ਝਾੜਗ੍ਰਾਮ ਜ਼ਿਲ੍ਹੇ ਦੇ ਸ਼ਿੰਗਧੁਈ ਪਿੰਡ ਦੇ ਵਾਸੀ ਰਬਿੰਦਰ ਭੁਈਆ ਕਹਿੰਦੇ ਹਨ,''ਸ਼ਰਾਬ ਪੀ ਕੇ ਤੁਸੀਂ ਭੁੱਖ ਦੇ ਨਾਲ਼ ਨਾਲ਼ ਹੋਰ ਕਈ ਮਸਲਿਆਂ ਤੋਂ ਨਿਜਾਤ ਪਾ ਲੈਂਦੇ ਹੋ।''
50 ਸਾਲਾ ਭੁਈਆ ਸਾਬਰ ਆਦਿਵਾਸੀ (ਪੱਛਮੀ ਬੰਗਾਲ ਵਿਖੇ ਸਵਾਰ ਵਜੋਂ ਸੂਚੀਬੱਧ) ਹਨ। ਮੁੰਡਾ ਕਬੀਲੇ ਦਾ ਹਿੱਸਾ ਸਾਬਰ ਆਦਿਵਾਸੀ ਭਾਰਤ ਦੇ ਪੱਛਮੀ ਹਿੱਸਿਆਂ ਵਿੱਚ ਰਹਿੰਦੇ ਹਨ ਤੇ ਉਨ੍ਹਾਂ ਨੂੰ ਸ਼ਾਓੜਾ, ਸ਼ੋਰਾ, ਸ਼ਾਬੋਰ, ਸ਼ੂਰੀਸ ਦੇ ਨਾਮ ਨਾਲ਼ ਵੀ ਜਾਣਿਆ ਜਾਂਦਾ ਹੈ। ਲੋਥਾ ਸ਼ਾਵਰ ਪੱਛਮੀ ਮੇਦਿਨੀਪੁਰ (ਅਣਵੰਡੇ) ਵਿੱਚ ਵੱਡੀ ਗਿਣਤੀ ਵਿੱਚ ਹਨ ਅਤੇ ਖਾੜੀਆ ਸਾਵਰ ਮੁੱਖ ਤੌਰ 'ਤੇ ਪੁਰੂਲੀਆ, ਬਾਂਕੁਰਾ ਅਤੇ ਪੱਛਮੀ ਮੇਦਿਨੀਪੁਰ (ਅਣਵੰਡੇ) ਵਿੱਚ ਰਹਿੰਦੇ ਹਨ।
ਮਹਾਸ਼ਵੇਤਾਦੇਵੀ ਦੀ ਕਿਤਾਬ ਦਿ ਬੁੱਕ ਆਫ਼ ਦਿ ਹੰਟਰ (ਪਹਿਲੀ ਵਾਰ 1994 ਵਿੱਚ ਬੰਗਾਲੀ ਭਾਸ਼ਾ ਵਿੱਚ ਬਯਾਧਖੰਡਾ ਨਾਮ ਤੋਂ ਪ੍ਰਕਾਸ਼ਤ ਹੋਈ), ਭਾਈਚਾਰੇ ਅੰਦਰ ਬੇਹੱਦ ਕੰਗਾਲੀ ਤੇ ਹਾਸ਼ੀਏ 'ਤੇ ਧੱਕੇ ਜਾਣ ਦੀ ਤਸਵੀਰ ਸਾਹਮਣੇ ਲਿਆਉਂਦੀ ਹੈ। ਦਹਾਕਿਆਂ ਬਾਅਦ ਵੀ ਬਹੁਤਾ ਕੁਝ ਨਹੀਂ ਬਦਲਿਆ ਤੇ 2020 ਦੀ ਰਿਪੋਰਟ ਲਿਵਿੰਗ ਵਰਲਡ ਆਫ ਦਿ ਆਦਿਵਾਸੀ ਆਫ਼ ਵੈਸਟ ਬੰਗਾਲ ਦਰਸਾਉਂਦੀ ਹੈ,''ਸਰਵੇਖਣ ਕੀਤੇ ਗਏ 67 ਫ਼ੀਸਦ ਪਿੰਡ ਦੀ ਭੁੱਖਮਰੀ ਹੇਠ ਹੋਣ ਦੀ ਰਿਪੋਰਟ ਕੀਤੀ ਗਈ ਹੈ।''
