ਉਸੇ ਇਮਾਰਤ ਵਿੱਚ ਇੱਕ ਮਸਜਿਦ ਅਤੇ ਇਸ ਦੇ ਨਾਲ਼ ਇੱਕ ਵਜੂਖਾਨਾ ਹੈ। ਅਮਜਦ ਉੱਥੇ ਗਏ, ਆਪਣੇ ਹੱਥ-ਪੈਰ ਚੰਗੀ ਤਰ੍ਹਾਂ ਧੋਤੇ, ਆਪਣੇ ਵਾਲ਼ਾਂ ਨੂੰ ਬੰਨ੍ਹਿਆ, ਸੰਤਰੀ ਰੰਗ ਦੀ ਟੋਪੀ ਪਹਿਨੀ ਅਤੇ ਗੱਲਾਂ ਕਰਨ ਲੱਗੇ। "ਮੈਂ ਹਰ ਮਹੀਨੇ ਘੱਟੋ-ਘੱਟ ਇੱਕ ਹਫ਼ਤੇ ਲਈ ਇੱਥੇ ਆਉਂਦਾ ਹਾਂ।'' ਉਹ ਬਚਪਨ ਵਿੱਚ ਆਪਣੇ ਪਿਤਾ ਦੇ ਨਾਲ਼਼ ਜਾਇਆ ਕਰਦੇ। "ਮੈਂ 10 ਜਾਂ 15 ਸਾਲਾਂ ਦਾ ਸਾਂ ਜਦੋਂ ਮੇਰੇ ਅੱਬਾ (ਪਿਤਾ) ਮੈਨੂੰ ਪਹਿਲੀ ਵਾਰ ਇੱਥੇ ਲੈ ਕੇ ਆਏ ਸਨ। ਹੁਣ ਮੇਰੀ ਉਮਰ 30 ਸਾਲ ਤੋਂ ਵੱਧ ਹੈ ਅਤੇ ਕਈ ਵਾਰ ਮੈਂ ਆਪਣੇ ਬੇਟੇ ਨੂੰ ਵੀ ਇੱਥੇ ਲਿਆਉਂਦਾ ਹਾਂ," ਉਹ ਕਹਿੰਦੇ ਹਨ।
ਦਰਵੇਸ਼ੀ ਭਾਈਚਾਰੇ ਦੇ ਕੁਝ ਮੈਂਬਰ ਦਰਗਾਹ ਦੇ ਬੇਸਮੈਂਟ ਵਿੱਚ ਇੱਕ ਚਟਾਈ 'ਤੇ ਸੌਂ ਰਹੇ ਸਨ। ਅਮਜਦ ਨੇ ਆਪਣਾ ਬੈਗ ਵੀ ਕੰਧ ਦੇ ਨੇੜੇ ਰੱਖਿਆ ਹੋਇਆ ਸੀ। ਉਨ੍ਹਾਂ ਨੇ ਇਸ ਵਿੱਚੋਂ ਚਟਾਈ ਕੱਢੀ ਅਤੇ ਇਸਨੂੰ ਫਰਸ਼ 'ਤੇ ਫੈਲਾ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਘਰ ਜਲਗਾਓਂ ਜ਼ਿਲ੍ਹੇ ਦੇ ਪਚੋਰਾ ਦੀ ਗੋਂਡ ਬਸਤੀ ਵਿਖੇ ਹੈ।
