ਅਹਰਵਾਨੀ ਵਿੱਚ ਦਾਖ਼ਲ ਹੁੰਦਿਆਂ ਹੀ ਰਾਮ ਅਵਤਾਰ ਕੁਸ਼ਵਾਹਾ ਚਿੱਕੜ ਵਾਲ਼ੀ ਸੜਕ 'ਤੇ ਸੰਤੁਲਨ ਬਣਾਈ ਰੱਖਣ ਲਈ ਆਪਣਾ ਮੋਟਰਸਾਈਕਲ ਹੌਲ਼ੀ ਕਰ ਲੈਂਦੇ ਹਨ। ਉਹ ਉਬੜ-ਖਾਬੜ ਬਸਤੀ ਦੇ ਵਿਚਕਾਰ ਪਹੁੰਚਦੇ ਹਨ ਅਤੇ ਆਪਣੀ 150 ਸੀਸੀ ਬਾਈਕ ਦਾ ਇੰਜਣ ਬੰਦ ਕਰ ਦਿੰਦੇ ਹਨ।
ਲਗਭਗ ਪੰਜ ਮਿੰਟਾਂ ਦੇ ਅੰਦਰ, ਬੱਚੇ, ਸਕੂਲੀ ਵਿਦਿਆਰਥੀ ਅਤੇ ਕਿਸ਼ੋਰ ਉਨ੍ਹਾਂ ਦੇ ਆਲ਼ੇ ਦੁਆਲ਼ੇ ਇਕੱਠੇ ਹੋ ਜਾਂਦੇ ਹਨ। ਸਹਰਿਆ ਆਦਿਵਾਸੀ ਬੱਚਿਆਂ ਦਾ ਇੱਕ ਝੁੰਡ ਧੀਰਜ ਨਾਲ਼ ਇੰਤਜ਼ਾਰ ਕਰ ਰਿਹਾ ਹੈ, ਹੱਥਾਂ ਵਿੱਚ ਸਿੱਕੇ ਅਤੇ 10 ਰੁਪਏ ਦੇ ਨੋਟ ਫੜ੍ਹੀ ਇੱਕ ਦੂਜੇ ਨਾਲ਼ ਗੱਲਾਂ ਕਰਦਾ ਹੈ। ਉਹ ਸਾਰੇ ਚਾਉਮੀਨ, ਭਾਵ ਕਿ ਤਲ਼ੀਆਂ ਸਬਜ਼ੀਆਂ ਅਤੇ ਨੂਡਲਜ਼ ਤੋਂ ਬਣੇ ਪਕਵਾਨ ਖਰੀਦਣ ਦੀ ਉਡੀਕ ਕਰ ਰਹੇ ਹਨ।
ਇਹ ਜਾਣਦੇ ਹੋਏ ਕਿ ਇਹ ਸਾਊ ਜਿਹੇ ਭੁੱਖੇ ਗਾਹਕ ਜਲਦੀ ਹੀ ਬੇਚੈਨ ਹੋ ਜਾਣਗੇ, ਮੋਟਰਸਾਈਕਲ ਵਿਕਰੇਤਾ ਨੇ ਜਲਦੀ ਹੀ ਆਪਣਾ ਪਿਟਾਰਾ ਖੋਲ੍ਹ ਦਿੱਤਾ। ਇਸ ਵਿੱਚ ਬਹੁਤਾ ਕੁਝ ਨਹੀਂ ਹੈ - ਰਾਮ ਅਵਤਾਰ ਪਲਾਸਟਿਕ ਦੀਆਂ ਦੋ ਬੋਤਲਾਂ ਕੱਢਦੇ ਹਨ। ਉਹ ਕਹਿੰਦੇ ਹਨ,"ਇੱਕ ਵਿੱਚ ਲਾਲ ਚਟਨੀ (ਮਿਰਚ) ਹੈ ਅਤੇ ਦੂਜੇ ਵਿੱਚ ਕਾਲ਼ੀ (ਸੋਇਆ ਸੌਸ) ਹੈ।" ਦੂਸਰੇ ਸਮਾਨ ਵਿੱਚ ਪੱਤਾਗੋਭੀ, ਛਿੱਲੇ ਹੋਏ ਪਿਆਜ਼, ਹਰੀ ਸ਼ਿਮਲਾ ਮਿਰਚ ਤੇ ਓਬਲੇ ਹੋਏ ਨੂਡਲਸ। "ਮੈਂ ਆਪਣਾ ਸਾਮਾਨ ਵਿਜੈਪੁਰ [ਸ਼ਹਿਰ] ਤੋਂ ਖਰੀਦਦਾ ਹਾਂ।''
