ਮਹੂਆ ਫੁੱਲਾਂ ਦਾ ਸੀਜ਼ਨ ਛੋਟਾ ਹੁੰਦਾ ਹੈ ਜੋ ਮਸਾਂ ਦੋ ਜਾਂ ਤਿੰਨ ਮਹੀਨੇ ਹੀ ਚੱਲਦਾ ਹੈ। ਗਰਮੀਆਂ ਦੀ ਸ਼ੁਰੂਆਤ ਵੇਲ਼ੇ, ਮੱਧ ਭਾਰਤ ਵਿੱਚ ਪਾਏ ਜਾਣ ਵਾਲ਼ੇ ਮਹੂਏ ਦੇ ਇਹ ਲੰਬੇ-ਲੰਬੇ ਰੁੱਖ ਆਪਣੇ ਬੇਸ਼ਕੀਮਤੀ ਫੁੱਲ ਝਾੜ ਦਿੰਦੇ ਹਨ।
ਕੱਚੇ ਪੀਲ਼ੇ ਰੰਗੇ ਫੁੱਲਾਂ ਨੂੰ ਚੁਗਣਾ ਕਿਸੇ ਤਿਓਹਾਰ ਤੋਂ ਘੱਟ ਨਹੀਂ ਹੁੰਦਾ, ਛੱਤੀਸਗੜ੍ਹ ਦੇ ਇਸ ਇਲਾਕੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਪੂਰੇ ਦਾ ਪੂਰਾ ਪਰਿਵਾਰ ਕੰਮੇ ਲੱਗਿਆ ਦੇਖਿਆ ਜਾ ਸਕਦਾ ਹੈ- ਜਿੱਥੇ ਉਹ ਜੰਗਲ ਦੀ ਜ਼ਮੀਨ 'ਤੇ ਕਿਰੇ ਫੁੱਲਾਂ ਨੂੰ ਇਕੱਠਾ ਕਰਦੇ ਹਨ। ''ਇਹ ਬੜਾ ਮਿਹਨਤ ਭਰਿਆ ਕੰਮ ਹੈ,'' ਭੁਪਿੰਦਰ ਕਹਿੰਦੇ ਹਨ,''ਅਸੀਂ ਤੜਕਸਾਰ ਤੇ ਫਿਰ ਤਿਰਕਾਲੀਂ ਮਹੂਆ ਚੁਗਣ ਜਾਂਦੇ ਹਾਂ।'' ਚਨਾਗਾਓਂ ਤੋਂ ਧਮਤਰੀ ਉਹ ਸਿਰਫ਼ ਆਪਣੇ ਮਾਪਿਆਂ ਨਾਲ਼ ਉਨ੍ਹਾਂ ਦੀ ਮਦਦ ਕਰਨ ਲਈ ਆਏ ਹਨ। ਸਾਲ ਦਾ ਇਹ ਵੇਲ਼ਾ ਜਿਵੇਂ ਜਸ਼ਨ ਦਾ ਮਾਹੌਲ ਹੁੰਦਾ ਹੈ, ਚੁਫ਼ੇਰੇ ਲੋਕਾਂ ਦਾ ਹੜ੍ਹ ਆਇਆ ਰਹਿੰਦਾ ਹੈ।
ਇਸ ਰੁੱਤ ਦੌਰਾਨ, ਆਬੋ-ਹਵਾ ਮਹੂਏ ਦੀ ਮਹਿਕ ਨਾਲ਼ ਭਰੀ ਰਹਿੰਦੀ ਹੈ। ਰਾਏਗੜ੍ਹ ਜ਼ਿਲ੍ਹੇ ਦੇ ਧਰਮਜੈਗੜ੍ਹ ਤੋਂ ਲੈ ਕੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੱਕ ਮਹੂਏ ਦੇ ਸੈਂਕੜੇ ਹੀ ਰੁੱਖ ਹਨ ਅਤੇ ਪੇਂਡੂ ਲੋਕੀਂ ਫੁੱਲ ਚੁਗਦਿਆਂ ਦੇਖੇ ਜਾ ਸਕਦੇ ਹਨ। ਮਹੂਏ ਦੇ ਫੁੱਲ ਸੁਕਾ ਕੇ ਸਾਂਭੇ ਜਾਂਦੇ ਹਨ ਤੇ ਫਿਰ ਆਟਾ, ਸ਼ਰਾਬ ਤੇ ਹੋਰ ਕਾਫ਼ੀ ਕੁਝ ਬਣਾਉਣ ਲਈ ਵਰਤੇ ਜਾਂਦੇ ਹਨ।
