ ਹਨ।
40 ਸਾਲਾ ਰੁਕਸਾਨਾ ਦਾ ਕਹਿਣਾ ਹੈ ਕਿ ਉਹ ਇਸ ਕੰਮ ਤੋਂ 20 ਰੁਪਏ ਪ੍ਰਤੀ ਦਿਨ ਕਮਾ ਸਕਦੀ ਹੈ। ਉਹ ਨਵਾ ਕਦਲ ਦੇ ਅਰਾਮਪੋਰਾ ਇਲਾਕੇ ਵਿੱਚ ਆਪਣੇ ਪਤੀ, ਧੀ ਅਤੇ ਵਿਧਵਾ ਨਨਾਣ ਨਾਲ਼ ਰਹਿੰਦੀ ਹੈ। ਉਹ ਕਹਿੰਦੀ ਹਨ, "ਮੈਂ ਤਿੰਨ ਦਿਨਾਂ ਤੱਕ 10 ਗ੍ਰਾਮ ਪਸ਼ਮੀਨਾ ਬੁਣ ਕੇ ਅਤੇ ਸਵੇਰ ਤੋਂ ਸ਼ਾਮ ਤੱਕ ਲਗਾਤਾਰ ਕੰਮ ਕਰਕੇ, ਸਿਰਫ਼ ਚਾਹ ਅਤੇ ਦੁਪਹਿਰ ਦੇ ਖਾਣੇ ਲਈ ਹੀ ਬਰੇਕ ਲੈਂਦਿਆਂ 120 ਰੁਪਏ ਕਮਾਏ।'' 10 ਗ੍ਰਾਮ ਉੱਨ ਪੂਰੀ ਕਰਨ ਲਈ ਉਨ੍ਹਾਂ ਨੂੰ 5-6 ਦਿਨ ਲੱਗ ਜਾਂਦੇ ਹਨ।
ਖਟੀਜਾ ਦਾ ਕਹਿਣਾ ਹੈ ਕਿ ਅੱਜ ਕੱਲ੍ਹ ਪਸ਼ਮੀਨਾ ਬੁਣਾਈ ਤੋਂ ਲੋੜੀਂਦੇ ਪੈਸੇ ਨਹੀਂ ਬਣਦੇ। ਉਹ ਕਹਿੰਦੀ ਹਨ, "ਹੁਣ ਭਾਵੇਂ ਮੈਂ ਕਈ-ਕਈ ਦਿਨ ਕੰਮ ਕਰਾਂ, ਪਰ ਮੈਂ ਕੁਝ ਵੀ ਨਹੀਂ ਕਮਾ ਪਾਉਂਦੀ।'' ਨਾਲ਼ ਜੋੜਦਿਆਂ ਉਹ ਦੱਸਦੀ ਹਨ, "ਪੰਜਾਹ ਸਾਲ ਪਹਿਲਾਂ 30-50 ਰੁਪਏ ਪ੍ਰਤੀ ਦਿਨ ਕਮਾਉਣਾ ਚੰਗੀ ਗੱਲ ਸੀ।''
*****
ਹੱਥੀਂ ਕਤਾਈ ਵਾਲ਼ੇ ਪਸ਼ਮੀਨਾ ਕਾਮਿਆਂ ਨੂੰ ਜ਼ਿਆਦਾ ਉਜਰਤ ਨਹੀਂ ਮਿਲ ਰਹੀ ਕਿਉਂਕਿ ਸ਼ਾਲ ਖਰੀਦਣ ਵਾਲ਼ੇ ਵੀ ਵਧੇਰੇ ਭੁਗਤਾਨ ਕਰਨ ਲਈ ਤਿਆਰ ਨਹੀਂ ਹਨ। ਪਸ਼ਮੀਨਾ ਦੇ ਇੱਕ ਵਪਾਰੀ ਨੂਰ-ਉਲ-ਹੁੱਡਾ ਕਹਿੰਦੇ ਹਨ, "ਜਦੋਂ ਗਾਹਕਾਂ ਨੂੰ ਮਸ਼ੀਨ ਨਾਲ਼ ਬੁਣਿਆ ਪਸ਼ਮੀਨਾ ਸ਼ਾਲ 5,000 ਰੁਪਏ ਵਿੱਚ ਮਿਲ਼ਦਾ ਹੋਵੇ ਤਾਂ ਉਹ ਇਸ ਨੂੰ 8,000-9,000 ਰੁਪਏ ਵਿਚ ਕਿਉਂ ਖਰੀਦਣਗੇ ਤੇ ਇੰਨੇ ਪੈਸੇ ਕਿਉਂ ਖ਼ਰਚਣਗੇ?''