18 ਵੀਂ ਸਦੀ ਦੇ ਅਖੀਰ ਤੋਂ 1952 ਤੱਕ ਅੰਗਰੇਜ਼ਾਂ ਦੁਆਰਾ ਇਸ ਭਾਈਚਾਰੇ ਨੂੰ 'ਅਪਰਾਧਿਕ ਕਬੀਲੇ' ਦਾ ਲੇਬਲ ਦਿੱਤਾ ਗਿਆ ਜਦੋਂ ਉਨ੍ਹਾਂ ਨੂੰ ਡਿਨੋਟੀਫਾਈ (ਅਪਰਾਧਕ ਗਰਦਾਨਣਾ) ਕੀਤਾ ਗਿਆ। ਰਵਾਇਤੀ ਤੌਰ 'ਤੇ ਉਨ੍ਹਾਂ ਜਿਹੇ ਸ਼ਿਕਾਰੀ ਫਲ, ਪੱਤੇ ਅਤੇ ਜੜ੍ਹਾਂ ਇਕੱਤਰ ਕਰਨ ਅਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਵਿੱਚ ਮਾਹਰ ਹਨ। ਆਜ਼ਾਦੀ ਤੋਂ ਬਾਅਦ, ਕੁਝ ਲੋਕਾਂ ਨੂੰ ਖੇਤੀ ਕਰਨ ਲਈ ਜ਼ਮੀਨ ਵੀ ਦਿੱਤੀ ਗਈ, ਪਰ ਜ਼ਿਆਦਾਤਰ ਜ਼ਮੀਨ ਪੱਥਰੀ ਅਤੇ ਬੰਜਰ ਸੀ, ਸੋ ਅਖ਼ੀਰ ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਡਿਨੋਟੀਫਿਕੇਸ਼ਨ ਤਾਂ ਰੱਦ ਹੋ ਗਈ ਪਰ ਕਲੰਕ ਅੱਜ ਵੀ ਬਰਕਰਾਰ ਹੈ। ਇਹ ਭਾਈਚਾਰਾ ਸਥਾਨਕ ਪੁਲਿਸ ਅਤੇ ਜੰਗਲਾਤ ਸੇਵਾ ਦੇ ਰਹਿਮੋਕਰਮ 'ਤੇ ਰਹਿ ਰਿਹਾ ਹੈ, ਜਿਨ੍ਹਾਂ ਨੇ ਉਨ੍ਹਾਂ ਦੀ ਹਰ ਗਤੀਵਿਧੀ 'ਤੇ ਰੋਕ ਲਾਈ ਹੋਈ ਹੈ।
ਪੱਛਮੀ ਮੇਦਿਨੀਪੁਰ ਤੇ ਝਾੜਗ੍ਰਾਮ ਜ਼ਿਲ੍ਹੇ ਦੇ ਇਨ੍ਹਾਂ ਸਾਬਰ ਭਾਈਚਾਰਿਆਂ ਅੰਦਰ ਭੁੱਖ ਵਿਆਪਤ ਹੀ ਰਹਿੰਦੀ ਹੈ ਕਿਉਂਕਿ ਕਮਾਈ ਦੇ ਮੌਕੇ ਹੀ ਨਾ-ਮਾਤਰ ਹਨ। ਭੁਈਆ ਵਾਂਗਰ ਕਈ ਲੋਕ ਸ਼ਰਾਬ ਪੀ ਕੇ ਭੁੱਖ ਨੂੰ ਭੁੱਲਣ ਦੀ ਕੋਸ਼ਿਸ ਕਰਦੇ ਹਨ ਜਾਂ,''ਅਸੀਂ ਦਿਨ ਵਿੱਚ ਤਿੰਨ ਵਾਰੀਂ ਪਾਂਤਾ ਭਾਤ (ਖਮੀਰੇ ਚੌਲ਼) ਖਾਂਦੇ ਹਾਂ। ਸਾਡੀ ਜਿਊਣ ਦੀ ਖ਼ੁਰਾਕ ਬੱਸ ਇਹੀ ਚੌਲ਼ ਹਨ,'' ਬੰਕਿਮ ਮੁਲਿਕ ਕਹਿੰਦੇ ਹਨ। ਤਪੋਬਨ ਪਿੰਡ ਦੇ ਇਹ 55 ਸਾਲਾ ਵਾਸੀ ਮੁਲਿਕ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਦਾ ਹਵਾਲਾ ਦਿੰਦੇ ਹਨ ਜਿਹਦੀ ਬਦੌਲਤ ਪਰਿਵਾਰ ਦੇ ਹਰੇਕ ਮੈਂਬਰ ਨੂੰ ਮਹੀਨੇ ਦੇ 5 ਕਿਲੋ ਮਿਲ਼ਦੇ ਹਨ। ''ਸਾਡੇ ਲਈ ਲੂਣ ਤੇ ਤੇਲ ਐਸ਼ ਦਾ ਸਮਾਨ ਹੈ।'' ਆਪਣੇ ਖ਼ਸਤਾ ਹਾਲਤ ਘਰ ਦੇ ਬਾਹਰ ਬੈਠੇ ਉਹ ਪਾਂਤਾ ਭਾਤ ਖਾ ਰਹੇ ਹਨ।
