"ਹੁਣੇ ਹੁਣੇ ਮੈਂ ਓਰੀਐਂਟਲ ਸ਼ਮਾ ਪੰਛੀ ਦੀ ਕੂਕ ਸੁਣੀ।"
ਮੀਕਾਹ ਰਾਈ ਉਤਸਾਹਤ ਹਨ। ਉਹ ਉਹਦੀ ਕੂਕ ਨੂੰ ਚਹਿਕਣ ਦੀ ਮਧੁਰ ਲੜੀ ਦੇ ਹਿੱਸੇ ਵਜੋਂ ਦੱਸਦੇ ਹਨ।
ਇਸ ਕਾਲ਼ੇ, ਚਿੱਟੇ ਅਤੇ ਪੀਲੇ ਛੋਟੇ-ਛੋਟੇ ਖੰਭਾਂ ਵਾਲ਼ੇ ਜੀਵ ਬਾਰੇ ਉਨ੍ਹਾਂ ਦਾਇਹ ਉਤਸਾਹ ਛੇਤੀ ਹੀਚਿੰਤਾ ਨਾਲ਼ ਭਰ ਗਿਆ। "ਇਹ ਪੰਛੀ ਆਮ ਤੌਰ 'ਤੇ [900 ਮੀਟਰ] ਹੇਠਾਂ ਦੇਖਿਆ ਜਾਂਦਾ ਹੈ, ਪਰ ਪਿਛਲੇ ਕੁਝ ਸਮੇਂ ਤੋਂ, ਮੈਂ ਇਹਦੀ ਕੂਕ ਇੱਥੇ (2,000 ਮੀਟਰ) ਜਿਹੇ ਸੁਣ ਰਿਹਾ ਹਾਂ," 30 ਸਾਲਾ ਫੀਲਡ ਵਰਕਰ ਕਹਿੰਦੇ ਹਨ, ਜੋ ਪਿਛਲੇ 10 ਸਾਲਾਂ ਤੋਂ ਅਰੁਣਾਚਲ ਪ੍ਰਦੇਸ਼ ਵਿੱਚ ਈਗਲਨੇਸਟ ਵਾਈਲਡਲਾਈਫ ਸੈਂਚੁਰੀ ਦੇ ਪੰਛੀਆਂ ਦਾ ਨਿਰੀਖਣ ਕਰਦੇ ਰਹੇ ਹਨ।
ਮੀਕਾਹ ਇੱਥੋਂ ਦੇ ਰਹਿਣ ਵਾਲ਼ੇ ਹਨ ਅਤੇ ਵਿਗਿਆਨੀਆਂ, ਖੋਜਾਰਥੀਆਂ ਅਤੇ ਫੀਲਡ ਵਰਕਰਾਂ ਦੀ ਉਸ ਟੀਮ ਦਾ ਹਿੱਸਾ ਹਨ ਜੋ ਪਿਛਲੇ 10 ਸਾਲਾਂ ਤੋਂ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਦੇ ਗਰਮ ਪਹਾੜੀ ਖੇਤਰ ਦੇ ਜੰਗਲਾਂ ਵਿੱਚ ਪਾਏ ਜਾਣ ਵਾਲ਼ੇ ਪੰਛੀਆਂ ਦੀਆਂ ਪ੍ਰਜਾਤੀਆਂ ਦਾ ਅਧਿਐਨ ਕਰ ਰਹੇ ਹਨ।
ਆਪਣੇ ਹੱਥ ਵਿੱਚ ਗੂੜ੍ਹਾ ਨੀਲਾ, ਕਾਲ਼ਾ ਤੇ ਧਾਰੀਦਾਰ ਪੰਛੀ ਫੜ੍ਹੀ ਡਾਕਟਰ ਉਮੇਸ਼ ਸ਼੍ਰੀਨਿਵਾਸਨ ਕਹਿੰਦੇ ਹਨ,''ਇਹ ਚਿੱਟੀ ਪੂਛ ਵਾਲ਼ਾ ਰੌਬਿਨ ਪੰਛੀ ਹੈ। ਇਹਦੀ ਉਡਾਰੀ ਵੱਧ ਤੋਂ ਵੱਧ 1800 ਮੀਟਰ ਰਹੀ ਹੈ, ਪਰ ਪਿਛਲੇ ਤਿੰਨ-ਚਾਰ ਸਾਲਾਂ ਤੋਂ ਇਹ ਪੰਛੀ 2000 ਮੀਟਰ ਤੋਂ ਉੱਚੇ ਦੇਖੇ ਜਾ ਰਹੇ ਹਨ।"
ਅਰੁਣਾਚਲ ਪ੍ਰਦੇਸ਼ ਵਿਖੇ ਟੀਮ ਦੇ ਮੁਖੀ ਸ੍ਰੀਨਿਵਾਸਨ, ਪੰਛੀ ਵਿਗਿਆਨੀ ਅਤੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਆਈਆਈਐਸਸੀ) ਬੰਗਲੌਰ ਵਿਖੇ ਪ੍ਰੋਫੈਸਰ ਹਨ। ਉਹ ਕਹਿੰਦੇ ਹਨ, "ਪਿਛਲੇ 12 ਸਾਲਾਂ ਤੋਂ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਰਹਿਣ ਵਾਲ਼ੇ ਇਨ੍ਹਾਂ ਪੰਛੀਆਂ ਨੇ ਆਪਣੇ ਨਿਵਾਸ ਸਥਾਨਾਂ ਨੂੰ ਬਦਲ ਲਿਆ ਹੈ ਅਤੇ ਵੱਖ-ਵੱਖ ਉਚਾਈਆਂ 'ਤੇ ਰਹਿਣ ਲੱਗੇ ਹਨ।"
ਟੀਮ ਵਿੱਚ ਸਥਾਨਕ ਲੋਕਾਂ ਦੀ ਮੌਜੂਦਗੀ ਨੇ ਉਨ੍ਹਾਂ ਭਾਈਚਾਰਿਆਂ ਦੇ ਮਨੋਬਲ ਨੂੰ ਵਧਾਉਣ ਵਿੱਚ ਮਦਦ ਕੀਤੀ ਹੈ ਜੋ ਖੇਤਰ ਦੇ ਤਾਪਮਾਨ ਵਿੱਚ ਤਬਦੀਲੀ ਤੋਂ ਚਿੰਤਤ ਹਨ ਤੇ ਸਮੱਸਿਆ ਦੇ ਹੱਲ ਤਲਾਸ਼ ਰਹੇ ਹਨ।
ਪੱਛਮੀ ਕਾਮੇਂਗ ਜ਼ਿਲ੍ਹੇ ਵਿੱਚ ਕੰਮ ਕਰਨ ਵਾਲ਼ੀ ਟੀਮ ਵਿੱਚ ਛੇ ਮੈਂਬਰ ਸ਼ਾਮਲ ਹਨ – ਸਥਾਨਕ ਅਤੇ ਵਿਗਿਆਨੀ ਦੋਨੋਂ–ਜੋ ਪੰਛੀਆਂ ਦੇ ਨਿਵਾਸ ਸਥਾਨਾਂ ਵਿੱਚ ਨਿਘਾਰ ਆਉਣ ਅਤੇ ਵੱਧ ਰਹੇ ਤਾਪਮਾਨ ਕਾਰਨ ਉਨ੍ਹਾਂ ਦੇ ਵਿਵਹਾਰ ਵਿੱਚ ਆਉਂਦੀਆਂ ਤਬਦੀਲੀਆਂ ਦੇ ਪਿੱਛੇ ਦੇ ਉਨ੍ਹਾਂ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ (ਕਾਰਨ) ਪੰਛੀਆਂ ਨੂੰ ਵਧੇਰੇ ਉਚਾਈ ਵਾਲ਼ੇ ਨਿਵਾਸ ਸਥਾਨਾਂ ਵੱਲ ਪ੍ਰਵਾਸ ਕਰਨ ਲਈ ਮਜ਼ਬੂਰ ਕਰ ਰਹੇ ਹਨ। ਘੱਟ ਉਚਾਈ'ਤੇ ਰਹਿਣ ਵਾਲ਼ੇ ਪੰਛੀ ਜੋ ਵੱਧ ਉਚਾਈਆਂ ਵੱਲ ਨੂੰ ਪ੍ਰਵਾਸ ਕਰ ਰਹੇ ਹਨ ਉਨ੍ਹਾਂ ਵਿੱਚਕੌਮਨ ਗ੍ਰੀਨ-ਮੈਗਪੀ, ਲੰਬੀ ਪੂਛ ਵਾਲ਼ੇ ਬਰੌਡਬਿਲ ਅਤੇ ਸੁਲਤਾਨ ਟਿਟ ਸ਼ਾਮਲ ਹਨ। ਪੰਛੀਆਂ ਵਿਚਾਲੇ ਇਹ ਰੁਝਾਨ ਉਨ੍ਹਾਂ ਦੇ ਜੀਵਨ ਪੱਧਰ ਤੇ ਬਚਣ-ਬਚਾਉਣ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ।
ਪੰਛੀ ਵਿਗਿਆਨੀਚਿਤਾਉਂਦਿਆਂ ਕਹਿੰਦੇ ਹਨ, "ਇਹ ਪੰਛੀਆਂ ਦਾ ਪ੍ਰਵਾਸ ਨਹੀਂ ਹੈ, ਉਹ ਤਾਂ ਵੱਧ ਰਹੇ ਤਾਪਮਾਨ ਕਾਰਨ ਵੱਧ ਉਚਾਈਆਂ 'ਤੇ ਜਾਣ ਲਈ ਮਜਬੂਰ ਹਨ।'' ਇਨ੍ਹਾਂ ਬੱਦਲਾਂ ਵਾਲ਼ੇ ਜੰਗਲਾਂ (ਤਟਵਰਤੀ ਪਹਾੜੀ ਖੇਤਰਾਂ ਦੇ ਜੰਗਲ) ਵਿੱਚ ਸਿਰਫ਼ ਖੰਭਾਂ ਵਾਲ਼ੇ ਜੀਵ ਹੀ ਗਰਮੀ ਮਹਿਸੂਸ ਨਹੀਂ ਕਰ ਰਹੇ। "ਹਕੀਕਤ ਤਾਂ ਇਹ ਹੈ ਕਿ ਪਿਛਲੇ ਤਿੰਨ-ਚਾਰ ਸਾਲਾਂ ਵਿੱਚ ਪਹਾੜੀ ਇਲਾਕੇ ਵੀ ਤਪਣ ਲੱਗੇ ਹਨ," ਆਇਤੀ ਥਾਪਾ ਕਹਿੰਦੀ ਹਨ।
20 ਸਾਲਾ, ਜੋ ਹਾਲ ਹੀ ਵਿੱਚ ਟੀਮ ਵਿੱਚ ਸ਼ਾਮਲ ਹੋਇਆ ਸੀ, ਨੇੜਲੇ ਰਾਮਲਿੰਗਮ ਪਿੰਡ ਵਿੱਚ ਹੈ। ਇਹ ਪਿੰਡ ਪੱਛਮੀ ਕਾਮੇਂਗ ਜ਼ਿਲ੍ਹੇ ਦੀ ਸਿੰਗਚੁੰਗ ਤਹਿਸੀਲ ਵਿੱਚ ਸਥਿਤ ਹੈ। ਰਾਮਲਿੰਗਮ ਵਿੱਚ, ਉਸਦਾ ਪਰਿਵਾਰ ਟਮਾਟਰ, ਗੋਭੀ ਅਤੇ ਮਟਰਾਂ ਦੀ ਕਾਸ਼ਤ ਕਰਦਾ ਹੈ। ਉਹ ਕਹਿੰਦੇ ਹਨ, "ਵਰਖਾ ਦੇ ਪੈਟਰਨ ਵਿੱਚ ਤਬਦੀਲੀ ਨੇ ਇਨ੍ਹਾਂ ਫਸਲਾਂ ਦੀ ਕਾਸ਼ਤ ਕਰਨਾ ਮੁਸ਼ਕਿਲ ਬਣਾ ਦਿੱਤਾ ਹੈ ਅਤੇ ਫਸਲਾਂ ਦੀ ਭਵਿੱਖਬਾਣੀ ਕਰਨਾ ਸੰਭਵ ਨਹੀਂ ਹੈ। ਇਸ ਤੋਂ ਪਹਿਲਾਂ ਅਜਿਹਾ ਬਿਲਕੁਲ ਨਹੀਂ ਸੀ। "
ਵਾਈਡਸਪ੍ਰੈਡ ਕਲਾਇਮੈਟ ਚੇਂਜ ਇਨ ਦਿ ਹਿਮਾਲਿਆਸ ਐਂਡ ਐਸੋਸੀਏਟਡ ਚੇਂਜੇਸ ਇਨ ਲੋਕਲ ਈਕੋ ਸਿਸਟਮ ਨਾਮਕ ਲਿਖੇ ਖੋਜ-ਪੱਤਰ ਵਿੱਚ ਕਿਹਾ ਗਿਆ ਹੈ ਕਿ ਹਿਮਾਲਿਆ ਵਿੱਚ ਸਲਾਨਾ ਔਸਤ ਤਾਪਮਨ 1.5 ਡਿਗਰੀ ਸੈਲਸੀਅਸ ਤੱਕ ਵਧਿਆ ਹੈ। ''ਹਿਮਾਲਿਆ ਵਿੱਚ ਤਾਪਮਾਨ ਵਾਧੇ ਦੀ ਦਰ ਦੁਨੀਆ ਦੇ ਔਸਤ ਨਾਲ਼ੋਂ ਵੱਧ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਹਿਮਾਲਿਆ ਜਲਵਾਯੂ ਤਬਦੀਲੀ ਦੇ ਮਾਮਲੇ ਵਿੱਚ ਸਭ ਤੋਂ ਸੰਵੇਦਨਸ਼ੀਲ ਖਿੱਤਿਆਂ ਵਿੱਚੋਂ ਇੱਕ ਹੈ।'' ਇਹ ਪਹਾੜ ਦੁਨੀਆ ਦੀ 85 ਫ਼ੀਸਦ ਥਲੀ ਜੈਵ-ਵਿਭਿੰਨਤਾ ਦਾ ਇਲਾਕਾ ਵੀ ਹੈ, ਇਸਲਈ ਇੱਥੇ ਸੰਰਖਣ ਦਾ ਕੰਮ ਬੇਹੱਦ ਲਾਜ਼ਮੀ ਹੈ।
ਪੰਛੀ ਮੁਕਾਬਲਤਨ ਗਤੀਸ਼ੀਲ ਸਮੂਹ ਵਾਲ਼ੇ ਪ੍ਰਾਣੀ ਹੁੰਦੇ ਹਨ। ਇੰਝ ਦੇਖੀਏ ਤਾਂ ਉਹ ਸੰਕੇਤ ਦੀ ਤਰ੍ਹਾਂ ਹਨ ਕਿ ਜਲਵਾਯੂ ਤਬਦੀਲੀ ਊਸ਼ਣਕਟੀਬੰਦੀ ਪਹਾੜਾਂ ਦੀ ਜੈਵ-ਵਿਭਿੰਨਤਾ 'ਤੇ ਕਿਵੇਂ ਅਸਰ ਪਾਵੇਗੀ
