ਸਿੰਘ ਅੱਜ ਵੀ ਉਸ ਟਰੈਵਲ ਏਜੰਟ ਦੇ ਸੁਪਨੇ ਆਉਂਦਿਆਂ ਉੱਬੜਵਾਹੇ ਉੱਠ ਖੜ੍ਹਦੇ ਹਨ ਜੋ ਉਨ੍ਹਾਂ ਦੇ ਪਿੰਡ ਦਾ ਰਹਿਣ ਵਾਲ਼ਾ ਹੈ।
ਏਜੰਟ ਦੇ ਪੈਸੇ ਪੂਰੇ ਕਰਨ ਲਈ ਸਿੰਘ (ਅਸਲੀ ਨਾਮ ਨਹੀਂ) ਨੂੰ ਪਰਿਵਾਰ ਦੀ ਇੱਕ ਕਿੱਲੇ ਪੈਲ਼ੀ ਵੇਚਣੀ ਪਈ। ਬਦਲੇ ਵਿੱਚ ਏਜੰਟ ਜਤਿੰਦਰ ਨੇ '' ਇੱਕ ਨੰਬਰ ''' ਵਿੱਚ ਭੇਜਣ ਦਾ ਵਾਅਦਾ ਕੀਤਾ ਤੇ ਸਰਬੀਆ ਦੇ ਰਸਤਿਓਂ ਬਗ਼ੈਰ ਕਿਸੇ ਮੁਸ਼ਕਲ ਦੇ ਸੁਰੱਖਿਅਤ ਪੁਰਤਗਾਲ ਪਹੁੰਚਾਉਣ ਦਾ ਭਰੋਸਾ ਦਵਾਇਆ।
ਛੇਤੀ ਹੀ ਸਿੰਘ ਨੂੰ ਸਮਝੀਂ ਪੈ ਗਿਆ ਕਿ ਉਹ ਨਾ ਸਿਰਫ਼ ਜਤਿੰਦਰ ਦੀ ਜਾਅਲਸਾਜ਼ੀ ਦਾ ਸਗੋਂ ਅੰਤਰ-ਰਾਸ਼ਟਰੀ ਸਰਹੱਦਾਂ 'ਤੇ ਤਸਕਰੀ ਦਾ ਸ਼ਿਕਾਰ ਵੀ ਹੋ ਗਏ ਹਨ। ਇੰਨੇ ਵੱਡੇ ਸਦਮੇ ਦੇ ਬਾਵਜੂਦ ਉਹ ਸਾਰਾ ਕੁਝ ਖੁਦ ਹੀ ਝੱਲਦੇ ਰਹੇ ਤੇ ਮਗਰ ਆਪਣੇ ਪਰਿਵਾਰ ਨੂੰ ਚਾਹ ਕੇ ਵੀ ਕੁਝ ਨਾ ਦੱਸ ਸਕੇ।
ਆਪਣੇ ਇਸ ਸਫ਼ਰ 'ਤੇ ਚੱਲਦਿਆਂ ਉਨ੍ਹਾਂ ਸੰਘਣੇ ਜੰਗਲ ਪਾਰ ਕੀਤੇ, ਸੀਵਰ ਦੇ ਗੰਦੇ ਪਾਣੀ ਵਿੱਚ ਉੱਤਰੇ ਤੇ ਯੂਰਪ ਦੇ ਪਹਾੜਾਂ 'ਤੇ ਚੜ੍ਹਦਿਆਂ ਉਨ੍ਹਾਂ ਦੇ ਹੋਰਨਾਂ ਪ੍ਰਵਾਸੀ ਜੀਵੜਿਆਂ ਨੇ ਖੱਡਾਂ ਵਿੱਚ ਭਰਿਆ ਮੀਂਹ ਦਾ ਪਾਣੀ ਪੀਤਾ, ਸਿਰਫ਼ ਤੇ ਸਿਰਫ਼ ਬ੍ਰੈੱਡ ਖਾ ਕੇ ਗੁਜਾਰਾ ਕੀਤਾ, ਬ੍ਰੈੱਡ ਜਿਸ ਨਾਲ਼ ਸਿੰਘ ਨੂੰ ਚਿੜ੍ਹ ਜਿਹੀ ਹੋ ਗਈ।
'' ਮੇਰੇ ਫਾਦਰ ਸਾਹਬ ਹਰਟ ਪੇਸ਼ੰਟ ਆ। ਇੰਨੀ ਟੈਂਸ਼ਨ ਉਹ ਲੈ ਨੀਂ ਸਕਦੇ। ਨਾਲ਼ੇ , ਘਰ ਵਿੱਚ ਜਾ ਨਹੀਂ ਸਕਦਾ ਕਿਉਂਕਿ ਮੈਂ ਸਾਰਾ ਕੁਝ ਦਾਅ ' ਤੇ ਲਾ ਕੇ ਆਇਆ ਸੀ , '' 25 ਸਾਲਾ ਸਿੰਘ ਬੜੇ ਹਿਰਖੇ ਮਨ ਨਾਲ਼ ਦਿਲ ਦੀ ਗੱਲ ਕਰਦੇ ਹਨ। ਇਸ ਸਮੇਂ ਉਹ ਪੁਰਤਗਾਲ ਵਿਖੇ ਦੋ ਕਮਰਿਆਂ ਦੇ ਮਕਾਨ ਵਿੱਚ ਪੰਜ ਹੋਰ ਬੰਦਿਆਂ ਦੇ ਨਾਲ਼ ਰਹਿੰਦੇ ਹਨ।
ਸਮਾਂ ਬੀਤਣ ਦੇ ਨਾਲ਼-ਨਾਲ਼ ਭਾਰਤ, ਨੇਪਾਲ, ਬੰਗਲਾਦੇਸ਼, ਪਾਕਿਸਤਾਨ ਤੇ ਸ਼੍ਰੀ ਲੰਕਾ ਜਿਹੇ ਦੱਖਣੀ ਏਸ਼ੀਆ ਦੇ ਮੁਲਕਾਂ ਦੇ ਕਾਮਿਆਂ ਲਈ ਪੁਰਤਗਾਲ ਜਿਓਂ ਪਸੰਦੀਦਾ ਮੰਜ਼ਲ ਬਣ ਕੇ ਉਭਰਿਆ।
ਕਦੇ ਸਿੰਘ ਦੇ ਮਨ ਵਿੱਚ ਵੀ ਇੰਡੀਅਨ ਆਰਮੀ ਜਾਣ ਦੀ ਤਾਂਘ ਉੱਠੀ ਸੀ ਪਰ ਇੱਕ ਤੋਂ ਬਾਅਦ ਇੱਕ ਅਸਫ਼ਲ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੇ ਵਿਦੇਸ਼ ਜਾਣ ਦਾ ਮਨ ਬਣਾ ਲਿਆ ਤੇ ਸੁਖਾਲੀਆਂ ਇੰਮੀਗ੍ਰੇਸ਼ਨ ਨੀਤੀਆਂ ਕਾਰਨ ਪੁਰਤਗਾਲ ਨੂੰ ਤਰਜੀਹ ਦਿੱਤੀ। ਬਾਕੀ ਉਨ੍ਹਾਂ ਸਾਹਵੇਂ ਇਸ ਮੁਲਕ ਗਏ ਆਪਣੇ ਪਿੰਡ ਦੇ ਹੋਰਨਾਂ ਬੰਦਿਆਂ ਦੀਆਂ ਕਹਾਣੀਆਂ ਵੀ ਤੈਰਦੀਆਂ ਰਹਿੰਦੀਆਂ ਜਿਨ੍ਹਾਂ ਨੂੰ ਉੱਥੇ ਸਫ਼ਲ ਹੋਇਆ ਸਮਝ ਲਿਆ ਗਿਆ ਸੀ ਤੇ ਸਿੰਘ ਉਨ੍ਹਾਂ ਤੋਂ ਪ੍ਰਭਾਵਤ ਸਨ। ਇੰਝ ਹੀ ਇੱਕ ਦਿਨ ਕਿਸੇ ਨੇ ਉਨ੍ਹਾਂ ਨੂੰ ਜਤਿੰਦਰ ਬਾਰੇ ਦੱਸਿਆ ਜੋ ਉਸੇ ਪਿੰਡ ਰਹਿੰਦਾ ਸੀ ਤੇ ਜਿਹਨੇ ਪੁਰਤਗਾਲ ਜਾਣ ਲਈ ਮਦਦ ਕਰਨ ਦਾ ਵਾਅਦਾ ਕੀਤਾ।