ਸਾਰਾ ਸਾਲ ਸਾਬਰ ਆਪਣੇ ਥੋੜ੍ਹੇ ਜਿਹੇ ਰਾਸ਼ਨ ਤੋਂ ਇਲਾਵਾ ਜੰਗਲੀ ਉਤਪਾਦਾਂ 'ਤੇ ਨਿਰਭਰ ਕਰਦੇ ਹਨ। ਗਰਮੀਆਂ ਦੇ ਮਹੀਨਿਆਂ - ਵਿਸਾਖ , ਜੈਸਥਿਆ ਅਤੇ ਫਿਰ ਮਾਨਸੂਨ ਦੌਰਾਨ - ਆਸ਼ਾਧਾ , ਭਾਈਚਾਰਾ ਜੰਗਲੀ ਫਲ ਅਤੇ ਜੜ੍ਹਾਂ ਇਕੱਠੀਆਂ ਕਰਦਾ ਹੈ ਅਤੇ ਛੋਟੇ ਪੰਛੀਆਂ, ਸੱਪਾਂ, ਗੋਸਪ (ਬੰਗਾਲ ਮਾਨੀਟਰ ਛਿਪਕਲੀ), ਡੱਡੂਆਂ ਅਤੇ ਘੋਗਿਆਂ ਦਾ ਸ਼ਿਕਾਰ ਕਰਦਾ ਹੈ। ਇਸ ਤੋਂ ਇਲਾਵਾ ਖੇਤਾਂ ਵਿੱਚ ਪਾਏ ਜਾਣ ਵਾਲ਼ੇ ਡੱਡੂ, ਵੱਡੇ ਘੋਗੇ, ਛੋਟੀਆਂ ਮੱਛੀਆਂ ਅਤੇ ਕੇਕੜੇ ਵੀ ਉਨ੍ਹਾਂ ਦੀ ਖ਼ੁਰਾਕ ਬਣਦੇ ਹਨ।
ਬਾਅਦ ਵਿੱਚ ਸਰਾਵਣ, ਭਦਰਾ ਅਤੇ ਅਸ਼ਵਿਨ ਮਹੀਨਿਆਂ ਦਾ ਸਮਾਂ ਨਦੀ ਕੰਢਿਓਂ ਮੱਛੀ ਫੜ੍ਹਨ ਦਾ ਹੁੰਦਾ ਹੈ; ਕਾਰਤਿਕਾ, ਅਗਰਹਾਯਾਨਾ ਅਤੇ ਪੌਸ਼ – ਇਨ੍ਹਾਂ ਅਗਲੇ ਮਹੀਨਿਆਂ ਦੌਰਾਨ ਭਾਈਚਾਰੇ ਦੇ ਲੋਕ ਖੇਤਾਂ ਵਿੱਚੋਂ ਚੂਹੇ ਫੜ੍ਹਨ ਤੋਂ ਬਾਅਦ ਉਨ੍ਹਾਂ ਵੱਲ਼ੋਂ ਖੁੱਡਾਂ ਵਿੱਚ ਸਾਂਭ ਕੇ ਰੱਖੀ ਕਣਕ ਨੂੰ ਬਾਹਰ ਕੱਢਦੇ ਹਨ। ਮਾਘ ਅਤੇ ਸਰਦੀਆਂ ਦੇ ਬਾਅਦ ਦੀ ਬਸੰਤ ਰੁੱਤ, ਫਾਲਗੁਨ ਅਤੇ ਚੈਤ੍ਰ ਦੌਰਾਨ ਉਹ ਛੋਟੇ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ ਅਤੇ ਜੰਗਲ ਦੇ ਫਲਾਂ, ਅਤੇ ਚੱਕ (ਸ਼ਹਿਦ ਦੇ ਛੱਤੇ) ਦੀ ਭਾਲ਼ ਕਰਦੇ ਹਨ।
