''ਮੈਂ ਕਰੀਬ 450 ਪੰਛੀਆਂ ਦੀਆਂ ਅਵਾਜਾਂ ਪਛਾਣ ਸਕਦਾ ਹਾਂ।''
ਮੀਕਾਹ ਰਾਏ ਨੂੰ ਇਹ ਰੱਬੀ ਬਖ਼ਸ਼ ਹੈ। ਜੰਗਲੀ ਜੀਵਾਂ ਦੇ ਫ਼ੋਟੋਗ੍ਰਾਫ਼ਰ ਹੋਣ ਦੇ ਨਾਤੇ ਮੀਕਾਹ ਦਾ ਪੰਛੀਆਂ ਤੇ ਜਾਨਵਰਾਂ ਨੂੰ ਕੈਮਰੇ ਵਿੱਚ ਕੈਦ ਕਰਨ ਲਈ ਘੰਟਿਆਂ-ਬੱਧੀ ਉਡੀਕਣਾ ਸਬਰ ਦੀ ਮੰਗ ਕਰਦਾ ਹੈ ਪਰ ਜੇਕਰ ਪੰਛੀਆਂ ਦੀ ਅਵਾਜ਼ ਦੀ ਪਛਾਣ ਹੋਵੇ ਤਾਂ ਕੰਮ ਥੋੜ੍ਹਾ ਸੌਖਾ ਜ਼ਰੂਰ ਹੋ ਜਾਂਦਾ ਹੈ।
ਖੰਭਾਂ ਵਾਲ਼ੇ ਜੀਵਾਂ ਤੋਂ ਲੈ ਕੇ ਸਮੂਰ ਵਾਲ਼ੇ ਜੀਵਾਂ ਨੂੰ ਮਿਲ਼ਾ ਕੇ ਮੀਕਾਹ ਨੇ ਬੀਤੇ ਸਾਲਾਂ ਵਿੱਚ 300 ਦੇ ਕਰੀਬ ਤਸਵੀਰਾਂ ਖਿੱਚੀਆਂ ਹਨ। ਉਨ੍ਹਾਂ ਦੇ ਚੇਤਿਆਂ ਵਿੱਚ ਸਭ ਤੋਂ ਮੁਸ਼ਕਲ ਤਿੱਤਰ ਪਰਿਵਾਰ ਦੀ ਇੱਕ ਪ੍ਰਜਾਤੀ- ਬਲਾਇਥਸ ਟ੍ਰਾਗੋਪਨ (ਟ੍ਰਾਗੋਪਨ ਬਲਾਇਥੀ) ਦੀ ਤਸਵੀਰ ਲੈਣ ਵਿੱਚ ਆਈ ਸੀ, ਜਿਹਦਾ ਦਿੱਸਣਾ ਆਪਣੇ-ਆਪ ਵਿੱਚ ਕਾਫੀ ਦੁਰਲਭ ਘੜੀ ਮੰਨੀ ਜਾਂਦੀ ਹੈ।
ਗੱਲ ਅਕਤੂਬਰ 2020 ਦੀ ਹੈ ਜਦੋਂ ਮੀਕਾਹ ਆਪਣੇ ਸਿਗਮਾ 150mm-600mm ਟੈਲੀਫ਼ੋਟੋ ਜ਼ੂਮ ਲੈਂਜ ਕੈਮਰੇ ਨਾਲ਼ ਜੰਗਲ ਅੰਦਰ ਜਾਂਦੇ ਹਨ। ਇਸ ਬਹੁਤ ਹੀ ਵਧੀਆ ਲੈਂਜ ਦੀ ਸਹਾਇਤਾ ਨਾਲ਼ ਉਨ੍ਹਾਂ ਨੇ ਟ੍ਰਾਗੋਪਨ ਦੀ ਤਸਵੀਰ ਲੈਣ ਦਾ ਫ਼ੈਸਲਾ ਕੀਤਾ। ਉਹ ਤਿੱਤਰ ਦੀਆਂ ਅਵਾਜ਼ਾਂ ਦੀ ਪਿੱਛਾ ਕਰਦੇ ਬੇਚੈਨ ਕਦਮਾਂ ਨਾਲ਼ ਭਾਲ਼ ਕਰਦੇ ਰਹੇ। ''ਕਾਫੀ ਦਿਨ ਸੇ ਅਵਾਜ਼ ਤੋ ਸੁਣਾਈ ਦੇ ਰਹਾ ਥਾ।'' ਦਿਨ ਮਹੀਨਿਆਂ ਵਿੱਚ ਬੀਤ ਗਏ, ਪਰ ਮੀਕਾਹ ਇੱਕ ਵੀ ਤਸਵੀਰ ਨਾਲ਼ ਖਿੱਚ ਸਕੇ।