''ਜਤਿੰਦਰ ਨੇ ਮੈਨੂੰ ਕਿਹਾ,'ਮੈਂ 12 ਲੱਖ (ਮੋਟਾ-ਮੋਟੀ 13,000 ਯੂਰੋ) ਲਵਾਂਗਾ ਤੇ ਤੈਨੂੰ ਕਨੂੰਨੀ ਤਰੀਕੇ ਨਾਲ਼ ਪੁਰਤਗਾਲ ਪਹੁੰਚਾ ਦੇਵਾਂਗਾ।' ਮੈਂ ਪੂਰਾ ਪੈਸਾ ਦੇਣਾ ਕਬੂਲਿਆ ਤੇ ਸਹੀ ਤਰੀਕੇ ਨਾਲ਼ ਭੇਜੇ ਜਾਣ ਦਾ ਇਸਰਾਰ ਕੀਤਾ,'' ਸਿੰਘ ਕਹਿੰਦੇ ਹਨ।
ਹਾਲਾਂਕਿ, ਜਦੋਂ ਪੈਸੇ ਦੇਣ ਦਾ ਵੇਲ਼ਾ ਆਇਆ ਤਾਂ ਏਜੰਟ ਨੇ ਬੈਂਕ ਰਾਹੀਂ ਲੈਣ-ਦੇਣ ਕਰਨ ਨਾਲ਼ੋਂ ''ਹੋਰ ਤਰੀਕੇ'' ਨਾਲ਼ ਪੈਸਾ ਲੈਣਾ ਚਾਹਿਆ। ਸਿੰਘ ਨੇ ਵਿਰੋਧ ਕੀਤਾ ਪਰ ਜਤਿੰਦਰ ਨੇ ਭਾਰੂ ਪੈਂਦਿਆਂ ਉਹਦੀ ਗੱਲ ਮੰਨਣ ਲਈ ਅੜੀ ਕੀਤੀ। ਜਾਣਾ ਤਾਂ ਹੈ ਹੀ ਇਹ ਸੋਚ ਕੇ ਸਿੰਘ ਨੇ ਢਿੱਲੇ ਪੈਂਦਿਆਂ ਪਹਿਲੇ 4 ਲੱਖ (4,383 ਯੂਰੋ) ਜਲੰਧਰ ਦੇ ਪੈਟਰੋਲ ਪੰਪ 'ਤੇ ਫੜ੍ਹਾ ਦਿੱਤੇ ਤੇ ਬਾਕੀ ਦਾ 1 ਲੱਖ (1,095 ਯੂਰੋ) ਕਿਸੇ ਦੁਕਾਨ 'ਤੇ।
ਅਕਤੂਬਰ 2021 ਨੂੰ ਸਿੰਘ ਘਰੋਂ ਦਿੱਲੀ ਲਈ ਰਵਾਨਾ ਹੋਏ, ਉਨ੍ਹਾਂ ਪਹਿਲਾਂ ਬੈਲਗਰੇਡ ਤੇ ਫਿਰ ਪੁਰਤਗਾਲ ਲਈ ਉਡਾਣ ਭਰਨੀ ਸੀ। ਇਹ ਪਹਿਲੀ ਵਾਰ ਸੀ ਜਦੋਂ ਉਨ੍ਹਾਂ ਜਹਾਜ਼ ਦੀ ਸਵਾਰੀ ਕਰਨੀ ਸੀ,ਪਰ ਏਅਰਲਾਈਨ ਵਾਲ਼ਿਆਂ ਨੇ ਕੋਵਿਡ-19 ਦੀਆਂ ਹਿਦਾਇਤਾਂ ਤੇ ਇਸ ਰੂਟ 'ਤੇ ਲੱਗੀ ਪਾਬੰਦੀ ਕਾਰਨ ਉਨ੍ਹਾਂ ਨੂੰ ਭਾਰਤ ਤੋਂ ਸਰਬੀਆ ਸਵਾਰ ਹੋਣ ਤੋਂ ਰੋਕ ਦਿੱਤਾ। ਇਹ ਸੱਚਾਈ ਏਜੰਟ ਨੇ ਉਨ੍ਹਾਂ ਤੋਂ ਲੁਕਾਈ ਰੱਖੀ। ਉਨ੍ਹਾਂ ਦੁਬਈ ਦੀ ਟਿਕਟ ਲਈ ਤੇ ਉੱਥੋਂ ਫਿਰ ਬੈਲਗਰੇਡ ਜਾਣਾ ਪਿਆ।
'' ਬੈਲਗਰੇਡ ਜਬ ਹਮ ਪਹੁੰਚੇ ਤੋ ਹਮੇਂ ਏਜੰਟ ਕੇ ਆਦਮੀ ਨੇ ( ਬੈਲਗਰੇਡ ਵਿੱਚ ) ਰਿਸੀਵ ਕੀਆ ਆਗੇ ਸੇ। ਉਸਨੇ ਹਮਾਰੇ ਪਾਸਪੋਰਟ ਲੇ ਲੀਏ , ਕਿ ਯਹਾਂ ਪੁਲੀਸ ਐਸੀ ਹੈ , ਵੈਸੀ ਹੈ , ਡਰਾਇਆ ਕਿ ਇੰਡੀਅਨ ਕੋ ਲਾਈਕ ਨਹੀਂ ਕਰਤੀ , '' ਸਿੰਘ ਕਹਿੰਦੇ ਹਨ ਜਿੰਨ੍ਹਾ ਵੀ ਆਪਣਾ ਪਾਸਪੋਰਟ ਉਹਦੇ ਹਵਾਲ਼ੇ ਕਰ ਦਿੱਤਾ ਸੀ।
ਗੱਲਬਾਤ ਦੌਰਾਨ ਸਿੰਘ ਅਕਸਰ '' ਦੋ ਨੰਬਰ '' ਸ਼ਬਦ ਬਾਰ ਬਾਰ ਬੋਲਦੇ ਹਨ ਜਿਹਦਾ ਮਤਲਬ ਗ਼ੈਰ-ਕਨੂੰਨੀ ਢੰਗ ਨਾਲ਼ ਪ੍ਰਵਾਸ ਕਰਨਾ ਹੁੰਦਾ ਹੈ, ਬਿਲਕੁਲ ਅਜਿਹੇ ਤਰੀਕੇ ਨਾਲ਼ ਹੀ ਉਨ੍ਹਾਂ ਸਰਬੀਆ ਦੀ ਰਾਜਧਾਨੀ ਬੈਲਗਰੇਡ ਤੋਂ ਗਰੀਸ ਦੇ ਥੀਵਾ ਜਾਣਾ ਸੀ। ਡੌਂਕਰ (ਮਨੁੱਖੀ ਤਸਕਰ) ਉਨ੍ਹਾਂ ਦੇ ਨਾਲ਼ ਆ ਰਲ਼ਿਆ ਇਹ ਯਕੀਨ ਦਵਾਉਂਦਿਆ ਕਿ ਉਹ ਗਰੀਸ ਹੁੰਦੇ ਹੋਏ ਪੁਰਤਗਾਲ ਪਹੁੰਚ ਜਾਵੇਗਾ।
ਥੀਵਾ ਅਪੜਦਿਆਂ, ਏਜੰਟ ਇਹ ਕਹਿੰਦਿਆਂ ਮੁੱਕਰ ਗਿਆ ਕਿ ਉਹ ਵਾਅਦੇ ਮੁਤਾਬਕ ਉਨ੍ਹਾਂ ਨੂੰ ਪੁਰਤਗਾਲ ਨਹੀਂ ਲਿਜਾ ਸਕੇਗਾ।
''ਜਤਿੰਦਰ ਨੇ ਮੈਨੂੰ ਆਖਿਆ,'ਮੈਨੂੰ ਤੇਰੇ ਵੱਲੋਂ 7 ਲੱਖ ਮਿਲ਼ ਗਏ। ਹੁਣ ਮੇਰੇ ਹੱਥ ਖੜ੍ਹੇ ਨੇ। ਮੈਂ ਨਹੀਂ ਕੱਢ ਸਕਦਾ ਤੈਨੂੰ ਗਰੀਸ ਵਿੱਚੋਂ','' ਸਿਸਕੀਆਂ ਭਰਦੇ ਸਿੰਘ ਨੂੰ ਉਹ ਵੇਲ਼ਾ ਚੇਤੇ ਆ ਜਾਂਦਾ ਹੈ।
