ਅਰਤਤੋਂਡੀ ਪਿੰਡ ਦੀਆਂ ਭੀੜੀਆਂ ਗਲੀਆਂ ਵਿੱਚ ਮਿੱਠੀ, ਮੇਵਿਆਂ ਵਰਗੀ, ਨਸ਼ੀਲੀ ਖੁਸ਼ਬੂ ਫੈਲੀ ਹੋਈ ਹੈ।
ਹਰ ਘਰ ਦੇ ਵਿਹੜੇ ਵਿੱਚ ਸ਼ਾਨਦਾਰ ਪੀਲੇ, ਹਰੇ ਅਤੇ ਭੂਰੇ ਰੰਗਾਂ ਦੇ ਮਹੂਆ ਫੁੱਲ ਬਾਂਸ ਦੀਆਂ ਚਟਾਈਆਂ, ਪੋਲੀਆਂ ਦਰੀਆਂ ਤੇ ਮਿੱਟੀ ਦੇ ਫ਼ਰਸ਼ ’ਤੇ ਸੁੱਕਣੇ ਪਾਏ ਹੋਏ ਹਨ। ਭੂਰੇ ਫੁੱਲ ਤਾਜੇ ਤੋੜੇ ਪੀਲੇ ਅਤੇ ਹਰੇ ਫੁੱਲਾਂ ਦਾ ਕਰੜਾ, ਧੁੱਪੇ ਸੁਕਾਇਆ ਰੂਪ ਹਨ।
ਚੋਣਾਂ ਦੇ ਦਿਨ ਆ ਚੁੱਕੇ ਹਨ, ਅਤੇ ਮਾਹਰਾਸ਼ਟਰ ਦੇ ਗੋਂਦੀਆਂ ਵਿੱਚ ਮਹੂਆ ਦੀ ਰੁੱਤ ਆ ਚੁੱਕੀ ਹੈ।
“ਅਪ੍ਰੈਲ ਵਿੱਚ ਮਹੂਆ, ਮਈ ਵਿੱਚ ਤੇਂਦੂ ਦੇ ਪੱਤੇ,” ਸਾਰਥਿਕਾ ਕੈਲਾਸ਼ ਆੜੇ ਨੇ ਕਿਹਾ। “ਇਹੀ ਹੈ ਸਾਡੇ ਕੋਲ ਇੱਥੇ।” ਹਰ ਸਵੇਰ ਮਾਨਾ ਤੇ ਗੋਂਡ ਕਬੀਲੇ ਨਾਲ ਸਬੰਧ ਰੱਖਦੇ 35 ਸਾਲਾ ਸਾਰਥਿਕਾ ਤੇ ਪਿੰਡ ਦੇ ਹੋਰ ਲੋਕ 4-5 ਘੰਟੇ ਨੇੜਲੇ ਜੰਗਲਾਂ ਵਿੱਚ ਲੰਬੇ ਮਹੂਆ ਦੇ ਰੁੱਖਾਂ, ਜਿਹਨਾਂ ਦੇ ਪੱਤੇ ਲਾਲ ਹੋ ਚੁੱਕੇ ਹਨ, ਤੋਂ ਡਿੱਗਦੇ ਮੁਲਾਇਮ ਫੁੱਲ ਇਕੱਠੇ ਕਰਨ ਵਿੱਚ ਬਤੀਤ ਕਰਦੇ ਹਨ। ਦੁਪਹਿਰ ਤੱਕ ਤਾਪਮਾਨ 41 ਡਿਗਰੀ ਤੱਕ ਪਹੁੰਚ ਗਿਆ ਹੈ, ਤੇ ਗਰਮੀ ਅਸਹਿ ਹੋ ਚੁੱਕੀ ਹੈ।
ਇੱਕ ਮਹੂਆ ਦੇ ਰੁੱਖ ਤੋਂ 4 ਤੋਂ 6 ਕਿਲੋ ਫੁੱਲ ਮਿਲ ਜਾਂਦੇ ਹਨ। ਅਰਤਤੋਂਡੀ ਪਿੰਡ ਦੇ ਲੋਕ (ਜਿਹਨਾਂ ਨੂੰ ਸਥਾਨਕ ਲੋਕ ਅਰਕਤੋਂਡੀ ਕਹਿੰਦੇ ਹਨ) ਇਹਨਾਂ ਨੂੰ ਬਾਂਸ ਦੇ ਡੱਬੇ ਜਾਂ ਪਲਾਸਟਿਕ ਦੇ ਲਿਫਾਫਿਆਂ ਵਿੱਚ ਇਕੱਠਾ ਕਰਦੇ ਹਨ ਅਤੇ ਧੁੱਪ ਵਿੱਚ ਸੁਕਾਉਣ ਲਈ ਘਰ ਲੈ ਆਉਂਦੇ ਹਨ। ਇੱਕ ਕਿਲੋ ਸੁੱਕੇ ਮਹੂਆ ਦੇ ਉਹਨਾਂ ਨੂੰ 35-40 ਰੁਪਏ ਮਿਲ ਜਾਂਦੇ ਹਨ ਅਤੇ ਹਰ ਕੋਈ ਹਰ ਦਿਨ ਆਮ ਕਰਕੇ 5-7 ਕਿਲੋ ਫੁੱਲ ਇਕੱਠੇ ਕਰ ਲੈਂਦਾ ਹੈ।
