ਮਈ 2021 ਨੂੰ ਉਡੀਕ ਦੀ ਘੜੀ ਉਦੋਂ ਮੁੱਕੀ ਜਦੋਂ ਮੀਕਾਹ ਨੂੰ ਅਰੁਣਾਚਲ ਪ੍ਰਦੇਸ਼ ਦੇ ਈਗਲਨੈੱਸਟ ਵਾਈਡਲਾਈਫ਼ ਸੈਂਚੁਰੀ ਦੇ ਅੰਦਰੋਂ ਕਿਤੋਂ ਬਲਾਇਥਸ ਟ੍ਰਾਗੋਪਨ ਦੀਆਂ ਕੂਕਾਂ ਸੁਣਾਈ ਦੇਣ ਲੱਗੀਆਂ, ਇਹੀ ਉਹ ਸਮਾਂ ਸੀ ਜਦੋਂ ਇਹ ਜੀਵ ਸਪੱਸ਼ਟ ਦਿਖਾਈ ਦਿੱਤਾ। ਮੀਕਾਹ ਆਪਣੇ ਨਿਕੋਨ D7200 ਕੈਮਰੇ ਦਾ 150mm-600mm ਟੈਲੀਫ਼ੋਟੋ ਜ਼ੂਮ ਲੈਂਜ ਨੂੰ ਸੈੱਟ ਕਰਦਿਆਂ ਆਪਣੀ ਪੁਜੀਸ਼ਨ ਸੰਭਾਲ਼ੀ। ਪਰ ਹੜਬੜੀ ਵਿੱਚ ਉਨ੍ਹਾਂ ਨੇ ਹੱਥ-ਪੈਰ ਜਿਵੇਂ ਫੁੱਲਣ ਲੱਗੇ। ''ਤਸਵੀਰ ਧੁੰਦਲੀ ਆਈ ਜਿਸਦਾ ਕੋਈ ਫ਼ਾਇਦਾ ਨਾ ਹੋਇਆ,'' ਉਹ ਚੇਤੇ ਕਰਦੇ ਹਨ।
ਦੋ ਸਾਲ ਬਾਅਦ, ਵੈਸਟ ਕਾਮੇਂਗ ਦੇ ਬੋਂਪੂ ਕੈਂਪ ਨੇੜੇ, ਗੂੜ੍ਹਾ ਜਰ ਰੰਗਾ ਪੰਛੀ ਜਿਹਦੀ ਪਿੱਠ ਤੇ ਚਿੱਟੇ-ਚਿੱਟੇ ਟਿਮਕਣੇ ਸਨ, ਪੱਤਿਆਂ ਦੇ ਮਗਰ ਨਜ਼ਰੀਂ ਪਿਆ। ਉਹ ਘੜੀ ਮੀਕਾਹ ਗੁਆ ਹੀ ਕਿਵੇਂ ਸਕਦੇ ਸਨ। 30-40 ਤਸਵੀਰਾਂ ਵਿੱਚ ਉਹ ਜਿਵੇਂ-ਕਿਵੇਂ 1-2 ਚੰਗੀਆਂ ਤਸਵੀਰਾਂ ਲੈਣ ਵਿੱਚ ਕਾਮਯਾਬ ਹੋ ਹੀ ਗਏ। ਇਹ ਤਸਵੀਰ ਪਹਿਲੀ ਵਾਰ ਪਾਰੀ ਦੀ ਸਟੋਰੀ, ਸੰਕਟ ਦੀ ਘੜੀ ਮਨੁੱਖ ਦੀ ਰਹਿਨੁਮਾਈ ਕਰਦੇ ਪੰਛੀ ਵਿੱਚ ਛਪੀ ਸੀ।




