ਗਰੀਸ ਅਪੜਨ ਦੇ ਦੋ ਮਹੀਨੇ ਬਾਅਦ ਮਾਰਚ 2022 ਨੂੰ ਸਿੰਘ ਨੇ ਸਰਬੀਅਨ ਤਸਕਰ ਤੋਂ ਆਪਣਾ ਪਾਸਪੋਰਟ ਵਾਪਸ ਲੈਣ ਦਾ ਪਹਿਲਾ ਕਦਮ ਚੁੱਕਿਆ, ਕਿਉਂਕਿ ਪਿਆਜ ਦੇ ਖੇਤਾਂ ਵਿੱਚ ਨਾਲ਼ ਕੰਮ ਕਰਦੇ ਇੱਥੋਂ ਦੇ ਬਾਕੀ ਕਾਮਿਆਂ ਨੇ ਉਨ੍ਹਾਂ ਨੂੰ ਇਹ ਦੇਸ਼ ਛੱਡਣ ਦੀ ਸਲਾਹ ਦਿੱਤੀ ਤੇ ਕਿਹਾ ਨਾ ਤਾਂ ਇੱਥੇ ਕੋਈ ਭਵਿੱਖ ਹੈ ਤੇ ਜੇ ਫੜ੍ਹੇ ਗਏ ਤਾਂ ਸਮਝੋ ਜਲਾਵਤਨੀ।
ਸੋ, ਇਸ ਪੰਜਾਬੀ ਨੌਜਵਾਨ ਨੇ ਇੱਕ ਵਾਰ ਫਿਰ ਤਸਕਰੀ ਵਾਸਤੇ ਆਪਣੀ ਜਾਨ ਖ਼ਤਰੇ ਵਿੱਚ ਪਾ ਲਈ। ''ਫੇਰ ਮੈਂ ਸੋਚ ਲਿਆ, ਪਰੀਪੇਅਰ ਕੀਤਾ ਦਿਮਾਗ ਨੂੰ ਕਿ ਇੱਥੋਂ ਨਿਕਲਣਾ ਪੈਣਾ। ਇੱਕ ਰਿਸਕ ਜ਼ਿੰਦਗੀ ਦਾ ਲਾਸਟ ਲੈਣਾ ਪੈਣਾ।''
ਗਰੀਸ ਵਿੱਚ ਇੱਕ ਹੋਰ ਏਜੰਟ ਨੇ 800 ਯੂਰੋ ਬਦਲੇ ਉਨ੍ਹਾਂ ਨੂੰ ਸਰਬੀਆ ਪਹੁੰਚਾਉਣ ਦਾ ਵਾਅਦਾ ਕੀਤਾ। ਇਹ ਪੈਸਾ ਤਿੰਨ ਮਹੀਨੇ ਪਿਆਜਾਂ ਦੇ ਖੇਤਾਂ ਵਿੱਚ ਕੀਤੀ ਕਮਾਈ ਵਿੱਚੋਂ ਪਾਈ-ਪਾਈ ਕਰਕੇ ਬਚਾਈ ਪੂੰਜੀ ਸੀ।
ਇਸ ਵਾਰ ਪੈਰ ਪੁੱਟਣ ਤੋਂ ਪਹਿਲਾਂ ਸਿੰਘ ਨੇ ਆਪਣੇ ਸਿਰ-ਬ-ਸਿਰ ਥੋੜ੍ਹੀ ਖੋਜਬੀਨ ਕੀਤੀ ਤੇ ਯੂਨਾਨ ਤੋਂ ਸਰਬੀਆ ਵਾਪਸ ਜਾਣ ਦਾ ਰੂਟ ਚੁਣਿਆ, ਜਿੱਥੋਂ ਉਨ੍ਹਾਂ ਹੰਗਰੀ, ਆਸਟਰੀਆ ਥਾਣੀਂ ਹੁੰਦੇ ਹੋਏ ਫਿਰ ਪੁਰਤਗਾਲ ਜਾਣ ਦੀ ਯੋਜਨਾ ਉਲੀਕੀ। ਉਨ੍ਹਾਂ ਨੂੰ ਗਰੀਸ ਤੋਂ ਸਰਬੀਆ ਜਾਣ ਦੇ ਰਾਹ ਵਿੱਚ ਆਉਣ ਵਾਲ਼ੀਆਂ ਮੁਸੀਬਤਾਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਗਿਆ,''ਜੇ ਤੁਸੀਂ ਫੜ੍ਹੇ ਗਏ ਤਾਂ ਤੁਹਾਨੂੰ ਡਿਪੋਰਟ ਕਰ ਦੇਣਗੇ...ਕੱਪੜੇ ਲੁਹਾ ਕੇ, ਇਕੱਲੇ ਕੱਛੇ ਦੇ ਵਿੱਚ ਤੁਹਾਨੂੰ ਤੁਰਕੀ ਡਿਪੋਰਟ ਕਰ ਦੇਣਗੇ।''
*****
ਛੇ ਦਿਨ ਤੇ ਛੇ ਰਾਤਾਂ ਤੁਰਦੇ ਰਹਿਣ ਮਗਰੋਂ ਜੂਨ 2022 ਨੂੰ ਸਿੰਘ ਇੱਕ ਵਾਰ ਫਿਰ ਸਰਬੀਆ ਪਹੁੰਚੇ। ਸਰਬੀਆ ਦੀ ਰਾਜਧਾਨੀ ਬੈਲਗਰੇਡ ਵਿਖੇ ਉਨ੍ਹਾਂ ਦੇ ਸ਼ਰਨਾਰਥੀਆਂ ਦੇ ਕੁਝ ਰੈਣ-ਬਸੇਰੇ ਲੱਭੇ- ਸਰਬੀਆ-ਰੋਮਾਨੀਆ ਬਾਰਡਰ ਨੇੜੇ ਕੀਕੀਂਦਾ ਕੈਂਪ ਤੇ ਸਰਬੀਆ-ਹੰਗਰੀ ਬਾਰਡਰ ਨੇੜਲਾ ਸਬੋਤੀਕਾ ਕੈਂਪ। ਸਿੰਘ ਮੁਤਾਬਕ ਇਹ ਕੈਂਪ ਉਨ੍ਹਾਂ ਲੋਕਾਂ ਲਈ ਪਨਾਹਗਾਹ ਹਨ ਜੋ ਪੈਸੇ ਲੈ ਕੇ ਮਨੁੱਖੀ ਤਸਕਰੀ ਦੇ ਕੰਮਾਂ ਨੂੰ ਨੇਪਰੇ ਚਾੜ੍ਹਦੇ ਹਨ।
''ਕੀਕੀਂਦਾ ਕੈਂਪ ਵਿੱਚ ਹਰ ਦੂਜਾ ਬੰਦਾ ਤਸਕਰ ਹੈ। ਉੱਥੇ ਹਰ ਬੰਦਾ ਤੁਹਾਨੂੰ ਕਹੂਗਾ, 'ਮੈਂ ਪਹੁੰਚਾ ਦਿੰਦਾ ਹਾਂ, ਐਨੇ ਪੈਸੇ ਲੱਗਣਗੇ',” ਸਿੰਘ ਕਹਿੰਦੇ ਹਨ, ਜਿਨ੍ਹਾਂ ਨੂੰ ਆਸਟਰੀਆ ਪਹੁੰਚਾਉਣ ਲਈ ਵੀ ਕੋਈ ਤਸਕਰ ਲੱਭ ਗਿਆ ਸੀ।
ਕੀਕੀਂਦਾ ਕੈਂਪ ਵਾਲ਼ੇ ਤਸਕਰ (ਭਾਰਤੀ) ਨੇ ਸਿੰਘ ਨੂੰ ਜਲੰਧਰ ਵਿਖੇ ''ਗਰੰਟੀ ਰਖਾਉਣ'' ਲਈ ਕਿਹਾ। ''ਗਰੰਟੀ'', ਦਾ ਮਤਲਬ ਸਮਝਾਉਂਦਿਆਂ ਸਿੰਘ ਦੱਸਦੇ ਹਨ ਕਿ ਇੱਕ ਵਿਚੋਲੇ ਦਾ ਹੋਣਾ ਜਿਸ ਕੋਲ਼ ਦੋਵਾਂ ਪਾਰਟੀਆਂ- ਪ੍ਰਵਾਸੀ ਤੇ ਤਸਕਰ ਦੋਵਾਂ ਦੇ ਪੈਸੇ ਸੇਫ਼ ਹਨ, ਇੱਕ ਹਿਸਾਬੇ ਏਜੰਟ ਨੂੰ ਯਕੀਨ ਦਵਾਉਣਾ ਕਿ ਉਹਦੇ ਪੈਸੇ ਸੇਫ਼ ਹਨ।
