ਮੁਹੰਮਦ ਅਸਗਰ ਦੇ ਹੱਥ ਮਸ਼ੀਨੀ ਬਾਰੀਕੀ ਨਾਲ਼ ਚੱਲਦੇ ਹਨ ਅਤੇ ਉਸ ਵੇਲ਼ੇ ਵੀ ਚੱਲਦੇ ਰਹਿੰਦੇ ਹਨ ਜਦ ਉਹ ਗੱਲ ਕਰ ਰਿਹਾ ਹੋਵੇ।
“ ਕੁਛ ਪਲ ਕੇ ਲੀਏ ਭੀ ਹਾਥ ਰੁਕ ਗਿਆ ਤੋ ਕਾਮ ਖਰਾਬ ਹੋ ਜਾਏਗਾ (ਜੇ ਮੇਰਾ ਹੱਥ ਕੁਝ ਸਕਿੰਟਾਂ ਲਈ ਵੀ ਰੁਕਿਆ, ਕੰਮ ਖਰਾਬ ਹੋ ਜਾਵੇਗਾ),” 40 ਸਾਲਾ ਕਾਰੀਗਰ ਨੇ ਕਿਹਾ ਜੋ ਅਜਿਹੀ ਕਾਰੀਗਰੀ ਕਰਦਾ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ 3 ਸਦੀਆਂ ਪੁਰਾਣੀ ਹੈ।
ਅਸਗਰ ਛਾਪਾ ਕਾਰੀਗਰ (ਹੱਥ ਨਾਲ਼ ਬਲਾਕ ਪ੍ਰਿੰਟਿੰਗ ਕਰਨ ਵਾਲ਼ਾ ਕਾਰੀਗਰ) ਹੈ ਅਤੇ ਇਹ ਕੰਮ ਇੱਕ ਦਹਾਕੇ ਤੋਂ ਕਰ ਰਿਹਾ ਹੈ। ਰੰਗ ਵਿੱਚ ਲਿੱਬੜੇ ਲੱਕੜ ਦੇ ਟੁਕੜਿਆਂ ਨਾਲ਼ ਕੱਪੜੇ ਉੱਤੇ ਡਿਜ਼ਾਈਨ ਬਣਾਉਣ ਵਾਲ਼ੇ ਹੋਰਨਾਂ ਬਲਾਕ ਛਾਪਾ ਕਾਰੀਗਰਾਂ ਤੋਂ ਉਲਟ, ਉਹ ਕੱਪੜਿਆਂ ਉੱਤੇ ਧਾਤ ਦੇ ਫੁੱਲ ਅਤੇ ਹੋਰ ਡਿਜ਼ਾਈਨਬੜੀ ਪਤਲੀ ਜਿਹੀ ਐਲੂਮੀਨੀਅਮ ਦੀ ਪੱਤਰੀ ਨਾਲ਼ ਬਣਾਉਂਦਾ ਹੈ।
ਐਲੂਮੀਨੀਅਮ ਦੀ ਪੱਤਰੀ ਜਿਸਨੂੰ ਤਬਕ ਕਹਿੰਦੇ ਹਨ, ਜਦ ਕੱਪੜੇ ਉੱਤੇ ਲਾਈ ਜਾਂਦੀ ਹੈ ਤਾਂ ਇਹ ਸਾੜ੍ਹੀਆਂ, ਸ਼ਰਾਰੇ , ਲਹਿੰਗੇ ਅਤੇ ਮਹਿਲਾਵਾਂ ਦੇ ਹੋਰਨਾਂ ਕੱਪੜਿਆਂ ਵਿੱਚ ਖ਼ਾਸ ਚਮਕ ਲੈ ਆਉਂਦੀ ਹੈ। ਉਸਦੇ ਪਿਛਲੀ ਸ਼ੈਲਫ ਉੱਤੇ ਗੁੰਝਲਦਾਰ ਡਿਜ਼ਾਈਨਾਂ ਵਾਲ਼ੇ ਦਰਜਣਾਂ ਸਾਂਚੇ ਪਏ ਹਨ ਜੋ ਆਮ ਕੱਪੜਿਆਂ ਨੂੰ ਕੁਝ ਖ਼ਾਸ ਵਿੱਚ ਬਦਲ ਦਿੰਦੇ ਹਨ।
ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਬਿਹਾਰਸ਼ਰੀਫ਼ ਕਸਬੇ ਵਿੱਚ ਛਾਪੇ ਦੀਆਂ ਅੱਧਾ ਦਰਜਨ ਦੁਕਾਨਾਂ ਹਨ। ਆਪਣੇ ਖਰੀਦਦਾਰਾਂ ਦੀ ਤਰ੍ਹਾਂ, ਛਾਪਾ ਕਾਰੀਗਰ ਮੁੱਖ ਤੌਰ ’ਤੇ ਮੁਸਲਮਾਨ ਹਨ ਅਤੇ ਉਹ ਰੰਗਰੇਜ਼ (ਰੰਗਾਈ ਕਰਨ ਵਾਲ਼ੇ) ਜਾਤ ਨਾਲ਼ ਸਬੰਧ ਰੱਖਦੇ ਹਨ ਜੋ ਬਿਹਾਰ ਵਿੱਚ ਆਰਥਿਕ ਤੌਰ ’ਤੇ ਪਛੜੀਆਂ ਸ਼੍ਰੇਣੀਆਂ (EBC) ਵਿੱਚ ਆਉਂਦੀ ਹੈ। ਬਿਹਾਰ ਸਰਕਾਰ ਵੱਲੋਂ ਕਰਾਏ ਤਾਜ਼ਾ ਜਾਤੀ ਸਰਵੇ ਮੁਤਾਬਕ ਸੂਬੇ ਵਿੱਚ ਕਰੀਬ 43,347 ਰੰਗਰੇਜ਼ ਹਨ।
“ਤੀਹ ਸਾਲ ਪਹਿਲਾਂ ਮੇਰੇ ਕੋਲ ਕੋਈ ਹੋਰ ਕੰਮ (ਦਾ ਮੌਕਾ) ਨਹੀਂ ਸੀ। ਇਸ ਲਈ ਮੈਂ ਇਹ ਕੰਮ ਕਰਨ ਲੱਗ ਪਿਆ,” ਪੱਪੂ ਨੇ ਕਿਹਾ। “ਮੇਰੇ ਨਾਨਾ ਛਾਪੇ ਦਾ ਕੰਮ ਕਰਦੇ ਸੀ। ਮੈਨੂੰ ਇਹ ਕੰਮ ਉਹਨਾਂ ਤੋਂ ਵਿਰਸੇ ਵਿੱਚ ਮਿਲਿਆ ਹੈ। ਉਹਨਾਂ ਨੇ ਸਮਾਂ ਕੱਟਿਆ ਅਤੇ ਮੈਂ ਵੀ ਸਮਾਂ ਕੱਟ ਰਿਹਾ ਹਾਂ,” ਬਿਹਾਰ ਦੀ ਰਾਜਧਾਨੀ ਪਟਨਾ ਦੀ ਵਿਅਸਤ ਅਤੇ ਸੰਘਣੀ ਆਬਾਦੀ ਵਾਲੀ ਸਬਜ਼ੀਬਾਗ ਕਲੋਨੀ ਵਿੱਚ 30 ਸਾਲ ਤੋਂ ਛਾਪੇ ਵਾਲ਼ੇ ਕੱਪੜੇ ਦੀ ਦੁਕਾਨ ਚਲਾ ਰਹੇ 55 ਸਾਲਾ ਕਾਰੀਗਰ ਨੇ ਦੱਸਿਆ।
ਉਹਨੇ ਕਿਹਾ ਕਿ ਇਸ ਕਲਾ ਦੀ ਮੰਗ ਘਟਦੀ ਜਾ ਰਹੀ ਹੈ: “ਪਹਿਲਾਂ ਪਟਨਾ ਵਿੱਚ 300 ਦੁਕਾਨਾਂ ਸਨ ਪਰ ਹੁਣ ਸਿਰਫ਼ 100 ਹੀ ਚੱਲ ਰਹੀਆਂ ਹਨ,” ਅਤੇ ਹੁਣ ਚਾਂਦੀ ਅਤੇ ਸੋਨੇ ਦਾ ਕੰਮ ਨਹੀਂ ਹੁੰਦਾ – ਐਲੂਮੀਨੀਅਮ ਨੇ ਇਹਨਾਂ ਦੀ ਥਾਂ ਲੈ ਲਈ ਹੈ।
ਅਸਗਰ, ਜੋ ਸਬਜ਼ੀ ਬਜ਼ਾਰ ਦੀ ਛੋਟੀ ਜਿਹੀ ਵਰਕਸ਼ਾਪ ਵਿੱਚ ਕੰਮ ਕਰਦਾ ਹੈ, ਕਹਿੰਦਾ ਹੈ ਕਿ 20 ਸਾਲ ਪਹਿਲਾਂ ਤਬਕ ਬਿਹਾਰਸ਼ਰੀਫ਼ ਕਸਬੇ ਵਿੱਚ ਹੀ ਬਣਾਈ ਜਾਂਦੀ ਸੀ। “ਪਹਿਲਾਂ ਤਬਕ ਸ਼ਹਿਰ ਵਿੱਚ ਹੀ ਬਣਾਈ ਜਾਂਦੀ ਸੀ ਪਰ ਕਾਮਿਆਂ ਦੀ ਕਮੀ ਕਾਰਨ ਇਹ ਇੱਥੇ ਨਹੀਂ ਬਣਾਈ ਜਾਂਦੀ। ਹੁਣ ਇਹ ਪਟਨਾ ਤੋਂ ਆਉਂਦੀ ਹੈ,” ਉਸਨੇ ਕਿਹਾ।
ਛਾਪੇ ਦੇ ਕੰਮ ਵਿੱਚ ਸਭ ਤੋਂ ਅਹਿਮ ਤਬਕ ਹੈ, ਜੋ ਐਨੀ ਪਤਲੀ ਹੁੰਦੀ ਹੈ ਕਿ ਹਲਕੀ ਜਿਹੀ ਹਵਾ ਚੱਲਣ ’ਤੇ ਉੱਡਣ ਲਗਦੀ ਹੈ, ਇਸ ਵਿੱਚੋਂ ਕੁਝ ਅਸਗਰ ਦੇ ਚਿਹਰੇ ਅਤੇ ਕੱਪੜਿਆਂ ਉੱਤੇ ਚਿਪਕ ਜਾਂਦੀ ਹੈ। ਦਿਨ ਦੇ ਆਖਰ ਵਿੱਚ ਉਹ ਇਸਨੂੰ ਸਾਫ਼ ਕਰਦਾ ਹੈ ਅਤੇ ਆਪਣੀ ਹਥੇਲੀ ਨੂੰ ਸਾਫ਼ ਕਰਦਾ ਹੈ ਜਿਸ ਉੱਤੇ ਗੂੰਦ ਦੀ ਮੋਟੀ ਪਰਤ ਚੜ੍ਹੀ ਹੋਈ ਹੈ। “ਹੱਥ ਤੋਂ ਗੂੰਦ ਲਾਹੁਣ ਵਿੱਚ ਦੋ ਘੰਟੇ ਲੱਗ ਜਾਂਦੇ ਹਨ। ਇਸ ਨੂੰ ਲਾਹੁਣ ਲਈ ਮੈਂ ਗਰਮ ਪਾਣੀ ਵਰਤਦਾ ਹਾਂ,” ਉਸਨੇ ਕਿਹਾ।
“ਗੂੰਦ ਜਲਦੀ ਸੁੱਕ ਜਾਂਦੀ ਹੈ, ਇਸ ਕਰਕੇ ਸਾਰਾ ਕੰਮ ਬੜੀ ਜਲਦੀ ਕਰਨਾ ਹੁੰਦਾ ਹੈ,” ਟੀਨ ਦੇ ਡੱਬੇ ਵਿੱਚ ਰੱਖੇ ਗੂੰਦ ਨੂੰ ਆਪਣੀ ਖੱਬੀ ਹਥੇਲੀ ਉੱਤੇ ਮਲਦਿਆਂ, ਸਾਨੂੰ ਵੱਖ-ਵੱਖ ਪੜਾਅ ਸਮਝਾਉਂਦਿਆਂ ਅਸਗਰ ਨੇ ਕਿਹਾ। ਜਦ ਉਸਦੀ ਹਥੇਲੀ ਪੂਰੀ ਤਰ੍ਹਾਂ ਗੂੰਦ ਨਾਲ਼ ਭਰ ਜਾਂਦੀ ਹੈ, ਉਹ ਲੱਕੜ ਦੇ ਫੁੱਲਦਾਰ ਸਾਂਚੇ ਨੂੰ ਆਪਣੀ ਹਥੇਲੀ ਉੱਤੇ ਗੂੰਦ ਸੋਖਣ ਲਈ ਘੁੰਮਾਉਂਦਾ ਹੈ ਅਤੇ ਫੇਰ ਚਿਪਚਿਪੇ ਸਾਂਚੇ ਦੇ ਠੱਪੇ ਕੱਪੜੇ ਉੱਤੇ ਲਗਾਉਂਦਾ ਹੈ।
ਤੇਜ਼ੀਨਾਲ਼ ਕੰਮ ਕਰਦਿਆਂ, ਉਹ ਬੜੀ ਸਾਵਧਾਨੀ ਨਾਲ਼ ਬੇਹੱਦ ਪਤਲੀਆਂ ਪਰਤਾਂ ਨੂੰ ਉੱਡਣ ਤੋਂ ਬਚਾਉਂਦੇ ਪੇਪਰਵੇਟ ਹੇਠੋਂ ਇੱਕ ਪੱਤਰੀ ਕੱਢਦਾ ਹੈ, ਅਤੇ ਠੱਪੇ ਵਾਲ਼ੇ ਹਿੱਸੇ ਉੱਤੇ ਲਾਉਂਦਾ ਹੈ, ਗੂੰਦ ਨਾਲ਼ ਇਹ ਪੱਤਰੀ ਸਾਂਚੇ ਦੇ ਨਮੂਨੇ ਵਿੱਚ ਚਿਪਕ ਜਾਂਦੀ ਹੈ।