ਉਮੇਸ਼ ਕਹਿੰਦੇ ਹਨ, "ਹਿਮਾਲਿਆ ਦੇ ਪਹਾੜਾਂ ਵਿੱਚ ਜੈਵ ਵਿਭਿੰਨਤਾ ਦੀ ਬਦਲਦੀ ਦਰ ਦਾ ਅੰਦਾਜ਼ਾ ਦੁਨੀਆ ਭਰ ਵਿੱਚ ਮਨੁੱਖੀ ਨਸਲ ਉੱਤੇ ਇਸ ਦੇ ਪ੍ਰਭਾਵ ਤੋਂ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਵਿੱਚ 218-ਵਰਗ ਕਿਲੋਮੀਟਰ ਦੇ ਈਗਲਨੇਸਟ ਵਾਈਲਡਲਾਈਫ ਸੈਂਚੁਰੀ ਕੰਪਲੈਕਸ ਦੇ ਅੰਦਰ ਨੈਸ਼ਨਲ ਪਾਰਕ ਵਿੱਚ ਬੋਂਗਪੂ ਬਲੋਂਗਸਾ ਕੈਂਪ ਦੇ ਬਾਹਰ ਇੱਕ ਪ੍ਰਯੋਗਸ਼ਾਲਾ ਸਥਾਪਤ ਕੀਤੀ ਹੈ।
ਇਹ ਅਸਥਾਨ ਸਮੁੰਦਰ ਤਲ ਤੋਂ 500 ਤੋਂ 3,250 ਮੀਟਰ ਦੀ ਉਚਾਈ 'ਤੇ ਸਥਿਤ ਹੈ। ਇਹ ਦੁਨੀਆ ਦੀ ਇੱਕਲੌਤੀ ਜਗ੍ਹਾ ਹੈ ਜਿੱਥੇ ਹਾਥੀ ਇੰਨੀ ਉਚਾਈ 'ਤੇ ਰਹਿੰਦੇ ਹਨ। ਇਸ ਵਿੱਚ ਚੀਤੇ, ਚਿੱਟੀਆਂ ਜੰਗਲੀ ਬਿੱਲੀਆਂ, ਸੁਨਹਿਰੀ ਰੰਗ ਦੀਆਂ ਬਿੱਲੀਆਂ ਅਤੇ ਤੇਂਦੂਆ ਬਿੱਲੀਆਂ ਵੀ ਹਨ। ਇਸ ਜੰਗਲ ਵਿੱਚ ਅਲੋਪ ਹੋ ਚੁੱਕੇ ਪੰਛੀ ਵੀ ਰਹਿੰਦੇ ਹਨ ਜਿਵੇਂ ਕਿ ਕੈਪਡ ਲੰਗੂਰ, ਲਾਲ ਪਾਂਡਾ, ਏਸ਼ੀਆਈ ਕਾਲ਼ੇ ਰਿੱਛ, ਅਤੇ ਦੁਰਲੱਭ ਅਰੁਣਾਚਲ ਮਕਾਕ ਪੰਛੀ ਅਤੇ ਗੌੜ।
ਆਇਤੀ ਅਤੇ ਦੇਮਾ ਤਮਾਂਗ ਆਪਣੀ ਉਮਰ ਦੇ 20ਵੇਂ ਵਰ੍ਹੇ ਨੂੰ ਪਾਰ ਕਰ ਚੁੱਕੀਆਂ ਹਨ ਤੇ ਆਪਣੇ ਪਿੰਡ, ਰਾਮਲਿੰਗਮ, ਸਗੋਂ ਪੂਰੇ ਰਾਜ ਵਿੱਚ ਪੰਛੀਆਂ ਦੀਆਂ ਹਰਕਤਾਂ ਦਾ ਅਧਿਐਨ ਕਰਨ ਅਤੇ ਅੰਕੜਿਆਂ ਨੂੰ ਦਸਤਾਵੇਜ਼ਬੱਧ ਕਰਨ ਵਾਲ਼ੀਆਂ ਪਹਿਲੀਆਂ ਔਰਤਾਂ ਹਨ। ਪਹਿਲਾਂ ਤਾਂ ਜਦੋਂ ਉਹ ਇਹ ਕੰਮ ਕਰਨ ਲਈ ਘਰੋਂ ਨਿਕਲ਼ੀਆਂ ਤਾਂ ਪਰਿਵਾਰ ਦੇ ਬਜ਼ੁਰਗ ਉਨ੍ਹਾਂ ਨੂੰ ਉੱਥੇ ਭੇਜਣ ਤੋਂ ਝਿਜਕ ਰਹੇ ਸਨ। ਉਨ੍ਹਾਂ ਵਿੱਚੋਂ ਕੁਝ ਪੁੱਛ ਰਹੇ ਸਨ, "ਤੁਸੀਂ ਉਨ੍ਹਾਂ ਨੂੰ ਜੰਗਲ ਵਿੱਚ ਕਿਉਂ ਲਿਜਾਣਾ ਚਾਹੁੰਦੇ ਹੋ? ਇਹ ਕੁੜੀਆਂ ਦਾ ਕੰਮ ਨਹੀਂ ਹੈ।"
ਉਸੇ ਪਿੰਡ ਰਾਮਲਿੰਗਮ ਦੇ ਮੀਕਾਹ ਕਹਿੰਦੇ ਹਨ, "ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਦੁਨੀਆ ਹੁਣ ਉਸ ਤਰੀਕੇ ਨਾਲ਼ ਨਹੀਂ ਚੱਲਦੀ।'' ਮੀਕਾਹ ਨੂੰ ਨਾ ਸਿਰਫ਼ ਇੱਥੇ ਸਗੋਂ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ ਜੰਗਲਾਂ ਵਿੱਚ ਪੰਛੀਆਂ ਦੇ ਦਸਤਾਵੇਜੀਕਰਨ ਦਾ ਤਜ਼ਰਬਾ ਹੈ। ''ਕਿਸੇ ਵੀ ਕੰਮ ਨੂੰ ਕੁੜੀਆਂ ਤੇ ਮੁੰਡੇ ਦੋਵੇਂ ਹੀ ਕਰ ਸਕਦੇ ਹਨ।''
ਆਇਤੀ ਵਰਗੇ ਫੀਲਡ ਵਰਕਰ 18,000 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਹਨ ਅਤੇ ਇਸ ਕਮਾਈ 'ਤੇ ਆਪਣਾ ਪਰਿਵਾਰ ਪਾਲ਼ਦੇ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਮੁਜਾਰੇ ਕਿਸਾਨ ਹਨ।
ਹਾਲਾਂਕਿ ਖੋਜ ਲਈ ਬਹੁਤ ਮਿਹਨਤ ਦੀ ਲੋੜ ਹੈ, "ਪੰਛੀਆਂ ਦਾ ਅੰਗਰੇਜ਼ੀ ਨਾਮ ਸਿੱਖਣਾ ਮੁਸ਼ਕਲ ਹੈ," ਆਇਤੀ ਮੁਸਕਰਾਉਂਦੇ ਹੋਏ ਕਹਿੰਦੀ ਹਨ।
