33 ਸਾਲਾ ਅਰੇਤੀ ਵਾਸੂ 'ਤੇ 23 ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਦੀ ਮਾਂ, 55 ਸਾਲਾ ਏ. ਸੱਤਿਆਵਤੀ ਦੇ ਖਿਲਾਫ਼ ਅਜਿਹੇ ਅੱਠ ਮਾਮਲੇ ਦਰਜ ਹਨ। ਆਂਧਰਾ ਪ੍ਰਦੇਸ਼ ਦੇ ਤੁੰਡੂਰੂ ਪਿੰਡ ਵਿਖੇ ਕਦੇ ਵਾਸੂ ਨੂੰ ਲਾਲਚ ਦਿੱਤਾ ਗਿਆ, ਕਦੇ ਧਮਕਾਇਆ ਗਿਆ ਅਤੇ ਕਦੇ ਜੇਲ੍ਹ ਭੇਜਿਆ ਗਿਆ। ਸਤੰਬਰ 2016 ਤੋਂ ਲੈ ਕੇ ਹੁਣ ਤੱਕ ਉਹ 67 ਦਿਨ ਜੇਲ੍ਹ 'ਚ ਬਿਤਾ ਚੁੱਕੇ ਹਨ, ਜਦੋਂ ਕਿ ਉਨ੍ਹਾਂ ਦੀ ਮਾਂ 45 ਦਿਨਾਂ ਤੋਂ ਜੇਲ੍ਹ 'ਚ ਹੈ।
"ਮੇਰੀ ਇੱਕੋ ਇੱਕ ਗਲਤੀ ਇਹ ਸੀ ਕਿ ਮੈਂ ਆਰਟੀਆਈ ਦਾਇਰ ਕੀਤੀ," ਉਹ ਕਹਿੰਦੇ ਹਨ।
ਨਤੀਜਾ ਬਹੁਤ ਬੁਰਾ ਸੀ। ਤੁੰਡੂਰੂ ਵਿਖੇ ਪੁਲਿਸ ਛਾਪੇ, ਧਮਕੀਆਂ ਦੇਣਾ, ਲੋਕਾਂ ਨੂੰ ਘਸੀਟਦਿਆਂ ਹੋਇਆਂ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਣਾ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣਾ ਆਮ ਗੱਲ ਹੈ। ਗੁਆਂਢੀ ਪਿੰਡਾਂ, ਭੀਮਾਵਰਮ ਮੰਡਲ ਦੇ ਜੋਨਲਗਾਰੂਵੂ ਅਤੇ ਨਰਸਾਪੁਰ ਮੰਡਲ ਦੇ ਕੇ ਬੇਥਾਪੁੜੀ ਦੀ ਵੀ ਹਾਲਤ ਕੋਈ ਬਹੁਤੀ ਵੱਖਰੀ ਨਹੀਂ। ਇਹ ਤਿੰਨੋਂ ਪਿੰਡ ਗੋਦਾਵਰੀ ਜ਼ਿਲ੍ਹੇ ਵਿੱਚ ਸਥਿਤ ਹਨ।
ਇਨ੍ਹਾਂ ਪਿੰਡਾਂ ਵਿੱਚ ਰਹਿਣ ਵਾਲ਼ੇ ਲੋਕ- ਜੋ ਜ਼ਿਆਦਾਤਰ ਕਿਸਾਨ, ਮਛੇਰੇ ਅਤੇ ਮਜ਼ਦੂਰ ਹਨ- ਗੋਦਾਵਰੀ ਮੈਗਾ ਐਕਵਾ ਫੂਡ ਪਾਰਕ ਲਿਮਟਿਡ (ਜੀਐੱਮਏਐੱਫ਼ਪੀ) ਦੇ ਬਣਨ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਪ੍ਰੋਜੈਕਟ ਉਨ੍ਹਾਂ ਦੇ ਖੇਤਰ ਵਿੱਚ ਹਵਾ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰੇਗਾ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਵੀ ਤਬਾਹ ਕਰ ਦੇਵੇਗਾ। ਫੂਡ ਪਾਰਕ ਦਾ ਉਦੇਸ਼ ਮੱਛੀ, ਝੀਂਗਾ ਅਤੇ ਕੇਕੜੇ ਦੀ ਪ੍ਰੋਸੈਸਿੰਗ ਕਰਕੇ ਉਨ੍ਹਾਂ ਨੂੰ ਯੂਰਪੀਅਨ ਯੂਨੀਅਨ ਅਤੇ ਅਮਰੀਕੀ ਬਜ਼ਾਰਾਂ ਵਿੱਚ ਨਿਰਯਾਤ ਕਰਨਾ ਹੈ। ਜੀਐੱਮਏਐੱਫ਼ਪੀ ਦੇ ਵਿਰੋਧ ਵਿੱਚ ਇੱਥੇ ਬਣਾਈ ਗਈ ਕਮੇਟੀ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਵਿੱਚ "ਹਰ ਰੋਜ਼ ਘੱਟੋ ਘੱਟ ਡੇਢ ਲੱਖ ਲੀਟਰ ਪਾਣੀ ਦੀ ਵਰਤੋਂ ਕੀਤੀ ਜਾਵੇਗੀ।" ਇਸ ਦੇ ਨਤੀਜੇ ਵਜੋਂ "ਰੋਜ਼ਾਨਾ ਲਗਭਗ 50,000 ਲੀਟਰ ਪ੍ਰਦੂਸ਼ਿਤ ਪਾਣੀ ਛੱਡਿਆ ਜਾਵੇਗਾ।" ਇਹ ਗੰਦਾ ਪਾਣੀ ਗੋਨਟੇਰੂ ਡਰੇਨ ਵਿੱਚ ਛੱਡਿਆ ਜਾਵੇਗਾ, ਜੋ ਇਸ ਜ਼ਿਲ੍ਹੇ ਥਾਣੀ ਹੁੰਦਾ ਹੋਇਆ ਸਮੁੰਦਰ ਵਿੱਚ ਜਾ ਡਿੱਗਦਾ ਹੈ।