ਜਦ ਕੱਪੜੇ ਉੱਤੇ ਪੱਤਰੀ ਲੱਗ ਜਾਂਦੀ ਹੈ, ਤਾਂ ਇਸਨੂੰ ਗੁਦਗੁਦੇ ਕੱਪੜੇ ਨਾਲ਼ ਦਬਾਇਆ ਜਾਂਦਾ ਹੈ ਜਦ ਤੱਕ ਇਹ ਪੂਰੀ ਤਰ੍ਹਾਂ ਚਿਪਕ ਨਾ ਜਾਵੇ। “ਇਹ ਇਸ ਕਰਕੇ ਕੀਤਾ ਜਾਂਦਾ ਹੈ ਤਾਂ ਕਿ ਤਬਕ ਗੂੰਦ ਨਾਲ਼ ਚੰਗੀ ਤਰ੍ਹਾਂ ਚਿਪਕ ਜਾਵੇ,” ਉਸਨੇ ਦੱਸਿਆ। ਇਹ ਇੱਕ ਸੂਖਮ ਪ੍ਰਕਿਰਿਆ ਹੈ ਜਿਸਨੂੰ ਬਹੁਤ ਤੇਜ਼ੀਨਾਲ਼ ਕੀਤਾ ਜਾਂਦਾ ਹੈ, ਅਤੇ ਕੁਝ ਹੀ ਪਲਾਂ ਵਿੱਚ ਕੱਪੜੇ ਉੱਚੇ ਚਮਕਦਾਰ ਗੋਲ ਆਕਾਰ ਦਿਖਣ ਲੱਗ ਪੈਂਦਾ ਹੈ। ਨਵੇਂ ਤਿਆਰ ਕੀਤੇ ਛਾਪੇ ਵਾਲ਼ੇ ਕੱਪੜੇ ਨੂੰ ਘੱਟੋ ਘੱਟ ਇੱਕ ਘੰਟਾ ਧੁੱਪ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਗੂੰਦ ਸਹੀ ਤਰ੍ਹਾਂ ਸੁੱਕ ਜਾਵੇ ਅਤੇ ਪੱਤਰੀ ਪੱਕੇ ਤੌਰ ’ਤੇ ਚਿਪਕ ਜਾਵੇ।
ਕਾਰੀਗਰ ਬਿਨ੍ਹਾਂ ਰੁਕੇ ਕੰਮ ਕਰਦਿਆਂ ਇਹ ਪ੍ਰਕਿਰਿਆ ਦੁਹਰਾਉਂਦਾ ਰਹਿੰਦਾ ਹੈ। ਜਿਹੜੇ ਲਾਲ ਕੱਪੜੇ ਉੱਤੇ ਉਹ ਇਸ ਵੇਲ਼ੇ ਛਪਾਈ ਕਰ ਰਿਹਾ ਹੈ ਇਹ ਦਾਲਧੱਕਨ – ਬਾਂਸ ਦੀਆਂ ਟੋਕਰੀਆਂ ਢਕਣ ਲਈ ਵਰਤਿਆ ਜਾਂਦਾ ਕੱਪੜਾ – ਹੈ।
ਐਲੂਮੀਨੀਅਮ ਦੀ ਪੱਤਰੀ ਦੀਆਂ ਚਾਦਰਾਂ ਦੇ 400 ਟੁਕੜੇ – 10-12 ਵਰਗ ਸੈਂਟੀਮੀਟਰ ਦੇ – 400 ਰੁਪਏ ਦੇ ਆਉਂਦੇ ਹਨ; ਇੱਕ ਕਿਲੋ ਗੂੰਦ 100 ਤੋਂ 150 ਰੁਪਏ ਦੀ ਆਉਂਦੀ ਹੈ। “ ਛਾਪੇ ਨਾਲ਼ ਕੀਮਤ 700-800 ਰੁਪਏ ਵਧ ਜਾਂਦੀ ਹੈ,” ਛਾਪੇ ਦੇ ਕੱਪੜੇ ਦੀ ਦੁਕਾਨ ਦੇ ਮਾਲਕ, ਪੱਪੂ ਨੇ ਕਿਹਾ (ਉਹ ਇਹੀ ਨਾਮ ਇਸਤੇਮਾਲ ਕਰਦਾ ਹੈ)। “ਗਾਹਕ ਐਨੇ ਪੈਸੇ ਨਹੀਂ ਦਿੰਦੇ।”