*****
19ਵੀਂ ਸਦੀ ਵਿੱਚ ਕੋਲ਼ਾ ਖਾਨਾਂ ਵਿੱਚ ਕੰਮ ਕਰਦੇ ਵੇਲ਼ੇ ਕਿਰਤੀਆਂ ਨੇ ਕੈਨਰੀ ਪੰਛੀਆਂ ਨੂੰ ਅਸਧਾਰਣ ਖ਼ਤਰੇ ਦਾ ਸੰਕੇਤ ਦੇਣ ਵਾਲ਼ੇ ਪੰਛੀਆਂ ਵਜੋਂ ਵਰਤਿਆ। ਇਹ ਛੋਟੇ ਪੰਛੀ ਖ਼ਾਸ ਕਰਕੇ ਕਾਰਬਨ ਮੋਨੋਆਕਸਾਈਡ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ ਤੇ ਖਣਨ ਦੁਰਘਟਨਾਵਾਂ ਰੋਕ ਸਕਦੇ ਹਨ। ਇਹਦੇ ਸੰਪਰਕ ਵਿੱਚ ਆ ਕੇ ਮੌਤ ਹੋ ਜਾਂਦੀ ਹੈ। ਸੰਭਾਵਤ ਖ਼ਤਰੇ ਦੇ ਸ਼ੁਰੂਆਤੀ ਸੰਕੇਤਾਂ ਦਾ ਜ਼ਿਕਰ ਕਰਨ ਲਈ 'ਏ ਕੈਨਰੀ ਇਨ ਦਾ ਕੋਲ਼ਮਾਈਨ' ਇੱਕ ਮਸ਼ਹੂਰ ਕਹਾਵਤ ਬਣ ਗਈ।
ਪੰਛੀ ਮੁਕਾਬਲਤਨ ਗਤੀਸ਼ੀਲ ਸਮੂਹ ਵਾਲ਼ੇ ਪ੍ਰਾਣੀ ਹੁੰਦੇ ਹਨ। ਇੰਝ ਦੇਖੀਏ ਤਾਂ ਉਹ ਸੰਕੇਤ ਦੀ ਤਰ੍ਹਾਂ ਹਨ ਕਿ ਜਲਵਾਯੂ ਤਬਦੀਲੀ ਊਸ਼ਣਕਟੀਬੰਦੀ ਪਹਾੜਾਂ ਦੀ ਜੈਵ-ਵਿਭਿੰਨਤਾ 'ਤੇ ਕਿਵੇਂ ਅਸਰ ਪਾਵੇਗੀ। ਇਸੇਲਈ ਬੋਂਗਪੁ ਟੀਮ ਦਾ ਕੰਮ ਅਹਿਮ ਹੈ।
ਈਗਲਨੈਸਟ 600 ਦੇ ਕਰੀਬ ਪੰਛੀਆਂ ਦਾ ਅਵਾਸ ਹੈ। ਉਮੇਸ਼ ਕਹਿੰਦੇ ਹਨ, ''ਇੱਥੇ ਤੁਹਾਨੂੰ ਸੈਂਕੜੇ ਛੋਟੇ ਇੰਦਰਧਨੁਖੀ ਪੰਛੀ ਮਿਲ਼ਣਗੇ, ਜਿਨ੍ਹਾਂ ਦਾ ਵਜ਼ਨ 10 ਗ੍ਰਾਮ ਜਾਂ ਇੱਕ ਚਮਚਾ ਖੰਡ ਤੋਂ ਵੀ ਘੱਟ ਹੈ।'' ਇਸ ਤੋਂ ਇਲਾਵਾ ਕੁਝ ਦੁਰਲਭ ਖੰਭਾਂ ਵਾਲ਼ੇ ਜੀਵ ਇਨ੍ਹਾਂ ਬੱਦਲਾਂ ਵਿੱਚ ਵੱਸੇ ਜੰਗਲ ਨੂੰ ਆਪਣਾ ਘਰ ਮੰਨਦੇ ਹਨ, ਜਿਵੇਂ ਗੂੜ੍ਹੇ ਲਾਲ ਰੰਗ ਵਾਲ਼ਾ ਵਾਈਸ ਟ੍ਰੋਗਨ, ਵੱਡੇ ਤਿੱਤਰ ਜਿਓਂ ਬਲਿਥਸ ਟ੍ਰੈਗੋਪੈਨ, ਰੇਸ਼ਮੀ ਨੀਲਾ-ਸਲੇਟੀ ਸੁੰਦਰ ਨਟਹੈਚ ਅਤੇ ਸ਼ਾਇਦ ਇਨ੍ਹਾਂ ਸਾਰਿਆਂ ਵਿੱਚ ਸਭ ਤੋਂ ਮਸ਼ਹੂਰ ਬੜੀ ਮੁਸ਼ਕਲ ਨਾਲ਼ ਨਜ਼ਰੀਂ ਪੈਣ ਵਾਲ਼ਾ ਬੁਗੁਨ ਲਿਓਸਿਚਲਾ।
ਚੁਣੌਤੀ ਭਰੇ ਹਾਲਾਤਾ, ਕਠੋਰ ਮੌਸਮ ਤੇ ਊਬੜ-ਖਾਬੜ ਇਲਾਕੇ ਦੇ ਬਾਵਜੂਦ ਇਸ ਜੰਗਲੀ ਜੀਵ ਸੈਂਚੁਰੀ ਵਿੱਚ ਮਿਲ਼ਣ ਵਾਲ਼ੇ ਪੰਛੀ ਦੁਨੀਆ ਭਰ ਦੇ ਪੰਛੀ ਪ੍ਰੇਮੀਆਂ ਨੂੰ ਆਕਰਸ਼ਤ ਕਰਦੇ ਹਨ।
ਖੋਜਾਰਥੀਆਂ ਦੀ ਟੀਮ ਜੰਗਲ ਦੇ ਕਾਫ਼ੀ ਅੰਦਰ ਰਹਿ ਕੇ ਕੰਮ ਕਰਦੀ ਹੈ, ਜਿੱਥੇ ਉਹ ਬਿਨਾ ਬਿਜਲੀ-ਪਾਣੀ ਜਾਂ ਢੁੱਕਵੀਂ ਛੱਤ ਵਾਲ਼ੇ ਕਮਰੇ ਵਿੱਚ ਗੁਜ਼ਾਰਾ ਕਰਦੇ ਹਨ। ਬੋਂਗਪੁ ਬਲਾਂਗਸਾ ਵਿਖੇ ਆਪਣਾ ਕੈਂਪ ਰੱਖੀ ਰੱਖਣ ਵਾਸਤੇ ਹਰੇਕ ਮੈਂਬਰ ਭੋਜਨ ਬਣਾਉਣ ਤੇ ਭਾਂਡੇ ਮਾਂਜਣ ਤੋਂ ਲੈ ਕੇ ਨੇੜਲੇ ਝਰਨੇ ਤੋਂ ਪਾਣੀ ਦੇ ਡਰੰਮ ਭਰ ਲਿਆਉਣ ਜਿਹੇ ਕੰਮ ਕਰਦਾ ਹੈ। ਸਥਾਨਕ ਲੋਕ ਕਰੀਬ ਦੋ ਘੰਟੇ ਦੀ ਦੂਰੀ 'ਤੇ ਰਾਮਲਿੰਗਮ ਪਿੰਡ ਤੋਂ ਆਉਂਦੇ ਹਨ, ਜਦੋਂਕਿ ਓਮੇਸ਼ ਤੇ ਖੋਜਾਰਥੀ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ।
ਹੁਣ ਖਾਣਾ ਪਕਾਉਣ ਦੀ ਜ਼ਿੰਮੇਦਾਰੀ ਆਇਤੀ ਦੀ ਹੈ ਤੇ ਉਹ ਬਲ਼ ਰਹੀ ਅੱਗ 'ਤੇ ਰੱਖੇ ਭਾਂਡਿਆਂ ਵਿੱਚ ਦਾਲ ਰਿੰਨ੍ਹ ਰਹੀ ਹਨ। ''ਮੈਨੂੰ ਖ਼ੁਸ਼ੀ ਹੈ ਕਿ ਮੇਰੇ ਕੰਮ ਨਾਲ਼ ਲੋਕਾਂ ਦੀ ਜਾਨਵਰਾਂ ਬਾਰੇ ਸਮਝ ਬਿਹਤਰ ਹੁੰਦੀ ਹੈ।'' ਉਹ ਇੱਥੇ ਦੋ ਸਾਲਾਂ ਤੋਂ ਕੰਮ ਕਰ ਰਹੀ ਹਨ।