ਸਿੰਘ ਨੇ ਪਰਿਵਾਰਕ ਮੈਂਬਰ ਜ਼ਰੀਏ 3 ਲੱਖ ( ਯੂਰੋ) ਦੀ ਗਰੰਟੀ ਦਾ ਬੰਦੋਬਸਤ ਕੀਤਾ ਤੇ ਤਸਕਰ ਦੇ ਨਿਰਦੇਸ਼ਾਂ ਮੁਤਾਬਕ ਹੰਗਰੀ ਸਰਹੱਦ ਵੱਲ ਰਵਾਨਾ ਹੋ ਗਏ। ਉੱਥੇ ਉਨ੍ਹਾਂ ਨੂੰ ਅਫ਼ਗਾਨਿਸਤਾਨ ਦੇ ਕਈ ਡੌਂਕਰਾਂ ਨੇ ਰਿਸੀਵ ਕੀਤਾ। ਅੱਧੀ ਰਾਤ, ਉਨ੍ਹਾਂ 12 ਫੁੱਟ ਉੱਚੀਆਂ ਕੰਡਿਆਲ਼ੀਆਂ ਤਾਰਾਂ ਪਾਰ ਕੀਤੀਆਂ। ਜਿਹੜੇ ਇੱਕ ਡੌਂਕਰ ਨੇ ਸਿੰਘ ਦੇ ਨਾਲ਼ ਤਾਰ ਟੱਪੀ ਸੀ ਉਹ ਉਨ੍ਹਾਂ ਨੂੰ ਚਾਰ ਘੰਟੇ ਜੰਗਲਾਂ ਵਿੱਚ ਘੁਮਾਉਂਦਾ ਰਿਹਾ। ਸਾਰੀ ਰਾਤ ਉਹ ਤੁਰਦੇ ਰਹੇ ਤੇ ਤੜਕੇ 4 ਵੱਜਦਿਆਂ ਨੂੰ ਬਾਰਡਰ ਪੁਲਿਸ ਵੱਲੋਂ ਫੜ੍ਹ ਲਏ ਗਏ।
''ਸਾਨੂੰ ਉਹਨਾਂ (ਹੰਗਰੀ ਪੁਲੀਸ) ਨੇ ਗੋਡਿਆਂ ਭਾਰ ਬਿਠਾ ਕੇ ਸਾਡੀ ਸਾਰੀ ਤਲਾਸ਼ੀ ਲਈ ਤੇ ਸਾਡੀ ਰਾਸ਼ਟਰੀਅਤਾ ਪੁੱਛੀ। ਸਾਡੇ ਡੌਂਕਰ ਨੂੰ ਉਹਨਾਂ ਨੇ ਬਹੁਤ ਕੁੱਟਿਆ। ਇਸ ਤੋਂ ਬਾਅਦ, ਸਾਰੇ ਬੰਦੇ ਫਿਰ ਵਾਪਸ ਸਰਬੀਆ ਡਿਪੋਰਟ ਕਰ ਦਿੱਤੇ,'' ਸਿੰਘ ਚੇਤੇ ਕਰਦੇ ਹਨ।
ਫਿਰ ਤਸਕਰ ਨੇ ਸਿੰਘ ਨੂੰ ਸਬੋਤੀਕਾ ਜਾਣ ਨੂੰ ਕਿਹਾ ਜਿੱਥੇ ਇੱਕ ਨਵਾਂ ਡੌਂਕਰ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ। ਅਗਲੇ ਦਿਨ ਦੁਪਹਿਰ ਦੇ ਕਰੀਬ 2 ਵਜੇ ਉਹ ਹੰਗਰੀ ਬਾਰਡਰ ਮੁੜਦੇ ਹਨ ਜਿੱਥੇ 22 ਜਣੇ ਮੌਜੂਦ ਸਨ ਜਿਹਨਾਂ ਨੇ ਉਹ ਤਾਰ ਟੱਪਣੀ ਸੀ ਪਰ ਅਖ਼ੀਰ ਸਿੰਘ ਸਣੇ ਸਿਰਫ਼ ਸੱਤ ਜਣਿਆਂ ਤਾਰ ਟੱਪੀ।
ਫਿਰ ਅਗਲੇ ਤਿੰਨ ਘੰਟੇ ਅਸੀਂ ਡੌਂਕਰ ਦੇ ਨਾਲ਼ ਜੰਗਲ ਵਿੱਚ ਭਟਕਦੇ ਰਹੇ। ''ਕਰੀਬ ਪੰਜ ਵਜੇ ਅਸੀਂ ਜੰਗਲ ਦੇ ਵਿਚਕਾਰ ਇੱਕ ਸੁੱਕੇ ਖੱਡੇ ਕੋਲ਼ ਅੱਪੜੇ, ਪਤਾ ਨਹੀਂ ਉਹ ਕਾਹਦੇ ਵਾਸਤੇ ਸੀ। ਡੌਂਕਰ ਨੇ ਸਾਨੂੰ ਇਹਦੇ ਵਿੱਚ ਲੰਮੇ ਪੈ ਕੇ ਖ਼ੁਦ ਨੂੰ ਪੱਤਿਆਂ ਨਾਲ਼ ਢੱਕਣ ਲਈ ਕਿਹਾ।'' ਕੁਝ ਘੰਟੇ ਬੀਤੇ, ਉਹ ਫਿਰ ਤੁਰ ਰਹੇ ਸਨ। ਅਖ਼ੀਰ, ਇੱਕ ਵੈਨ ਉਡੀਕ ਵਿੱਚ ਖੜ੍ਹੀ ਸੀ ਜਿਹਨੇ ਉਨ੍ਹਾਂ ਨੂੰ ਆਸਟਰੀਅਨ ਬਾਰਡਰ ਕੋਲ਼ ਛੱਡਿਆ ਤੇ ਉਨ੍ਹਾਂ ਨੂੰ ਕਿਹਾ ਗਿਆ:''ਉਹ ਸਾਹਮਣੇ ਪੱਖੇ ਚੱਲ ਰਹੇ ਹਨ ਹਵਾ ਵਾਲ਼ੇ, ਉੱਧਰ ਨੂੰ ਤੁਰਦੇ ਜਾਓ ਤੇ ਤੁਸੀਂ ਆਸਟਰੀਆ ਐਂਟਰ ਹੋ ਜਾਓਗੇ।”
ਉਹ ਬਿਲਕੁਲ ਨਹੀਂ ਜਾਣਦੇ ਸਨ ਕਿ ਉਹ ਇਸ ਸਮੇਂ ਕਿੱਥੇ ਸਨ। ਨਾ ਉਨ੍ਹਾਂ ਕੋਲ਼ ਖਾਣ ਲਈ ਭੋਜਨ ਸੀ ਅਤੇ ਨਾ ਹੀ ਪੀਣ ਲਈ ਪਾਣੀ। ਸਿੰਘ ਅਤੇ ਹੋਰ ਪ੍ਰਵਾਸੀ ਰਾਤ ਭਰ ਤੁਰਦੇ ਰਹੇ। ਅਗਲੀ ਸਵੇਰ, ਉਨ੍ਹਾਂ ਇੱਕ ਆਸਟਰੀਅਨ ਫੌਜੀ ਚੌਂਕੀ ਵੇਖੀ। ਜਿਓਂ ਹੀ ਸਿੰਘ ਦੀ ਨਜ਼ਰ ਆਸਟਰੀਆ ਸੈਨਿਕਾਂ ਵੱਲ ਪਈ ਉਹ ਭੱਜ ਕੇ ਉਨ੍ਹਾਂ ਕੋਲ਼ ਪਹੁੰਚੇ ਆਤਮ ਸਮਰਪਣ ਕਰ ਦਿੱਤਾ ਕਿਉਂਕਿ 'ਇਹ ਦੇਸ਼ ਸ਼ਰਨਾਰਥੀਆਂ ਦਾ ਸਵਾਗਤ ਕਰਦਾ ਹੈ। ਡੌਂਕਰ ਨੇ ਵੀ ਇਹੋ ਕਿਹਾ ਸੀ," ਉਹ ਕਹਿੰਦੇ ਹਨ।
"ਉਨ੍ਹਾਂ ਸਾਡੀ ਕੋਵਿਡ -19 ਜਾਂਚ ਕੀਤੀ ਅਤੇ ਸਾਨੂੰ ਆਸਟਰੀਆ ਦੇ ਸ਼ਰਨਾਰਥੀ ਕੈਂਪ ਵਿੱਚ ਰੱਖਿਆ। ਉੱਥੇ ਉਨ੍ਹਾਂ ਨੇ ਸਾਡਾ ਬਿਆਨ ਅਤੇ ਫਿੰਗਰਪ੍ਰਿੰਟ ਲਏ। ਫਿਰ ਉਨ੍ਹਾਂ ਨੇ ਸਾਡਾ ਸ਼ਰਨਾਰਥੀ ਕਾਰਡ ਬਣਾਇਆ ਜੋ ਛੇ ਮਹੀਨਿਆਂ ਲਈ ਵੈਧ ਸੀ," ਸਿੰਘ ਅੱਗੇ ਕਹਿੰਦੇ ਹਨ।
ਛੇ ਮਹੀਨਿਆਂ ਤੱਕ, ਪੰਜਾਬ ਦੇ ਇਸ ਪ੍ਰਵਾਸੀ ਨੇ ਅਖ਼ਬਾਰ ਵੇਚੀ ਅਤੇ ਆਪਣੀ ਕਮਾਈ ਬਚਾ-ਬਚਾ ਕੇ 1,000 ਯੂਰੋ ਜੋੜਨ ਵਿੱਚ ਕਾਮਯਾਬ ਰਿਹਾ। ਜਿਓਂ ਹੀ ਉਨ੍ਹਾਂ ਦੇ ਛੇ ਮਹੀਨੇ ਪੂਰੇ ਹੋਏ, ਕੈਂਪ ਅਫ਼ਸਰ ਨੇ ਉਨ੍ਹਾਂ ਨੂੰ ਚਲੇ ਜਾਣ ਲਈ ਕਿਹਾ।
ਉਸ ਤੋਂ ਬਾਅਦ ਮੈਂ ਸਪੇਨ ਦੇ ਵੇਨੇਂਸੀਆ ਲਈ ਸਿੱਧੀ ਉਡਾਣ ਬੁੱਕ ਕੀਤੀ (ਕਿਉਂਕਿ ਸ਼ੈਂਗਨ ਇਲਾਕਿਆਂ ਵਿੱਚ ਉਡਾਣਾਂ 'ਤੇ ਸ਼ਾਇਦ ਹੀ ਕੋਈ ਜਾਂਚ ਹੁੰਦੀ ਹੈ) ਤੇ ਉੱਥੋਂ ਮੈਂ ਬਾਰਸੀਲੋਨਾ ਲਈ ਰੇਲ ਗੱਡੀ ਫੜ੍ਹੀ ਜਿੱਥੇ ਮੈਂ ਇੱਕ ਦੋਸਤ ਨਾਲ਼ ਰਾਤ ਬਿਤਾਈ। ਮੇਰੇ ਦੋਸਤ ਨੇ ਮੇਰੇ ਪੁਰਤਗਾਲ ਜਾਣ ਲਈ ਬੱਸ ਦੀ ਟਿਕਟ ਬੁੱਕ ਕੀਤੀ ਕਿਉਂਕਿ ਨਾ ਮੇਰੇ ਕੋਲ਼ ਕੋਈ ਦਸਤਾਵੇਜ਼ ਸਨ ਅਤੇ ਨਾ ਹੀ ਪਾਸਪੋਰਟ ਸੀ।
*****
ਆਖ਼ਰਕਾਰ, 15 ਫਰਵਰੀ, 2023 ਨੂੰ, ਸਿੰਘ ਬੱਸ ਰਾਹੀਂ ਆਪਣੇ ਸੁਪਨਿਆਂ ਦੇ ਦੇਸ਼ - ਪੁਰਤਗਾਲ ਪਹੁੰਚੇ। ਪਰ ਇਸ ਯਾਤਰਾ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਨੂੰ 500 ਤੋਂ ਵੱਧ ਦਿਨ ਲੱਗ ਗਏ।
ਪੁਰਤਗਾਲ ਵਿਚ ਭਾਰਤੀ ਹਾਈ ਕਮਿਸ਼ਨ ਇਸ ਤੱਥ ਨੂੰ ਸਵੀਕਾਰ ਕਰਦਾ ਹੈ ਕਿ ਬਹੁਤ ਸਾਰੇ ਪ੍ਰਵਾਸੀਆਂ ਕੋਲ਼ "ਕਨੂੰਨੀ ਰਿਹਾਇਸ਼ੀ ਦਸਤਾਵੇਜ਼ ਨਹੀਂ ਹਨ।"ਹਾਈ ਕਮਿਸ਼ਨ ਦੇ ਸੂਤਰਾਂ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਸਧਾਰਣ ਇਮੀਗ੍ਰੇਸ਼ਨ ਨਿਯਮਾਂ ਦਾ ਲਾਹਾ ਲੈ ਕੇ ਪੁਰਤਗਾਲ ਆਉਣ ਵਾਲ਼ੇ ਭਾਰਤੀਆਂ (ਖਾਸ ਕਰਕੇ ਹਰਿਆਣਾ ਅਤੇ ਪੰਜਾਬ ਤੋਂ) ਦੀ ਗਿਣਤੀ ਵਿੱਚ ਤੇਜ਼ੀ ਨਾਲ਼ ਵਾਧਾ ਹੋਇਆ ਹੈ।
'' ਯਹਾਂ ਡਾਕਿਊਮੈਂਟ ਬਨ ਜਾਤੇ ਹੈਂ, ਆਦਮੀ ਪੱਕਾ ਹੋ ਜਾਤਾ ਹੈ, ਫਿਰ ਅਪਨੀ ਫੈਮਿਲੀ ਬੁਲਾ ਸਕਤਾ ਹੈ, ਅਪਨੀ ਵਾਈਫ਼ ਬੁਲਾ ਸਕਤਾ ਹੈ, '' ਸਿੰਘ ਕਹਿੰਦੇ ਹਨ
ਵਿਦੇਸ਼ ਅਤੇ ਸਰਹੱਦੀ ਸੇਵਾਵਾਂ (ਐੱਸਈਐੱਫ) ਦੇ ਅੰਕੜਿਆਂ ਦੀ ਮੰਨੀਏ ਤਾਂ 2022 ਵਿੱਚ ਲਗਭਗ 35,000 ਭਾਰਤੀਆਂ ਨੂੰ ਪੁਰਤਗਾਲ ਦੇ ਸਥਾਈ ਵਸਨੀਕ ਵਜੋਂ ਮਾਨਤਾ ਦਿੱਤੀ ਗਈ ਸੀ। ਉਸੇ ਸਾਲ ਲਗਭਗ 229 ਭਾਰਤੀਆਂ ਨੇ ਉੱਥੇ ਪਨਾਹ ਮੰਗੀ।
ਸਿੰਘ ਵਰਗੇ ਨਿਰਾਸ਼ ਨੌਜਵਾਨ ਭਾਰਤ ਛੱਡਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਹੀ ਦੇਸ਼ ਵਿੱਚ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ। ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਆਈਐੱਲਓ) ਦੁਆਰਾ ਪ੍ਰਕਾਸ਼ਤ ਭਾਰਤੀ ਰੁਜ਼ਗਾਰ ਰਿਪੋਰਟ 2024 ਦੇ ਅਨੁਸਾਰ, "ਵਾਜਬ ਵਿਕਾਸ ਦੇ ਉੱਚ ਵਾਧੇ ਦੇ ਬਾਅਦ ਵੀ, ਰੁਜ਼ਗਾਰ ਦੇ ਮੌਕਿਆਂ ਵਿੱਚ ਉਸ ਅਨੁਪਾਤ ਵਿੱਚ ਸਕਾਰਾਤਮਕ ਵਿਸਥਾਰ ਨਹੀਂ ਹੋਇਆ ਹੈ।''
