ਪਾਕਿਸਤਾਨ ਦੀ ਸਰਹੱਦ ਤੋਂ ਚਾਰ ਕਿਲੋਮੀਟਰ ਉਰਾਂ, ਸ਼ਮਸ਼ੇਰ ਸਿੰਘ ਆਪਣੇ ਭਰਾ ਦੇ ਗੈਰਾਜ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਦੇ ਨਾਖੁਸ਼ ਹੱਥ ਕਦੇ ਇੱਕ ਸੰਦ ਫੜ੍ਹਦੇ ਹਨ ਤੇ ਕਦੇ ਦੂਜਾ। ਉਹ ਇੱਥੇ ਪਿਛਲੇ ਤਿੰਨ ਸਾਲਾਂ ਤੋਂ ਕੰਮ ਤਾਂ ਕਰ ਰਹੇ ਹਨ, ਪਰ ਅਣਮਣੇ ਜਿਹਿਆਂ ਰਹਿ ਕੇ।
35 ਸਾਲਾ ਸ਼ਮਸ਼ੇਰ ਤੀਜੀ ਪੀੜ੍ਹੀ ਦੇ ਪੱਲੇਦਾਰ ਹਨ ਜੋ ਕਦੇ ਭਾਰਤ-ਪਾਕਿਸਤਾਨ ਵਿਚਾਲੇ ਪੈਂਦੇ ਅਟਾਰੀ-ਵਾਘਾ ਸਰਹੱਦ ਵਿਖੇ ਸਮਾਨ ਲੱਦਣ ਤੇ ਲਾਹੁਣ ਦਾ ਕੰਮ ਕਰਿਆ ਕਰਦੇ। ਉਨ੍ਹਾਂ ਦਾ ਪਰਿਵਾਰ ਪ੍ਰਜਾਪਤੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਹੈ ਜੋ ਸੂਬੇ ਅੰਦਰ ਹੋਰ ਪਿਛੜੇ ਵਰਗ (ਓਬੀਸੀ) ਵਜੋਂ ਸੂਚੀਬੱਧ ਹੈ।
ਪਾਕਿਸਤਾਨ ਨਾਲ਼ ਲੱਗਦੀ ਪੰਜਾਬ ਦੀ ਇਸ ਸਰਹੱਦ 'ਤੇ ਹਰ ਰੋਜ਼ ਸੀਮੇਂਟ, ਜਿਪਸਮ ਤੇ ਸੁੱਕੇ ਮੇਵੇ (ਡ੍ਰਾਈ ਫਰੂਟ) ਨਾਲ਼ ਲੱਦੇ ਸੈਂਕੜੇ ਟਰੱਕ ਭਾਰਤ ਆਇਆ ਕਰਦੇ। ਇੱਧਰੋਂ, ਟਮਾਟਰ, ਅਦਰਕ, ਲਸਣ, ਸੋਇਆਬੀਨ ਰਸ ਤੇ ਸੂਤੀ ਧਾਗਿਆਂ ਤੇ ਹੋਰ ਨਿੱਕ-ਸੁੱਕ ਵਸਤਾਂ ਨਾਲ਼ ਭਰੇ ਟਰੱਕ ਪਾਕਿਸਤਾਨ ਵੀ ਜਾਇਆ ਕਰਦੇ।
ਸ਼ਮਸ਼ੇਰ ਉਨ੍ਹਾਂ 1,500 ਦੇ ਕਰੀਬ ਪੱਲੇਦਾਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਦਾ ਕੰਮ ਹੁੰਦਾ ਸੀ ''ਟਰੱਕਾਂ 'ਤੇ ਚੀਜ਼ਾਂ ਲੱਦਣਾ ਤੇ ਉਤਾਰਨਾ। ਫਿਰ ਉਹੀ ਟਰੱਕ ਸਰਹੱਦਾਂ ਦੇ ਆਰ-ਪਾਰ ਘੁੰਮਿਆ ਕਰਦੇ।'' ਇਸ ਇਲਾਕੇ ਵਿੱਚ ਨਾ ਕੋਈ ਫ਼ੈਕਟਰੀ ਹੈ ਤੇ ਨਾ ਹੀ ਕੋਈ ਸਨਅਤ; ਅਟਾਰੀ-ਵਾਘਾ ਬਾਰਡਰ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਪਿੰਡ ਆਪਣੀ ਰੋਜ਼ੀਰੋਟੀ ਵਾਸਤੇ ਇਨ੍ਹਾਂ ਦੋਵਾਂ ਸਰਹੱਦਾਂ 'ਤੇ ਹੋਣ ਵਾਲ਼ੇ ਵਪਾਰ 'ਤੇ ਹੀ ਨਿਰਭਰ ਰਹਿੰਦੇ।









