ਕਿਰਨ (ਬਦਲਿਆ ਨਾਮ) ਸਿਰਫ਼ ਖਾਣਾ ਬਣਾਉਂਦੀ ਤੇ ਘਰ ਦੀ ਸਫ਼ਾਈ ਹੀ ਨਹੀਂ ਕਰਦੀ ਸਗੋਂ ਘਰ ਦਾ ਗੁਜ਼ਾਰਾ ਵੀ ਤੋਰਦੀ ਹੈ। ਉਹ ਬਾਲਣ ਲਈ ਲੱਕੜ ਚੁਗਦੀ ਤੇ ਪਾਣੀ ਵੀ ਭਰਦੀ ਹੈ। ਜਿਓਂ-ਜਿਓਂ ਗਰਮੀਆਂ ਨੇੜੇ ਆਉਂਦੀਆਂ ਹਨ, ਪਾਣੀ ਲਿਆਉਣ ਦਾ ਪੈਂਡਾ ਵੀ ਵੱਧਣ ਲੱਗਦਾ ਹੈ।
11 ਸਾਲਾ ਇਸ ਬਾਲੜੀ ਨੂੰ ਇਹ ਸਭ ਕਰਨਾ ਹੀ ਪੈਣਾ ਹੈ ਕਿਉਂਕਿ ਕੋਈ ਹੋਰ ਚਾਰਾ ਨਹੀਂ ਹੈ। ਉਸ ਦੇ ਮਾਪੇ ਸਲਾਨਾ ਪ੍ਰਵਾਸ ਕਰਕੇ ਕਮਾਈ ਕਰਨ ਗਏ ਹਨ ਤੇ ਬੰਸਵਾੜਾ (ਉਹਦੇ ਪਿੰਡ) ਵਿਖੇ ਪੈਂਦੇ ਉਹਦੇ ਘਰ ਵਿੱਚ ਮਗਰ ਹੋਰ ਕੋਈ ਵੀ ਨਹੀਂ ਹੈ। ਹਾਲ਼ ਦੀ ਘੜੀ 18 ਸਾਲਾ ਉਸਦਾ ਵੱਡਾ ਭਰਾ, ਵਿਕਾਸ ਇੱਥੇ ਹੀ ਹੈ ਪਰ ਉਹ ਕਿਸੇ ਵੀ ਸਮੇਂ ਪਰਵਾਸ ਕਰ ਸਕਦਾ ਹੈ। ਉਹ ਪਹਿਲਾਂ ਵੀ ਪਰਵਾਸ ਕਰ ਚੁੱਕਾ ਹੈ। ਉਸ ਦੇ ਬਾਕੀ ਤਿੰਨ ਭੈਣ-ਭਰਾ, ਜਿਨ੍ਹਾਂ ਦੀ ਉਮਰ 13 ਸਾਲ ਦੇ ਕਰੀਬ ਹੈ, ਮਾਪਿਆਂ ਨਾਲ਼ ਗਏ ਹੋਏ ਹਨ ਅਤੇ ਗੁਜਰਾਤ ਦੇ ਵਡੋਦਰਾ ਵਿਖੇ ਉਸਾਰੀ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ। ਉਨ੍ਹਾਂ ਵਿੱਚੋਂ ਕੋਈ ਵੀ ਸਕੂਲ ਨਹੀਂ ਜਾਂਦਾ, ਪਰ ਕਿਰਨ ਸਕੂਲ ਜਾਂਦੀ ਹੈ।
"ਮੈਂ ਸਵੇਰੇ ਕੁਝ ਨਾ ਕੁਝ ਪਕਾ ਲੈਂਦੀ ਹਾਂ," ਕਿਰਨ (ਬਦਲਿਆ ਹੋਇਆ ਨਾਮ) ਆਪਣੀ ਰੁਟੀਨ ਬਾਰੇ ਦੱਸਦਿਆਂ ਉਹ ਕਹਿੰਦੀ ਹੈ। ਇੱਕ ਕਮਰੇ ਦੇ ਅੱਧੇ ਹਿੱਸੇ ਨੂੰ ਰਸੋਈ ਵਜੋਂ ਵਰਤਿਆ ਜਾਂਦਾ ਹੈ ਤੇ ਸੂਰਜ ਡੁੱਬਣ ਤੋਂ ਬਾਅਦ ਛੱਤ ਤੋਂ ਲਟਕਦੀ ਫਲੈਸ਼ ਲਾਈਟ ਘਰ ਨੂੰ ਰੌਸ਼ਨ ਕਰਦੀ ਹੈ।