ਸ਼ਾਮ ਦੇ ਲਗਭਗ 6 ਵੱਜੇ ਹਨ ਅਤੇ ਇਹ ਚੌਥਾ ਪਿੰਡ ਹੈ ਜਿੱਥੇ ਰਾਮ ਅਵਤਾਰ ਚੱਕਰ ਲਾ ਰਹੇ ਹੈ। ਉਹ ਹੋਰ ਬਸਤੀਆਂ ਅਤੇ ਪਿੰਡਾਂ ਦੇ ਨਾਮ ਵੀ ਦੱਸਦੇ ਹਨ ਜਿਨ੍ਹਾਂ ਦਾ ਉਹ ਨਿਯਮਤ ਤੌਰ 'ਤੇ ਦੌਰਾ ਕਰਦੇ ਹਨ - ਲਾਦਰ, ਪੰਡਰੀ, ਖਜੂਰੀ ਕਲਾਂ, ਸਿਲਪਾੜਾ, ਪਰੋਂਦ। ਇਹ ਸਾਰੇ ਸੁਤੇਪੁਰਾ ਵਿਖੇ ਉਨ੍ਹਾਂ ਦੇ ਘਰੋਂ 30 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਹਨ, ਜੋ ਵਿਜੈਪੁਰ ਤਹਿਸੀਲ ਦੇ ਗੋਪਾਲਪੁਰਾ ਪਿੰਡ ਨਾਲ਼ ਜੁੜਿਆ ਇੱਕ ਛੋਟਾ ਜਿਹਾ ਪਿੰਡ ਹੈ। ਇਨ੍ਹਾਂ ਬਸਤੀਆਂ ਅਤੇ ਛੋਟੇ ਪਿੰਡਾਂ ਵਿੱਚ, ਤਿਆਰ ਸਨੈਕਸ ਦੇ ਨਾਮ ਹੇਠ ਪੈਕਟਬੰਦ ਚਿਪਸ ਅਤੇ ਬਿਸਕੁਟ ਮਿਲ਼ਦੇ ਹਨ।
ਉਹ ਹਫ਼ਤੇ ਵਿੱਚ ਘੱਟੋ-ਘੱਟ ਦੋ-ਤਿੰਨ ਵਾਰ ਲਗਭਗ 500 ਲੋਕਾਂ ਦੀ ਆਬਾਦੀ ਵਾਲ਼ੇ ਵੱਡ-ਗਿਣਤੀ ਕਬਾਇਲੀ ਪਿੰਡ ਅਹਰਵਾਨੀ ਆਉਂਦੇ ਹਨ। ਅਹਰਵਾਨੀ ਇੱਕ ਨਵੀਂ ਬਸਤੀ ਹੈ। ਇਸ ਦੇ ਵਸਨੀਕ ਉਹ ਲੋਕ ਹਨ ਜੋ 1999 ਵਿੱਚ ਕੁਨੋ ਨੈਸ਼ਨਲ ਪਾਰਕ ਤੋਂ ਉਜਾੜੇ ਗਏ ਸਨ ਤਾਂ ਜੋ ਇਸ ਥਾਂ ਨੂੰ ਸ਼ੇਰਾਂ ਦਾ ਘਰ ਬਣਾਇਆ ਜਾ ਸਕੇ। ਪੜ੍ਹੋ: ਕੁਨੋ ਵਿਖੇ: ਚੀਤੇ ਅੰਦਰ, ਆਦਿਵਾਸੀ ਬਾਹਰ । ਸ਼ੇਰ ਤਾਂ ਆਇਆ ਨਹੀਂ, ਪਰ ਅਫਰੀਕਾ ਤੋਂ ਚੀਤਿਆਂ ਨੂੰ ਜ਼ਰੂਰ ਸਤੰਬਰ 2022 ਵਿੱਚ ਪਾਰਕ ਵਿਖੇ ਲਿਆਂਦਾ ਗਿਆ।
