ਤਿੰਨ ਉਂਗਲੀਆਂ, ਗਿੱਲੇ ਕੱਪੜੇ ਦਾ ਇੱਕ ਚੌਕੋਣਾ ਟੁਕੜਾ ਅਤੇ ਹਲਕੀ ਜਿਹੀ ਛੋਹ। “ਮੈਨੂੰ ਬਹੁਤ ਧਿਆਨ ਲਾਉਣਾ ਪੈਂਦਾ ਹੈ।”
ਵਿਜਯਾ ਪੂਤਰੇਕੂ– ਆਂਧਰਾ ਪ੍ਰਦੇਸ਼ ਦੇ ਤੱਟੀ ਇਲਾਕਿਆਂ ਵਿੱਚ ਮਿਲ਼ਣ ਵਾਲ਼ੀ ਮਠਿਆਈ – ਬਣਾਉਣ ਬਾਰੇ ਗੱਲ ਕਰ ਰਹੀ ਹੈ। ਚੌਲ਼ਾਂ ਦੇ ਸਟਾਰਚ ਤੋਂ ਬਣੀਆਂ ਕਾਗਜ਼ ਵਰਗੀਆਂ ਪਰਤਾਂ (ਫਿਲਮਾਂ) ਜਿਨ੍ਹਾਂ ਅੰਦਰ ਗੁੜ ਤੇ ਗਿਰੀਦਾਰ ਸੁੱਕੇ ਫਲ ਭਰੇ ਜਾਂਦੇ ਹਨ, ਤਿਉਹਾਰਾਂ ਦੇ ਸੀਜ਼ਨ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲ਼ੀ ਮਠਿਆਈ ਹਨ। ਹੁਨਰਮੰਦ ਹਲਵਾਈ ਵਿਜਯਾ ਹਰ ਦਿਨ ਤਕਰੀਬਨ 200 ਰੇਕੂ ਬਣਾਉਂਦੀ ਹੈ ਅਤੇ ਇਹ ਸਥਾਨਕ ਦੁਕਾਨਦਾਰ ਲੈ ਜਾਂਦੇ ਹਨ। “ਪੂਤਰੇਕੂ ਬਣਾਉਣ ਲੱਗੇ ਮੈਨੂੰ ਬਹੁਤ ਧਿਆਨ ਲਾਉਣਾ ਪੈਂਦਾ ਹੈ। ਮੈਂ ਉਸ ਵੇਲੇ ਕਿਸੇ ਨਾਲ਼ ਗੱਲ ਵੀ ਨਹੀਂ ਕਰ ਸਕਦੀ,” ਉਸਨੇ ਪਾਰੀ ਨੂੰ ਦੱਸਿਆ।
“ਮੇਰੇ ਘਰ ਵਿੱਚ ਕੋਈ ਵੀ ਤਿਉਹਾਰ, ਰਿਵਾਜ ਹੋਵੇ ਜਾਂ ਕੋਈ ਵੀ ਖ਼ਾਸ ਮੌਕਾ ਹੋਵੇ, ਪੂਤਰੇਕੂ ਤੋਂ ਬਿਨ੍ਹਾਂ ਅਧੂਰਾ ਹੁੰਦਾ ਹੈ,” ਜੀ. ਰਾਮਾਕ੍ਰਿਸ਼ਨਾ ਨੇ ਕਿਹਾ। ਅਤਰਿਆਪੁਰਮ ਦਾ ਰਹਿਣ ਵਾਲ਼ਾ ਰਾਮਾਕ੍ਰਿਸ਼ਨਾ ਅਤਿਆਪੁਰਮ ਵਿੱਚ ਕੁਝ ਦੁਕਾਨਾਂ ਨੂੰ ਡੱਬੇ ਬਣਾਉਣ ਲਈ ਮਾਲ ਮੁਹੱਈਆ ਕਰਾਉਂਦਾ ਹੈ। “ਮੈਨੂੰ ਇਹ ਬਹੁਤ ਪਸੰਦ ਹੈ ਕਿਉਂਕਿ ਇਹ ਹੈਰਾਨ ਕਰਨ ਵਾਲ਼ੀ ਮਠਿਆਈ ਹੈ! ਪਹਿਲਾਂ ਇਹ ਬਿਲਕੁਲ ਕਾਗਜ਼ੀ ਜਿਹੀ ਲੱਗਦੀ ਹੈ ਤੇ ਤੁਹਾਨੂੰ ਲੱਗੇਗਾ ਕਿ ਤੁਸੀਂ ਕਾਗਜ਼ ਖਾ ਰਹੇ ਹੋ। ਪਰ ਜਿਓਂ ਹੀ ਤੁਸੀਂ ਦੰਦੀ ਵੱਢਦੇ ਹੋ ਇਹ ਤੁਹਾਡੇ ਮੂੰਹ ਵਿੱਚ ਘੁੱਲ਼ ਜਾਂਦੀ ਹੈ। ਮੈਨੂੰ ਨਹੀਂ ਲੱਗਦਾ ਕਿ ਦੁਨੀਆ ਵਿੱਚ ਇਹਦੇ ਵਰਗੀ ਕੋਈ ਹੋਰ ਮਠਿਆਈ ਹੈ,” ਉਸਨੇ ਮਾਣ ਨਾਲ਼ ਕਿਹਾ।
