“ਜਿਨ੍ਹਾਂ ਘਰਾਂ ਵਿੱਚ ਏਰੀ ਪਾਲ਼ੇ ਜਾਂਦੇ ਹਨ ਉੱਥੇ ਬੱਚੇ ਆਪਣੀਆਂ ਮਾਵਾਂ ਤੋਂ ਸਿੱਖਦੇ ਹਨ,” ਮਾਜੁਲੀ ਦੇ ਜਾਮਿਨੀ ਕਹਿੰਦੇ ਹਨ। “ਮੈਨੂੰ ਟਾਟ-ਬਾਤੀ [ਬੁਣਾਈ] ਜਾਂ ਕੱਤਣਾ ਨਹੀਂ ਸਿਖਾਇਆ ਗਿਆ। ਮੈਂ ਇਹ ਆਪਣੀ ਮਾਂ ਨੂੰ ਦੇਖ ਕੇ ਸਿੱਖਿਆ ਹੈ।”
ਉਹਨਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਔਰਤਾਂ ਅਜੇ ਵੀ ਰੇਸ਼ਮ ਕੱਪੜੇ ਪਹਿਣਦੀਆਂ ਸਨ ਜੋ ਉਹਨਾਂ ਦੇ ਆਪਣੇ ਹੱਥੀ ਬਣਾਏ ਹੁੰਦੇ ਸਨ, ਕਿਉਂਕਿ ਮਸ਼ੀਨੀ ਬਣੇ ਆਮ ਕੱਪੜੇ ਅੱਜ ਵਾਂਗ ਉਪਲਬਧ ਨਹੀਂ ਸਨ। ਔਰਤਾਂ ਏਰੀ, ਨੂਨੀ ਅਤੇ ਮੁਗਾ ਰੇਸ਼ਮ ਤੋਂ ਬਣੇ ਸਾਡਰ-ਮਖ਼ੇਲਾ ਪਹਿਨਦੀਆਂ ਸਨ। “ਔਰਤਾਂ ਜਿੱਥੇ ਵੀ ਜਾਂਦੀਆਂ ਸਨ ਆਪਣੀ ਟਕੁਰੀ [ਕੱਤਲਾ] ਨਾਲ ਲੈ ਕੇ ਜਾਂਦੀਆਂ ਸਨ।”
ਇਸ ਸਭ ਨੇ ਜਾਮਿਨੀ ਨੂੰ ਪ੍ਰੇਰਤ ਕੀਤਾ। “ਫਿਰ ਮੈਂ ਫ਼ੈਸਲਾ ਕੀਤਾ ਕਿ ਮੈਂ ਏਰੀ ਰੇਸ਼ਮ ਦੇ ਕੀੜੇ ਪਾਲ਼ਾਂਗੀ ਅਤੇ ਹੋਰ ਲੋਕਾਂ ਨੂੰ ਵੀ ਇਸ ਬਾਰੇ ਸਿਖਲਾਈ ਦੇਵਾਂਗੀ।” ਵਰਤਮਾਨ ਵਿੱਚ ਉਹ ਮਾਜੁਲੀ ਦੀਆਂ 25 ਔਰਤਾਂ ਨੂੰ ਬੁਣਾਈ ਅਤੇ ਟੈਕਸਟਾਇਲ ਦੀ ਸਿਖਲਾਈ ਦੇ ਰਹੇ ਹਨ। ਉਹਨਾਂ ਦਾ ਕੰਮ ਦੇਸ਼ ਦੇ ਅੰਦਰ ਅਤੇ ਬਾਹਰ ਪ੍ਰਦਰਸ਼ਿਤ ਕੀਤਾ ਗਿਆ ਹੈ ਜਿਸ ਵਿੱਚ ਬ੍ਰਿਟਿਸ਼ ਮਿਊਜ਼ੀਅਮ ਵਿੱਚ ਪੇਸ਼ ਕੀਤਾ ਇੱਕ ਹਿੱਸਾ ਵੀ ਸ਼ਾਮਿਲ ਹੈ।