ਭੁੱਖੇ ਪਿਆਸੇ ਸਿੰਘ ਸਾਰੀ ਰਾਤ ਤੁਰਦੇ ਰਹੇ। ਅਗਲੀ ਸਵੇਰ, ਉਨ੍ਹਾਂ ਇੱਕ ਆਸਟਰੀਅਨ ਫੌਜੀ ਚੌਂਕੀ ਵੇਖੀ। ਜਿਓਂ ਹੀ ਸਿੰਘ ਦੀ ਨਜ਼ਰ ਆਸਟਰੀਆ ਸੈਨਿਕਾਂ ਵੱਲ ਪਈ ਉਹ ਭੱਜ ਕੇ ਉਨ੍ਹਾਂ ਕੋਲ਼ ਪਹੁੰਚੇ ਆਤਮ ਸਮਰਪਣ ਕਰ ਦਿੱਤਾ ਕਿਉਂਕਿ 'ਇਹ ਦੇਸ਼ ਸ਼ਰਨਾਰਥੀਆਂ ਦਾ ਸਵਾਗਤ ਕਰਦਾ ਹੈ'
ਪੁਰਤਗਾਲ ਅਜਿਹਾ ਯੂਰਪੀਅਨ ਦੇਸ਼ ਹੈ ਜਿਸ ਦੀ ਨਾਗਰਿਕਤਾ ਪਾਉਣ ਲਈ ਸਭ ਤੋਂ ਘੱਟ ਸਮਾਂ ਲੱਗਦਾ ਹੈ, ਬੱਸ ਪੰਜ ਸਾਲ ਰਹੋ ਤੇ ਕਨੂੰਨੀ ਤੌਰ 'ਤੇ ਇਸ ਦੇਸ਼ ਦੀ ਨਾਗਰਿਕਤਾ ਮਿਲ਼ ਜਾਂਦੀ ਹੈ। ਭਾਰਤ ਦੇ ਪੇਂਡੂ ਲੋਕ, ਖ਼ਾਸ ਕਰਕੇ ਖੇਤੀਬਾੜੀ ਅਤੇ ਨਿਰਮਾਣ ਖੇਤਰਾਂ ਵਿੱਚ ਕੰਮ ਕਰਨ ਵਾਲ਼ੇ ਉੱਥੇ ਜਾਣ ਲਈ ਤਿਆਰ ਰਹਿੰਦੇ ਹਨ। ਪ੍ਰੋਫ਼ੈਸਰ ਭਾਸਵਤੀ ਸਰਕਾਰ ਦੇ ਕਥਨ ਮੁਤਾਬਕ ਇਨ੍ਹਾਂ ਪ੍ਰਵਾਸੀਆਂ 'ਚ ਜ਼ਿਆਦਾਤਰ ਪੰਜਾਬ ਦੇ ਲੋਕ ਸ਼ਾਮਲ ਹਨ। ਉਹ (ਪ੍ਰੋਫ਼ੈਸਰ ਸਰਕਾਰ) ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸੈਂਟਰ ਫਾਰ ਯੂਰਪੀਅਨ ਸਟੱਡੀਜ਼ ਵਿੱਚ ਜੀਨ ਮੋਨੇਟ ਚੇਅਰ ਹਨ। "ਚੰਗੀ ਤਰ੍ਹਾਂ ਸੰਗਠਿਤ ਗੋਆਈ ਅਤੇ ਗੁਜਰਾਤੀ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ, ਉਸਾਰੀ ਅਤੇ ਖੇਤੀਬਾੜੀ ਖੇਤਰਾਂ ਵਿੱਚ ਕਾਫ਼ੀ ਸਾਰੇ ਪੰਜਾਬੀ ਘੱਟ ਕੁਸ਼ਲ ਕਾਮਿਆਂ ਵਜੋਂ ਕੰਮ ਕਰਦੇ ਹਨ," ਉਹ ਕਹਿੰਦੀ ਹਨ।
ਪੁਰਤਗਾਲ ਵਿੱਚ ਰਿਹਾਇਸ਼ੀ ਪਰਮਿਟ ਦਾ ਇੱਕ ਵੱਡਾ ਫਾਇਦਾ, ਜਿਸਨੂੰ ਅਸਥਾਈ ਰਿਹਾਇਸ਼ੀ ਕਾਰਡ (ਟੀਆਰਸੀ) ਵੀ ਕਿਹਾ ਜਾਂਦਾ ਹੈ, ਇਹ ਹੈ ਕਿ ਇਹ ਤੁਹਾਨੂੰ ਬਿਨਾਂ ਵੀਜ਼ਾ ਦੇ 100 ਸ਼ੈਂਗਨ ਦੇਸ਼ਾਂ ਦੀ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ। ਹਾਲਾਂਕਿ, ਹੁਣ ਚੀਜ਼ਾਂ ਬਦਲ ਰਹੀਆਂ ਹਨ। 3 ਜੂਨ, 2023 ਨੂੰ, ਪੁਰਤਗਾਲ ਦੇ ਮੱਧ-ਸੱਜੇ ਪੱਖੀ ਡੈਮੋਕ੍ਰੇਟਿਕ ਅਲਾਇੰਸ (ਏਡੀ) ਦੇ ਲੁਈਸ ਮੋਂਟੇਨੇਗਰੋ ਨੇ ਕਿਸੇ ਦਸਤਾਵੇਜ਼ ਤੋਂ ਬਗੈਰ ਆਏ ਪ੍ਰਵਾਸੀਆਂ ਲਈ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕਰਨ ਦਾ ਫੈਸਲਾ ਕੀਤਾ।
ਇਸ ਨਵੇਂ ਕਨੂੰਨ ਮੁਤਾਬਕ ਪੁਰਤਗਾਲ 'ਚ ਸੈਟਲ ਹੋਣ ਦੀ ਇੱਛਾ ਰੱਖਣ ਵਾਲ਼ੇ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਇੱਥੇ ਆਉਣ ਤੋਂ ਪਹਿਲਾਂ ਵਰਕ ਪਰਮਿਟ ਲਈ ਅਰਜ਼ੀ ਦੇਣੀ ਹੋਵੇਗੀ। ਇਸ ਦਾ ਅਸਰ ਭਾਰਤੀਆਂ, ਖ਼ਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਪ੍ਰਵਾਸੀਆਂ 'ਤੇ ਪੈਣ ਦੀ ਸੰਭਾਵਨਾ ਹੈ।
ਹੋਰ ਯੂਰਪੀਅਨ ਦੇਸ਼ ਵੀ ਇਮੀਗ੍ਰੇਸ਼ਨ 'ਤੇ ਆਪਣੀਆਂ ਨੀਤੀਆਂ ਸਖ਼ਤ ਕਰ ਰਹੇ ਹਨ। ਪਰ ਪ੍ਰੋਫ਼ੈਸਰ ਸਰਕਾਰ ਦਾ ਕਹਿਣਾ ਹੈ ਕਿ ਅਜਿਹੇ ਕਨੂੰਨਾਂ ਨਾਲ਼ ਉੱਚੇ ਸੁਪਨੇ ਦੇਖਣ ਵਾਲ਼ੇ ਪ੍ਰਵਾਸੀਆਂ 'ਤੇ ਕੋਈ ਫ਼ਰਕ ਨਹੀਂ ਪੈਣ ਵਾਲ਼ਾ। ਉਹ ਅੱਗੇ ਕਹਿੰਦੀ ਹਨ,"ਇਹ ਮਹੱਤਵਪੂਰਨ ਹੈ ਕਿ ਅਜਿਹੇ ਨੌਜਵਾਨਾਂ ਲਈ ਉਨ੍ਹਾਂ ਦੇ ਆਪਣੇ ਹੀ ਦੇਸ਼ਾਂ ਵਿੱਚ ਨਵੇਂ ਮੌਕੇ ਪੈਦਾ ਕੀਤੇ ਜਾਣ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਸੁਰੱਖਿਆ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ।''