ਅਮਜਦ ਇਸ ਗੱਲ ਦੀ ਬਹੁਤੀ ਪਰਵਾਹ ਨਹੀਂ ਕਰਦੇ ਕਿ ਕੋਈ ਉਨ੍ਹਾਂ ਨੂੰ ਹਿੰਦੂ ਸਮਝਦਾ ਹੈ ਜਾਂ ਮੁਸਲਮਾਨ। ਮੈਂ ਉਨ੍ਹਾਂ ਦੇ ਪਰਿਵਾਰ ਬਾਰੇ ਪੁੱਛਿਆ। "ਮੇਰੇ ਪਿਤਾ ਅਤੇ ਦੋ ਮਾਵਾਂ ਹਨ। ਅਸੀਂ ਚਾਰ ਭਰਾ ਹਾਂ। ਮੈਂ ਸਾਰਿਆਂ ਵਿੱਚੋਂ ਵੱਡਾ ਹਾਂ। ਮੇਰੇ ਬਾਅਦ ਸ਼ਾਹਰੁਖ, ਸੇਠ ਅਤੇ ਛੋਟਾ ਬਾਬਰ ਹੈ। ਮੇਰਾ ਜਨਮ ਪੰਜ ਧੀਆਂ ਤੋਂ ਬਾਅਦ ਹੋਇਆ।'' ਜਦੋਂ ਮੈਂ ਉਨ੍ਹਾਂ ਤੋਂ ਮੁਸਲਿਮ ਨਾਵਾਂ ਬਾਰੇ ਪੁੱਛਿਆ, ਤਾਂ ਉਨ੍ਹਾਂ ਕਿਹਾ,"ਸਾਡੇ ਗੋਂਡਾਂ ਦੇ ਹਿੰਦੂ ਅਤੇ ਮੁਸਲਿਮ ਨਾਮ ਹਨ। ਸਾਡਾ ਕੋਈ ਧਰਮ ਨਹੀਂ ਹੈ। ਅਸੀਂ ਜਾਤ-ਪਾਤ ਵਿੱਚ ਵਿਸ਼ਵਾਸ ਨਹੀਂ ਕਰਦੇ। ਹਮਾਰਾ ਧਰਮ ਕੁਛ ਅਲੱਗ ਹੈ। ਅਸੀਂ ਰਾਜਗੋਂਡ ਹਾਂ," ਉਸਨੇ ਕਿਹਾ।
ਜਨਤਕ ਖੇਤਰ ਵਿੱਚ ਉਪਲਬਧ ਜਾਣਕਾਰੀ ਅਨੁਸਾਰ, ਲਗਭਗ 300 ਸਾਲ ਪਹਿਲਾਂ, ਰਾਜਗੋਂਡ ਆਦਿਵਾਸੀਆਂ ਦੇ ਇੱਕ ਹਿੱਸੇ ਨੇ ਇਸਲਾਮ ਕਬੂਲ ਕਰ ਲਿਆ ਸੀ। ਉਹ ਮੁਸਲਿਮ/ਮੁਸਲਿਮ ਗੋਂਡ ਵਜੋਂ ਜਾਣੇ ਜਾਂਦੇ ਸਨ। ਇਸ ਮੁਸਲਿਮ ਗੋਂਡ ਭਾਈਚਾਰੇ ਦੇ ਕੁਝ ਮੈਂਬਰ ਮਹਾਰਾਸ਼ਟਰ ਦੇ ਨਾਗਪੁਰ ਅਤੇ ਜਲਗਾਓਂ ਜ਼ਿਲ੍ਹਿਆਂ ਵਿੱਚ ਮਿਲ ਸਕਦੇ ਹਨ। ਪਰ ਅਮਜਦ ਨੂੰ ਇਸ ਇਤਿਹਾਸ ਦੀ ਜਾਣਕਾਰੀ ਨਹੀਂ ਹੈ।
