“ਸਾਡੇ ਪਿੰਡ ਵਿੱਚ ਕੁੜੀਆਂ ਸੁਰੱਖਿਅਤ ਨਹੀਂ। ਸ਼ਾਮ ਦੇ ਅੱਠ ਜਾਂ ਨੌਂ ਵਜੇ ਤੋਂ ਬਾਅਦ ਉਹ ਘਰ ਤੋਂ ਬਾਹਰ ਨਹੀਂ ਨਿਕਲਦੀਆਂ,” ਸ਼ੁਕਲਾ ਘੋਸ਼ ਦੱਸਦੇ ਹਨ। ਉਹ ਪੱਛਮ ਮੇਦਨੀਪੁਰ ਦੇ ਪਿੰਡ ਕੂਆਪੁਰ ਦੀ ਗੱਲ ਕਰ ਰਹੇ ਹਨ। “ਕੁੜੀਆਂ ਦੇ ਮਨ ਵਿੱਚ ਖੌਫ਼ ਹੈ ਪਰ ਫਿਰ ਵੀ ਉਹਨਾਂ ਨੂੰ ਲੱਗਦਾ ਹੈ ਕਿ ਵਿਰੋਧ ਕਰਨਾ ਜ਼ਰੂਰੀ ਹੈ।”
ਘੋਸ਼ ਅਤੇ ਕੂਆਪੁਰ ਦੀਆਂ ਕੁੜੀਆਂ ਉਹਨਾਂ ਹਜ਼ਾਰਾਂ ਕਿਸਾਨ ਅਤੇ ਮਜ਼ਦੂਰਾਂ ਦੇ ਝੁੰਡ ਦਾ ਹਿੱਸਾ ਹਨ ਜੋ ਪਿਛਲੇ ਹਫ਼ਤੇ ਪੱਛਮੀ ਬੰਗਾਲ ਦੇ ਵੱਖ ਵੱਖ ਪਿੰਡਾਂ ਤੇ ਕਸਬਿਆਂ ਤੋਂ ਇਕੱਠੇ ਹੋ ਕੇ ਕੋਲਕਾਤਾ ਦੇ ਆਰ. ਜੀ. ਕਰ ਹਸਪਤਾਲ ਵਿੱਚ ਟ੍ਰੇਨਿੰਗ ਕਰ ਰਹੀ ਇੱਕ ਨੌਜਵਾਨ ਡਾਕਟਰ ਦੇ ਬਲਾਤਕਾਰ ਅਤੇ ਕਤਲ ਦੀ ਦਿਲ ਦਹਿਲਾ ਦੇਣ ਵਾਲ਼ੀ ਘਟਨਾ ਦਾ ਵਿਰੋਧ ਕਰ ਰਹੇ ਹਨ।
21 ਸਤੰਬਰ 2024 ਨੂੰ ਚੱਲੇ ਇਸ ਰੋਸ ਮਾਰਚ ਨੇ ਕੇਂਦਰੀ ਕੋਲਕਾਤਾ ਦੀ ਕਾਲਜ ਰੋਡ ਤੋਂ ਸ਼ੁਰੂ ਹੋ ਕੇ ਸ਼ਿਆਮਬਜ਼ਾਰ ਤੱਕ ਲਗਭਗ 3.5 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।
ਰੋਸ ਕਰਨ ਵਾਲ਼ਿਆਂ ਦੀ ਮੰਗ ਹੈ ਕਿ ਫੌਰਨ ਇਨਸਾਫ ਕੀਤਾ ਜਾਵੇ ਅਤੇ ਮੁਜ਼ਰਮਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ, ਕੋਲਕਾਤਾ ਦੇ ਪੁਲਿਸ ਕਮਿਸ਼ਨਰ ਦਾ ਅਸਤੀਫ਼ਾ (ਵਿਰੋਧ ਕਰ ਰਹੇ ਡਾਕਟਰਾਂ ਦੀ ਵੀ ਇਹੀ ਮੰਗ ਸੀ ਜੋ ਕਿ ਸਰਕਾਰ ਨੇ ਮੰਨ ਲਈ ਹੈ), ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਅਸਤੀਫ਼ਾ ਜੋ ਕਿ ਸਿਹਤ ਅਤੇ ਪਰਿਵਾਰ ਭਲਾਈ ਦੇ ਨਾਲ਼-ਨਾਲ਼ ਗ੍ਰਹਿ ਮੰਤਰਾਲੇ ਦਾ ਕੰਮ ਦੇਖਦੇ ਹਨ।