ਪੁਰਤਗਾਲ ਦੀ ਏਆਈਐੱਮਏ (ਏਜੰਸੀ ਫਾਰ ਇੰਟੀਗਰੇਸ਼ਨ, ਮਾਈਗ੍ਰੇਸ਼ਨ ਐਂਡ ਅਸਾਈਲਮ) ਵਿੱਚ ਲਗਭਗ 4,10,000 ਮਾਮਲੇ ਪੈਂਡਿੰਗ ਹਨ। ਇਮੀਗ੍ਰੇਸ਼ਨ ਨਾਲ਼ ਜੁੜੇ ਕਾਗਜ਼ਾਤ ਅਤੇ ਵੀਜ਼ਾ ਅਗਲੇ ਇੱਕ ਸਾਲ- ਜੂਨ 2025 ਲਈ ਮੁਲਤਵੀ ਕਰ ਦਿੱਤੇ ਗਏ ਹਨ। ਇਹ ਇਮੀਗ੍ਰੈਂਟ (ਅਪ੍ਰਵਾਸੀ) ਭਾਈਚਾਰੇ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਬੇਨਤੀ ਤੋਂ ਬਾਅਦ ਕੀਤਾ ਗਿਆ ਹੈ।
2021 ਵਿੱਚ, ਭਾਰਤ ਅਤੇ ਪੁਰਤਗਾਲ ਨੇ "ਕਨੂੰਨੀ ਤਰੀਕਿਆਂ ਨਾਲ਼ ਭਾਰਤੀ ਕਾਮਿਆਂ ਨੂੰ ਭੇਜਣ ਅਤੇ ਬੁਲਾਉਣ ਬਾਰੇ" ਇੱਕ ਰਸਮੀ ਸਹਿਮਤੀ 'ਤੇ ਹਸਤਾਖਰ ਕੀਤੇ ਸਨ। ਭਾਰਤ ਸਰਕਾਰ ਨੇ ਇਟਲੀ, ਜਰਮਨੀ, ਆਸਟਰੀਆ, ਫਰਾਂਸ, ਫਿਨਲੈਂਡ ਵਰਗੇ ਕਈ ਯੂਰਪੀਅਨ ਦੇਸ਼ਾਂ ਨਾਲ਼ ਇਮੀਗ੍ਰੇਸ਼ਨ ਅਤੇ ਮਾਈਗ੍ਰੇਸ਼ਨ ਸਮਝੌਤੇ ਕੀਤੇ ਹਨ, ਪਰ ਜਿਸ ਧਰਾਤਲ 'ਤੇ ਲੋਕ ਇਹ ਫ਼ੈਸਲੇ ਲੈ ਰਹੇ ਹਨ, ਉੱਥੇ ਸਿੱਖਿਆ ਸੂਚਨਾਵਾਂ ਦੀ ਘਾਟ ਹੈ।
ਇਨ੍ਹਾਂ ਪੱਤਰਕਾਰਾਂ ਨੇ ਇਸ ਬਾਬਤ ਭਾਰਤੀ ਅਤੇ ਪੁਰਤਗਾਲੀ ਸਰਕਾਰਾਂ ਨਾਲ਼ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਕਿਸੇ ਪਾਸਿਓਂ ਕੋਈ ਜਵਾਬ ਨਾ ਮਿਲ਼ਿਆ।
*****
ਜਦੋਂ ਸਿੰਘ ਆਪਣੇ 'ਸੁਪਨਿਆਂ' ਦੇ ਦੇਸ਼ ਵਿੱਚ ਆਉਣ ਵਿੱਚ ਕਾਮਯਾਬ ਹੋਏ, ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਦੇਖਿਆ ਕਿ ਪੁਰਤਗਾਲ ਵਿੱਚ ਕੰਮ ਦੇ ਮੌਕਿਆਂ ਦੀ ਘਾਟ ਹੈ, ਜਿਸ ਕਾਰਨ ਪ੍ਰਵਾਸੀਆਂ ਲਈ ਰਿਹਾਇਸ਼ੀ ਪਰਮਿਟ ਪ੍ਰਾਪਤ ਕਰਨਾ ਇੱਕ ਵੱਡੀ ਚੁਣੌਤੀ ਹੈ। ਜਦੋਂ ਉਹ ਯੂਰਪ ਦੇ ਕਿਸੇ ਦੇਸ਼ ਵਿੱਚ ਪ੍ਰਵਾਸ ਕਰਨ ਬਾਰੇ ਸੋਚ ਰਹੇ ਸਨ, ਤਾਂ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ।
"ਪਹਿਲੇ ਪੁਰਤਗਾਲ ਆ ਕੇ ਤੋ ਬਹੁਤ ਅੱਛਾ ਲਗਾ। ਲੇਕਿਨ ਯਹਾਂ ਜਬ ਕਾਮ ਕੇ ਹਾਲਾਤ ਕਾ ਪਤਾ ਚਲਾ ਤੋ, ਬਹੁਤ ਔਖਾ ਹੈ, ਕਾਮ ਕੇ ਹਾਲਾਤ ਜੀਰੋ ਹੈਂ ਕਿਉਂਕਿ ਯਹਾਂ ਬਹੁਤ ਸਾਰੇ ਏਸ਼ੀਅਨ ਰਹਤੇ ਹੈਂ। ਸੋ ਯਹਾਂ ਕਾਮ ਕੇ ਮੌਕੇ ਬਹੁਤ ਕਮ ਹੈਂ,'' ਸਿੰਘ ਪਾਰੀ ਨੂੰ ਦੱਸਦੇ ਹਨ।
ਸਿੰਘ ਸਥਾਨਕ ਇਮੀਗ੍ਰੇਸ਼ਨ ਵਿਰੋਧੀ ਭਾਵਨਾਵਾਂ ਵੱਲ ਵੀ ਇਸ਼ਾਰਾ ਕਰਦੇ ਹਨ। "ਸਥਾਨਕ ਲੋਕ ਪ੍ਰਵਾਸੀਆਂ ਨੂੰ ਪਸੰਦ ਨਹੀਂ ਕਰਦੇ, ਜਦੋਂ ਕਿ ਅਸੀਂ ਉਸਾਰੀ ਵਾਲ਼ੀਆਂ ਥਾਵਾਂ ਅਤੇ ਖੇਤਾਂ ਵਿੱਚ ਕੰਮ ਕਰਦੇ ਹਾਂ।'' ਭਾਰਤੀ ਇੱਥੋਂ ਦੇ ਸਭ ਤੋਂ ਮੁਸ਼ਕਲ ਕੰਮ ਕਰਦੇ ਹਨ, ਜਿਨ੍ਹਾਂ ਕੰਮਾਂ ਨੂੰ ਇੱਥੋਂ ਦੀ ਸਰਕਾਰ ''ਦਿ 3 D/3ਡੀ ਜੋਬਸ- ਡਰਟੀ, ਡੇਂਜਰੈੱਸ, ਡਿਮੀਨਿੰਗ- ਆਖਦੀ ਹੈ, ਇਹ ਅਜਿਹੇ ਕੰਮ ਹਨ ਜਿਨ੍ਹਾਂ ਨੂੰ ਇੱਥੋਂ ਦੇ ਬਾਸ਼ਿੰਦੇ ਕਰਨਾ ਨਹੀਂ ਚਾਹੁੰਦੇ।'' ਆਪਣੀ ਸ਼ੱਕੀ ਕਨੂੰਨੀ ਹਾਲਤ ਕਾਰਨ ਉਹ ਨਿਰਧਾਰਤ ਕਨੂੰਨੀ ਉਜਰਤ ਤੋਂ ਵੀ ਘੱਟ ਪੈਸਿਆਂ 'ਤੇ ਕੰਮ ਕਰਨ ਨੂੰ ਰਾਜੀ ਹੋ ਜਾਂਦੇ ਹਨ।
