"ਐੱਸਡੀਐੱਮ (ਸਬ-ਡਵੀਜ਼ਨਲ ਮੈਜਿਸਟਰੇਟ) ਜੂਨ ਵਿੱਚ ਇੱਥੇ ਆਏ ਅਤੇ ਕਿਹਾ, 'ਅਸੀਂ ਤੁਹਾਨੂੰ ਜਾਣ ਲਈ ਨੋਟਿਸ ਜਾਰੀ ਕਰ ਰਹੇ ਹਾਂ'।''
ਗਹਿਦਰਾ ਪਿੰਡ ਦੇ ਵਸਨੀਕ ਬਾਬੂਲਾਲ ਆਦਿਵਾਸੀ ਨੇ ਪਿੰਡ ਦੇ ਦਰਵਾਜ਼ੇ 'ਤੇ ਉੱਗੇ ਬੋਹੜ ਦੇ ਰੁੱਖ ਵੱਲ ਇਸ਼ਾਰਾ ਕੀਤਾ। ਇਹੀ ਉਹ ਥਾਂ ਹੈ ਜਿੱਥੇ ਲੋਕ ਭਾਈਚਾਰੇ ਨਾਲ਼ ਜੁੜੇ ਮੁੱਦਿਆਂ ਲਈ ਇਕੱਠੇ ਹੁੰਦੇ ਹਨ। ਹੁਣ ਉਹੀ ਜਗ੍ਹਾ ਉਸ ਦਿਨ ਦੀ ਗਵਾਹ ਵੀ ਹੈ ਜਿਸ ਨੇ ਉਹਦੇ ਪਿੰਡ ਦੇ ਲੋਕਾਂ ਦਾ ਭਵਿੱਖ ਬਦਲ ਦਿੱਤਾ।
ਮੱਧ ਪ੍ਰਦੇਸ਼ ਦੇ ਪੰਨਾ ਟਾਈਗਰ ਰਿਜ਼ਰਵ (ਪੀਟੀਆਰ) ਅਤੇ ਆਸ ਪਾਸ ਦੇ 22 ਪਿੰਡਾਂ ਦੇ ਹਜ਼ਾਰਾਂ ਵਸਨੀਕਾਂ ਨੂੰ ਡੈਮ ਅਤੇ ਨਦੀ ਜੋੜਨ ਦੇ ਪ੍ਰਾਜੈਕਟ ਲਈ ਆਪਣੇ ਘਰ ਅਤੇ ਜ਼ਮੀਨ ਛੱਡਣ ਦੇ ਆਦੇਸ਼ ਦਿੱਤੇ ਗਏ ਹਨ। ਪ੍ਰੋਜੈਕਟ ਲਈ ਅੰਤਿਮ ਵਾਤਾਵਰਣ ਕਲੀਅਰੈਂਸ 2017 ਵਿੱਚ ਪ੍ਰਾਪਤ ਕੀਤੀ ਗਈ ਸੀ ਅਤੇ ਪਹਿਲਾਂ ਹੀ ਇਸ ਰਾਸ਼ਟਰੀ ਪਾਰਕ ਵਿੱਚ ਰੁੱਖਾਂ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ। ਸਮੇਂ ਦੇ ਨਾਲ਼ ਹੀ ਥਾਂ ਛੱਡਣ ਦੀ ਧਮਕੀਆਂ ਨੇ ਵੀ ਜ਼ੋਰ ਫੜ੍ਹ ਲਿਆ ਹੈ।
ਕੇਨ ਅਤੇ ਬੇਤਵਾ ਨਦੀਆਂ ਨੂੰ 218 ਕਿਲੋਮੀਟਰ ਲੰਬੀ ਨਹਿਰ ਨਾਲ਼ ਜੋੜਨ ਵਾਲ਼ਾ 44,605 ਕਰੋੜ ਰੁਪਏ ਦਾ ਪ੍ਰਾਜੈਕਟ (ਪਹਿਲਾ ਪੜਾਅ) ਦੋ ਦਹਾਕਿਆਂ ਤੋਂ ਲੰਬਿਤ ਸੀ।
ਪਰ ਇਹ ਪ੍ਰੋਜੈਕਟ ਵਿਆਪਕ ਆਲੋਚਨਾ ਦਾ ਵਿਸ਼ਾ ਰਿਹਾ ਹੈ। "ਇਸ ਯੋਜਨਾ ਦੀ ਕੋਈ ਪ੍ਰਮਾਣਿਕਤਾ ਨਹੀਂ ਹੈ, ਹਾਈਡ੍ਰੋਲੋਜੀ ਦੇ ਅਨੁਸਾਰ ਵੀ ਨਹੀਂ। ਪਹਿਲੀ ਗੱਲ, ਕੇਨ ਨਦੀ ਵਿੱਚ ਕੋਈ ਵਾਧੂ ਪਾਣੀ ਨਹੀਂ ਹੈ। ਇਸ ਬਾਰੇ ਕੋਈ ਭਰੋਸੇਯੋਗ ਮੁਲਾਂਕਣ ਜਾਂ ਉਦੇਸ਼ਪੂਰਨ ਅਧਿਐਨ ਨਹੀਂ ਕੀਤਾ ਗਿਆ। ਇਹ ਪ੍ਰੋਜੈਕਟ ਸਿਰਫ਼ ਪੂਰਵ-ਨਿਰਧਾਰਤ ਸਿੱਟਿਆਂ 'ਤੇ ਅਧਾਰਤ ਹੈ," ਵਿਗਿਆਨੀ, ਹਿਮਾਂਸ਼ੂ ਠੱਕਰ ਕਹਿੰਦੇ ਹਨ, ਜੋ 35 ਸਾਲਾਂ ਤੋਂ ਸਿੰਚਾਈ ਖੇਤਰ ਦਾ ਹਿੱਸਾ ਹਨ।
ਠੱਕਰ ਸਾਊਥ ਏਸ਼ੀਆ ਨੈੱਟਵਰਕ ਆਨ ਡੈਮਜ਼ ਐਂਡ ਪੀਪਲ (ਐੱਸ.ਏ.ਡੀ.ਆਰ.ਪੀ.) ਦੇ ਕੋਆਰਡੀਨੇਟਰ ਹਨ। ਉਹ 2004 ਵਿੱਚ ਜਲ ਸਰੋਤ ਮੰਤਰਾਲੇ (ਹੁਣ ਜਲ ਸ਼ਕਤੀ) ਦੁਆਰਾ ਨਦੀਆਂ ਨੂੰ ਜੋੜਨ ਬਾਰੇ ਮਾਹਰ ਕਮੇਟੀ ਦੇ ਮੈਂਬਰ ਸਨ। "ਨਦੀਆਂ ਨੂੰ ਜੋੜਨ ਦਾ ਜੰਗਲ, ਨਦੀ, ਜੈਵ ਵਿਭਿੰਨਤਾ 'ਤੇ ਬਹੁਤ ਵੱਡਾ ਵਾਤਾਵਰਣ ਅਤੇ ਸਮਾਜਿਕ ਪ੍ਰਭਾਵ ਪੈਂਦਾ ਹੈ। ਇਹ ਲੋਕਾਂ ਨੂੰ ਇੱਥੇ, ਬੁੰਦੇਲਖੰਡ ਅਤੇ ਇਸ ਤੋਂ ਬਾਹਰ ਗਰੀਬੀ ਵੱਲ ਧੱਕ ਦਵੇਗਾ," ਉਹ ਕਹਿੰਦੇ ਹਨ।





