ਆਂਧਰਾ ਪ੍ਰਦੇਸ਼ ਦੇ ਡਾ. ਬੀ. ਆਰ. ਅੰਬੇਦਕਰ ਕੋਨਾਸੀਮਾ ਜ਼ਿਲ੍ਹੇ ਦੇ ਚੌਲ਼ਾਂ ਤੋਂ ਇਹ ਕੋਮਲਤਾ ਨਾਲ਼ ਬਣਾਈ ਜਾਣ ਵਾਲ਼ੀ ਮਠਿਆਈ ਹੈ। “ਇਹ ਚੌਲ਼ ਲੇਸਲੇ ਹੁੰਦੇ ਹਨ, ਇਸ ਕਰਕੇ ਹਰ ਕੋਈ ਇਹਨਾਂ ਨੂੰ ਸਿਰਫ਼ ਰੇਕੂ (ਵਰਕ) ਬਣਾਉਣ ਲਈ ਵਰਤਦਾ ਹੈ,” ਮਠਿਆਈ ਬਣਾਉਣ ਵਾਲ਼ੀ ਕਾਇਲਾ ਵਿਜਯਾ ਕੋਟਾ ਸਤਿਆਵਤੀ ਨੇ ਕਿਹਾ ਜੋ ਰਾਮਾਚੰਦਰਾਪੁਰਮ ਬਲਾਕ ਦੇ ਅਤਰਿਆਪੁਰਮ ਪਿੰਡ ਦੀ ਨਿਵਾਸੀ ਹੈ। ਅਤਰਿਆਪੁਰਮ ਦੇ ਪੂਤਰੇਕੂ ਨੂੰ 2023 ਵਿੱਚ ਭੂਗੋਲਿਕ ਸੂਚਕ (ਜੀਆਈ) ਮਿਲ਼ਿਆ। 14 ਜੂਨ 2023 ਨੂੰ ਸਰ ਆਰਥਰ ਕੌਟਨ ਅਤਰਿਆਪੁਰਮ ਪੂਤਰੇਕੁਲਾ ਨਿਰਮਾਤਾ ਵੈਲਫੇਅਰ ਐਸੋਸੀਏਸ਼ਨ ਨੂੰ ਵਿਸ਼ਾਖਾਪਟਨਮ ਵਿਖੇ GI ਨਾਲ਼ ਸਨਮਾਨਿਤ ਕੀਤਾ ਗਿਆ।
ਸੂਬੇ ਵਿੱਚ ਖਾਣ ਵਾਲ਼ੀਆਂ ਵਸਤੂਆਂ ਨੂੰ ਵਾਲ਼ੀ ਜੀਆਈ ਵਿੱਚਪੂਤਰੇਕੂ ਤੀਜੇ ਸਥਾਨ ’ਤੇ ਹੈ (ਬਾਕੀ ਦੋ ਤਿਰੂਪਤੀ ਲੱਡੂ ਅਤੇ ਬੰਦਰ ਲੱਡੂ ਹਨ)। ਆਂਧਰਾ ਪ੍ਰਦੇਸ਼ ਵਿੱਚ ਹਸਤਕਲਾ, ਖਾਧ ਪਦਾਰਥ, ਖੇਤੀ ਅਤੇ ਹੋਰ ਵੱਖ-ਵੱਖ ਕੈਟਾਗਿਰੀਆਂ ਵਿੱਚ 21 ਉਤਪਾਦਾਂ ਨੂੰ GI ਮਿਲ਼ਿਆ ਹੋਇਆ ਹੈ। ਗੋਆ ਦੀ ਬੇਬਿੰਕਾ ਮਠਿਆਈ ਨੂੰ ਵੀ GI ਟੈਗ ਮਿਲ਼ਿਆ ਹੈ ਅਤੇ ਇਸ ਤੋਂ ਪਹਿਲਾਂ ਮੋਰੇਨਾ ਦੀ ਗੱਚਕ ਅਤੇ ਮੁਜ਼ੱਫਰਨਗਰ ਦੇ ਗੁੜ ਨੂੰ ਵੀ GI ਟੈਗ ਮਿਲ਼ਿਆ ਹੈ।




















