ਇਹ ਵਤਸਲਾ ਹੀ ਸੀ ਜਿਹਨੇ ਮਨੀਰਾਮ ਦੀ ਜ਼ਿੰਦਗੀ ਬਚਾਈ।
''ਅਸੀਂ ਪਾਂਡਵ ਫਾਲ (ਝਰਨਾ) ਦੇਖਣ ਗਏ ਸਾਂ,'' ਮਨੀਰਾਮ ਗੱਲ ਸ਼ੁਰੂ ਕਰਦੇ ਹਨ,''ਤੇ ਵਤਸਲਾ ਚਰਨ ਲਈ ਇੱਧਰ-ਉੱਧਰ ਫਿਰਨ ਲੱਗੀ। ਜਿਓਂ ਹੀ ਮੈਂ ਚੀਤਾ ਦੇਖਿਆ ਮੈਂ ਵਤਸਲਾ ਨੂੰ ਮੋੜਨ ਲਈ ਉਹਦੇ ਵੱਲ ਭੱਜਿਆ।''
ਜਦੋਂ ਮਨੀਰਾਮ ਮਦਦ ਲਈ ਚੀਕਿਆ,''ਉਹ ਭੱਜਦੀ ਹੋਈ ਆਈ ਤੇ ਆਪਣਾ ਅਗਲਾ ਪੈਰ ਇਓਂ ਚੁੱਕਿਆ ਕਿ ਮੈਂ ਉਹਦੀ ਪਿੱਠ 'ਤੇ ਚੜ੍ਹ ਸਕਾਂ। ਜਿਓਂ ਹੀ ਮੈਂ ਉਹਦੀ ਪਿੱਠ 'ਤੇ ਬੈਠਾ, ਗੁੱਸੇ ਵਿੱਚ ਉਹਨੇ ਆਪਣੇ ਪੈਰ ਚੁੱਕੇ ਤੇ ਰੁੱਖ ਪਾੜਨ ਲੱਗੀ। ਚੀਤਾ ਭਾਗ ਗਯਾ,'' ਸੁਰਖ਼ਰੂ ਹੋਇਆ ਮਹਾਵਤ ਬੋਲਦਾ ਰਿਹਾ।
ਦਰਅਸਲ ਵਤਸਲਾ ਪੰਨਾ ਟਾਈਗਰ ਰਿਜ਼ਰਵ ਦੀ ਸਭ ਤੋਂ ਬਜ਼ੁਰਗ ਹਾਥੀ/ਹਥਣੀ ਮੰਨੀ ਜਾਂਦੀ ਹੈ ਜਿਹਦੀ ਉਮਰ 100 ਤੋਂ ਵੀ ਵੱਧ ਹੋਣ ਦਾ ਕਿਆਸ ਹੈ- ਇਹੀ ਗੱਲ ਉਹਨੂੰ ਦੁਨੀਆ ਦਾ ਸਭ ਤੋਂ ਵੱਡ-ਉਮਰਾ ਹਾਥੀ ਬਣਾ ਦਿੰਦੀ ਹੈ। ''ਕੋਈ ਉਹਦੀ ਉਮਰ 110 ਸਾਲ ਦੱਸਦਾ ਹੈ ਤੇ ਕੋਈ 115 ਸਾਲ। ਮੈਨੂੰ ਜਾਪਦਾ ਹੈ ਉਹ ਸਹੀ ਕਹਿੰਦੇ ਨੇ,'' ਮਨੀਰਾਮ ਕਹਿੰਦੇ ਹਨ, ਇਹ ਗੋਂਡ ਆਦਿਵਾਸੀ 1996 ਤੋਂ ਵਤਸਲਾ ਦੀ ਦੇਖਭਾਲ਼ ਕਰਦਾ ਆਇਆ ਹੈ।
