“ਇਹ ਬਜਟ ਸਾਡੇ ਸ਼ੰਕਿਆਂ ਦਾ ਕੋਈ ਹੱਲ ਨਹੀਂ ਕਰਦਾ। ਇਸਦੇ ਵਿੱਚ ਤਾਂ ਸਿਰਫ਼ ਮਧਿਅਮ ਵਰਗ ਖਾਸ ਕਰਕੇ ਨੌਕਰੀਪੇਸ਼ਾ ਦੀ ਹੀ ਫ਼ਿਕਰ ਹੈ,” ਗੀਤਾ ਵਾਜ਼ਹਾਚਲ ਦਾ ਕਹਿਣਾ ਹੈ।
ਖਾਸ ਕਮਜ਼ੋਰ ਕਬਾਇਲੀ ਗਰੁੱਪ (ਪੀ. ਵੀ. ਟੀ. ਜੀ.) ਵਜੋਂ ਵਰਗੀਕ੍ਰਿਤ ਕਾਡਰ ਭਾਈਚਾਰੇ ਨਾਲ ਸਬੰਧ ਰੱਖਣ ਵਾਲੀ ਗੀਤਾ ਕੇਰਲ ਦੇ ਥਰਿਸੁਰ ਜਿਲ੍ਹੇ ਵਿੱਚ ਬਣਨ ਵਾਲੇ ਆਥਿਰਪੱਲੀ ਪਣਬਿਜਲੀ ਪਾਵਰ ਪ੍ਰੋਜੈਕਟ ਦੇ ਨਿਕਾਸੀ ਇਲਾਕੇ ਵਿੱਚ ਰਹਿੰਦੇ ਹਨ।
ਇਹ ਬੰਨ ਚਾਲਾਕੁੜੀ ਨਦੀ ਦੀ ਘਾਟੀ ਵਿੱਚ ਸਥਿਤ ਹੈ ਅਤੇ ਉਸ ਦੇ ਭਾਈਚਾਰੇ ਨੂੰ ਚੌਥੀ ਵਾਰ ਵਿਸਥਾਪਿਤ ਕਰੇਗਾ। “ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਚੱਲ ਰਹੇ ਬੁਨਿਆਦੀ ਢਾਂਚੇ ਦੇ ਕੰਮਾਂ ਕਾਰਨ ਸਾਨੂੰ ਵਿਸਥਾਪਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਰ ਤਾਂ ਹੋਰ ਵੱਡੀਆਂ ਕੰਪਨੀਆਂ ਵੱਲੋਂ ਸਾਡੀ ਜ਼ਮੀਨ, ਜੰਗਲ ਅਤੇ ਸੰਸਾਧਨਾਂ ਤੇ ਕੀਤੇ ਜਾ ਰਹੇ ਕਬਜ਼ੇ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ,” ਗੀਤਾ ਦਾ ਕਹਿਣਾ ਜੋ ਹੁਣ ਤੱਕ ਇਸ ਬੰਨ ਦੇ ਵਿਰੋਧ ਦਾ ਮੁੱਖ ਚਿਹਰਾ ਬਣ ਚੁੱਕੀ ਹੈ।
“ਜੰਗਲਾਂ ਵਿੱਚ ਰਹਿਣ ਵਾਲੇ ਕਬਾਇਲੀ ਲੋਕਾਂ ਲਈ ਮੌਸਮੀ ਬਦਲਾਅ ਕਈ ਚੁਣੌਤੀਆਂ ਲੈ ਕੇ ਆਇਆ ਹੈ। ਸਾਡੇ ਦਰਪੇਸ਼ ਵਿਰੋਧੀ ਪਰਿਸਥਿਤੀਆਂ, ਤਬਾਹ ਹੁੰਦੇ ਜੰਗਲ ਅਤੇ ਸੀਮਿਤ ਆਜੀਵੀਕਾ ਦੇ ਸਾਧਨਾਂ ਵਰਗੀਆਂ ਚੁਣੌਤੀਆਂ ਹਨ,” ਕੇਰਲ ਦੀ ਇਕਲੌਤੀ ਔਰਤ ਕਬਾਇਲੀ ਸਰਦਾਰ ਗੀਤਾ ਦਾ ਕਹਿਣਾ ਹੈ।