“ਏਰੀ ਕੱਪੜਿਆਂ ਦੀ ਮੰਗ ਬਹੁਤ ਜ਼ਿਆਦਾ ਹੈ ਪਰ ਅਸੀਂ ਇਸ ਨੂੰ ਰਵਾਇਤੀ ਤਰੀਕਿਆਂ ਨਾਲ ਬਣਾਉਂਦੇ ਹਾਂ।” ਜਾਮਿਨੀ ਕਹਿੰਦੇ ਹਨ। ਹੋਰ ਥਾਵਾਂ ‘ਤੇ ਏਰੀ ਕੱਪੜਾ ਮਸ਼ੀਨਾਂ ਰਾਹੀਂ ਵੀ ਬੁਣਿਆ ਜਾਂਦਾ ਹੈ; ਬਿਹਾਰ ਦੇ ਭਾਗਲਪੁਰ ਦੇ ਰੇਸ਼ਮ ਨੇ ਅਸਾਮ ਦੇ ਬਜ਼ਾਰਾਂ ਵਿੱਚ ਹੜ੍ਹ ਲਿਆ ਰੱਖਿਆ ਹੈ।
ਹੱਥਾਂ ਨਾਲ ਬਣੀਆਂ ਵਸਤੂਆਂ ਦੀ ਕੀਮਤ ਧਾਗਿਆਂ ਦੀ ਕਿਸਮ, ਬਣਾਉਣ ਲਈ ਵਰਤੀਆਂ ਗਈਆਂ ਤਕਨੀਕਾਂ ਦੇ ਨਾਲ-ਨਾਲ ਡਿਜ਼ਾਈਨ ਦੀਆਂ ਪੇਚੀਦਗੀਆਂ ‘ਤੇ ਨਿਰਭਰ ਕਰਦਾ ਹੈ। ਰਵਾਇਤੀ ਡਿਜ਼ਾਈਨ ਨਾਲ ਤਿਆਰ ਕੀਤੇ ਇੱਕ ਏਰੀ ਸਟੋਲ ਦੀ ਕੀਮਤ 3,500 ਤੋਂ ਉੱਪਰ ਜਾ ਸਕਦੀ ਹੈ। ਹੱਥੀਂ ਤਿਆਰ ਕੀਤੇ ਸਾਡਰ- ਮਖੇਲਾ ਦੀ ਬਜ਼ਾਰੀ ਕੀਮਤ 8,000 ਤੋਂ ਸ਼ੁਰੂ ਹੁੰਦੀ ਹੈ ਅਤੇ ਸਥਾਨਕ ਬਜ਼ਾਰ ਵਿੱਚ 15,000 ਤੋਂ 20,000 ਤੱਕ ਜਾ ਸਕਦੀ ਹੈ।
“ਪਹਿਲਾਂ ਅਸਾਮੀ ਕੁੜੀਆਂ ਆਪਣੇ ਪ੍ਰੇਮੀਆਂ ਲਈ ਗਮਸ਼ਾ, ਰੁਮਾਲ ਅਤੇ ਸਿਰਹਾਣਿਆਂ ਦੇ ਗਲਾਫ਼ ਅਤੇ ਸਾਡੀਆਂ ਮੀਸਿੰਗ ਕੁੜੀਆਂ ਵੀ ਗਾਲੁਕ ਬੁਣਿਆ ਕਰਦੀਆਂ ਸਨ,” ਉਹ ਦੱਸਦੇ ਹਨ। ਜਾਮਿਨੀ ਦਾ ਮੰਨਣਾ ਹੈ ਕਿ ਜੇਕਰ ਲੋਕ ਪਰੰਪਰਾਗਤ ਤਰੀਕਿਆਂ ਨੂੰ ਮੁੜ ਸੁਰਜੀਤ ਨਹੀਂ ਕਰਨਗੇ ਅਤੇ ਉਹਨਾਂ ਨੂੰ ਆਪਣੀ ਅਗਲੀਆਂ ਪੀੜ੍ਹੀਆਂ ਤੱਕ ਨਹੀਂ ਪਹੁੰਚਾਉਂਣਗੇ ਤਾਂ ਇਹ ਅਮੀਰ ਸੱਭਿਆਚਾਰਕ ਵਿਰਸਾ ਅਲੋਪ ਹੋ ਜਾਵੇਗਾ। “ਇਸ ਲਈ ਮੇਰੇ ਤੋਂ ਜਿੰਨਾ ਹੋ ਰਿਹਾ ਹੈ, ਮੈਂ ਇਸ ਨੂੰ ਇੱਕ ਜ਼ਿੰਮੇਵਾਰੀ ਵਜੋਂ ਨਿਭਾ ਰਹੀ ਹਾਂ।”
ਇਹ ਸਟੋਰੀ ਮ੍ਰਿਣਾਲਨੀ ਮੁਖ਼ਰਜੀ ਫਾਊਂਡੇਸ਼ਨ (MMF) ਦੀ ਫੈਲੋਸ਼ਿਪ ਦੁਆਰਾ ਸਮਰਥਤ ਹੈ।
ਅਨੁਵਾਦ: ਇੰਦਰਜੀਤ ਸਿੰਘ