ਟੀਮ ਹਰ ਰਾਤੀਂ ਇੱਕ ਛੋਟਾ ਜਿਹੀ ਖੇਡ ਖੇਡਦੀ ਹੈ। ਉਹ ਉਨ੍ਹਾਂ ਪੰਛੀਆਂ 'ਤੇ ਦਾਅ ਲਾਉਂਦੇ ਹਨ ਜਿਨ੍ਹਾਂ ਨੂੰ ਉਹ ਫੜ੍ਹਨਗੇ ਤੇ ਇਸ ਗੱਲ ਦਾ ਅਧਾਰ ਹੁੰਦਾ ਹੈ ਸਾਲਾਂ ਤੋਂ ਫੜ੍ਹੇ ਗਏ ਪੰਛੀ। ਹਰ ਕੋਈ ਇਸ ਵਿੱਚ ਹਿੱਸਾ ਪਾਉਂਦਾ ਹੈ। ਉਨ੍ਹਾਂ ਦੇ ਹੈਂਡਲੈਂਪ ਹਝੋਕੇ ਖਾਣ ਲੱਗਦੇ ਹਨ, ਕਿਉਂਕਿ ਤਿਰਪਾਲ ਦੀ ਛੱਤ 'ਤੇ ਮੀਂਹ ਦੀਆਂ ਕਣੀਆਂ ਜ਼ੋਰ ਨਾਲ਼ ਵੱਜਣ ਲੱਗਦੀ ਹਨ।
''ਕੱਲ੍ਹ ਤੜਕੇ ਕਿਹੜਾ ਪਰਿੰਦਾ ਜਾਲ਼ ਵਿੱਚ ਫਸੇਗਾ?'' ਆਇਤੀ ਉਨ੍ਹਾਂ ਤੋਂ ਪੁੱਛਦੀ ਹਨ।
''ਮੇਰੇ ਖ਼ਿਆਲ ਨਾਲ਼ ਸੁਨਿਹਰੀ ਛਾਤੀ ਵਾਲ਼ਾ ਫੁਲਵੇਟਾ,'' ਯਕੀਨ ਭਰੀ ਅਵਾਜ਼ ਵਿੱਚ ਆਪੇ ਹੀ ਜਵਾਬ ਦਿੰਦਿਆਂ ਕਿਹਾ।
ਮੀਕਾਹ ਜ਼ੋਰ ਨਾਲ਼ ਚੀਕਦੇ ਹਨ,''ਚਿੱਟੀ ਐਨਕ ਵਾਲ਼ਾ ਵਾਰਬਲਰ।'' ਦੰਬਰ ਪੂਰਾ ਵਾਹ ਲਾ ਕੇ ''ਨਹੀਂ'' ਇੰਨਾ ਕਹਿ ਕੇ ਗੱਲ ਰੱਦ ਕਰਦਿਆਂ ਕਹਿੰਦੇ ਹਨ,''ਪੀਲ਼ੇ ਗਲ਼ੇ ਵਾਲ਼ਾ ਫੁਲਵੇਟਾ।''
ਮੀਕਾਹ ਤੇ ਦੰਬਰ ਜ਼ਿਆਦਾ ਅਨੁਭਵੀ ਹਨ, ਕਿਉਂਕਿ ਉਮੇਸ਼ ਨੇ ਉਨ੍ਹਾਂ ਨੂੰ ਪਹਿਲਾਂ ਭਰਤੀ ਕੀਤਾ ਸੀ ਜੋ ਵੀਹ ਸਾਲ ਦੀ ਉਮਰੇ ਬੋਂਗਪੁ ਕੈਂਪ ਵਿੱਚ ਸ਼ਾਮਲ ਹੋਏ ਸਨ। ਦੋਵੇਂ ਰਾਮਲਿੰਗਮ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਸਨ। ਜਿੱਥੇ ਦੰਬਰ ਨੇ 11ਵੀਂ ਤੱਕ ਪੜ੍ਹਾਈ ਕੀਤੀ, ਓਧਰ ਮੀਕਾਹ ਨੇ 5ਵੀਂ ਜਮਾਤ ਤੋਂ ਬਾਅਦ ਹੀ ਪੜ੍ਹਾਈ ਛੱਡ ਦਿੱਤੀ। ਉਹ ਅਫ਼ਸੋਸ ਜਤਾਉਂਦੇ ਹਨ,''ਮੈਨੂੰ ਪੜ੍ਹਾਈ ਦੀ ਰਤਾ ਪਰਵਾਹ ਨਹੀਂ ਸੀ।''
ਇਹ ਲੋਕ ਛੇਤੀ ਹੀ ਸੌਣ ਚਲੇ ਜਾਂਦੇ ਹਨ ਕਿਉਂਕਿ ਪੰਛੀਆਂ ਨੂੰ ਫੜ੍ਹਨਾ ਤੇ ਜ਼ਰੂਰੀ ਅੰਕੜੇ ਦਰਜ ਕਰਨ ਲਈ ਸਵੇਰ ਦਾ ਸਮਾਂ ਸਭ ਤੋਂ ਸਾਜਗਾਰ ਰਹਿੰਦਾ ਹੈ। ਕਲਿੰਗ ਡੰਗੇਨ ਦੱਸਦੇ ਹਨ''ਅਸੀਂ ਸਵੇਰੇ 3:30 ਵਜੇ ਤੱਕ ਜਾਗ ਸਕਦੇ ਹਾਂ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਸੈਂਪਲਿੰਗ ਪਲਾਟ ਕਿੰਨੀ ਕੁ ਦੂਰ ਹੈ।'' ਆਈਆਈਐੱਸਸੀ ਵਿਖੇ ਪੀਐੱਚਡੀ ਕਰ ਰਹੇ 27 ਸਾਲਾ ਕਲਿੰਗ ਪੰਛੀਆਂ ਦੇ ਸਰੀਰ 'ਤੇ ਤਣਾਓ ਦਾ ਅਧਿਐਨ ਕਰ ਰਹੇ ਹਨ। ਉਹ ਵੀ ਛੇਤੀ ਹੀ ਟੀਮ ਦੇ ਨਾਲ਼ ਸਰਘੀ ਵੇਲ਼ੇ ਸੈਂਪਲਿੰਗ ਪਲਾਟ ਲਈ ਰਵਾਨਾ ਹੋਣਗੇ।
*****
ਪੂਰਬੀ ਹਿਮਾਲਿਆਈ ਹਿੱਸੇ ਦੀ ਉੱਚਾਈ ਅਤੇ ਦੂਰੀ ਦੇ ਬਾਵਜੂਦ ਇੱਥੋਂ ਦੇ ਬੱਦਲਾਂ ਵਾਲ਼ੇ ਜੰਗਲ ਖ਼ਾਸ ਕਰਕੇ ਰੁੱਖਾਂ ਦੀ ਕਟਾਈ ਦੇ ਕਾਰਨ ਪੰਛੀਆਂ ਦੇ ਘੱਟਦੇ ਅਵਾਸ ਕਾਰਨ ਦਬਾਅ ਵਿੱਚ ਹਨ। ਹਾਲਾਂਕਿ ਸੁਪਰੀਮ ਕੋਰਟ ਨੇ ਤਿੰਨ ਦਹਾਕੇ ਪਹਿਲਾਂ ਕਟਾਈ 'ਤੇ ਰੋਕ ਲਾ ਦਿੱਤੀ ਸੀ, ਪਰ ਵਿਗਿਆਨਕਾਂ ਦਾ ਕਹਿਣਾ ਹੈ ਕਿ ਜੰਗਲੀ-ਵਾਤਾਵਰਣ ਨੂੰ ਜੋ ਨੁਕਸਾਨ ਹੋ ਸਕਦਾ ਸੀ, ਹੋ ਚੁੱਕਿਆ ਹੈ।