ਛਾਪੇ ਵਾਲ਼ੇ ਕੱਪੜੇ ਰਵਾਇਤੀ ਤੌਰ ’ਤੇ ਬਿਹਾਰ ਦੇ ਮੁਸਲਮਾਨ ਭਾਈਚਾਰੇ ਦੇ ਵਿਆਹਾਂ, ਖ਼ਾਸਕਰਕੇ ਸੂਬੇ ਦੇ ਦੱਖਣੀ ਹਿੱਸੇ ਵਿੱਚ ਮਗਧ ਇਲਾਕੇ ਦੇ ਮੁਸਲਮਾਨਾਂ ਦੇ ਵਿਆਹਾਂ ਵਿੱਚ ਪਹਿਨੇ ਜਾਂਦੇ ਹਨ। ਕੁਝ ਰਸਮਾਂ ਲਈ ਇਹ ਅਨਿੱਖੜਵਾਂ ਅੰਗ ਹਨ –ਦੁਲਹਨ ਅਤੇ ਉਸਦੇ ਪਰਿਵਾਰ ਨੇ ਆਪਣੀ ਸਮਾਜਿਕ ਹੈਸੀਅਤਦੀ ਪਰਵਾਹ ਕੀਤੇ ਬਿਨ੍ਹਾਂ, ਛਾਪੇ ਦੀਆਂ ਸਾੜ੍ਹੀਆਂ ਜਾਂ ਇਸ ਨਾਲ਼ ਵਿਆਹ ਵਾਲ਼ੇ ਕੱਪੜੇ ਪਾਉਣੇ ਹੁੰਦੇ ਹਨ।
ਸੱਭਿਆਚਾਰਕ ਅਹਿਮੀਅਤ ਦੇ ਬਾਵਜੂਦ, ਛਾਪੇ ਵਾਲ਼ੇ ਕੱਪੜੇ ਜ਼ਿਆਦਾਦੇਰ ਨਹੀਂ ਪਹਿਨੇ ਜਾਂਦੇ। “ਛਾਪੇ ਵਿੱਚ ਵਰਤੀ ਜਾਂਦੀ ਗੂੰਦ ਦੀ ਬੜੀ ਭੈੜੀ ਗੰਧ ਹੁੰਦੀ ਹੈ। ਅਤੇ ਛਾਪਾ ਐਨਾ ਕੱਚਾ ਹੁੰਦਾ ਹੈ ਕਿ ਇੱਕ ਜਾਂ ਦੋ ਧੋਆਂ ਵਿੱਚ ਐਲੂਮੀਨੀਅਮ ਦੀ ਸਾਰੀ ਪੱਤਰੀ ਲਹਿ ਜਾਂਦੀ ਹੈ,” ਪੱਪੂ ਨੇ ਕਿਹਾ।
ਵਿਆਹ ਦੇ ਸੀਜ਼ਨ ਦੇ ਤਿੰਨ-ਚਾਰ ਮਹੀਨਿਆਂ ਬਾਅਦ, ਛਾਪੇ ਦਾ ਕੰਮ ਰੁਕ ਜਾਂਦਾ ਹੈ, ਅਤੇ ਕਾਰੀਗਰਾਂ ਨੂੰ ਹੋਰ ਕੰਮ ਲੱਭਣਾ ਪੈਂਦਾ ਹੈ।
“ਮੈਂ ਅੱਠ ਤੋਂ ਦਸ ਘੰਟੇ ਦੁਕਾਨ ’ਤੇ ਕੰਮ ਕਰਦਾ ਹਾਂ ਅਤੇ ਤਿੰਨ ਸਾੜ੍ਹੀਆਂ ’ਤੇ ਛਾਪੇ ਦਾ ਕੰਮ ਮੁਕੰਮਲ ਕਰ ਦਿੰਦਾ ਹਾਂ,” ਅਸਗਰ ਨੇ ਦੱਸਿਆ। “ਮੈਨੂੰ ਇਸ ਕੰਮ ਤੋਂ ਇੱਕ ਦਿਨ ਦੇ 500 ਰੁਪਏ ਬਣ ਜਾਂਦੇ ਹਨ, ਪਰ ਇਹ ਕੰਮ ਸਿਰਫ਼ ਤਿੰਨ ਜਾਂ ਚਾਰ ਮਹੀਨੇ ਲਈ ਹੀ ਮਿਲਦਾ ਹੈ। ਜਦ ਛਾਪੇ ਦਾ ਕੰਮ ਨਹੀਂ ਹੁੰਦਾ, ਮੈਂ ਉਸਾਰੀ ਵਾਲੀਆਂ ਥਾਵਾਂ ’ਤੇ ਕੰਮ ਕਰਦਾ ਹਾਂ।”