ਕਮਰੇ ਦੇ ਇੱਕ ਕੋਨੇ ਵਿੱਚ ਚੁੱਲ੍ਹਾ ਹੈ, ਜਿਸਦੇ ਆਸਪਾਸ ਵਾਧੂ ਤੇ ਬਚਿਆ ਬਾਲ਼ਣ ਪਿਆ ਹੈ। ਸਬਜ਼ੀਆਂ, ਮਸਾਲੇ ਅਤੇ ਹੋਰ ਨਿੱਕਸੁੱਕ ਸਮਾਨ ਪਲਾਸਟਿਕ ਦੇ ਲਿਫਾਫਿਆਂ ਵਿੱਚ ਬੰਦ ਕਰਕੇ ਕੰਧ ਨਾਲ਼ ਟੰਗਿਆ ਹੋਇਆ ਹੈ। ਸਮਾਨ ਇੰਝ ਟੰਗਿਆ ਹੈ ਕਿ ਉਸ ਦੀਆਂ ਛੋਟੀਆਂ ਬਾਂਹਾਂ ਵੀ ਲਾਹ ਸਕਣ। "ਸਕੂਲ ਤੋਂ ਵਾਪਸ ਆ ਕੇ ਸ਼ਾਮੀਂ ਮੈਂ ਰਾਤ ਲਈ ਖਾਣਾ ਪਕਾਉਂਦੀ ਹਾਂ। ਫਿਰ ਮੁਰਗੀ ਕੋ ਦੇਖਨਾ ਤੇ ਫਿਰ ਮੈਂ ਸੌਂ ਜਾਂਦੀ ਹਾਂ," ਕਿਰਨ ਕਹਿੰਦੀ ਹੈ।
ਉਸ ਦੀ ਕਹਾਣੀ ਤੋਂ ਘਰ ਦੇ ਹੋਰ ਬਹੁਤ ਸਾਰੇ ਕੰਮਕਾਰ ਗਾਇਬ ਹਨ, ਜਿਨ੍ਹਾਂ ਵਿੱਚ ਨੇੜੇ ਦੀਆਂ ਪਹਾੜੀਆਂ ਦੇ ਤਲ੍ਹੀ ਵਿੱਚ ਪੈਂਦੇ ਜੰਗਲਾਂ ਤੋਂ ਲੱਕੜਾਂ ਚੁਗਣਾ ਤੇ ਘਰ ਲਿਆਉਣਾ ਸ਼ਾਮਲ ਹੈ, ਜਿਸ ਨੂੰ ਸਥਾਨਕ ਤੌਰ 'ਤੇ ਦਾਵੜਾ ਖੋਰਾ ਜਾਂ ਬਿਜਲੀਆ ਕਿਹਾ ਜਾਂਦਾ ਹੈ। ਕਿਰਨ ਨੂੰ ਉਸ ਜੰਗਲ ਤੱਕ ਪਹੁੰਚਣ ਵਿੱਚ ਇੱਕ ਘੰਟਾ ਲੱਗਦਾ ਹੈ। ਹਾਲਾਂਕਿ ਲੱਕੜ ਇਕੱਠੀ ਕਰਨ, ਤੋੜਨ/ਕੱਟਣ ਅਤੇ ਪੰਡ ਬੰਨ੍ਹਣ ਵਿੱਚ ਇੱਕ ਹੋਰ ਘੰਟਾ ਲੱਗਦਾ ਹੈ, ਫਿਰ ਇੱਕ ਘੰਟਾ ਜੰਗਲ ਤੋਂ ਘਰ ਪਰਤਣ ਵਿੱਚ ਲੱਗ ਜਾਂਦਾ ਹੈ। ਬਾਲਣ ਦੀ ਇਹ ਪੰਡ ਬੱਚੇ ਦੇ ਹਿਸਾਬ ਨਾਲ਼ ਖਾਸੀ ਭਾਰੀ ਹੁੰਦੀ ਹੈ।