ਖੋਜਾਰਥੀ ਕਲਿੰਗ ਕਹਿੰਦੇ ਹਨ,''ਵੱਢੇ ਹੋਏ ਰੁੱਖਾਂ ਵਾਲ਼ੇ ਜੰਗਲ ਵਿੱਚ ਜਲਵਾਯੂ ਤਬਦੀਲੀ ਦਾ ਅਸਰ ਹੋਰ ਵੀ ਜਟਿਲ ਹੁੰਦਾ ਹੈ, ਕਿਉਂਕਿ ਸੂਰਜ ਦੀਆਂ ਕਿਰਨਾਂ ਸਿੱਧੇ ਅੰਦਰ ਤੱਕ ਪਹੁੰਚ ਰਹੀਆਂ ਹਨ। ਜੰਗਲ ਕੱਟਦੇ ਜਾਂਦੇ ਹਨ ਤਾਂ ਸਾਰਾ ਕੁਝ ਬਦਲਦਾ ਜਾਂਦਾ ਹੈ।'' ਕੱਟੇ ਹੋਏ ਰੁੱਖਾਂ ਵਾਲ਼ੇ ਜੰਗਲ ਵਿੱਚ ਤਾਪਮਾਨ ਪ੍ਰਾਇਮਰੀ (ਬੁਨਿਆਦੀ) ਜੰਗਲਾਂ ਦੇ ਮੁਕਾਬਲੇ 6 ਡਿਗਰੀ ਸੈਲਸੀਅਸ ਤੱਕ ਜ਼ਿਆਦਾ ਹੋ ਸਕਦਾ ਹੈ।
ਕਲਿੰਗ ਕਹਿੰਦੇ ਹਨ,''ਗਰਮੀ ਹੋਣ 'ਤੇ ਪੰਛੀ ਛਾਂ ਵਿੱਚ ਜ਼ਿਆਦਾ ਰਹਿੰਦੇ ਹਨ ਤੇ ਉਨ੍ਹਾਂ ਕੋਲ਼ ਭੋਜਨ ਭੋਜਨ ਲਈ ਸਮਾਂ ਘੱਟ ਬੱਚਦਾ ਹੈ। ਇਸਲਈ ਸਰੀਰ ਦੀ ਹਾਲਤ, ਉਨ੍ਹਾਂ ਦਾ ਵਜੂਦ ਤੇ ਜੀਵਨਕਾਲ਼ ਘੱਟ ਜਾਂਦਾ ਹੈ। ਇਨ੍ਹਾਂ ਸਾਰੇ ਕਾਰਨਾਂ ਦਾ ਨਤੀਜਾ ਇਹ ਨਿਕਲ਼ਦਾ ਹੈ ਕਿ ਉਨ੍ਹਾਂ ਨੂੰ ਜੋ ਭੋਜਨ ਲੋੜੀਂਦਾ ਰਹਿੰਦਾ ਹੈ, ਉਹ ਲੌਗ ਜੰਗਲਾਂ ਵਿੱਚ ਕਾਫ਼ੀ ਘੱਟ ਮਿਲ਼ਦਾ ਹੈ।'' ਉਹ ਭਾਰ ਤੇ ਖੰਭਾਂ ਦੇ ਫਲਾਅ ਦੇ ਅੰਕੜੇ ਦਰਜ ਕਰਦੇ ਹਨ ਤੇ ਜਲਵਾਯੂ ਤਬਦੀਲੀ ਕਾਰਨ ਪੰਛੀਆਂ ਦੇ ਤਣਾਅ ਨੂੰ ਸਮਝਣ ਵਾਸਤੇ ਉਨ੍ਹਾਂ ਦੇ ਖ਼ੂਨ ਦੇ ਨਮੂਨਿਆਂ ਤੇ ਵਿੱਠਾਂ ਦਾ ਵਿਸ਼ਲੇਸ਼ਣ ਕਰਦੇ ਹਨ।
ਉਮੇਸ਼ ਦੱਸਦੇ ਹਨ,''ਚਿੱਟੀ ਪੂਛ ਵਾਲ਼ੇ ਰੌਬਿਨ ਸੁੰਡੀ (ਕੈਟਰਪਿਲਰ) ਅਤੇ 'ਟ੍ਰੂ ਬਗ', ਹੇਮਿਪਟੇਰਨ ਖਾਂਦੇ ਹਨ। ਇੰਝ ਕਟਾਈ ਦੀ ਮਾਰ ਹੇਠਲੇ ਜੰਗਲਾਂ ਵਿੱਚ ਕੀੜੇ ਵੀ ਘੱਟ ਮਿਲ਼ਦੇ ਹਨ।'' ਉਨ੍ਹਾਂ ਦਾ ਕਹਿਣਾ ਹੈ ਕਿ ਚਿੱਟੀ ਪੂਛ ਵਾਲ਼ੇ ਰੌਬਿਨ ਦੀ ਗਿਣਤੀ ਵਿੱਚ ਗਿਰਾਵਟ ਦੀ ਤੁਲਨਾ, ਰੁੱਖਾਂ ਦੀ ਕਟਾਈ ਦੇ ਬਾਅਦ ਹੋਏ ਅਸਰ ਤੋਂ ਕੀਤੀ ਜਾ ਸਕਦੀ ਹੈ। ''ਇਹ ਪੰਛੀ ਦੇ ਸਰੀਰ 'ਤੇ ਸਿੱਧਾ ਤਣਾਅ ਪੈਦਾ ਕਰ ਸਕਦਾ ਹੈ ਕਿਉਂਕਿ ਇਹ ਗਰਮ ਹੈ।''
ਵੱਧਦੇ ਤਾਪਮਾਨ ਕਾਰਨ ਹਿਮਾਲਿਆ ਵਿੱਚ ਪੌਦੇ ਵੀ ਉੱਪਰ ਵੱਲ ਵਧਣ ਲੱਗੇ ਹਨ। ਇਹ ਮੰਨਿਆ ਜਾਂਦਾ ਹੈ ਕਿ ਪੰਛੀ ਰੁੱਖਾਂ ਅਤੇ ਪੌਦਿਆਂ ਵਿੱਚ ਤਬਦੀਲੀਆਂ 'ਤੇ ਵੀ ਨਜ਼ਰ ਰੱਖਦੇ ਹਨ। ਉਮੇਸ਼ ਕਹਿੰਦੇ ਹਨ, "ਇਤਿਹਾਸਕ ਤੌਰ 'ਤੇ 1,000-2,000 ਮੀਟਰ ਦੀ ਉਚਾਈ 'ਤੇ ਪਾਈਆਂ ਜਾਣ ਵਾਲ਼ੀਆਂ ਪ੍ਰਜਾਤੀਆਂ ਹੁਣ ਜਿਉਂਦੇ ਰਹਿਣ ਲਈ 1,200-2,200 ਮੀਟਰ ਤੱਕ ਪਹੁੰਚ ਗਈਆਂ ਹਨ।'' ਪਾਪੂਆ ਨਿਊ ਗਿਨੀ ਅਤੇ ਅੰਡੀਜ਼ ਜਿਹੇ ਦੂਸਰੇ ਊਸ਼ਣਕਟੀਬੰਦੀ ਇਲਾਕਿਆਂ ਵਿਖੇ ਪੰਛੀਆਂ ਦੇ ਉੱਚਾਈ 'ਤੇ ਜਾਣ ਨੂੰ ਲੈ ਕੇ ਅਧਿਐਨ ਕੀਤੇ ਗਏ ਹਨ।
ਵਿਗਿਆਨੀ ਚਿੰਤਤ ਹਨ ਕਿ ਜਿਵੇਂ-ਜਿਵੇਂ ਪ੍ਰਜਾਤੀਆਂ ਉੱਪਰ ਵੱਲ ਵਧਦੀਆਂ ਹਨ, ਉਨ੍ਹਾਂ ਨੂੰ ਪਹਾੜਾਂ ਦੀਆਂ ਚੋਟੀਆਂ 'ਤੇ ਪਹੁੰਚਣ ਦਾ ਖ਼ਤਰਾ ਹੋ ਜਾਵੇਗਾ, ਉਹ ਆਪਣੀ ਥਾਂ ਛੱਡ ਦੇਣਗੀਆਂ ਤੇ ਬਾਹਰ ਨਿਕਲ਼ ਕੇ ਅਲੋਪ ਹੋ ਜਾਣਗੀਆਂ, ਕਿਉਂਕਿ ਉਨ੍ਹਾਂ ਕੋਲ਼ ਉੱਪਰ ਜਾਣ ਲਈ ਹੋਰ ਜਗ੍ਹਾ ਨਹੀਂ ਹੋਵੇਗੀ।