ਇਸੇ ਤਰ੍ਹਾਂ ਦੇ ਕੰਮ ਦੀ ਭਾਲ਼ ਕਰਦੇ ਸਮੇਂ, ਸਿੰਘ ਹੋਰ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਰਹਿੰਦੇ ਹਨ। ਇੱਕ ਸਟੀਲ ਫੈਕਟਰੀ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਲੱਗੇ ਬੋਰਡ 'ਤੇ ਲਿਖੀਆਂ ਹਦਾਇਤਾਂ ਪੁਰਤਗਾਲੀ ਦੇ ਨਾਲ਼-ਨਾਲ਼ ਪੰਜਾਬੀ ਭਾਸ਼ਾ ਵਿੱਚ ਵੀ ਹੁੰਦੀਆਂ ਹਨ। ''ਇੱਥੋਂ ਤੱਕ ਕਿ ਇਕਰਾਰਨਾਮੇ ਦੇ ਪੱਤਰ ਵੀ ਪੰਜਾਬੀ ਅਨੁਵਾਦ ਦੇ ਨਾਲ਼ ਆਉਂਦੇ ਹਨ। ਇਹਦੇ ਬਾਵਜੂਦ ਜਦੋਂ ਅਸੀਂ ਉਨ੍ਹਾਂ ਨਾਲ਼ ਸਿੱਧਾ ਸੰਪਰਕ ਕਰਦੇ ਹਾਂ, ਤਾਂ ਉਹ ਕਹਿੰਦੇ ਹਨ, "ਸਾਡੇ ਕੋਲ ਕੰਮ ਨਹੀਂ," ਸਿੰਘ ਕਹਿੰਦੇ ਹਨ।
ਇੱਕ ਅਜਿਹੇ ਪ੍ਰਵਾਸੀ ਦੇ ਰੂਪ ਵਿੱਚ ਜਿਹਦੇ ਕੋਲ਼ ਕੋਈ ਕਾਗ਼ਜ਼ਾਤ ਨਹੀਂ, ਉਸਾਰੀ ਵਾਲ਼ੀਆਂ ਥਾਵਾਂ 'ਤੇ ਮਾੜੀ-ਮੋਟੀ ਨੌਕਰੀ ਹਾਸਲ ਕਰਨ ਵਿੱਚ ਵੀ ਛੇ ਮਹੀਨੇ ਲੱਗ ਗਏ।
''ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਅਸਤੀਫੇ 'ਤੇ ਦਸਤਖ਼ਤ ਕਰਵਾ ਲੈਂਦੀਆਂ ਹਨ। ਹਾਲਾਂਕਿ ਕਾਮਿਆਂ ਨੂੰ ਘੱਟੋ ਘੱਟ 920 ਯੂਰੋ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ, ਪਰ ਉਹ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਕਦੋਂ ਨੌਕਰੀ ਛੱਡ ਦੇਣ ਲਈ ਕਹਿ ਦਿੱਤਾ ਜਾਵੇਗਾ," ਸਿੰਘ ਕਹਿੰਦੇ ਹਨ। ਉਨ੍ਹਾਂ ਨੇ ਖੁਦ ਆਪਣੀ ਕੰਪਨੀ ਨੂੰ ਦਸਤਖਤ ਕੀਤਾ ਅਸਤੀਫਾ ਦਿੱਤਾ ਹੋਇਆ ਹੈ। ਉਨ੍ਹਾਂ ਨੇ ਰੈਜ਼ੀਡੈਂਟ ਵੀਜ਼ਾ ਲਈ ਅਰਜ਼ੀ ਦਿੱਤੀ ਹੈ ਅਤੇ ਉਮੀਦ ਹੈ ਉਨ੍ਹਾਂ ਨੂੰ ਜਲਦੀ ਹੀ ਕਨੂੰਨੀ ਨਾਗਰਿਕਤਾ ਪ੍ਰਾਪਤ ਹੋ ਜਾਵੇਗੀ।
"ਬਸ ਹੁਣ ਤਾ ਆਹੀ ਸੁਪਨਾ ਆ ਕਿ, ਘਰ ਬਣ ਜਾਏ, ਭੈਣ ਦਾ ਵਿਆਹ ਹੋ ਜਾਏ, ਤੇ ਫੇਰ ਇੱਥੇ ਆਪਣੇ ਦਸਤਾਵੇਜ਼ ਬਨਾ ਕੇ ਪਰਿਵਾਰ ਨੂ ਵੀ ਬੁਲਾ ਲਈਏ,'' ਸਿੰਘ ਨੇ ਨਵੰਬਰ 2023 ਵੇਲ਼ੇ ਹੋਈ ਗੱਲਬਾਤ ਦੌਰਾਨ ਦੱਸਿਆ।
ਸਿੰਘ ਨੇ 2024 ਵਿੱਚ ਘਰ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ ਹਨ। ਉਹ ਆਪਣੇ ਮਾਪਿਆਂ ਨਾਲ਼ ਗੱਲਬਾਤ ਕਰਦੇ ਰਹਿੰਦੇ ਹਨ, ਜੋ ਫ਼ਿਲਹਾਲ ਆਪਣਾ ਘਰ ਬਣਾਉਣ ਵਿੱਚ ਰੁੱਝੇ ਹੋਏ ਹਨ। ਪੁਰਤਗਾਲ ਵਿੱਚ ਕੰਮ ਕਰਦਿਆਂ ਉਨ੍ਹਾਂ ਨੇ ਜੋ ਪੈਸਾ ਕਮਾਇਆ ਹੈ, ਉਹੀ ਪੈਸਾ ਘਰ ਬਣਾਉਣ ਦੇ ਕੰਮ ਆ ਰਿਹਾ ਹੈ।
ਪੁਰਤਗਾਲ ਤੋਂ ਰਿਪੋਰਟਿੰਗ ਸਹਿਯੋਗ ਕਰਨ ਧੀਮਾਨ ਦਾ ਹੈ।
ਇਹ ਜਾਂਚ ਭਾਰਤ ਅਤੇ ਪੁਰਤਗਾਲ ਵਿਚਾਲੇ ਮਾਡਰਨ ਸਲੇਵਰੀ ਗ੍ਰਾਂਟ ਅਨਵਿਲਡ ਪ੍ਰੋਗਰਾਮ ਤਹਿਤ 'ਜਰਨਲਿਜ਼ਮ ਫੰਡ' ਦੀ ਮਦਦ ਨਾਲ਼ ਕੀਤੀ ਗਈ ਹੈ।
ਤਰਜਮਾ: ਕਮਲਜੀਤ ਕੌਰ