ਪਰ ਹੋਰ ਆਦਿਵਾਸੀ ਭਾਈਚਾਰਿਆਂ ਵਾਂਗ, ਉਨ੍ਹਾਂ ਨੂੰ ਜੰਗਲਾਂ ਤੱਕ ਪਹੁੰਚਣਾ ਮੁਸ਼ਕਲ ਹੋ ਰਿਹਾ ਹੈ ਜਿਵੇਂ ਕਿ ਉਹ ਕਹਿੰਦੇ ਹਨ ਕਿ ਜੰਗਲੀ ਜਾਨਵਰ ਭੋਜਨ ਦੀ ਭਾਲ਼ ਵਿੱਚ ਹਮਲੇ ਦੀ ਫ਼ਿਰਾਕ ਵਿੱਚ ਘੁੰਮਦੇ ਰਹਿੰਦੇ ਹਨ ਅਤੇ ਇਸ ਲਈ ਜੰਗਲ ਵਿੱਚ ਵੜ੍ਹਨ ਵੇਲ਼ੇ ਉਨ੍ਹਾਂ ਨੂੰ ਆਪਣੀ ਜਾਨ ਦਾ ਡਰ ਬਣਿਆ ਹੀ ਰਹਿੰਦਾ ਹੈ।
"ਸ਼ਾਮ ਤੋਂ ਬਾਅਦ ਅਸੀਂ ਪਿੰਡੋਂ ਬਾਹਰ ਨਹੀਂ ਨਿਕਲ਼ਦੇ, ਭਾਵੇਂ ਕੋਈ ਬਿਮਾਰ ਹੀ ਕਿਉਂ ਨਾ ਹੋ ਜਾਵੇ। ਇੱਥੋਂ ਤੱਕ ਕਿ ਕੁਝ ਹਾਥੀਆਂ ਦੇ ਝੁੰਡ ਤੱਕ ਨਹੀਂ ਹਿਲਦੇ। ਇਓਂ ਜਾਪਦਾ ਜਿਵੇਂ ਉਨ੍ਹਾਂ ਕੋਲ਼ ਆਧਾਰ ਕਾਰਡ (ਬਤੌਰ ਵਾਸੀ ਦਿਖਾਉਣ ਲਈ) ਹਨ," 52 ਸਾਲਾ ਜੋਗਾ ਮੁਲਿਕ ਮਜ਼ਾਕ ਵਿੱਚ ਕਹਿੰਦੇ ਹਨ।
ਸੁਕਰਾ ਨਾਇਕ ਤਪੋਬਨ ਪਿੰਡ ਦੇ ਇੱਕ ਸਾਬਰ ਹਨ ਅਤੇ 50 ਦੀ ਉਮਰ ਪਾਰ ਕਰ ਚੁੱਕੇ ਹਨ। ਉਹ ਕਹਿੰਦੇ ਹਨ ਕਿ ਹਾਥੀਆਂ ਦੀ ਮੌਜੂਦਗੀ ਨੇ ਇਸ ਥਾਂ ਨੂੰ "ਬਹੁਤਾ ਡਰਾਉਣਾ ਬਣਾ ਦਿੱਤਾ ਹੈ। ਹਾਥੀ ਹਰ ਜਗ੍ਹਾ ਘੁੰਮਦੇ ਹੁੰਦੇ ਹਨ ਅਤੇ ਬਹੁਤ ਹਮਲਾਵਰ ਵੀ ਹੋ ਜਾਂਦੇ ਹਨ। ਉਹ ਨਾ ਸਿਰਫ਼ ਲੋਕਾਂ 'ਤੇ ਹਮਲਾ ਕਰਦੇ ਹਨ, ਬਲਕਿ ਝੋਨੇ ਦੇ ਖੇਤਾਂ, ਕੇਲੇ ਦੇ ਬੂਟਿਆਂ ਅਤੇ ਸਾਡੇ ਘਰਾਂ ਨੂੰ ਵੀ ਤਬਾਹ ਕਰ ਰਹੇ ਹਨ।''
ਪਰ ਉਨ੍ਹਾਂ ਦੇ ਗੁਆਂਢੀ ਜਤਿਨ ਭਗਤ, ਜੋ ਬੇਨਾਸ਼ੂਲੀ ਪਿੰਡ ਦੇ ਵਸਨੀਕ ਵੀ ਹਨ, ਨੁਕਤਾ ਚੁੱਕਦੇ ਹਨ, "ਜੇ ਅਸੀਂ ਜੰਗਲ ਵਿੱਚ ਨਾ ਜਾਈਏ ਤਾਂ ਖਾਵਾਂਗੇ ਕੀ? ਕਈ ਦਿਨ ਅਜਿਹੇ ਵੀ ਆਏ ਜਦੋਂ ਅਸੀਂ ਸਿਰਫ਼ ਇੱਕੋ ਡੰਗ ਪਾਂਤਾ ਭਾਤ ਖਾ ਕੇ ਗੁਜ਼ਾਰਾ ਕੀਤਾ ਹੋਣਾ।''
ਸਾਬਰਾਂ ਦੀ ਕਮਜ਼ੋਰ ਖੁਰਾਕ ਕਾਰਨ ਉਨ੍ਹਾਂ ਨੂੰ ਤਪਦਿਕ ਵਰਗੀਆਂ ਬਿਮਾਰੀਆਂ ਦੇ ਘੇਰਨ ਦੀ ਵੱਧ ਸੰਭਾਵਨਾ ਰਹਿੰਦੀ ਹੈ। ਸਾਰਥੀ ਮਲਿਕ ਟੀਬੀ ਦੀ ਮਰੀਜ਼ ਹਨ ਅਤੇ ਇਲਾਜ ਵਾਸਤੇ ਮੈਡੀਕਲ ਕੈਂਪਾਂ ਵਿੱਚ ਜਾਂਦੀ ਰਹੀ ਹਨ ਪਰ ਹੁਣ ਉਨ੍ਹਾਂ ਅੰਦਰ ਹੋਰ ਜਾਣ ਦੀ ਹਿੰਮਤ ਨਹੀਂ। ਬੇਨਾਸ਼ੂਲੀ ਪਿੰਡ ਦੀ ਇਹ 30 ਸਾਲਾ ਵਸਨੀਕ ਇਲਾਜ ਨਾ ਕਰਾਉਣ ਦੀ ਹਾਲਤ ਸਪੱਸ਼ਟ ਕਰਦਿਆਂ ਦੱਸਦੀ ਹਨ:"ਮੈਂ ਆਪਣੇ ਪਰਿਵਾਰ ਦੀ ਇਕਲੌਤੀ ਔਰਤ ਹਾਂ। ਜੇ ਮੈਂ ਹਸਪਤਾਲ ਭਰਤੀ ਹੋ ਗਈ ਤਾਂ ਘਰ ਦਾ ਕੰਮ ਕੌਣ ਕਰੇਗਾ? ਮੇਰੇ ਪਤੀ ਨਾਲ਼ ਜੰਗਲ ਵਿੱਚ ਪੱਤੇ ਇਕੱਠੇ ਕਰਨ ਕੌਣ ਜਾਵੇਗਾ?" ਅਤੇ ਫਿਰ ਜਾਂਚ ਲਈ ਹਸਪਤਾਲ ਆਉਣਾ-ਜਾਣਾ ਵੀ ਮਹਿੰਗਾ ਹੈ, "ਇੱਕ ਪਾਸੇ ਦੇ ਕਿਰਾਏ ਦਾ ਖਰਚਾ 50 ਤੋਂ 80 ਰੁਪਏ ਹੋ ਜਾਂਦਾ ਹੈ। ਅਸੀਂ ਇੰਨਾ ਖਰਚਾ ਕਿੱਥੋਂ ਬਰਦਾਸ਼ਤ ਕਰ ਸਕਦੇ ਹਾਂ।''
ਸਾਬਰ ਪਰਿਵਾਰਾਂ ਦੀ ਵੱਡੀ ਕਮਾਈ ਸਾਲ (ਸ਼ੋਰਾ ਰੋਬਸਤਾ) ਰੁੱਖ ਦੇ ਪੱਤੇ ਇਕੱਠੇ ਕਰਨ ਅਤੇ ਉਨ੍ਹਾਂ ਨੂੰ ਵੇਚਣ ਤੋਂ ਹੁੰਦੀ ਹੈ, ਜੋ ਇੱਕ ਮੁਸ਼ਕਲ ਕੰਮ ਹੈ। ਸਾਲ ਇੱਕ ਸਖ਼ਤ ਲੱਕੜ ਦਾ ਰੁੱਖ ਹੈ ਅਤੇ ਭਾਰਤ ਵਿੱਚ ਲੱਕੜ ਦਾ ਇੱਕ ਮਹੱਤਵਪੂਰਨ ਸਰੋਤ ਵੀ ਹੈ। ਓਡੀਸ਼ਾ ਤੋਂ ਸਾਲ ਦੇ ਪੱਤਿਆਂ ਦੇ ਖਰੀਦਦਾਰ ਦਿਲੀਪ ਮੋਹੰਤੀ, ਜੋ ਨਿਯਮਤ ਤੌਰ 'ਤੇ ਬਾਜ਼ਾਰ ਆਉਂਦੇ ਹਨ, ਕਹਿੰਦੇ ਹਨ, "ਇਸ ਸਾਲ ਪੱਤਿਆਂ ਦੀ ਸਪਲਾਈ ਵਿੱਚ ਭਾਰੀ ਕਮੀ ਆਈ ਹੈ। ਸਾਬਰ ਭਾਈਚਾਰਾ ਹੁਣ ਹਾਥੀਆਂ ਕਾਰਨ ਜੰਗਲ ਵਿੱਚ ਜਾਣ ਤੋਂ ਡਰਦਾ ਹੈ।''