ਅਸਗਰ ਬਿਹਾਰਸ਼ਰੀਫ਼ ਕਸਬੇ ਵਿੱਚ ਰਹਿੰਦਾ ਹੈ ਜੋ ਵਰਕਸ਼ਾਪ ਤੋਂ ਤਕਰੀਬਨ ਇੱਕ ਕਿਲੋਮੀਟਰ ਦੂਰ ਹੈ ਜਿੱਥੇ ਉਹ ਸਵੇਰੇ 10 ਵਜੇ ਤੋਂ ਰਾਤ ਦੇ 8 ਵਜੇ ਤੱਕ ਕੰਮ ਕਰਦਾ ਹੈ। “ਮੇਰਾ ਬੇਟਾ ਪੈਸੇ ਬਚਾਉਣ ਲਈ ਦੁਪਹਿਰ ਵੇਲ਼ੇ ਘਰ ਬਣਿਆ ਖਾਣਾ ਲੈ ਆਉਂਦਾ ਹੈ,” ਉਹਨੇ ਕਿਹਾ।
ਪੰਜ ਸਾਲ ਦੇ ਸੰਖੇਪ ਸਮੇਂ ਲਈ ਉਹ ਦਿੱਲੀ ਪਰਵਾਸ ਕਰ ਗਿਆ ਸੀ ਅਤੇ ਉਸਾਰੀ ਵਾਲੀਆਂ ਥਾਵਾਂ ’ਤੇ ਕੰਮ ਕਰਦਾ ਰਿਹਾ ਸੀ। ਹੁਣ ਉਹ ਇੱਥੇ ਹੀ ਆਪਣੀ ਪਤਨੀ ਅਤੇ 14 ਅਤੇ 16 ਸਾਲ ਦੇ ਦੋ ਬੇਟਿਆਂ ਨਾਲ਼ ਰਹਿੰਦਾ ਹੈ, ਜੋ ਸਕੂਲ ਵਿੱਚ ਪੜ੍ਹਦੇ ਹਨ। ਅਸਗਰ ਦਾ ਕਹਿਣਾ ਹੈ ਕਿ ਉਹ ਬਿਹਾਰਸ਼ਰੀਫ਼ ਵਿੱਚ ਆਪਣੀ ਕਮਾਈ ਤੋਂ ਸੰਤੁਸ਼ਟ ਹੈ ਅਤੇ ਪਰਿਵਾਰ ਨਾਲ਼ ਰਹਿਣਾ ਉਸ ਲਈ ਬੋਨਸ ਹੈ। “ ਯਹਾਂ ਭੀ ਕਾਮ ਹੋਈਏ ਰਹਾ ਹੈ ਜੋ ਕਾਹੇ ਲਾ ਬਾਹਰ ਜਾਏਂਗੇ (ਮੈਨੂੰ ਇੱਥੇ ਕੰਮ ਮਿਲ ਰਿਹਾ ਹੈ, ਤਾਂ ਮੈਂ ਪਰਵਾਸ ਕਿਉਂ ਕਰਾਂ)?” ਇਸ ਪੱਤਰਕਾਰ ਨੂੰ ਉਹਨੇ ਕਿਹਾ।
ਮੁਹੰਮਦ ਰਿਆਜ਼ ਪੱਪੂ ਦੀ ਦੁਕਾਨ ’ਤੇ ਛਾਪਾ ਕਾਰੀਗਰ ਵਜੋਂ ਕੰਮ ਕਰਦਾ ਹੈ। 65 ਸਾਲਾ ਕਾਰੀਗਰ ਨੇ ਵੀ ਪੂਰਾ ਸਾਲ ਰੁਜ਼ਗਾਰ ਯਕੀਨੀ ਬਣਾਉਣ ਲਈ ਹੋਰ ਹੁਨਰ ਸਿੱਖੇ ਹਨ: “ਜਦ ਛਾਪੇ ਦਾ ਕੰਮ ਨਹੀਂ ਹੁੰਦਾ, ਮੈਂ (ਸੰਗੀਤ) ਬੈਂਡ ਨਾਲ਼ ਕੰਮ ਕਰਦਾ ਹਾਂ। ਇਸ ਤੋਂ ਇਲਾਵਾ ਮੈਂ ਨਲਸਾਜ਼ੀ (ਪਲੰਬਰ ਦਾ ਕੰਮ) ਵੀ ਜਾਣਦਾ ਹਾਂ। ਪੂਰਾ ਸਾਲ ਮੈਂ ਇਹਨਾਂ ਕੰਮਾਂ ਵਿੱਚ ਲੱਗਿਆ ਰਹਿੰਦਾ ਹਾਂ।”
