ਸੰਤੋਸ਼ ਹਲਦਾਂਕਰ ਦਾ ਕੋਚਰੇ ਪਿੰਡ ਦਾ ਬਾਗ਼, ਜਿਸ ਵਿੱਚ 500 ਹਾਪੁਸ ਅੰਬ ਦੇ ਰੁੱਖ ਹਨ, ਕਦੇ ਫ਼ਲਾਂ ਨਾਲ਼ ਲੱਦਿਆ ਰਹਿੰਦਾ। ਪਰ ਹੁਣ ਚਾਰੇ-ਪਾਸੇ ਵਿਰਾਨੀ ਹੀ ਵਿਰਾਨੀ ਹੈ।
ਬੇਮੌਸਮੀ ਮੀਂਹ ਅਤੇ ਤਾਪਮਾਨ ਵਿੱਚ ਅਚਾਨਕ ਆਉਂਦੇ ਉਤਰਾਅ-ਚੜ੍ਹਾਅ ਦਾ ਸਿੱਟਾ ਇਹ ਨਿਕਲ਼ਿਆ ਕਿ ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੇ ਅਲਫੋਂਸੋ (ਮੰਗੀਫੇਰਾ ਇੰਡੀਕਾ ਐਲ) ਕਿਸਾਨਾਂ ਨੂੰ ਅੰਬਾਂ ਦੀ ਬਹੁਤ ਥੋੜ੍ਹੀ ਪੈਦਾਵਾਰ ਨਾਲ਼ ਹੀ ਸਬਰ ਕਰਨਾ ਪੈ ਰਿਹਾ ਹੈ। ਕੋਲ੍ਹਾਪੁਰ ਅਤੇ ਸਾਂਗਲੀ ਬਾਜ਼ਾਰਾਂ ਵਿੱਚ ਅੰਬਾਂ ਦੀ ਮੰਗ ਵਿੱਚ ਮਹੱਤਵਪੂਰਨ ਗਿਰਾਵਟ ਆਈ ਹੈ।
"ਪਿਛਲੇ ਤਿੰਨ ਸਾਲ ਬਹੁਤ ਮੁਸ਼ਕਲ ਰਹੇ ਹਨ। ਕਦੇ ਸਾਡੇ ਪਿੰਡੋਂ ਅੰਬਾਂ ਲੱਦੀਆਂ 10-12 ਗੱਡੀਆਂ ਮੰਡੀ ਜਾਇਆ ਕਰਦੀਆਂ, ਪਰ ਹੁਣ ਪੂਰੇ ਪਿੰਡ ਵਿੱਚੋਂ ਇੱਕ ਗੱਡੀ ਤੱਕ ਭਰਨਾ ਮੁਸ਼ਕਲ ਹੋ ਗਿਐ," ਸੰਤੋਸ਼ ਹਲਦਾਂਕਰ ਕਹਿੰਦੇ ਹਨ, ਜੋ ਪਿਛਲੇ 10 ਸਾਲਾਂ ਤੋਂ ਅੰਬ ਦੀ ਕਾਸ਼ਤ ਕਰਦੇ ਆਏ ਹਨ।
ਅੰਬ, ਸਿੰਧੂਦੁਰਗ ਜ਼ਿਲ੍ਹੇ ਦੇ ਵੈਂਗੁਰਲਾ ਤਾਲੁਕਾ (ਮਰਦਮਸ਼ੁਮਾਰੀ 2011) ਵਿਖੇ ਪੈਦਾ ਹੋਣ ਵਾਲ਼ੇ ਤਿੰਨ ਪ੍ਰਮੁੱਖ ਉਤਪਾਦਾਂ ਵਿੱਚੋਂ ਇੱਕ ਹੈ। ਪਰ ਇੱਥੇ ਮੌਸਮ ਦੀ ਮਾਰ ਨੇ ਅਲਫੋਂਸੋ ਦੀ ਪੈਦਾਵਰ ਨੂੰ ਇੰਨੀ ਡੂੰਘੀ ਸੱਟ ਮਾਰੀ ਹੈ ਕਿ ਅੰਬਾਂ ਦਾ ਉਤਪਾਦਨ ਔਸਤ ਨਾਲ਼ੋਂ ਘੱਟ ਕੇ 10 ਪ੍ਰਤੀਸ਼ਤ ਹੀ ਰਹਿ ਗਿਆ ਹੈ, ਹਲਦਾਂਕਰ ਗੱਲ ਜਾਰੀ ਰੱਖਦੇ ਹਨ।