ਜਤਿਨ ਦੇ ਗੁਆਂਢੀ ਕੋਂਡਾ ਭਗਤਾ ਵੀ ਇਸ ਗੱਲ ਨਾਲ਼ ਸਹਿਮਤ ਹਨ ਅਤੇ ਕਹਿੰਦੇ ਹਨ ਕਿ ਇਹ ਖਤਰੇ ਨਾਲ਼ ਭਰਿਆ ਹੋਇਆ ਹੈ। "ਅਸੀਂ ਆਮ ਤੌਰ 'ਤੇ ਇੱਕ ਸਮੂਹ ਬਣਾਉਂਦੇ ਹਾਂ ਅਤੇ ਇਕੱਠੇ ਜਾਂਦੇ ਹਾਂ। ਇਹ ਬਹੁਤ ਜੋਖ਼ਮ ਭਰਿਆ ਮਾਮਲਾ ਹੈ, ਇੱਥੇ ਸੱਪ ਅਤੇ ਹਾਥੀ ਹੁੰਦੇ ਹਨ। ਅਸੀਂ ਸਵੇਰੇ 6 ਵਜੇ ਜਾਂਦੇ ਹਾਂ ਅਤੇ ਦੁਪਹਿਰ ਤੱਕ ਵਾਪਸ ਆ ਜਾਂਦੇ ਹਾਂ।''
ਪੱਤਿਆਂ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਸੁਕਾਇਆ ਜਾਂਦਾ ਹੈ ਅਤੇ ਫਿਰ, "ਅਸੀਂ ਉਨ੍ਹਾਂ ਨੂੰ ਸਾਈਕਲ 'ਤੇ ਰੱਖ ਕੇ ਅਤੇ ਨੇੜਲੇ ਹਾਟ ਵਿੱਚ ਲੈ ਜਾਂਦੇ ਹਾਂ, ਜੋ ਹਰ ਸ਼ਨੀਵਾਰ ਨੂੰ ਲੱਗਦਾ ਹੈ। ਓਡੀਸ਼ਾ ਤੋਂ ਖਰੀਦਦਾਰ ਉੱਥੇ ਆਉਂਦੇ ਹਨ ਅਤੇ ਉਹ ਸਾਨੂੰ 1,000 ਪੱਤਿਆਂ ਦੇ ਬੰਡਲ ਲਈ 60 ਰੁਪਏ ਦਿੰਦੇ ਹਨ। ਜੇ ਮੈਂ ਇੱਕ ਹਫ਼ਤੇ ਵਿੱਚ ਚਾਰ ਬੰਡਲ ਵੇਚ ਦਿੰਦਾ ਹਾਂ, ਤਾਂ ਮੈਂ 240 ਰੁਪਏ ਕਮਾ ਸਕਦਾ ਹਾਂ," ਜਤਿਨ ਭੋਕਤਾ ਕਹਿੰਦੇ ਹਨ। "ਇਹੀ ਇੱਥੋਂ ਦੇ ਜ਼ਿਆਦਾਤਰ ਪਰਿਵਾਰਾਂ ਦੀ ਔਸਤ ਕਮਾਈ ਹੈ।''
ਰਾਜ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀ.ਐੱਮ.ਏ.ਵਾਈ.) ਯੋਜਨਾ ਤਹਿਤ ਭਾਈਚਾਰੇ ਲਈ ਰਿਹਾਇਸ਼ ਦੇਣ ਦੀ ਸ਼ੁਰੂਆਤ ਕੀਤੀ ਹੈ। ਪਰ 40 ਸਾਲਾ ਸਾਬਿਤਰੀ ਮਲਿਕ ਕਹਿੰਦੀ ਹਨ, "ਅਸੀਂ ਉੱਥੇ ਨਹੀਂ ਰਹਿ ਸਕਦੇ। ਜਦੋਂ ਗਰਮੀਆਂ ਵਿੱਚ ਤਾਪਮਾਨ 43 ਡਿਗਰੀ ਸੈਲਸੀਅਸ ਨੂੰ ਛੂਹ ਜਾਂਦਾ ਹੈ ਤਾਂ ਐਸਬੈਸਟੋਸ ਦੀ ਛੱਤ ਵਾਲ਼ੇ ਕੰਕਰੀਟ ਦੇ ਘਰ ਭਾਂਬੜ ਬਣ ਜਾਂਦੇ ਹਨ ਤੇ ਗਰਮੀ ਬਰਦਾਸ਼ਤ ਨਹੀਂ ਹੁੰਦੀ। "ਮਾਰਚ ਤੋਂ ਜੂਨ ਤੱਕ ਜਦੋਂ ਤਾਪਮਾਨ ਵੱਧ ਜਾਂਦਾ ਹੈ, ਤਾਂ ਅਸੀਂ ਇੱਥੇ ਰਹਿਣ ਦਾ ਸੋਚ ਸਕਦੇ ਹਾਂ?"
