ਦੁਪਹਿਰ ਹੋਣ ਵਾਲ਼ੀ ਹੈ। ਗੋਲਾਪੀ ਗੋਇਰੀ ਤਿਆਰੀਆਂ ਪੂਰੀਆਂ ਕਰ ਕਿਸੇ ਦੀ ਉਡੀਕ ਵਿੱਚ ਹਨ। ਉਨ੍ਹਾਂ ਦੀ ਉਡੀਕ ਉਦੋਂ ਮੁੱਕੀ ਜਦੋਂ ਸਕੂਲ ਪੜ੍ਹਦੀਆਂ ਅੱਠ ਕੁੜੀਆਂ ਉਨ੍ਹਾਂ ਦਾ ਬੂਹਾ ਲੰਘ ਆਈਆਂ, ਇਹ ਦੇਖ ਗੋਲਾਪੀ ਆਪਣਾ ਪੀਲਾ ਪੱਟੀ ਵਾਲ਼ਾ ਡੋਖੋਨਾ ਠੀਕ ਕਰਨ ਲੱਗਦੀ ਹਨ। ਬੋਡੋ ਭਾਈਚਾਰੇ ਦੇ ਹਰ ਬੱਚੇ ਨੇ ਰਵਾਇਤੀ ਡੋਖੋਨਾ ਅਤੇ ਲਾਲ ਅਰੋਨਾਈ (ਸ਼ਾਲ) ਪਹਿਨਿਆ ਹੋਇਆ ਹੈ।
"ਮੈਂ ਇਨ੍ਹਾਂ ਜਵਾਨ ਕੁੜੀਆਂ ਨੂੰ ਬੋਡੋ ਡਾਂਸ ਸਿਖਾਉਂਦੀ ਹਾਂ," ਬਕਸਾ ਜ਼ਿਲ੍ਹੇ ਦੇ ਗੋਲਗਾਓਂ ਪਿੰਡ ਦੀ ਵਸਨੀਕ ਗੋਲਾਪੀ ਕਹਿੰਦੀ ਹਨ, ਜੋ ਖੁਦ ਬੋਡੋ ਭਾਈਚਾਰੇ ਨਾਲ਼ ਸਬੰਧ ਰੱਖਦੀ ਹਨ।
ਬਕਸਾ, ਕੋਕਰਾਝਾਰ, ਉਦਲਗੁੜੀ ਤੇ ਚਿਰਾਂਗ ਜ਼ਿਲ੍ਹਿਆਂ ਨਾਲ਼ ਮਿਲ਼ ਕੇ ਬੋਡੋਲੈਂਡ ਬਣਾਉਂਦੇ ਹਨ, ਜਿਹਦਾ ਅਧਿਕਾਰਕ ਨਾਮ ਬੋਡੋਲੈਂਡ ਟੈਰੀਟੋਰੀਅਲ ਰੀਜਨ (ਬੀ.ਟੀ.ਆਰ.) ਹੈ। ਇਹ ਖੁਦਮੁਖਤਿਆਰ ਖੇਤਰ ਮੁੱਖ ਤੌਰ 'ਤੇ ਬੋਡੋ ਲੋਕਾਂ ਦੁਆਰਾ ਵਸਾਇਆ ਗਿਆ ਹੈ, ਜੋ ਅਸਾਮ ਵਿੱਚ ਅਨੁਸੂਚਿਤ ਜਨਜਾਤੀ ਸ਼੍ਰੇਣੀ ਦੇ ਤਹਿਤ ਸੂਚੀਬੱਧ ਹਨ। ਬੀ.ਟੀ.ਆਰ. ਭੂਟਾਨ ਅਤੇ ਅਰੁਣਾਚਲ ਪ੍ਰਦੇਸ਼ ਦੀ ਤਲਹਟੀ ਦੇ ਹੇਠਾਂ ਬ੍ਰਹਮਪੁੱਤਰ ਨਦੀ ਦੇ ਕੰਢੇ 'ਤੇ ਸਥਿਤ ਹੈ।
ਉਨ੍ਹਾਂ ਨੇ ਪਾਰੀ ਦੇ ਸੰਸਥਾਪਕ ਸੰਪਾਦਕ, ਪੱਤਰਕਾਰ ਪੀ ਸਾਈਨਾਥ ਦੇ ਸਨਮਾਨ ਵਿੱਚ ਇੱਕ ਪ੍ਰਦਰਸ਼ਨ ਦੀ ਮੇਜ਼ਬਾਨੀ ਕਰਨ ਲਈ ਆਪਣੇ ਘਰ ਦੀ ਪੇਸ਼ਕਸ਼ ਕੀਤੀ ਹੈ, ਜਿਸ ਨੂੰ ਉਪੇਂਦਰ ਨਾਥ ਬ੍ਰਹਮਾ ਟਰੱਸਟ (ਯੂਐਨਬੀਟੀ) ਦੁਆਰਾ ਨਵੰਬਰ 2022 ਵਿੱਚ 19ਵਾਂ ਸੰਯੁਕਤ ਰਾਸ਼ਟਰ ਬ੍ਰਹਮਾ ਸੋਲਜਰ ਆਫ ਹਿਊਮੈਨਿਟੀ ਅਵਾਰਡ ਦਿੱਤਾ ਗਿਆ ਸੀ।