"2-3 ਸਾਲਾਂ ਦੌਰਾਨ ਜਲਵਾਯੂ ਤਬਦੀਲੀ ਨੇ ਬਹੁਤ ਨੁਕਸਾਨ ਕੀਤਾ ਹੈ,'' ਅੰਬ ਉਗਾਉਣ ਵਾਲ਼ੀ ਸਵਾਰਾ ਦਾ ਕਹਿਣਾ ਹੈ। ਉਹ ਇਹ ਵੀ ਦੱਸਦੀ ਹਨ ਕਿ ਮੌਸਮ ਦੇ ਬਦਲਾਵਾਂ ਨੇ ਅੰਬਾਂ ਦੇ ਨਵੇਂ ਕੀੜੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਹਨ। ਥ੍ਰਿਪਸ ਅਤੇ ਜੈਸਿਡ ਵਰਗੇ ਕੀੜਿਆਂ ਨੇ ਅੰਬ ਦੇ ਉਤਪਾਦਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਕਿਸਾਨ ਅਤੇ ਖੇਤੀਬਾੜੀ ਗ੍ਰੈਜੂਏਟ ਨੀਲੇਸ਼ ਪਰਬ ਅੰਬਾਂ 'ਤੇ ਥ੍ਰਿਪਸ ਕੀੜੇ ਦੇ ਪ੍ਰਭਾਵ ਦਾ ਅਧਿਐਨ ਕਰ ਰਹੇ ਹਨ ਅਤੇ ਉਨ੍ਹਾਂ ਦੇ ਅਧਿਐਨ ਵਿੱਚ ਕਿਹਾ ਗਿਆ ਹੈ ਕਿ "ਇਸ ਸਮੇਂ ਕੋਈ ਕੀਟਨਾਸ਼ਕ ਇਸ 'ਤੇ ਕੰਮ ਨਹੀਂ ਕਰਦਾ।''
ਫ਼ਲਾਂ ਦੀ ਘੱਟਦੀ ਪੈਦਾਵਾਰ ਅਤੇ ਖੁਸਦੇ ਮੁਨਾਫ਼ੇ ਕਾਰਨ ਸੰਤੋਸ਼ ਤੇ ਸਵਾਰਾ ਜਿਹੇ ਕਿਸਾਨ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਇਸ ਖੇਤੀ ਵਿੱਚ ਸ਼ਾਮਲ ਹੋਣ। "ਮੰਡੀ ਵਿੱਚ ਅੰਬਾਂ ਦੀ ਕੀਮਤ ਬਹੁਤ ਹੀ ਘੱਟ ਹੈ, ਉੱਤੋਂ, ਵਪਾਰੀ ਸਾਨੂੰ ਧੋਖਾ ਦਿੰਦੇ ਹਨ। ਇੰਨੀ ਮਿਹਨਤ ਤੋਂ ਬਾਅਦ ਕਮਾਏ ਗਏ ਸਾਰੇ ਪੈਸੇ ਕੀਟਨਾਸ਼ਕਾਂ ਅਤੇ ਮਜ਼ਦੂਰੀ ਦੇ ਖਰਚੇ ਪੂਰੇ ਕਰਨ ਵਿੱਚ ਖੱਪ ਜਾਂਦੇ ਨੇ," ਸਵਰਾ ਕਹਿੰਦੀ ਹਨ।
ਤਰਜਮਾ: ਕਮਲਜੀਤ ਕੌਰ