ਅਸਥਾਈ ਸਟੇਜ, ਜਿਸ 'ਤੇ ਔਰਤਾਂ ਨੱਚ ਰਹੀਆਂ ਸਨ 'ਤੇ ਇੱਕ ਨੌਜਵਾਨ ਚੜ੍ਹਿਆ ਤੇ 19 ਸਾਲਾ ਮੁਸਕਾਨ ਦਾ ਹੱਥ ਫੜ੍ਹ ਲਿਆ। "ਅਭੀਏ ਗੋਲੀ ਮਾਰ ਦੇਂਗੇ ਤੋ ਤੁਰੰਤ ਨਾਚਨੇ ਲਗੋਗੀ (ਜੇ ਹੁਣੇ ਤੈਨੂੰ ਗੋਲ਼ੀ ਮਾਰ ਦਿਆਂ ਤਾਂ ਤੁਰੰਤ ਨੱਚਣ ਲੱਗੇਂਗੀ," ਉਸਨੇ ਕਿਹਾ।
ਦਰਸ਼ਕਾਂ ਦੀ ਭੀੜ ਵਿੱਚੋਂ ਇੱਕ ਨੌਜਵਾਨ ਜਦੋਂ ਸਟੇਜ 'ਤੇ ਚੜ੍ਹਿਆ ਤਾਂ ਡਾਂਸ ਦੇਖਣ ਆਈ ਭੀੜ ਤਾੜੀਆਂ ਵਜਾ ਕੇ ਅਤੇ ਸੀਟੀਆਂ ਵਜਾ ਕੇ ਉਸ ਦਾ ਹੌਂਸਲਾ ਵਧਾ ਰਹੀ ਸੀ। ਮੁਟਿਆਰ ਡਾਂਸਰ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸਨੇ ਇੱਕ ਗੰਦੇ ਭੋਜਪੁਰੀ ਗਾਣੇ 'ਤੇ ਨੱਚਣ ਤੋਂ ਇਨਕਾਰ ਕਰ ਦਿੱਤਾ। ਉਹ ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਵਿੱਚ ਮਰਦਾਂ ਦੀ ਅਸ਼ਲੀਲ ਇਸ਼ਾਰੇ ਕਰ ਰਹੀ ਭੂਸਰੀ ਭੀੜ ਮੂਹਰੇ ਬੇਚੈਨ ਮਹਿਸੂਸ ਕਰ ਰਹੀ ਸੀ।
ਰੁਨਾਲੀ ਆਰਕੈਸਟਰਾ ਗਰੁੱਪ ਦੀ ਕਲਾਕਾਰ ਮੁਸਕਾਨ ਉਨ੍ਹਾਂ ਸੱਤ ਡਾਂਸਰਾਂ ਵਿੱਚੋਂ ਇੱਕ ਸਨ ਜੋ ਡਾਂਸ-ਗੀਤ ਸ਼ੋਅ ਵਿੱਚ ਪ੍ਰਦਰਸ਼ਨ ਕਰ ਰਹੀਆਂ ਸਨ। ਇਸ ਪੂਰੀ ਮੰਡਲੀ ਨੂੰ ਸਥਾਨਕ ਬੋਲੀ ਵਿੱਚ 'ਆਰਕੈਸਟਰਾ' ਕਿਹਾ ਜਾਂਦਾ ਹੈ। ਇਹ ਸ਼ੋਅ ਚਿਰਈਆ ਬਲਾਕ ਵਿੱਚ ਦੁਰਗਾ ਪੂਜਾ ਦੇ ਜਸ਼ਨਾਂ ਦੇ ਇੱਕ ਹਿੱਸੇ ਵਜੋਂ ਅਯੋਜਿਤ ਕੀਤਾ ਗਿਆ ਸੀ।
ਮੁਸਕਾਨ ਕਹਿੰਦੀ ਹਨ,"ਅਜਿਹੀਆਂ ਧਮਕੀਆਂ ਸਾਡੇ ਡਾਂਸਰਾਂ ਲਈ ਆਮ ਗੱਲ ਨੇ।'' ਉਹ ਪਿਛਲੇ ਤਿੰਨ ਸਾਲਾਂ ਤੋਂ ਅਜਿਹੇ ਆਰਕੈਸਟਰਾ ਸਮਾਗਮਾਂ ਵਿੱਚ ਪ੍ਰਦਰਸ਼ਨ ਕਰ ਰਹੀ ਹਨ।
ਛੇਤੀ ਹੀ ਇਹ ਧਮਕੀਆਂ ਫ਼ੋਕੀਆਂ ਨਾ ਰਹਿ ਕੇ ਇਨ੍ਹਾਂ ਡਾਂਸਰਾਂ ਦੇ ਸਰੀਰਕ ਛੇੜਖਾਨੀ ਦੀਆਂ ਕੋਸ਼ਿਸ਼ਾਂ ਵਿੱਚ ਬਦਲ ਜਾਂਦੀਆਂ ਹਨ। "ਕਮਰ ਪੇ ਹਾਥ ਰਖਨਾ ਜਾਂ ਬਲਾਊਜ ਮੇਂ ਹਾਥ ਘੁਸਾਨੇ ਕੀ ਕੋਸ਼ਿਸ਼ ਕਰਨਾ ਯਹਾਂ ਮਰਦੋਂ ਕੀ ਰੋਜ਼ਮੱਰਾ ਕੀ ਹਰਕਤੇਂ ਹੈਂ," ਰਾਧਾ ਕਹਿੰਦੀ ਹਨ, ਜੋ ਖੁਦ ਇੱਕ ਡਾਂਸਰ ਹਨ।