"ਅਸੀਂ ਮੁਸਲਮਾਨਾਂ ਨਾਲ਼ ਵਿਆਹ ਨਹੀਂ ਕਰਦੇ। ਅਸੀਂ ਸਿਰਫ਼ ਗੋਂਡਾਂ ਵਿੱਚ ਹੀ ਰਹਿੰਦੇ ਹਾਂ। ਮੇਰੀ ਪਤਨੀ ਚੰਦਨੀ ਗੋਂਡ ਹੈ," ਉਹ ਅੱਗੇ ਕਹਿੰਦੇ ਹਨ। "ਮੇਰੀਆਂ ਬੇਟੀਆਂ ਲਾਜੋ, ਆਲੀਆ ਅਤੇ ਅਲੀਮਾ ਹਨ। ਉਹ ਸਾਰੇ ਗੋਂਡ ਹਨ, ਠੀਕ?" ਅਮਜਦ ਇਸ ਗੱਲ ਨਾਲ਼ ਸਹਿਮਤ ਨਹੀਂ ਹਨ ਕਿ ਧਰਮ ਦੀ ਪਛਾਣ ਨਾਵਾਂ ਦੇ ਆਧਾਰ 'ਤੇ ਕੀਤੀ ਜਾ ਸਕਦੀ ਹੈ। ਉਹ ਮੈਨੂੰ ਆਪਣੀਆਂ ਭੈਣਾਂ ਬਾਰੇ ਦੱਸਦੇ ਹਨ। "ਮੇਰੀ ਵੱਡੀ ਭੈਣ ਨਿਸ਼ੋਰੀ ਹੈ ਅਤੇ ਉਸ ਤੋਂ ਛੋਟੀ ਰੇਸ਼ਮਾ ਹੈ। ਸੌਸਲ ਅਤੇ ਦੀਡੋਲੀ ਰੇਸ਼ਮਾ ਤੋਂ ਛੋਟੀਆਂ ਹਨ। ਦੇਖੋ, ਇਹ ਸਾਰੇ ਗੋਂਡ ਨਾਮ ਹਨ। ਪਰ ਸਭ ਤੋਂ ਛੋਟੀ ਮੈਰੀ ਹੈ। ਯੇ ਨਾਮ ਤੋ ਕਿਰਿਸ਼ਚਨ ਮੇਂ ਆਤਾ ਹੈ। ਇਸ ਨਾਲ਼ ਕੋਈ ਸਮੱਸਿਆ ਨਹੀਂ ਹੈ। ਅਸੀਂ ਉਹੀ ਵਰਤਦੇ ਹਾਂ ਜੋ ਸਾਨੂੰ ਪਸੰਦ ਹੈ।" ਨਿਸ਼ੋਰੀ 45 ਸਾਲਾਂ ਦੀ ਹੈ, ਅਤੇ ਛੋਟੀ ਮੈਰੀ ਹੁਣ ਤੀਹ ਸਾਲ ਦੀ ਹੈ। ਇਨ੍ਹਾਂ ਸਾਰਿਆਂ ਦਾ ਵਿਆਹ ਗੋਂਡ ਭਾਈਚਾਰੇ ਦੇ ਮੁੰਡਿਆਂ ਨਾਲ਼ ਹੋਇਆ ਹੈ। ਉਨ੍ਹਾਂ ਵਿੱਚੋਂ ਕੋਈ ਵੀ ਸਕੂਲ ਨਹੀਂ ਗਿਆ।
ਅਮਜਦ ਦੀ ਪਤਨੀ ਚੰਦਨੀ ਵੀ ਅਨਪੜ੍ਹ ਹਨ। ਆਪਣੀਆਂ ਧੀਆਂ ਦੀ ਸਕੂਲੀ ਪੜ੍ਹਾਈ ਬਾਰੇ ਪੁੱਛੇ ਜਾਣ 'ਤੇ, ਉਨ੍ਹਾਂ ਕਿਹਾ,"ਮੇਰੀਆਂ ਧੀਆਂ ਸਰਕਾਰੀ ਸਕੂਲ ਵਿੱਚ ਜਾਂਦੀਆਂ ਹਨ। ਪਰ ਸਾਡੇ ਭਾਈਚਾਰੇ ਵਿੱਚ ਕੁੜੀਆਂ ਦੀ ਸਿੱਖਿਆ ਲਈ ਬਹੁਤਾ ਉਤਸ਼ਾਹ ਨਹੀਂ ਦਿੱਤਾ ਜਾਂਦਾ।''