ਨੇੜੇ ਖੜ੍ਹੇ ਜ਼ਿਆਦਾਤਰ ਬੱਚਿਆਂ ਨੇ ਦੱਸਿਆ ਕਿ ਉਹ ਇੱਥੇ ਅਹਰਵਾਨੀ ਦੇ ਸਥਾਨਕ ਸਰਕਾਰੀ ਸਕੂਲ 'ਚ ਪੜ੍ਹਦੇ ਹਨ ਪਰ ਇੱਥੇ ਰਹਿਣ ਵਾਲ਼ੇ ਕੇਦਾਰ ਆਦਿਵਾਸੀ ਮੁਤਾਬਕ ਬੱਚਿਆਂ ਦੇ ਨਾਂ ਲਿਖੇ ਹੋਏ ਹਨ ਪਰ ਉਹ ਜ਼ਿਆਦਾ ਕੁਝ ਸਿੱਖ ਨਹੀਂ ਪਾਉਂਦੇ। "ਅਧਿਆਪਕ ਨਿਯਮਿਤ ਤੌਰ 'ਤੇ ਨਹੀਂ ਆਉਂਦੇ, ਅਤੇ ਜਦੋਂ ਆਉਂਦੇ ਵੀ ਹਨ, ਤਾਂ ਕੁਝ ਨਹੀਂ ਪੜ੍ਹਾਉਂਦੇ।''
ਲਗਭਗ 23 ਸਾਲਾ ਕੇਦਾਰ ਅਗਰਾ ਪਿੰਡ ਵਿੱਚ ਵਿਸਥਾਪਿਤ ਭਾਈਚਾਰੇ ਦੇ ਬੱਚਿਆਂ ਲਈ ਇੱਕ ਸਕੂਲ ਚਲਾਉਣ ਵਾਲ਼ੀ ਗ਼ੈਰ-ਮੁਨਾਫ਼ਾ ਸੰਸਥਾ ਆਧਾਰਸ਼ੀਲਾ ਸਿੱਖਿਆ ਸੰਮਤੀ ਵਿੱਚ ਅਧਿਆਪਕ ਸਨ। 2022 ਵਿੱਚ ਪਾਰੀ ਨਾਲ਼ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ, "ਇੱਥੇ ਮਿਡਲ ਸਕੂਲ ਤੋਂ ਪਾਸ ਹੋਣ ਵਾਲ਼ੇ ਵਿਦਿਆਰਥੀ ਪੜ੍ਹਨ-ਲਿਖਣ ਵਰਗੀਆਂ ਬੁਨਿਆਦੀ ਸਿੱਖਿਆ ਦੀ ਘਾਟ ਕਾਰਨ ਦੂਜੇ ਸਕੂਲਾਂ ਵਿੱਚ ਤਰੱਕੀ ਨਹੀਂ ਕਰ ਪਾਉਂਦੇ।''
ਭਾਰਤ ਵਿੱਚ ਅਨੁਸੂਚਿਤ ਕਬੀਲਿਆਂ ਦੀ ਸੰਖਿਆਕੀ ਪ੍ਰੋਫਾਈਲ ਰਿਪੋਰਟ, 2013 ਦੇ ਅਨੁਸਾਰ, ਸਹਰਿਆ ਆਦਿਵਾਸੀਆਂ ਨੂੰ ਮੱਧ ਪ੍ਰਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ (ਪੀਵੀਟੀਜੀ) ਵਜੋਂ ਸੂਚੀਬੱਧ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਸਾਖਰਤਾ ਦਰ 42٪ ਹੈ।
