ਅੰਧੇਰੀ ਸਟੇਸ਼ਨ 'ਤੇ ਰੇਲ ਗੱਡੀ ਵਿੱਚ ਚੜ੍ਹਨ ਵਾਲ਼ੇ ਲੋਕਾਂ ਦੇ ਸ਼ੋਰ-ਸ਼ਰਾਬੇ ਦੇ ਵਿਚਕਾਰ ਟ੍ਰੇਨ ਚੁੱਪਚਾਪ ਪਟੜੀ 'ਤੇ ਰੁਕ ਗਈ। ਰੇਲ ਗੱਡੀ ਦੇ ਅੰਦਰ ਵੜ੍ਹਦੇ ਲੋਕਾਂ ਨੇ ਆਸਰੇ ਵਾਸਤੇ ਸੀਟ ਦਾ ਹੈਂਡਲ, ਉੱਪਰਲੀ ਰੇਲਿੰਗ ਆਦਿ ਨੂੰ ਫੜ੍ਹਿਆ ਹੋਇਆ ਸੀ। ਸੀਟਾਂ ਲਈ ਬਹਿਸਬਾਜ਼ੀ ਕਰਦੇ ਲੋਕੀਂ, ਖਾਲੀ ਸੀਟ ਦੀ ਤਲਾਸ਼ ਕਰਦੇ ਲੋਕੀਂ ਅਤੇ ਪਹਿਲਾਂ ਤੋਂ ਹੀ ਬੈਠਿਆਂ ਨੂੰ ਰਤਾ ਖਿਸਕਣ ਨੂੰ ਆਖ ਰਹੇ ਲੋਕੀਂ ਅਜੀਬ ਚੀਕ-ਚਿਹਾੜਾ ਪਾ ਰਹੇ ਸਨ।
ਭੀੜ ਵਿਚਾਲੇ 31 ਸਾਲਾ ਕਿਸ਼ਨ ਜੋਗੀ ਅਤੇ ਸਮੁੰਦਰੀ ਨੀਲੇ ਰੰਗ ਦੀ ਰਾਜਸਥਾਨੀ ਸਕਰਟ ਅਤੇ ਬਲਾਊਜ਼ ਪਹਿਨੇ ਉਨ੍ਹਾਂ ਦੀ 10 ਸਾਲਾ ਬੇਟੀ, ਭਾਰਤੀ ਨੂੰ ਵੀ ਇਸੇ ਟ੍ਰੇਨ ਵਿੱਚ ਜਗ੍ਹਾ ਮਿਲ਼ੀ। ਸ਼ਾਮ ਦੇ ਸੱਤ ਵੱਜ ਚੁੱਕੇ ਸਨ। ਮੁੰਬਈ ਪੱਛਮੀ ਉਪਨਗਰ ਲਾਈਨ ਤੋਂ ਸਵਾਰ ਹੋਣ ਲਈ ਦਿਨ ਦੀ ਇਹ ਪੰਜਵੀਂ ਰੇਲ ਗੱਡੀ ਸੀ।
ਕਿਸ਼ਨ ਦੀ ਸਾਰੰਗੀ ਦੀ ਮਿਠਾਸ ਰੇਲ ਦੇ ਡੱਬਿਆਂ ਅੰਦਰ ਤੈਰਨ ਲੱਗੀ ਜਦੋਂ ਰੇਲ ਗੱਡੀ ਦੀ ਰਫਤਾਰ ਵਧਣ ਲੱਗੀ ਤਾਂ ਭੜਥੂ ਪਾਉਂਦੇ ਲੋਕੀਂ ਵੀ ਸ਼ਾਂਤ ਹੁੰਦੇ ਦਿਖਾਈ ਦੇਣ ਲੱਗੇ।
"ਤੇਰੀ ਆਂਖੇ ਭੂਲ ਭੁਲੱਈਆ... ਬਾਤੇਂ ਹੈ ਭੂਲ ਭੁਲੱਈਆ..."
ਉਨ੍ਹਾਂ ਦੇ ਹੱਥ ਵਿੱਚ ਕਮਾਨ ਵਰਗਾ ਸਾਜ਼ ਤੇਜ਼ੀ ਨਾਲ਼ ਸਾਰੰਗੀ ਦੀਆਂ ਤਾਰਾਂ ਉੱਪਰ ਰਿੜ੍ਹਨ ਲੱਗਿਆ। ਸਾਜ਼ ਦੇ ਉੱਪਰ-ਹੇਠਾਂ ਡੋਲਣ ਤੋਂ ਬਾਅਦ ਇੱਕ ਸੁਰੀਲੀ ਸੁਰ ਪੈਦਾ ਹੋਈ। ਸਾਰੰਗੀ ਦਾ ਦੂਜਾ ਸਿਰਾ ਉਨ੍ਹਾਂ ਨੇ ਛਾਤੀ ਅਤੇ ਖੱਬੇ ਮੋਢੇ ਦੇ ਨੇੜੇ ਆਰਾਮ ਨਾਲ਼ ਟਿਕਾਇਆ ਹੋਇਆ ਸੀ। ਜਦੋਂ ਉਨ੍ਹਾਂ ਦੀ ਸਾਰੰਗੀ ਨੇ ਸਾਲ 2022 'ਚ ਆਈ ਫ਼ਿਲਮ ਭੁੱਲ ਭੁਲਾਈਆ ਦਾ ਮਸ਼ਹੂਰ ਗੀਤ ਛੋਹਿਆ ਤਾਂ ਉਹ ਗੀਤ ਆਪਣੇ ਅਸਲ ਰੂਪ ਨਾਲ਼ੋਂ ਵੱਧ ਜਾਦੂਈ ਬਣ ਗਿਆ।
ਰੇਲ ਗੱਡੀ ਦੇ ਕੁਝ ਯਾਤਰੀ ਥੋੜ੍ਹੇ ਸਮੇਂ ਲਈ ਹੀ ਸਹੀ ਪਰ ਆਪਣੇ ਰੌਲ਼ੇ ਨੂੰ ਭੁੱਲ ਸੁਰੀਲੇ ਸੰਗੀਤ ਦੇ ਸੰਸਾਰ ਵਿੱਚ ਗੁਆਚ ਗਏ। ਦੂਜਿਆਂ ਨੇ ਆਪਣੇ ਫੋਨ ਬਾਹਰ ਕੱਢੇ ਅਤੇ ਉਨ੍ਹਾਂ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ। ਦੂਸਰੇ ਲੋਕਾਂ ਦੇ ਚਿਹਰੇ 'ਤੇ ਮੁਸਕਰਾਹਟ ਫ਼ੈਲਣ ਲੱਗੀ। ਪਰ ਬਹੁਤੇਰੇ ਲੋਕੀਂ ਕੰਨਾਂ 'ਤੇ ਈਅਰਪਲੱਗ ਚੜ੍ਹਾਈ ਸਿਰਫ਼ ਇਸਲਈ ਰੁੱਝ ਗਏ ਤਾਂਕਿ ਡੱਬੇ ਅੰਦਰ ਘੁੰਮ-ਘੁੰਮ ਕੇ ਪੈਸੇ ਮੰਗਦੀ ਛੋਟੀ ਬੱਚੀ, ਭਾਰਤੀ ਨੂੰ ਅਣਦੇਖਿਆ ਕਰ ਸਕਣ।