ਈਗਲਨੇਸਟ ਸੈਂਕਚੂਰੀ ਵਿੱਚ ਘੱਟ ਉਚਾਈ 'ਤੇ ਸਦਾਬਹਾਰ ਜੰਗਲ, ਮੱਧ ਉਚਾਈ 'ਤੇ ਚੌੜੇ ਪੱਤੇ ਅਤੇ ਸਭ ਤੋਂ ਉੱਚੀਆਂ ਚੋਟੀਆਂ 'ਤੇ ਕੋਨੀਫਰਸ ਅਤੇ ਬੁਰਾਂਸ਼ ਜੰਗਲ ਹਨ। ਇਸ ਸਭ ਦੇ ਜ਼ਰੀਏ, ਉਮੇਸ਼ ਕਹਿੰਦੇ ਹਨ, "ਸਾਨੂੰ ਇਸ ਸਮੇਂ ਜਲਵਾਯੂ ਕਨੈਕਟੀਵਿਟੀ ਦੀ ਲੋੜ ਹੈ। ਪ੍ਰਜਾਤੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਯੋਗ ਹੋਣਾ ਚਾਹੀਦਾ ਹੈ।'' ਉਹ ਪੰਛੀਆਂ ਦੇ ਸਿਖਲਾਇਕ ਡਾਕਟਰ ਵੀ ਹਨ। ਪੰਛੀਆਂ ਲਈ ਉਨ੍ਹਾਂ ਦੇ ਪਿਆਰ ਨੇ ਉਨ੍ਹਾਂ ਨੂੰ ਆਪਣਾ ਪੇਸ਼ਾ ਬਦਲਣ ਲਈ ਮਜਬੂਰ ਕੀਤਾ।
"ਜੇ ਪਹਾੜਾਂ ਦੇ ਵਿਚਕਾਰ ਖੇਤੀ ਜਾਂ ਸ਼ਹਿਰੀਕਰਨ ਹੋ ਰਿਹਾ ਹੈ, ਤਾਂ ਇੰਝ ਨਹੀਂ ਹੋ ਪਾਵੇਗਾ," ਉਹ ਅੱਗੇ ਕਹਿੰਦੇ ਹਨ, "ਸਾਨੂੰ ਇਨ੍ਹਾਂ ਪ੍ਰਜਾਤੀਆਂ ਨੂੰ ਬਚਾਉਣ ਲਈ ਵੱਧ ਉਚਾਈਆਂ ਤੱਕ ਫੈਲੇ ਗਲਿਆਰਿਆਂ ਦੀ ਲੋੜ ਹੈ।''
*****
ਮੀਕਾਹ ਰਾਈ, ਦੰਬਰ ਪ੍ਰਧਾਨ, ਈਟੀ ਥਾਪਾ ਅਤੇ ਦੇਮਾ ਤਮਾਂਗ ਵਰਗੇ ਸਥਾਨਕ ਫੀਲਡ ਸਟਾਫ ਇਸ ਅਧਿਐਨ ਲਈ ਮਹੱਤਵਪੂਰਨ ਹਨ। ਉਹ ਲੋੜੀਂਦਾ ਡਾਟਾ ਇਕੱਤਰ ਕਰ ਰਹੇ ਹਨ ਅਤੇ ਕਈ ਅਧਿਐਨਾਂ ਵਿੱਚ ਉਨ੍ਹਾਂ ਨੂੰ ਸਹਿ-ਲੇਖਕ ਵਜੋਂ ਰੱਖਿਆ ਗਿਆ ਹੈ।
ਫੀਲਡ ਸਟਾਫ ਨੂੰ ਜਾਲ਼ ਸੌਂਪੇ ਗਏ ਹਨ ਅਤੇ ਉਹ ਮਿਸਟ ਨੈਟਿੰਗ ਨਾਮਕ ਤਕਨੀਕ ਰਾਹੀਂ ਪੰਛੀਆਂ ਨੂੰ ਫੜ੍ਹਦੇ ਹਨ। ਇਸ ਵਿੱਚ ਸੰਘਣੇ ਰੁੱਖਾਂ ਅਤੇ ਪੌਦਿਆਂ ਵਾਲ਼ੇ ਖੇਤਰਾਂ ਵਿੱਚ ਲੱਕੜ ਦੇ ਖੰਭਿਆਂ ਵਿਚਾਲੇ ਬਰੀਕ ਜਾਲ਼ ਲਗਾਉਣਾ ਸ਼ਾਮਲ ਹੈ ਜਿਨ੍ਹਾਂ ਜਾਲ਼ਾਂ ਨੂੰ ਪੰਛੀ ਨਹੀਂ ਦੇਖ ਸਕਦੇ। ਜਿਵੇਂ ਹੀ ਪੰਛੀ ਜਾਲ ਵਿੱਚੋਂ ਉੱਡ ਕੇ ਲੰਘਣ ਲੱਗਦੇ ਹਨ, ਫਸ ਜਾਂਦੇ ਹਨ.
ਆਪਣੇ ਜਾਲ਼ ਵੱਲ ਜਾਂਦਿਆਂ ਚਿੱਕੜ ਭਰੀ ਢਲਾਣ ਫ਼ਿਸਲਦਿਆਂ ਖ਼ੁਦ ਨੂੰ ਬਚਾਉਂਦੇ 28 ਸਾਲਾ ਦੰਬਰ ਕਹਿੰਦੇ ਹਨ,"ਸਾਨੂੰ ਸਾਰਿਆਂ ਨੂੰ 8-10 ਜਾਲ ਦਿੱਤੇ ਗਏ ਹਨ।" ਆਪਣੀ ਥਾਂ ਪਹੁੰਚਣ 'ਤੇ, ਉਹ ਬੜੇ ਪਿਆਰ ਨਾਲ਼ ਜਾਲ਼ ਵਿੱਚ ਫਸੇ ਛੋਟੇ ਪੰਛੀਆਂ ਨੂੰ ਕੱਢ ਕੇ ਉਨ੍ਹਾਂ ਨੂੰ ਹਰੇ ਸੂਤੀ ਕੱਪੜੇ ਦੇ ਥੈਲਿਆਂ ਵਿੱਚ ਪਾ ਦਿੰਦੇ ਹਨ।
ਪੰਛੀਆਂ ਨੂੰ ਕਦੇ ਵੀ 15 ਮਿੰਟਾਂ ਤੋਂ ਵੱਧ ਸਮੇਂ ਲਈ ਜਾਲ਼ ਵਿੱਚ ਨਹੀਂ ਛੱਡਿਆ ਜਾਂਦਾ। ਜੇ ਮੀਂਹ ਪੈਣ ਦੀ ਥੋੜ੍ਹੀ ਜਿਹੀ ਵੀ ਸੰਭਾਵਨਾ ਹੁੰਦੀ ਹੈ, ਤਾਂ ਟੀਮ ਦੇ ਮੈਂਬਰ ਪਲਾਟਾਂ ਵਿੱਚ ਫੈਲ ਜਾਂਦੇ ਹਨ ਅਤੇ ਜੀਵਾਂ ਦੇ ਤਣਾਅ ਨੂੰ ਘੱਟ ਕਰਨ ਲਈ ਉਨ੍ਹਾਂ ਨੂੰ ਤੁਰੰਤ ਛੱਡ ਦਿੰਦੇ ਹਨ।
ਪੰਛੀ ਦੀ ਛਾਤੀ ਦੇ ਦੁਆਲ਼ੇ ਬੰਨ੍ਹੇ ਕੋਮਲ ਰਿੰਗਰ ਦੀ ਪਕੜ ਪੰਛੀ ਨੂੰ ਬੈਗ ਤੋਂ ਮੁਕਤ ਕਰਦੀ ਹੈ. ਉਨ੍ਹਾਂ ਨੂੰ ਬਹੁਤ ਸਾਵਧਾਨ ਰਹਿਣਾ ਪੈਂਦਾ ਹੈ, ਕਿਉਂਕਿ ਥੋੜ੍ਹਾ ਜਿਹਾ ਦਬਾਅ ਵੀ ਇੱਕ ਛੋਟੇ ਜਿਹੇ ਜੀਵ ਦੀ ਜਾਨ ਨੂੰ ਖਤਰੇ ਵਿੱਚ ਪਾ ਸਕਦਾ ਹੈ। ਫਿਰ ਪੰਛੀਆਂ ਨੂੰ ਮਾਪਿਆ-ਤੋਲਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਰਿੰਗ (ਛੱਲੇ) ਪਾਏ ਜਾਂਦੇ ਹਨ।
