ਅਲੀ ਮੁਹੰਮਦ ਲੋਨ ਦਾ ਮੰਨਣਾ ਹੈ ਕਿ ਕੇਂਦਰੀ ''ਬਜਟ ਅਫ਼ਸਰਾਂ ਵਾਸਤੇ ਹੈ।'' ਉਨ੍ਹਾਂ ਦਾ ਮਤਲਬ ਇਹ ਬਜਟ ਮੱਧ ਵਰਗੀ ਸਰਕਾਰੀ ਲੋਕਾਂ ਜਾਂ ਸਰਕਾਰੀ ਕਰਮਚਾਰੀਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ/ਜਾਂਦਾ ਹੈ। ਸਭ ਤੋਂ ਵੱਡੀ ਗੱਲ ਇਹ ਕਿ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਖੇ ਬੇਕਰੀ ਦੀ ਛੋਟੀ ਜਿਹੀ ਦੁਕਾਨ ਚਲਾਉਣ ਵਾਲ਼ੇ ਇਸ ਦੁਕਾਨਦਾਰ ਨੂੰ ਇਹ ਪਤਾ ਚੱਲ ਗਿਆ ਕਿ ਜੋ ਵੀ ਹੋਵੇ ਇਹ ਬਜਟ ਉਨ੍ਹਾਂ ਵਾਸਤੇ ਤਾਂ ਬਿਲਕੁਲ ਵੀ ਨਹੀਂ ਹੈ।
''2024 ਵਿੱਚ ਜਿੱਥੇ ਮੈਂ 50 ਕਿਲੋ ਆਟੇ ਦੀ ਬੋਰੀ 1,400 ਰੁਪਏ ਵਿੱਚ ਖਰੀਦਦਾ ਸਾਂ, ਹੁਣ ਇਹੀ ਬੋਰੀ 2,200 ਦੀ ਆਉਂਦੀ ਏ,'' 52 ਸਾਲਾ ਇਸ ਬੇਕਰ ਦਾ ਕਹਿਣਾ ਹੈ। ਸਾਡੀ ਇਹ ਗੱਲਬਾਤ ਤੰਗਮਰਗ ਬਲਾਕ ਦੇ ਪਿੰਡ ਮਾਹੀਨ ਵਿਖੇ ਚੱਲ ਰਹੀ ਹੁੰਦੀ ਹੈ। ''ਜੇਕਰ ਇਸ ਬਜਟ ਵਿੱਚ ਕੁਝ ਅਜਿਹਾ ਹੁੰਦਾ ਕਿ ਚੀਜ਼ਾਂ ਦੇ ਭਾਅ ਘੱਟ ਹੋ ਰਹੇ ਹੁੰਦੇ ਤਾਂ ਯਕੀਨਨ ਮੇਰੀ ਰੁਚੀ ਹੁੰਦੀ; ਨਹੀਂ ਤਾਂ ਉਹੀ ਗੱਲ ਜੋ ਮੈਂ ਕਿਹਾ ਕਿ ਇਹ ਬਜਟ ਤਾਂ ਅਫ਼ਸਰਾਂ ਲਈ ਆ।''
ਸ਼੍ਰੀਨਗਰ ਤੋਂ ਕਰੀਬ 45 ਕਿਲੋਮੀਟਰ ਦੂਰ ਸਥਿਤ ਮਾਹੀਨ ਪਿੰਡ ਤੰਗਮਾਰਗ ਤੇ ਦਰੰਗ ਵਿਚਾਲੇ ਸਥਿਤ ਹੈ ਜੋ ਥਾਂ ਸਰਦੀਆਂ ਦੇ ਸੈਰ-ਸਪਾਟੇ ਲਈ ਮਸ਼ਹੂਰ ਹੈ। ਇਹ ਪਿੰਡ ਲਗਭਗ 250 ਪਰਿਵਾਰਾਂ ਦਾ ਘਰ ਹੈ ਜੋ ਮੁੱਖ ਤੌਰ 'ਤੇ ਸੈਰ-ਸਪਾਟਾ ਨਾਲ਼ ਜੁੜੀਆਂ ਗਤੀਵਿਧੀਆਂ ਵਿੱਚ ਲੱਗੇ ਹੋਏ ਹਨ, ਜਿਵੇਂ ਕਿ ਕਿਰਾਏ ਦੀ ਖੱਚਰ ਤੋਰਨਾ, ਸਲੇਜ ਖਿੱਚਣਾ ਅਤੇ ਗਾਈਡ ਦਾ ਕੰਮ ਕਰਨਾ। ਆਪਣੇ ਠੰਡੇ ਮੌਸਮ ਦੇ ਕਾਰਨ, ਮਾਹੀਨ ਵਿੱਚ ਮੱਕੀ ਦੀ ਪੈਦਾਵਾਰ ਹੁੰਦੀ ਹੈ।