''ਜੰਗਲੀ ਉਤਪਾਦਾਂ ਵਿੱਚ ਮਹੂਆ ਸਭ ਤੋਂ ਮਹੱਤਵਪੂਰਨ ਹੈ। ਭੁੱਖਮਰੀ ਵੇਲ਼ੇ ਇਹ ਖ਼ੁਰਾਕ ਵਜੋਂ ਵਰਤਿਆ ਜਾਂਦਾ ਹੈ ਤੇ ਜੇ ਕਿਸੇ ਨੂੰ ਪੈਸਿਆਂ ਦੀ ਲੋੜ ਹੋਵੇ ਤਾਂ ਮਹੂਆ ਵੇਚਿਆ ਵੀ ਸਕਦਾ ਹੈ,'' ਅੰਬਿਕਾਪੁਰ ਦੇ ਇੱਕ ਸਮਾਜਿਕ ਕਾਰਕੁੰਨ, ਗੰਗਾਰਾਮ ਪੈਂਕਰਾ ਕਹਿੰਦੇ ਹਨ। ਉਹ ਉਸ ਮੁਸ਼ਕਲ ਘੜੀ ਦੀ ਗੱਲ ਕਰ ਰਹੇ ਹਨ ਜਦੋਂ ਲੋਕਾਂ ਕੋਲ਼ ਕੰਮ ਨਹੀਂ ਹੁੰਦਾ, ਤਾਂ ਵੀ ਉਹ ਮਹੂਆ ਖਾ ਕੇ, ਮਹੂਆ ਵੇਚ ਕੇ ਡੰਗ ਟਪਾ ਸਕਦੇ ਹਨ।
'ਜੰਗਲੀ ਉਤਪਾਦਾਂ ਵਿੱਚ ਮਹੂਆ ਸਭ ਤੋਂ ਮਹੱਤਵਪੂਰਨ ਹੈ। ਭੁੱਖਮਰੀ ਵੇਲ਼ੇ ਇਹ ਖ਼ੁਰਾਕ ਵਜੋਂ ਵਰਤਿਆ ਜਾਂਦਾ ਹੈ ਤੇ ਜੇ ਕਿਸੇ ਨੂੰ ਪੈਸਿਆਂ ਦੀ ਲੋੜ ਹੋਵੇ ਤਾਂ ਉਹ ਮਹੂਆ ਵੇਚਿਆ ਵੀ ਸਕਦਾ ਹੈ'
ਗੰਗਾਰਾਮ ਕਹਿੰਦੇ ਹਨ,''ਆਦਿਵਾਸੀ ਇਨ੍ਹਾਂ ਨੂੰ ਫੁੱਲਾਂ ਤੋਂ ਬਣੀ ਦਾਰੂ ਪਸੰਦ ਕਰਦੇ ਹਨ ਤੇ ਇਹ ਸਾਡੀ ਪੂਜਾ-ਪਾਠ ਨਾਲ਼ ਜੁੜੀਆਂ ਰਸਮਾਂ ਦਾ ਵੀ ਅਨਿੱਖੜਵਾਂ ਹਿੱਸਾ ਹੈ।''
ਭੁਪਿੰਦਰ ਦੱਸਦੇ ਹਨ,''ਮਹੂਆ ਚੁਗਦਿਆਂ ਘੰਟੇ ਬਿਤਾਉਣਾ ਕਿਸੇ ਸਮੱਸਿਆ ਤੋਂ ਸੱਖਣਾ ਨਹੀਂ ਰਹਿੰਦਾ, ਫਿਰ ਸਾਡੀਆਂ ਪਿੱਠਾਂ, ਲੱਤਾਂ, ਹੱਥ-ਗੋਡੇ, ਗੁੱਟ ਦੁਖਣ ਲੱਗਦੇ ਹਨ।''
ਛੱਤੀਸਗੜ੍ਹ ਸਰਕਾਰ ਨੇ ਸੁੱਕੇ ਮਹੂਏ ਦਾ ਘੱਟੋ-ਘੱਟ ਸਮਰਥਨ ਮੁੱਲ 30 ਰੁਪਏ ਕਿਲੋ ਜਾਂ ਕਹਿ ਲਵੋ 3,000 ਰੁਪਏ ਕੁਵਿੰਟਲ ਤੈਅ ਕੀਤਾ ਹੈ।
ਮਹੂਆ, ਮੱਧ ਭਾਰਤ ਦੇ ਛੱਤੀਸਗੜ੍ਹ ਤੋਂ ਇਲਾਵਾ ਮੱਧ ਪ੍ਰਦੇਸ਼, ਝਾਰਖੰਡ, ਓੜੀਸਾ, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਇੱਥੋਂ ਤੱਕ ਕਿ ਮਿਆਂਮਾਰ, ਨੇਪਾਲ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿੱਚ ਵੀ ਪਾਇਆ ਜਾਂਦਾ ਹੈ।
ਤਰਜਮਾ: ਕਮਲਜੀਤ ਕੌਰ