"ਪਸ਼ਮੀਨਾ ਸ਼ਾਲ ਖਰੀਦਣ ਵਾਲ਼ੇ ਬਹੁਤ ਘੱਟ ਲੋਕ ਹਨ, ਜਿਨ੍ਹਾਂ ਸ਼ਾਲਾਂ ਵਿੱਚ ਹੱਥ ਨਾਲ਼ ਬੁਣੇ ਹੋਏ ਧਾਗਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਮੈਂ ਕਹਾਂਗਾ ਕਿ 100 ਗਾਹਕਾਂ ਵਿੱਚੋਂ ਸਿਰਫ਼ ਦੋ ਹੀ ਗਾਹਕ ਹੋਣਗੇ ਜੋ ਹੱਥ ਨਾਲ਼ ਬੁਣੇ ਪਸ਼ਮੀਨਾ ਸ਼ਾਲ ਦੀ ਮੰਗ ਕਰਦੇ ਹਨ," ਸ੍ਰੀਨਗਰ ਦੇ ਬਦਾਮਵਾਰੀ ਇਲਾਕੇ ਵਿੱਚ ਚਿਨਾਰ ਦਸਤਕਾਰੀ ਦੇ ਪਸ਼ਮੀਨਾ ਸ਼ੋਅਰੂਮ ਦੇ ਮਾਲਕ 50 ਸਾਲਾ ਨੂਰ-ਉਲ-ਹੁੱਡਾ ਕਹਿੰਦੇ ਹਨ।
ਕਸ਼ਮੀਰ ਪਸ਼ਮੀਨਾ ਕੋਲ਼ 2005 ਤੋਂ ਗਲੋਬਲ ਇੰਡੀਕੇਸ਼ਨਜ਼ (ਜੀਆਈ) ਦਾ ਟੈਗ ਹੈ। ਰਜਿਸਟਰਡ ਕਾਰੀਗਰਾਂ ਦੀ ਐਸੋਸੀਏਸ਼ਨ ਦੁਆਰਾ ਪ੍ਰਕਾਸ਼ਿਤ ਅਤੇ ਸਰਕਾਰੀ ਵੈੱਬਸਾਈਟ 'ਤੇ ਜ਼ਿਕਰ ਕੀਤੇ ਗਏ ਇੱਕ ਗੁਣਵੱਤਾ ਮੈਨੁਅਲ ਵਿੱਚ ਕਿਹਾ ਗਿਆ ਹੈ, ਹੱਥ ਨਾਲ਼ ਬੁਣੇ ਹੋਏ ਅਤੇ ਮਸ਼ੀਨ ਨਾਲ਼ ਬੁਣੇ ਧਾਗੇ ਦੋਵਾਂ ਦੀ ਵਰਤੋਂ ਕਰਕੇ ਅੰਤਿਮ ਬੁਣੇ ਹੋਏ ਸ਼ਾਲ ਜੀਆਈ ਟੈਗ ਦੇ ਯੋਗ ਹਨ।
ਅਬਦੁਲ ਮਨਨ ਬਾਬਾ ਸ਼ਹਿਰ ਵਿੱਚ ਸਦੀਆਂ ਪੁਰਾਣਾ ਪਸ਼ਮੀਨਾ ਦਾ ਕਾਰੋਬਾਰ ਚਲਾਉਂਦੇ ਹਨ ਅਤੇ ਲਗਭਗ 250 ਜੀਆਈ ਠੱਪੇ ਵਾਲ਼ੇ ਸਾਮਾਨ ਦੇ ਮਾਲਕ ਵੀ ਹਨ। ਸ਼ਾਲ 'ਤੇ ਰਬੜ ਦੀ ਮੋਹਰ ਇਹ ਸੁਨਿਸ਼ਚਿਤ ਕਰਦੀ ਹੈ ਕਿ ਇਹ ਖ਼ਾਲਸ ਹੈ ਅਤੇ ਹੱਥ ਨਾਲ਼ ਬਣੀ ਹੋਈ ਹੈ। ਪਰ ਉਹ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਜੁਲਾਹੇ ਮਸ਼ੀਨ ਨਾਲ਼ ਬਣੇ ਧਾਗੇ ਨੂੰ ਤਰਜੀਹ ਦਿੰਦੇ ਹਨ। "ਬੁਣਕਰ ਇਸ ਉੱਨ ਦੇ ਮਲ਼ੂਕ ਖ਼ਾਸੇ (ਸੰਵੇਦਨਸ਼ੀਲ ਸੁਭਾਅ) ਕਾਰਨ ਹੱਥ ਨਾਲ਼ ਬੁਣੇ ਧਾਗੇ ਤੋਂ ਪਸ਼ਮੀਨਾ ਸ਼ਾਲ ਬੁਣਨ ਲਈ ਤਿਆਰ ਨਹੀਂ ਹੁੰਦੇ। ਮਸ਼ੀਨ ਦੁਆਰਾ ਬੁਣੇ ਗਏ ਧਾਗੇ ਵਿੱਚ ਤੰਦਾਂ ਵੀ ਇਕਸਾਰ ਹੁੰਦੀਆਂ ਹਨ ਅਤੇ ਇੰਝ ਬੁਣਾਈ ਕਰਨਾ ਵਧੇਰੇ ਆਸਾਨ ਹੋ ਜਾਂਦਾ ਹੈ।"
ਪ੍ਰਚੂਨ ਵਿਕਰੇਤਾ ਮਸ਼ੀਨ ਨਾਲ਼ ਬੁਣਿਆ ਪਸ਼ਮੀਨਾ ਹੀ ਵੇਚਦੇ ਹਨ, ਜੋ ਹੱਥ ਨਾਲ਼ ਬੁਣੇ ਹੋਣ ਦਾ ਦਾਅਵਾ ਕਰਦੇ ਹਨ। "ਜੇ ਸਾਨੂੰ 1,000 ਪਸ਼ਮੀਨਾ ਸ਼ਾਲਾਂ ਦਾ ਆਰਡਰ ਮਿਲ਼ਦਾ ਹੈ। ਤਾਂ ਤੁਸੀਂ ਹੀ ਦੱਸੋ ਜਦੋਂ 10 ਗ੍ਰਾਮ ਪਸ਼ਮੀਨਾ ਨੂੰ ਹੱਥੀਂ ਕੱਤਣ ਵਿੱਚ 3-5 ਦਿਨ ਲੱਗਦੇ ਹੋਣ ਤਾਂ ਇੰਨੀਆਂ ਸ਼ਾਲਾਂ ਦੀ ਸਪਲਾਈ ਕਰ ਹੀ ਕਿਵੇਂ ਸਕਦੇ ਹਾਂ? ਮਨਨ ਪੁੱਛਦੇ ਹਨ।
ਮਨਨ ਦੇ ਪਿਤਾ, 60 ਸਾਲਾ ਅਬਦੁਲ ਹਮੀਦ ਬਾਬਾ ਦਾ ਕਹਿਣਾ ਹੈ ਕਿ ਹੱਥ ਨਾਲ਼ ਬੁਣਿਆ ਪਸ਼ਮੀਨਾ ਆਪਣਾ ਸੁਹਜ ਗੁਆ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਤਾਈ ਦੀ ਕਲਾ ਸੂਫੀ ਸੰਤ ਹਜ਼ਰਤ ਮੀਰ ਸਈਅਦ ਅਲੀ ਹਮਦਾਨੀ ਨੇ ਤੋਹਫੇ ਵਜੋਂ ਦਿੱਤੀ ਸੀ, ਜਿਨ੍ਹਾਂ ਨੇ 600 ਸਾਲ ਪਹਿਲਾਂ ਇਸ ਕਲਾ ਨੂੰ ਕਸ਼ਮੀਰ ਵਿੱਚ ਲਿਆਂਦਾ ਸੀ।
ਹਾਮਿਦ ਯਾਦ ਕਰਦੇ ਹਨ ਕਿ ਉਨ੍ਹਾਂ ਦੇ ਦਾਦਾ ਜੀ ਦੇ ਸਮੇਂ ਦੌਰਾਨ ਲੋਕ ਕੱਚੀ ਪਸ਼ਮੀਨਾ ਉੱਨ ਖਰੀਦਣ ਲਈ ਘੋੜਿਆਂ 'ਤੇ ਸਵਾਰ ਹੋ ਗੁਆਂਢੀ ਇਲਾਕੇ ਲੱਦਾਖ ਜਾਂਦੇ ਹੁੰਦੇ ਸਨ। "ਉਦੋਂ ਸਭ ਕੁਝ ਸ਼ੁੱਧ ਸੀ, 400-500 ਔਰਤਾਂ ਸਾਡੇ ਲਈ ਪਸ਼ਮੀਨਾ ਉੱਨ ਕੱਤਿਆਂ ਕਰਦੀਆਂ ਪਰ ਹੁਣ ਸਿਰਫ਼ 40 ਔਰਤਾਂ ਹੀ ਰਹਿ ਗਈਆਂ ਹਨ ਅਤੇ ਉਹ ਵੀ ਪੈਸਾ ਕਮਾਉਣ ਦੀ ਮਜ਼ਬੂਰੀ ਵਿੱਚ ਕੰਮੇ ਲੱਗੀਆਂ ਹੋਈਆਂ ਹਨ।''
ਤਰਜਮਾ: ਕਮਲਜੀਤ ਕੌਰ