ਬੇਨਾਸ਼ੂਲੀ ਅਤੇ ਤਪੋਬਨ ਵਰਗੇ ਪਿੰਡਾਂ ਵਿੱਚ ਕੁਝ ਨਿੱਜੀ ਪ੍ਰਾਇਮਰੀ ਸਕੂਲ ਹਨ ਜੋ ਕਾਜਲਾ ਜਨਕਲਿਆਣ ਸਮਿਤੀ (ਕੇਜੇਕੇਐਸ) ਦੁਆਰਾ ਸਥਾਪਤ ਕੀਤੇ ਗਏ ਹਨ, ਜੋ ਭਾਈਚਾਰੇ ਵਿੱਚ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੰਮ ਕਰ ਰਹੀ ਇੱਕ ਗੈਰ ਸਰਕਾਰੀ ਸੰਸਥਾ ਹੈ। ਸਾਖਰਤਾ 40 ਪ੍ਰਤੀਸ਼ਤ ਹੈ, ਜੋ ਰਾਜ ਅਤੇ ਰਾਸ਼ਟਰੀ ਔਸਤ ਤੋਂ ਬਹੁਤ ਘੱਟ ਹੈ; 2020 ਦੀ ਰਿਪੋਰਟ ਕਹਿੰਦੀ ਹੈ ਇਸ ਖੇਤਰ ਦੇ ਲਗਭਗ ਇੱਕ ਤਿਹਾਈ ਆਦਿਵਾਸੀ ਨੌਜਵਾਨ ਸਕੂਲ [ਮਿਡਲ ਅਤੇ ਹਾਇਰ ਸੈਕੰਡਰੀ] ਦਾਖਲ ਹੀ ਨਹੀਂ ਹੋਏ। ਇਸ ਵਿੱਚ ਇਹ ਵੀ ਨੋਟ ਕੀਤਾ ਗਿਆ ਹੈ ਕਿ ਵਿਦਿਆਰਥੀ ਜਾਤੀ ਅਧਾਰਤ ਹਮਲੇ, ਸਕੂਲ ਤੋਂ ਦੂਰੀ, ਵਿਦਿਅਕ ਖਰਚਿਆਂ ਨੂੰ ਸਹਿਣ ਕਰਨ ਵਿੱਚ ਅਸਮਰੱਥ ਹਨ ਅਤੇ ਕੰਮ 'ਤੇ ਲੱਗਣ ਦੇ ਲੱਬ ਵਿੱਚ ਸਕੂਲ ਛੱਡ ਦਿੰਦੇ ਹਨ।
"ਜਦੋਂ ਭਾਈਚਾਰੇ ਕੋਲ਼ ਕਮਾਈ ਦੇ ਢੁੱਕਵੇਂ ਸਾਧਣ ਨਹੀਂ ਹੁੰਦੇ ਤਾਂ ਬੱਚਿਆਂ ਨੂੰ ਸਕੂਲ ਭੇਜਣਾ ਇੱਕ ਲਗਜ਼ਰੀ ਗੱਲ ਹੋ ਨਿਬੜਦੀ ਹੈ," ਕੇਜੇਐਸ ਦੇ ਮੁਖੀ ਸਵਪਨ ਜਾਨਾ ਕਹਿੰਦੇ ਹਨ।
ਜਿੱਥੋਂ ਤੱਕ ਕਿ ਸਿਹਤ ਸੰਭਾਲ ਤੱਕ ਪਹੁੰਚ ਦਾ ਮਾਮਲਾ ਹੈ, ਪੱਲਵੀ ਸੇਨਗੁਪਤਾ ਕਹਿੰਦੀ ਹਨ,"ਉਨ੍ਹਾਂ ਲਈ ਐਕਸ-ਰੇ ਕਰਾਉਣਾ ਤੱਕ ਮੁਸ਼ਕਲ ਹੈ ਕਿਉਂਕਿ ਨੇੜੇ-ਤੇੜੇ ਕੋਈ ਪ੍ਰਾਇਮਰੀ ਹੈਲਥ ਕੇਅਰ ਕੈਂਪ ਨਹੀਂ ਹਨ। ਇਸ ਲਈ, ਉਹ ਨੀਮ-ਹਕੀਮੀ 'ਤੇ ਨਿਰਭਰ ਕਰਦੇ ਹਨ।" ਪੱਲਵੀ ਜਰਮਨ ਡਾਕਟਰਜ਼ ਨਾਲ਼ ਕੰਮ ਕਰਦੀ ਹਨ, ਜੋ ਖੇਤਰ ਦੇ ਆਦਿਵਾਸੀਆਂ ਨੂੰ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵਾਲ਼ੀ ਇੱਕ ਚੈਰੀਟੇਬਲ ਸੰਸਥਾ ਹੈ। ਇਸ ਇਲਾਕੇ ਵਿੱਚ ਸੱਪ ਦਾ ਕੱਟਿਆ ਜਾਣਾ ਵੀ ਆਮ ਵਰਤਾਰਾ ਹੈ ਤੇ ਸਿਹਤ ਸਬੰਧੀ ਮੈਡੀਕਲ ਸੁਵਿਧਾਵਾਂ ਦੀ ਘਾਟ ਦੇ ਚੱਲਿਆਂ ਇੱਥੇ ਵੀ ਬਾਕੀ ਥਾਵਾਂ ਵਾਂਗਰ ਸਿਆਣਿਆਂ (ਨੀਮ-ਹਕੀਮਾਂ) ਦਾ ਜ਼ੋਰ ਹੈ।
ਪੱਛਮੀ ਬੰਗਾਲ ਵਿੱਚ 40,000 ਤੋਂ ਵੱਧ ਦੀ ਗਿਣਤੀ ਹੋਣ ਦੇ ਬਾਵਜੂਦ (ਭਾਰਤ ਵਿੱਚ ਅਨੁਸੂਚਿਤ ਕਬੀਲਿਆਂ ਦੀ ਅੰਕੜਾ ਪ੍ਰੋਫਾਈਲ , 2013), ਸਾਬਰ ਅਜੇ ਵੀ ਭੁੱਖਮਰੀ ਦੇ ਮੁਹਾਨੇ 'ਤੇ ਰਹਿ ਰਹੇ ਹਨ।
ਸਾਲ 2004 ਵਿੱਚ ਮੇਦਿਨੀਪੁਰ ਜ਼ਿਲ੍ਹੇ ਦੇ ਸਾਬਰ ਪਿੰਡ ਵਿੱਚ ਪੰਜ ਵਿਅਕਤੀਆਂ ਦੀ ਕਈ ਮਹੀਨਿਆਂ ਦੀ ਭੁੱਖ ਹੜਤਾਲ ਤੋਂ ਬਾਅਦ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਰਾਸ਼ਟਰੀ ਮੀਡੀਆ ਵਿੱਚ ਹੰਗਾਮਾ ਹੋਇਆ ਸੀ। ਵੀਹ ਸਾਲ ਬੀਤ ਜਾਣ ਬਾਅਦ ਵੀ ਬਹੁਤਾ ਕੁਝ ਨਹੀਂ ਬਦਲਿਆ ਹੈ। ਅੱਜ ਵੀ ਭੁੱਖ ਹੈ, ਸਿੱਖਿਆ ਦੀ ਘਾਟ ਹੈ ਤੇ ਅਤੇ ਸਿਹਤ ਸੰਭਾਲ਼ ਤੱਕ ਪਹੁੰਚ ਹੈ ਹੀ ਨਹੀਂ। ਮਨੁੱਖ-ਜਾਨਵਰਾਂ ਦੇ ਟਕਰਾਅ ਅਕਸਰ ਹੁੰਦੇ ਰਹਿੰਦੇ ਹਨ ਕਿਉਂਕਿ ਇਹ ਬਸਤੀਆਂ ਸੰਘਣੇ ਜੰਗਲਾਂ ਦੇ ਅੰਦਰ ਹੀ ਸਥਿਤ ਹਨ।
ਫ਼ਾਕਿਆਂ ਦੀ ਹਾਲਤ ਵਿੱਚ ਜਦੋਂ ਭਾਈਚਾਰੇ ਦੇ ਕੁਝ ਲੋਕੀਂ ਸ਼ਰਾਬ ਵਿੱਚ ਭੋਜਨ ਤਲਾਸ਼ਣ ਲੱਗਣ ਤਾਂ ਇਸ ਕਦਮ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਰਬਿੰਦਰ ਭੂਈਆ ਇਸ ਰਿਪੋਰਟਰ ਨੂੰ ਪੁੱਛਦੇ ਹਨ, "ਜੇ ਮੇਰੇ ਸਾਹ ਵਿੱਚੋਂ ਸ਼ਰਾਬ ਦੀ ਹਵਾੜ ਆਈ ਤਾਂ ਕੀ ਤੁਸੀਂ ਮੈਨੂੰ ਡਾਂਟੋਂਗੇ?"
ਤਰਜਮਾ: ਕਮਲਜੀਤ ਕੌਰ