ਪੱਪੂ ਦਾ ਕਹਿਣਾ ਹੈ ਕਿ ਇਸ ਕੰਮ ਤੋਂ ਕਮਾਈ ਘੱਟ ਹੁੰਦੀ ਹੈ, ਅਤੇ ਐਨੀ ਕੁ ਕਮਾਈ ਨਾਲ਼ ਪਰਿਵਾਰ – ਉਸਦੀ ਪਤਨੀ ਅਤੇ ਸੱਤ ਤੋਂ ਸੋਲਾਂ ਸਾਲ ਦੀ ਉਮਰ ਦੇ ਤਿੰਨ ਬੱਚੇ - ਦਾ ਗੁਜ਼ਾਰਾਚਲਾਉਣਾ ਮੁਸ਼ਕਿਲ ਹੈ। “ਇਸ ਕੰਮ ਵਿੱਚ ਨਾਬਰਾਬਰ ਕਮਾਈ ਹੈ। ਅੱਜ ਤੱਕ ਮੈਂ ਇਹ ਹਿਸਾਬ ਨਹੀਂ ਲਾ ਪਾਇਆ ਕਿ ਮੈਨੂੰ ਛਾਪੇ ਦੇ ਕੱਪੜੇ ਵਿੱਚੋਂ ਕਿੰਨਾ ਮੁਨਾਫ਼ਾਬਣਦਾ ਹੈ। ਮੈਂ ਬਸ ਕਿਸੇ ਤਰ੍ਹਾਂ ਆਪਣੇ ਪਰਿਵਾਰ ਲਈ ਖਾਣੇ ਦਾ ਬੰਦੋਬਸਤ ਕਰ ਪਾਉਂਦਾ ਹਾਂ,” ਉਹਨੇ ਕਿਹਾ।
ਉਹ ਆਪਣੇ ਬੇਟਿਆਂ ਨੂੰ ਇਹ ਜਾਂਦੀ ਵਾਰ ਦਾ ਕੰਮ ਨਹੀਂ ਸਿਖਾਉਣਾ ਚਾਹੁੰਦਾ। “ ਹਮ ਪਾਗਲ ਨਹੀਂ ਹੈਂ ਜੋ ਚਾਹੇਂਗੇ ਕਿ ਮੇਰੇ ਬੇਟੇ ਇਸ ਲਾਈਨ ਮੇਂ ਆਏਂ (ਮੈਂ ਪਾਗਲ ਨਹੀਂ ਹਾਂ ਜੋ ਚਾਹਾਂਗਾ ਕਿ ਮੇਰੇ ਬੇਟੇ ਇਸ ਧੰਦੇ ਵਿੱਚ ਪੈਣ)।”
ਛਾਪੇ ਵਿੱਚ ਸਭ ਤੋਂ ਅਹਿਮ ਤਬਕ (ਐਲੂਮੀਨੀਅਮ ਦੀ ਪੱਤਰੀ) ਹੁੰਦੀ ਹੈ, ਜੋ ਐਨੀ ਪਤਲੀ ਹੁੰਦੀ ਹੈ ਕਿ ਹਲਕੀ ਜਿਹੀ ਹਵਾ ਨਾਲ਼ ਉੱਡਣ ਲਗਦੀ ਹੈ, ਇਸਦਾ ਕੁਝ ਹਿੱਸਾ ਕਾਰੀਗਰ ਦੇ ਚਿਹਰੇ ਅਤੇ ਕੱਪੜਿਆਂ ਉੱਤੇ ਚਿਪਕ ਜਾਂਦਾ ਹੈ
*****
ਛਾਪੇ ਦੀ ਸ਼ੁਰੂਆਤ ਬਾਰੇ ਅਤੇ ਬਿਹਾਰੀ ਮੁਸਲਮਾਨਾਂ ਦੇ ਸੱਭਿਆਚਾਰ ਵਿੱਚ ਇਸਦੀ ਐਨੀ ਅਹਿਮ ਭੂਮਿਕਾ ਕਿਵੇਂ ਬਣ ਗਈ, ਇਸ ਬਾਰੇ ਜ਼ਿਆਦਾਜਾਣਕਾਰੀ ਨਹੀਂ ਮਿਲਦੀ। ਫਰਾਂਸਿਸ ਬੁਕਾਨਿਨ, ਬ੍ਰਿਟਿਸ਼ ਭਾਰਤ ਵਿੱਚ ਇੱਕ ਸਰਜਨ ਅਤੇ ਸਰਵੇ ਕਰਨ ਵਾਲ਼ਾ, ਬਿਹਾਰ ਦੇ ਬਲਾਕ ਛਪਾਈ ਕਰਨ ਵਾਲ਼ੇ ਕਾਰੀਗਰਾਂ ਲਈ ‘ ਛਾਪਾਗਰ ’ ਲਫ਼ਜ਼ ਵਰਤਦਾ ਹੈ। “ਮੁਸਲਮਾਨਾਂ ਦੇ ਵਿਆਹਾਂ ਵਿੱਚ ਛਪਾਈ ਵਾਲ਼ੇ ਕੱਪੜੇ ਪਾਉਣ ਦਾ ਰਿਵਾਜ ਬਿਹਾਰ ਵਿੱਚ ਕਿਵੇਂ ਆਇਆ, ਇਹ ਪਤਾ ਲਾਉਣਾ ਔਖਾ ਹੈ। ਪਰ ਇਹ ਰਿਵਾਜ ਬਿਹਾਰ ਦੇ ਮਗਧ ਇਲਾਕੇ ਦੇ ਮੁਸਲਮਾਨਾਂ ਵਿੱਚ ਕਾਫੀ ਨਜ਼ਰ ਆਉਂਦਾ ਹੈ, ਇਸ ਲਈ ਇਹ ਮੰਨਿਆ ਜਾਂਦਾ ਹੈ ਕਿ ਇਸ ਇਲਾਕੇ ਤੋਂ ਇਸਦੀ ਸ਼ੁਰੂਆਤ ਹੋਈ,” ਪਟਨਾ ਦੇ ਰਹਿਣਾ ਵਾਲ਼ੇ ਇਤਿਹਾਸ ਦੇ ਸ਼ੌਕੀਨ ਉਮਰ ਅਸ਼ਰਫ ਨੇ ਕਿਹਾ।
ਉਹ ਹੈਰੀਟੇਜ ਟਾਈਮਜ਼ ਨਾਂ ਦਾ ਵੈਬ ਪੋਰਟਲ ਅਤੇ ਫੇਸਬੁੱਕ ਪੇਜ ਚਲਾਉਂਦੇ ਹਨ ਜਿੱਥੇ ਉਹ ਬਿਹਾਰ ਦੇ ਮੁਸਲਮਾਨਾਂ ਦੇ ਗੁਆਚੇ ਸੱਭਿਆਚਾਰ ਅਤੇ ਵਿਰਾਸਤ ਨੂੰ ਦਰਜ ਕਰਦੇ ਹਨ।
ਇਸ ਇਲਾਕੇ ਵਿੱਚ ਇਸ ਕਲਾ ਦੀ ਸ਼ੁਰੂਆਤ ਦਾ ਕਾਰਨ 12ਵੀਂ ਸਦੀ ਵਿੱਚ ਮਗਧ ਇਲਾਕੇ ਵਿੱਚ ਮੁਸਲਮਾਨਾਂ ਦੇ ਆਵਾਸ ਨੂੰ ਮੰਨਿਆ ਜਾਂਦਾ ਹੈ। “ਹੋ ਸਕਦਾ ਹੈ ਕਿ ਉਹ ਵਿਆਹਾਂ ਵਿੱਚ ਛਾਪੇ ਵਾਲ਼ੇ ਕੱਪੜੇ ਪਾਉਣ ਦਾ ਆਪਣਾ ਰਿਵਾਜ ਨਾਲ਼ ਲੈ ਕੇ ਆਏ ਹੋਣ, ਅਤੇ ਇਸਨੂੰ ਮਗਧ ਵਿੱਚ ਵੀ ਜਾਰੀ ਰੱਖਿਆ ਹੋਵੇ,” ਅਸ਼ਰਫ਼ ਨੇ ਕਿਹਾ।
ਛਾਪਾ ਦੁਨੀਆ ਦੇ ਹੋਰ ਹਿੱਸਿਆਂ ਤੱਕ ਵੀ ਪਹੁੰਚਿਆ ਹੈ: “ਸਾਡੇ ਕੋਲ ਅਜਿਹੀਆਂ ਬਹੁਤ ਉਦਾਹਰਨਾਂ ਹਨ ਕਿ ਯੂਰਪ, ਅਮਰੀਕਾ, ਕੈਨੇਡਾ ਅਤੇ ਹੋਰਨਾਂ ਮੁਲਕਾਂ ਵਿੱਚ ਵਸੇ ਬਿਹਾਰੀ ਮੁਸਲਮਾਨ ਵਿਆਹਾਂ ਵਿੱਚ ਪਹਿਨਣ ਲਈ ਭਾਰਤ ਤੋਂ ਛਾਪੇ ਵਾਲ਼ੇ ਕੱਪੜੇ ਲੈ ਕੇ ਗਏ ਹਨ,” ਉਹਨਾਂ ਨੇ ਕਿਹਾ।
ਇਹ ਰਿਪੋਰਟ ਬਿਹਾਰ ਦੇ ਇੱਕ ਟਰੇਡ ਯੂਨੀਅਨ ਆਗੂ ਦੀ ਯਾਦ ਵਿੱਚ ਦਿੱਤੀ ਫੈਲੋਸ਼ਿਪ ਦੀ ਮਦਦ ਨਾਲ਼ ਪ੍ਰਕਾਸ਼ਿਤ ਕੀਤੀ ਗਈ ਹੈ ਜਿਹਨਾਂ ਨੇ ਸੂਬੇ ਵਿੱਚ ਹਾਸ਼ੀਆਗ੍ਰਸਤ ਲੋਕਾਂ ਦੇ ਸੰਘਰਸ਼ਾਂ ਦੀ ਅਗਵਾਈ ਕੀਤੀ।
ਤਰਜਮਾ: ਅਰਸ਼ਦੀਪ ਅਰਸ਼ੀ