ਸਾਊ-ਭੀੜ ਬੇਚੈਨ ਹੋਣ ਲੱਗੀ ਹੈ, ਇਸ ਲਈ ਰਾਮ ਅਵਤਾਰ ਸਾਡੇ ਨਾਲ਼ ਗੱਲ ਕਰਨਾ ਬੰਦ ਕਰ ਦਿੰਦੇ ਹਨ ਅਤੇ ਖਾਣਾ ਪਕਾਉਣ 'ਤੇ ਧਿਆਨ ਕੇਂਦਰਿਤ ਕਰਦੇ ਹਨ। ਉਹ ਮਿੱਟੀ ਦੇ ਤੇਲ ਦੇ ਸਟੋਵ ਨੂੰ ਚਾਲੂ ਕਰਦੇ ਹਨ ਅਤੇ ਇੱਕ ਬੋਤਲ ਵਿੱਚੋਂ ਥੋੜ੍ਹਾ ਤੇਲ ਕੱਢ ਕੇ 20 ਇੰਚ ਚੌੜੇ ਫਰਾਇੰਗ ਪੈਨ 'ਤੇ ਛਿੜਕ ਦਿੰਦੇ ਹਨ। ਹੇਠਾਂ ਰੱਖੇ ਇੱਕ ਡੱਬੇ ਵਿੱਚੋਂ ਉਹ ਨੂਡਲਜ਼ ਕੱਢਦੇ ਹਨ ਅਤੇ ਉਨ੍ਹਾਂ ਨੂੰ ਗਰਮ ਤੇਲ ਵਿੱਚ ਪਾ ਦਿੰਦੇ ਹਨ
ਉਨ੍ਹਾਂ ਦੀ ਬਾਈਕ ਸੀਟ ਪਿਆਜ਼ ਅਤੇ ਗੋਭੀ ਕੱਟਣ ਲਈ ਕਾਫ਼ੀ ਚੰਗੀ ਹੈ। ਜਦੋਂ ਉਹ ਕੱਟੇ ਹੋਏ ਪਿਆਜ਼ ਨੂੰ ਪੈਨ ਵਿੱਚ ਪਾਉਂਦੇ ਹਨ, ਤਾਂ ਇੱਕ ਸੁਆਦੀ ਖੁਸ਼ਬੂ ਹਵਾ ਵਿੱਚ ਤੈਰਨ ਜਾਂਦੀ ਹੈ।
ਰਾਮ ਅਵਤਾਰ ਯੂਟਿਊਬ ਦੇਖ-ਦੇਖ ਕੇ ਸ਼ੈੱਫ਼ ਬਣ ਗਏ। ਉਹ ਪਹਿਲਾਂ ਸਬਜ਼ੀ ਵੇਚਣ ਦਾ ਕੰਮ ਕਰਦੇ ਸਨ, ਪਰ "ਇਹ ਕਾਰੋਬਾਰ ਮੱਠਾ ਪੈ ਗਿਆ। ਮੈਂ ਆਪਣੇ ਫ਼ੋਨ 'ਤੇ ਚਾਉਮੀਨ ਬਣਾਉਣ ਦੀ ਵੀਡੀਓ ਵੇਖੀ ਅਤੇ ਇਸ ਨੂੰ ਅਜ਼ਮਾਉਣ ਦਾ ਫ਼ੈਸਲਾ ਕੀਤਾ।'' ਇਹ ਗੱਲ 2019 ਦੀ ਹੈ ਤੇ ਓਦੋਂ ਤੋਂ ਹੀ ਉਨ੍ਹਾਂ ਦਾ ਕੰਮ ਤੁਰ ਪਿਆ।
ਜਦੋਂ ਪਾਰੀ ਦੀ 2022 ਵਿੱਚ ਉਨ੍ਹਾਂ ਨਾਲ਼ ਮੁਲਾਕਾਤ ਹੋਈ, ਤਾਂ ਉਹ ਚਾਉਮੀਨ ਦੀ ਇੱਕ ਛੋਟੀ ਜਿਹੀ ਪਲੇਟ 10 ਰੁਪਏ ਵਿੱਚ ਵੇਚਿਆ ਕਰਦੇ ਸਨ। "ਮੈਂ ਇੱਕ ਦਿਨ ਵਿੱਚ ਲਗਭਗ 700-800 ਰੁਪਏ ਦਾ ਚਾਉਮੀਨ ਵੇਚ ਲੈਂਦਾ ਹਾਂ।" ਪੂਰਾ ਅੰਦਾਜ਼ਾ ਲਗਾਉਂਦਿਆਂ ਉਹ ਕਹਿੰਦੇ ਹਨ ਕਿ ਉਹ ਇਸ ਵਿੱਚੋਂ 200 ਤੋਂ 300 ਰੁਪਏ ਤੱਕ ਬਣਾ ਲੈਂਦੇ ਹਨ। ਨੂਡਲਜ਼ ਦਾ 700 ਗ੍ਰਾਮ ਦਾ ਪੈਕਟ 35 ਰੁਪਏ ਦਾ ਮਿਲ਼ਦਾ ਹੈ ਅਤੇ ਉਹ ਇੱਕ ਦਿਨ ਵਿੱਚ ਪੰਜ ਪੈਕੇਟ ਵਰਤ ਲੈਂਦੇ ਹਨ। ਹੋਰ ਵੱਡੇ ਖਰਚਿਆਂ ਵਿੱਚ ਮਿੱਟੀ ਦਾ ਤੇਲ, ਖਾਣਾ ਪਕਾਉਣ ਵਾਲ਼ਾ ਤੇਲ ਅਤੇ ਉਨ੍ਹਾਂ ਦੀ ਬਾਈਕ ਲਈ ਪੈਟਰੋਲ ਸ਼ਾਮਲ ਹਨ।
"ਸਾਡੇ ਕੋਲ਼ ਤਿੰਨ ਵਿਘੇ ਜ਼ਮੀਨ ਹੈ, ਪਰ ਅਸੀਂ ਇਸ ਤੋਂ ਸ਼ਾਇਦ ਹੀ ਕੁਝ ਕਮਾਉਂਦੇ ਹੋਵਾਂਗੇ," ਖੇਤੀ ਦੇ ਕੰਮਾਂ ਵਿੱਚ ਉਹ ਆਪਣੇ ਭਰਾਵਾਂ ਨਾਲ਼ ਸਾਂਝੇਦਾਰੀ ਕਰਦੇ ਹਨ ਤੇ ਆਪਣੇ ਭੋਜਨ ਲਈ ਕਣਕ, ਬਾਜਰਾ ਅਤੇ ਸਰ੍ਹੋਂ ਉਗਾਉਂਦੇ ਹਨ। ਰਾਮ ਦਾ ਵਿਆਹ ਰੀਨਾ ਨਾਲ਼ ਹੋਇਆ ਹੈ ਅਤੇ ਉਨ੍ਹਾਂ ਦੇ ਚਾਰ ਬੱਚੇ ਹਨ- ਤਿੰਨ ਲੜਕੀਆਂ ਅਤੇ ਇੱਕ ਲੜਕਾ- ਸਾਰੇ ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਹੈ।
ਰਾਮ ਅਵਤਾਰ ਨੇ ਸੱਤ ਸਾਲ ਪਹਿਲਾਂ ਟੀਵੀਐੱਸ ਮੋਟਰਸਾਈਕਲ ਖ਼ਰੀਦਿਆ ਸੀ ਅਤੇ ਚਾਰ ਸਾਲ ਬਾਅਦ 2019 ਵਿੱਚ ਇਸ ਨੂੰ ਮੋਬਾਇਲ ਰਸੋਈ ਵਿੱਚ ਬਦਲ ਲਿਆ ਜਿਸ ਵਿੱਚ ਸਾਮਾਨ ਲਿਜਾਣ ਵਾਲ਼ੇ ਬੈਗ ਬੰਨ੍ਹੇ ਹੋਏ ਸਨ। ਉਹ ਕਹਿੰਦੇ ਹਨ ਕਿ ਉਹ ਦਿਹਾੜੀ ਦਾ 100 ਕਿਲੋਮੀਟਰ ਪੈਂਡਾ ਮਾਰਦੇ ਹੋਏ ਆਪਣਾ ਸਮਾਨ ਆਪਣੇ ਨੌਜਵਾਨ ਤੇ ਛੋਟੂ ਖ਼ਰੀਦਦਾਰਾਂ ਨੂੰ ਵੇਚਦੇ ਹਨ। "ਮੈਨੂੰ ਇਹ ਕੰਮ ਪਸੰਦ ਹੈ। ਜਦੋਂ ਤੱਕ ਸੰਭਵ ਹੋ ਸਕਿਆ, ਮੈਂ ਇਹ ਕੰਮ ਜਾਰੀ ਰੱਖਾਂਗਾ।''
ਤਰਜਮਾ; ਕਮਲਜੀਤ ਕੌਰ