"ਮੈਂ ਇਸ ਕੰਮ ਨੂੰ ਹਲਕੇ ਵਿੱਚ ਨਹੀਂ ਲੈਂਦਾ। ਮੈਨੂੰ ਪੰਛੀਆਂ ਨਾਲ਼ ਕੰਮ ਕਰਨਾ ਪਸੰਦ ਹੈ। ਦੁਨੀਆ ਭਰ ਤੋਂ ਲੋਕ ਇੱਥੇ ਆਉਂਦੇ ਹਨ ਅਤੇ ਕੋਸ਼ਿਸ਼ ਕਰਿਆਂ ਵੱਧ ਤੋਂ ਵੱਧ ਉਹ ਦੂਰਬੀਨ ਨਾਲ਼ ਹੀ ਉਨ੍ਹਾਂ ਨੂੰ ਦੇਖ ਸਕਦੇ ਹਨ। ਮੈਂ ਉਨ੍ਹਾਂ ਨੂੰ ਫੜ੍ਹ ਪਾਉਂਦੀ ਹਾਂ।''
"ਜੇ ਮੈਂ 2021 ਵਿੱਚ ਕੰਮ ਕਰਨ ਵਾਲ਼ੀ ਇਸ ਟੀਮ ਵਿੱਚ ਸ਼ਾਮਲ ਨਾ ਹੋਈ ਹੁੰਦੀ, ਤਾਂ ਮੈਂ ਆਪਣੇ ਪਰਿਵਾਰ ਨਾਲ਼ ਕਿਰਾਏ ਦੇ ਖੇਤ ਵਿੱਚ ਕੰਮ ਕਰ ਰਹੀ ਹੁੰਦੀ," ਆਇਤੀ ਕਹਿੰਦੀ ਹਨ, ਜਿਨ੍ਹਾਂ ਨੇ 10ਵੀਂ ਜਮਾਤ ਤੋਂ ਬਾਅਦ ਸਕੂਲ ਛੱਡ ਦਿੱਤਾ ਸੀ। ਦੇਮਾ ਅਤੇ ਆਇਤੀ ਵਰਗੀਆਂ ਜਵਾਨ ਔਰਤਾਂ ਮੀਕਾਹ ਦੇ ਕੰਮ ਤੋਂ ਪ੍ਰੇਰਿਤ ਹਨ ਅਤੇ ਨੌਜਵਾਨ ਮੁੰਡੇ ਹੁਣ ਇਨ੍ਹਾਂ ਜੰਗਲਾਂ ਵਿੱਚ ਸ਼ਿਕਾਰ ਦੀ ਪਰੰਪਰਾ ਨੂੰ ਚੁਣੌਤੀ ਦੇ ਰਹੇ ਹਨ।
"ਮੁੰਡੇ ਗੁਲੇਲ ਨਾਲ਼ ਪੰਛੀਆਂ 'ਤੇ ਨਿਸ਼ਾਨਾ ਬੰਨ੍ਹਣ ਅਤੇ ਉਨ੍ਹਾਂ ਨੂੰ ਹੇਠਾਂ ਸੁੱਟਣ ਦੀ ਕੋਸ਼ਿਸ਼ ਕਰਦੇ ਸਨ। ਜਦੋਂ ਉਹ ਸਕੂਲ ਤੋਂ ਬਾਅਦ ਜੰਗਲ ਜਾਂਦੇ ਸਨ ਤੇ ਸਮਾਂ ਬਿਤਾਉਣ ਲਈ ਇਹੀ ਸਭ ਕਰਿਆ ਕਰਦੇ ਸਨ।'' ਇਨ੍ਹਾਂ ਪੰਛੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਉਮੇਸ਼ ਨੇ ਜਦੋਂ ਤੋਂ ਮੀਕਾਹ ਨੂੰ ਕੰਮ 'ਤੇ ਰੱਖਿਆ ਹੈ, ਉਦੋਂ ਤੋਂ ਮੀਕਾਹ ਨੇ ਬੱਚਿਆਂ ਨੂੰ ਰਾਮਲਿੰਗਮ ਦੇ ਜੰਗਲਾਂ ਅਤੇ ਇਸ ਦੇ ਜੰਗਲੀ ਜੀਵਾਂ ਦੀਆਂ ਤਸਵੀਰਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। "ਮੇਰੇ ਨੌਜਵਾਨ ਚਚੇਰੇ ਭਰਾ ਅਤੇ ਦੋਸਤ ਹੁਣ ਸ਼ਿਕਾਰ ਅਤੇ ਸੰਭਾਲ਼ ਨੂੰ ਵੱਖਰੇ ਤਰੀਕੇ ਨਾਲ਼ ਵੇਖਣ ਲੱਗੇ ਹਨ," ਉਹ ਕਹਿੰਦੇ ਹਨ।
ਮੀਕਾਹ ਈਗਲਨੇਸਟ ਸੈਂਚੁਰੀ ਦੇ ਕੋਨੇ-ਕੋਨੇ ਤੋਂ ਜਾਣੂ ਹਨ। ਉਨ੍ਹਾਂ ਦੀ ਸਹਿਜ ਯੋਗਤਾ ਦੇ ਕਾਰਨ, ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਮਨੁੱਖੀ ਜੀਪੀਐੱਸ ਕਹਿੰਦੇ ਹਨ। "ਜਦੋਂ ਮੈਂ ਛੋਟਾ ਸਾਂ, ਹਮੇਸ਼ਾਂ ਸ਼ਹਿਰ ਵਿੱਚ ਰਹਿਣਾ ਚਾਹੁੰਦਾ ਸਾਂ। ਇਹ ਇੱਛਾ ਉਸ ਪੰਛੀ ਪਾਲਣ ਵਾਲ਼ੇ ਵਰਗੀ ਸੀ ਜੋ ਪੰਛੀਆਂ ਦੀ ਇੱਕ ਨਵੀਂ ਪ੍ਰਜਾਤੀ ਦੇਖਣਾ ਚਾਹੁੰਦਾ ਹੈ। ਪਰ ਭਾਰਤ ਦੇ ਹੋਰ ਹਿੱਸਿਆਂ ਦੀ ਯਾਤਰਾ ਕਰਨ ਤੋਂ ਬਾਅਦ, ਮੇਰੀ ਇੱਕੋ ਇੱਛਾ ਸੀ ਕਿ ਮੈਂ ਅਰੁਣਾਚਲ ਪ੍ਰਦੇਸ਼ ਦੇ ਜੰਗਲਾਂ ਵਿੱਚ ਵਾਪਸ ਜਾਵਾਂ।''
ਘਾਟੀਆਂ ਤੇ ਹਰੇ-ਭਰੇ ਪਹਾੜੀ ਜੰਗਲਾਂ 'ਤੇ ਤਣੇ ਇੱਕ ਜਾਲ਼ ਤੱਕ ਪਹੁੰਚ ਕੇ ਉਹ ਕਹਿੰਦੇ ਹਨ,"ਭਾਵੇਂ ਮੈਂ ਇੱਥੇ ਕਿੰਨੀ ਹੀ ਵਾਰ ਵਾਪਸ ਆਵਾਂ, ਜੰਗਲ ਹਮੇਸ਼ਾ ਮੈਨੂੰ ਹੈਰਾਨੀ ਨਾਲ਼ ਭਰ ਦਿੰਦਾ ਹੈ।"
ਇਸ ਸਟੋਰੀ ਦੇ ਭਾਗ 2 ਵਿੱਚ ਪੜ੍ਹੋਗੇ ਕਿ ਸਥਾਨਕ ਲੋਕ ਜਲਵਾਯੂ ਤਬਦੀਲੀ ਨੂੰ ਰੋਕਣ ਲਈ ਕਿਵੇਂ ਕੰਮ ਕਰ ਰਹੇ ਹਨ।
ਤਰਜਮਾ: ਕਮਲਜੀਤ ਕੌਰ