ਵਤਸਲਾ ਏਸ਼ੀਆਈ ਹਾਥੀ (ਐਲਫਾਸ ਮੈਕਸੀਮਸ) ਹੈ ਜੋ ਕੇਰਲਾ ਤੇ ਮੱਧ ਪ੍ਰਦੇਸ਼ ਵੀ ਰਹਿ ਚੁੱਕੀ ਹੈ। ਮਨੀਰਾਮ ਦਾ ਕਹਿਣਾ ਹੈ ਕਿ ਉਂਝ ਭਾਵੇਂ ਦੇਖਿਆ ਉਹ ਨਿਮਰ ਤੇ ਮਲ਼ੂਕ ਜਿਹੀ ਲੱਗਦੀ ਹੋਵੇ ਪਰ ਛੋਟੇ ਹੁੰਦਿਆਂ ਉਹਦੇ ਉਗਰ ਹੋਣ ਦੀ ਪੂਰੀ ਸੰਭਾਵਨਾ ਰਹਿੰਦੀ ਰਹੀ। ਸਮੇਂ ਦੇ ਨਾਲ਼ ਕਮਜ਼ੋਰ ਪੈ ਚੁੱਕੀ ਨਜ਼ਰ ਤੇ ਘੱਟ ਚੁੱਕੀ ਸੁਣਨਸ਼ਕਤੀ ਦੇ ਬਾਵਜੂਦ ਵੀ ਉਹ ਆਪਣੇ ਦੋਸਤਾਂ ਦੇ ਝੁੰਡ ਨੂੰ ਕਿਸੇ ਵੀ ਖ਼ਤਰੇ ਤੋਂ ਆਗਾਹ ਕਰਨ ਦੀ ਤਾਕਤ ਰੱਖਦੀ ਹੈ।
ਮਨੀਰਾਮ ਦੱਸਦੇ ਹਨ ਕਿ ਉਹਦੀ ਸੁੰਘਣਸ਼ਕਤੀ ਅਜੇ ਵੀ ਮਜ਼ਬੂਤ ਹੈ ਅਤੇ ਇਹ ਇੱਕ ਪਲ ਵਿੱਚ ਹੀ ਕਿਸੇ ਹੋਰ ਜਾਨਵਰ ਦੀ ਮੌਜੂਦਗੀ ਨੂੰ ਮਹਿਸੂਸ ਕਰ ਸਕਦੀ ਹੈ। ਅਜਿਹੇ ਮਾਮਲਿਆਂ ਵਿੱਚ ਵਤਸਲਾ ਤੁਰੰਤ ਆਪਣੇ ਸਮੂਹ ਨੂੰ ਚੀਕ ਕੇ ਸੰਕੇਤ ਦਿੰਦੀ ਹੈ ਤੇ ਝੁੰਡ ਬੱਚਿਆਂ ਨੂੰ ਆਪਣੇ ਵਿਚਕਾਰ ਮਹਿਫੂਜ ਰੱਖੀ ਇਕੱਠੇ ਹੋ ਤੁਰਨ ਲੱਗਦਾ ਹੈ। ਮਨੀਰਾਮ ਕਹਿੰਦੇ ਹਨ, "ਜੇ ਸਾਹਮਣੇ ਵਾਲ਼ਾ ਜਾਨਵਰ ਝੁੰਡ 'ਤੇ ਹਮਲਾ ਕਰਨ ਵੀ ਲੱਗੇ ਤਾਂ ਉਹ ਆਪਣੀ ਸੁੰਡ ਵਿੱਚ ਕੋਈ ਪੱਥਰ, ਡੰਡਾ ਜਾਂ ਮੋਛਾ ਫੜ੍ਹੀ ਉਹਦਾ ਪਿੱਛਾ ਕਰਦੇ ਹਨ, '' ਮਨੀਰਾਮ ਦੋਬਾਰਾ ਕਹਿੰਦੇ ਹਨ,''ਪਹਿਲੇ ਬਹੁਤ ਤੇਜ ਥੀ।''










