ਹੌਸਾਬਾਈ ਦਿਘੇ ਨੇ ਕਿਹਾ, "ਮੇਰੇ ਜ਼ਿਹਨ ਅੰਦਰ ਆਪਣੀ ਮਾਈ ਦੇ ਗੀਤਾਂ ਦੇ ਦੋ-ਤਿੰਨ ਲਫ਼ਜ਼ ਸਦਾ ਘੁੰਮਦੇ ਰਹੇ।'' ਸਾਲ 1995 ਸੀ ਅਤੇ ਉਹ ਹੇਮਾ ਰਿਆਰਕਰ ਅਤੇ ਗਾਇ ਪੋਇਟਵੋਨ ਨਾਲ਼ ਗੱਲ ਕਰ ਰਹੀ ਸਨ। ਪੁਣੇ ਦੇ ਸਮਾਜ ਵਿਗਿਆਨੀ ਅਤੇ ਕਾਰਕੁਨ, ਜਿਨ੍ਹਾਂ ਨੇ 1980 ਦੇ ਦਹਾਕੇ ਦੇ ਅਖੀਰ ਵਿੱਚ ਗਰਾਇੰਡਮਿਲ ਗੀਤ ਪ੍ਰੋਜੈਕਟ (ਜੀਐੱਸਪੀ) ਦੀ ਸ਼ੁਰੂਆਤ ਕੀਤੀ ਸੀ ਅਤੇ ਲੋਕਾਂ ਨਾਲ਼ ਗੱਲ ਕਰਨ ਲਈ ਆਪਣੀ ਟੀਮ ਨਾਲ਼ ਮੁਲਸ਼ੀ ਤਾਲੁਕਾ ਦੇ ਬੰਬਰਡੇ ਪਿੰਡ ਪਹੁੰਚੇ ਸਨ।
ਹੌਸਾਬਾਈ ਨੇ ਅੱਗੇ ਕਿਹਾ, "ਮੈਂ ਖੇਤਾਂ ਵਿੱਚ ਕੰਮ ਕਰਕੇ ਵਾਪਸ ਆਉਂਦੀ ਹਾਂ ਅਤੇ ਜੇ ਆਟਾ ਨਹੀਂ ਹੁੰਦਾ, ਤਾਂ ਮੈਂ ਚੱਕੀ ਮੂਹਰੇ ਬੈਠ ਕੇ ਪੁੜਾਂ ਦੀ ਅਵਾਜ਼ ਨਾਲ਼ ਕੁਝ ਗੀਤ ਗਾਉਂਦੀ ਹਾਂ। ਗੀਤ ਤੋਂ ਬਿਨਾਂ ਸਾਡਾ ਹਰੇਕ ਦਿਨ ਅਧੂਰਾ ਹੈ। ਜਿਓਂ ਹੀ ਤੁਸੀਂ ਗਾਉਣਾ ਸ਼ੁਰੂ ਕਰਦੇ ਹੋ, ਸ਼ਬਦ ਆਪਣੇ ਆਪ ਮਨ ਵਿੱਚ ਆਉਣ ਲੱਗਦੇ ਹਨ। ਇਹ ਗੀਤ ਉਦੋਂ ਹੀ ਬੰਦ ਹੋਣਾ ਜਦੋਂ ਮੈਂ ਸਾਹ ਲੈਣਾ ਬੰਦ ਕਰ ਦਿੱਤੇ। ਉਦੋਂ ਤੱਕ, ਉਹ ਮੇਰੀ ਯਾਦ ਵਿੱਚ ਰਹਿਣਗੇ। ਉਨ੍ਹਾਂ ਦੇ ਸ਼ਬਦ ਕਿਸਾਨਾਂ, ਖੇਤ ਮਜ਼ਦੂਰਾਂ, ਮਛੇਰਿਆਂ, ਘੁਮਿਆਰਾਂ ਅਤੇ ਮਾਲੀ ਭਾਈਚਾਰਿਆਂ ਨਾਲ਼ ਸਬੰਧਤ ਕਈ ਪੇਂਡੂ ਮਹਿਲਾ ਗਾਇਕਾਂ ਦੀ ਨੁਮਾਇੰਦਗੀ ਕਰਦੇ ਹਨ। ਇਹ ਸਾਰੇ ਕਾਮੇ ਸਵੇਰੇ ਜਲਦੀ ਉੱਠਦੇ ਹਨ, ਆਪਣੇ ਘਰੇਲੂ ਕੰਮ ਪੂਰੇ ਕਰਦੇ ਹਨ ਅਤੇ ਖੇਤਾਂ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੇ ਦਿਨ ਦਾ ਜ਼ਿਆਦਾਤਰ ਹਿੱਸਾ ਕੰਮ ਕਰਨ ਵਿੱਚ ਬੀਤਦਾ ਹੈ।
ਅਕਸਰ, ਔਰਤਾਂ ਦਾ ਦਿਨ, ਕਣਕ ਪੀਹਣ ਨਾਲ਼ ਸ਼ੁਰੂ ਹੁੰਦਾ। ਪੁੜਾਂ ਦੇ ਚੱਲਣ ਦੀ ਅਵਾਜ਼ ਨਾਲ਼ ਉਨ੍ਹਾਂ ਦੇ ਗੀਤ ਸੁਰ ਫੜ੍ਹ ਲੈਂਦੇ ਤੇ ਉਹ ਇਕੱਠੀਆਂ ਮਿਲ਼ ਗਾਉਣ ਲੱਗਦੀਆਂ। ਰਸੋਈ ਜਾਂ ਬਰਾਂਡੇ ਦਾ ਖੂੰਜਾ ਉਨ੍ਹਾਂ ਲਈ ਕੰਮ ਕਰਨ ਦੀ ਅਰਾਮਦਾਇਕ ਥਾਂ ਹੁੰਦਾ। ਇਹੀ ਕੋਨਾ ਫਿਰ ਇਨ੍ਹਾਂ ਔਰਤਂ ਲਈ ਦੁੱਖ-ਸੁੱਖ ਸਾਂਝੇ ਕਰਨ, ਖੁਸ਼ੀਆਂ ਖੇੜੇ ਵੰਡਣ ਤੇ ਜਿੱਤ ਦੇ ਗੀਤ ਗਾਉਣ ਦੀ ਨਿੱਜੀ ਥਾਂ ਬਣ ਜਾਂਦਾ।
ਪੁੜਾਂ ਵਿੱਚ ਕਣਕ ਪੀਸੀ ਜਾਂਦੀ ਰਹਿੰਦੀ ਤੇ ਔਰਤਾਂ ਘਰ ਸੰਸਾਰ ਬਾਰੇ, ਖੇਤਾਂ, ਪਿੰਡਾਂ, ਰਿਸ਼ਤੇ-ਨਾਤਿਆਂ, ਧਰਮ, ਤੀਰਥ-ਯਾਤਰਾ, ਘਰੇਲੂ ਲੜਾਈਆਂ, ਜਾਤੀ-ਦਾਬੇ, ਪਿਤਰਸੱਤਾ ਦੇ ਜ਼ੁਲਮ, ਅਸਮਾਨਤਾ, ਬਾਬਾ ਸਾਹਿਬ ਅੰਬੇਡਕਰ ਦੀ ਦੇਣ ਅਤੇ ਅਜਿਹੀਆਂ ਹੋਰ ਬਹੁਤ ਸਾਰੀਆਂ ਚੰਗੀਆਂ ਅਤੇ ਕੁਝ-ਕੁਝ ਬੁਰੀਆਂ ਗੱਲਾਂ ਆਪਸ ਵਿੱਚ ਸਾਂਝਾ ਕਰਦੀਆਂ। ਵੀਡੀਓ ਵਿੱਚ, ਪੁਣੇ ਦੇ ਮੁਲਸ਼ੀ ਤਾਲੁਕਾ ਦੇ ਖੜਕਵਾੜੀ ਪਿੰਡ ਦੀ ਤਾਰਾਬਾਈ ਉਬੇ ਇਸ ਬਾਰੇ ਗੱਲ ਕਰ ਰਹੀ ਹਨ।





